ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਨਾਨਕਸਰੀਏ ਬਾਬੇ ਦੇ ਸੇਵਕਾਂ ਦੀ ਮਠਿਆਈ ਦੀ ਦੁਕਾਨ ਦੇ ਮਾਲਕ ਨਾਲ ਹੋਈ ਖ਼ੂਨੀ ਝੜੱਪ, ਸ਼ਰੇਆਮ ਚਲੀਆਂ ਗੋਲੀਆਂ
ਨਾਨਕਸਰੀਏ ਬਾਬੇ ਦੇ ਸੇਵਕਾਂ ਦੀ ਮਠਿਆਈ ਦੀ ਦੁਕਾਨ ਦੇ ਮਾਲਕ ਨਾਲ ਹੋਈ ਖ਼ੂਨੀ ਝੜੱਪ, ਸ਼ਰੇਆਮ ਚਲੀਆਂ ਗੋਲੀਆਂ
Page Visitors: 2587

ਨਾਨਕਸਰੀਏ ਬਾਬੇ ਦੇ ਸੇਵਕਾਂ ਦੀ ਮਠਿਆਈ ਦੀ ਦੁਕਾਨ ਦੇ ਮਾਲਕ ਨਾਲ ਹੋਈ ਖ਼ੂਨੀ ਝੜੱਪ, ਸ਼ਰੇਆਮ ਚਲੀਆਂ ਗੋਲੀਆਂ
ਜੋਧਾਂ, 12 ਜਨਵਰੀ (ਰਾਜ਼ੀ ਦੋਲੋਂ/ਦੇਵ ਸਰਾਭਾ): ਕਲ ਸ਼ਾਮ ਪਿੰਡ ਗੁਜਰਵਾਲ ਵਿਖੇ ਨਾਨਕਸਰੀਏ ਇਕ ਬਾਬੇ ਦੇ ਸੇਵਕਾਂ ਦੀ ਕਿਸੇ ਵਿਅਕਤੀ ਨਾਲ ਹੋਈ ਕੁੱਟਮਾਰ ਤੋਂ ਬਾਅਦ ਚਲੀਆਂ ਗੋਲੀਆਂ ਕਾਰਨ ਇਲਾਕੇ ਵਿਚ ਦਹਿਸ਼ਤ ਫੈਲ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਭਾਰੀ ਗਿਣਤੀ ਵਿਚ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿਤੀ। 
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਝਗੜਾ ਉਸ ਸਮੇਂ ਹੋਇਆ ਜਦੋਂ ਨਾਨਕਸਰੀਏ ਬਾਬਾ ਘਾਲਾ ਸਿੰਘ ਦੇ ਚੇਲੇ ਖੰਨੇ ਨੇੜੇ ਪਿੰਡ ਦਹੇੜੂ ਤੋਂ ਚਲ ਰਹੇ ਦੀਵਾਨਾਂ ਤੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦਾ ਪਿੰਡ ਗੁੱਜਰਵਾਲ ਦੇ ਅੱਡੇ 'ਤੇ ਮਠਿਆਈ ਦੀ ਦੁਕਾਨ ਦੇ ਮਾਲਕ ਰਜਿੰਦਰ ਸਿੰਘ ਰਾਜਾ ਨਾਲ ਝਗੜਾ ਹੋ ਗਿਆ। ਥਾਣਾ ਜੋਧਾਂ ਦੀ ਪੁਲਿਸ ਮੁਤਾਬਕ ਉਸ ਨੂੰ ਬਲਵਿੰਦਰ ਸਿੰਘ ਵਾਸੀ ਛੋਟਾ ਘਰ ਬਾਘਾਪੁਰਾਣਾ ਜ਼ਿਲ੍ਹਾ ਮੋਗਾ ਨੇ ਸੂਚਨਾ ਦਿਤੀ ਕਿ ਜਦੋਂ ਉਹ ਖੰਨੇ ਨੇੜਲੇ ਪਿੰਡ ਦਹੇੜੂ ਤੋਂ ਬਾਬਾ ਘਾਲਾ ਸਿੰਘ ਨਾਨਕਸਰ ਦੇ ਦੀਵਾਨਾਂ ਤੋਂ ਵਾਪਸ ਆ ਰਹੇ ਸਨ ਜਦੋਂ ਉਹ ਪਿੰਡ ਗੁੱਜਰਵਾਲ ਦੇ ਬੱਸ ਅੱਡੇ ਕੋਲੋਂ ਲੰਘੇ ਤਾਂ ਉਨ੍ਹਾਂ ਨਾਲ ਦੇ ਸੇਵਕਾਂ ਦੀ ਟੈਂਪੂ ਟਰੈਵਲ ਗੱਡੀ ਖੜੀ ਦੇਖੀ ਜਿਥੇ ਲੋਕਾਂ ਦਾ ਇੱਕਠ ਵੀ ਸੀ। ਜਦੋਂ ਉਨ੍ਹਾਂ ਅਪਣੀ ਗੱਡੀ ਪਿੱਛੇ ਕਰ ਕੇ ਵੇਖਣਾ ਚਾਹਿਆ ਕਿ ਉਥੇ ਕੀ ਮਸਲਾ ਹੈ ਤਾਂ ਉਕਤ ਟੈਂਪੂ ਟਰੈਵਲ ਦੇ ਡਰਾਈਵਰ ਨੇ ਉਨ੍ਹਾਂ ਨੂੰ ਉਥੋਂ ਚਲੇ ਜਾਣ ਦਾ ਇਸ਼ਾਰਾ ਕੀਤਾ। ਜਦੋਂ ਉਹ ਉਥੋਂ ਚੱਲਣ ਲੱਗੇ ਤਾਂ ਕਿਸੇ ਨਾਮਲੂਮ ਬੰਦੇ ਨੇ ਉਨ੍ਹਾਂ ਦੀ ਗੱਡੀ ਦੇ ਪਿੱਛੇ ਦੋ ਤਿੰਨ ਫ਼ਾਇਰ ਮਾਰੇ ਜਿਸ ਵਿਚੋਂ ਇਕ ਫ਼ਾਇਰ ਗੱਡੀ ਵਿਚ ਪਿਛਲੀ ਸੀਟ 'ਤੇ ਬੈਠੇ ਗੁਰਮੀਤ ਸਿੰਘ ਉਰਫ਼ ਜੱਸਾ ਵਾਸੀ ਕਾਉੁਂਕੇ ਕਲਾਂ ਦੇ ਮੋਢੇ ਵਿਚ ਵੱਜਾ ਜਿਸ ਨੂੰ ਗੰਭੀਰ ਹਾਲਤ ਵਿਚ ਪੱਖੋਵਾਲ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੋਂ ਡਾਕਟਰਾਂ ਨੇ ਮੁਢਲੀ ਸਹਾਇਤਾ ਦੇ ਕੇ ਡੀ ਐਮ ਸੀ ਹਸਪਤਾਲ ਲੁਧਿਆਣਾ ਭੇਜ ਦਿਤਾ। ਪੁਲਿਸ ਨੇ ਬਲਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਵਿਰੁਧ ਇਰਾਦਾ ਕਤਲ ਤੇ ਅਸਲਾ ਐਕਟ ਅਧੀਨ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਜੋਧਾਂ ਪੁਲਿਸ ਵਲੋਂ ਬਲਵਿੰਦਰ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਵਿਰੁਧ ਮਾਮਲਾ ਦਰਜ ਕਰ ਲਿਆ ਪ੍ਰੰਤੂ ਇਸ ਸਬੰਧੀ ਪ੍ਰਤੱਖ ਦਰਸੀਆਂ ਮੁਤਾਬਕ ਗੁੰਡਾਗਰਦੀ ਦਾ ਨੰਗਾ ਨਾਚ ਸੇਵਕਾਂ ਵਲੋਂ ਕੀਤਾ ਗਿਆ। ਇਸੇ ਮਾਮਲੇ ਵਿਚ ਸ਼ਾਮਲ ਦੂਜੀ ਧਿਰ ਦੇ ਵਿਅਕਤੀ ਹਰਜਿੰਦਰ ਸਿੰਘ ਰਾਜਾ ਵਾਸੀ ਪਿੰਡ ਸਰਾਭਾ ਦਾ ਕਹਿਣਾ ਹੈ ਕਿ ਉਹ ਪਿੰਡ ਗੁੱਜਰਰਵਾਲ ਵਿਖੇ ਮਠਿਆਈ ਦੀ ਦੁਕਾਨ ਚਲਾਉਂਦਾ ਹੈ। ਕਲ ਸ਼ਾਮ ਜਦੋਂ ਉਹ ਜਥੇਦਾਰ ਜਗਰੂਪ ਸਿੰਘ ਗੁੱਜਰਵਾਲ ਦੇ ਘਰ ਲੋਹੜੀ ਸਬੰਧੀ ਮਠਿਆਈ ਦਾ ਆਡਰ ਦੇਣ ਤੋਂ ਬਾਅਦ ਨਜ਼ਦੀਕ ਸਥਿਤ ਪਟਰੌਲ ਪੰਪ ਤੇ ਗੱਡੀ ਵਿਚ ਤੇਲ ਪਵਾਉਣ ਗਿਆ ਤਾਂ ਉਸ ਕੋਲੋਂ ਬਹੁਤ ਤੇਜ਼ ਗੱਡੀਆਂ ਲੰਘੀਆਂ ਜੋ ਕਿਸੇ ਬਾਬੇ ਦੇ ਸੇਵਕਾਂ ਦੀਆਂ ਜਾਪਦੀਆਂ ਸਨ ਤੇ ਪਲਕ ਝਪਕਦਿਆਂ ਹੀ ਬੜੀ ਤੇਜ਼ੀ ਨਾਲ ਉਹ ਗੱਡੀਆਂ ਵਾਪਸ ਉਸ ਕੋਲ ਆਈਆਂ ਤੇ ਗੱਡੀਆਂ ਵਿਚ ਸਵਾਰ ਵਿਅਕਤੀਆਂ ਵਲੋਂ ਉਸ ਨੂੰ ਗੱਡੀ ਚਲਾਉਣ ਦਾ ਢੰਗ ਸਿਖਾਉਣ ਦੀਆਂ ਧਮਕੀਆਂ ਦਿਤੀਆਂ ਤੇ ਤੇਜ਼ ਹਥਿਆਰਾਂ ਨਾਲ ਉਸ 'ਤੇ ਹਮਲਾ ਕਰ ਦਿਤਾ। ਉਸ ਵਲੋਂ ਰੌਲਾ ਪਾਉਣ 'ਤੇ ਨੇੜੇ ਦੇ ਲੋਕਾਂ ਨੇ ਇੱਕਠੇ ਹੋ ਕੇ ਉਸ ਨੂੰ ਛੁਡਾਇਆ ਉਦੋਂ ਤਕ ਉਹ ਬੇਹੋਸ਼ ਹੋ ਚੁਕਾ ਸੀ।
ਰਾਜਾ ਅਨੁਸਾਰ ਇਸ ਸਬੰਧੀ ਜੋਧਾਂ ਪੁਲਿਸ ਨੇ ਉਸ ਦੇ ਬਿਆਨ ਵੀ ਦਰਜ ਕੀਤੇ ਹਨ ਪਰ ਇਸ ਸਬੰਧੀ  ਬਾਬੇ ਦੇ ਸੇਵਕਾਂ ਵਿਰੁਧ ਕੋਈ ਮਾਮਲਾ ਦਰਜ ਹੋਣ ਬਾਰੇ ਪਤਾ ਨਹੀਂ ਲੱਗ ਸਕਿਆ। ਇਸ ਕੁੱਟਮਾਰ ਸਬੰਧੀ ਰਜਿੰਦਰ ਸਿੰਘ ਰਾਜਾ ਵਲੋਂ ਕੋਈ ਸ਼ਿਕਾÎਇਤ ਦਰਜ ਕਰਾਉਣ ਬਾਰੇ ਜਾਣਕਾਰੀ ਨਹੀੰ ਮਿਲੀ !
ਜਸਪਾਲ ਸਿੰਘ ਨੂੰ ਫ਼ੋਨ ਲਗਾਇਆ ਤਾਂ ਉਨ੍ਹਾਂ ਨਾਲ ਗੱਲ ਨਾ ਹੋ ਸਕੀ। ਮਾਮਲਾ ਭਾਵੇਂ ਕੁੱਝ ਵੀ ਹੋਵੇ ਪ੍ਰੰਤੂ ਲੋਕਾਂ ਵਿਚ ਪੁਲਿਸ 'ਤੇ ਇਸ ਮਾਮਲੇ ਸਬੰਧੀ ਭਾਰੀ ਦਬਾਅ ਦੀਆਂ ਚਰਚਾਵਾਂ ਚਲ ਰਹੀਆਂ ਹਨ ਕਿਉਂਕਿ ਦਿਨ ਦਿਹਾੜੇ ਵਾਪਰੇ ਇਸ ਖ਼ੂਨੀ ਟਕਰਾਅ ਵਿਚ ਪੁਲਿਸ ਵਲੋਂ ਸਿਰਫ਼ ਨਾਮਲੂਮ ਵਿਅਕਤੀ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ ਜਦੋਂ ਕਿ ਜਿਸ ਵਿਅਕਤੀ ਨਾਲ ਕੁੱਟਮਾਰ ਹੋਈ ਹੈ ਉਸ ਦੇ ਬਿਆਨ ਤਾਂ ਪੁਲਿਸ ਵਲੋਂ ਲਏ ਗਏ ਹਨ ਪਰ ਫਿਰ ਇਹ ਫ਼ਾਇਰ ਕਿਸ ਨੇ ਕੀਤੇ ਇਹ ਹਾਲੇ ਤਕ ਭੇਦ ਬਣਿਆ ਹੋਇਆ ਹੈ। ਉਧਰ ਹਰਜਿੰਦਰ ਸਿੰਘ ਰਾਜਾ ਦਾ ਕਹਿਣਾ ਹੈ ਕਿ ਉਸ ਕੋਲ ਕੋਈ ਲਾਇਸੰਸੀ ਹਥਿਆਰ ਹੀ ਨਹੀਂ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.