ਗਿਆਨੀ ਗੁਰਬਚਨ ਸਿੰਘ ਸਿੱਖੀ ਸਿਧਾਂਤਾਂ ਦਾ ਪਹਿਰੇਦਾਰ ਹੋਣ ਦੀ ਥਾਂ ਬਾਦਲ ਹਕੂਮਤ ਦਾ ਸਿਰਫ ਚਾਕਰ ਬਣ ਕੇ ਰਹਿ ਗਿਆ।
--ਗੁਰਚਰਨ ਸਿੰਘ ਗੁਰਾਇਆ
ਜਦੋ ਧਾਰਮਿਕ ਆਗੂ ਧਰਮ ਦੇ ਅਸੂਲਾਂ ਸਿਧਾਂਤਾਂ ਤੋਂ ਥਿੜਕ ਕੇ ਹਕੂਮਤਾਂ ਦੇ ਅਧੀਨ ਹੋ ਕੇ ਉਹਨਾਂ ਅਨੁਸਾਰ ਚੱਲਣ ਲੱਗ ਪੈਣ ਫਿਰ ਦੁਨੀਆਂ ਦੇ ਇਤਿਹਾਸ ਵਿੱਚ ਜਾਂ ਤਾਂ ਲੋਕ ਧਰਮ ਤੋਂ ਦੂਰ ਚਲੇ ਜਾਂਦੇ ਹਨ, ਜਾਂ ਫਿਰ ਹਕੂਮਤਾਂ ਦੇ ਗੁਲਾਮ ਧਾਰਮਿਕ ਆਗੂਆਂ ਦਾ ਉਹ ਹਸ਼ਰ ਕਰਦੇ ਹਨ ਜੋ ਉਹਨਾਂ ਦੀਆਂ ਆਉਣ ਵਾਲੀਆਂ ਪੁਸ਼ਤਾਂ ਤੱਕ ਯਾਦ ਕਰਨ । ਅੱਜ ਇਹ ਸਵਾਲ ਸਿੱਖ ਕੌਮ ਅੱਗੇ ਵੀ ਖੜ੍ਹਾ ਹੈ ਕਿ ਗੂਰੂ ਨਾਨਕ ਸਾਹਿਬ ਜੀ ਵਕਤ ਵੀ ਧਰਮਿਕ ਆਗੂ ਕਾਜੀ,ਬ੍ਰਾਹਮਣ ਤੇ ਜੋਗੀਆਂ ਦੀ ਹਾਲਤ ਵੀ ਸਿੱਖ ਕੌਮ ਦੇ ਜਥੇਦਾਰਾਂ ਤੇ ਅਖੌਤੀ ਸੰਤ ਸਮਾਜੀਆਂ ਵਰਗੀਆਂ ਸੀ ਜਿਨ੍ਹਾਂ ਬਾਬਤ ਗੁਰੂ ਸਾਹਿਬਾਨ ਦਾ ਫੁਰਮਾਨ ਹੈ ;-
-“ਕਾਦੀ ਕੂੜ ਬੋਲਿ ਮਲੁ ਖਾਇ ਬ੍ਰਹਮਣੁ ਨਾਵੈ ਜੀਆ ਘਾਇ ॥,
ਜੋਗੀ ਜੁਗਤਿ ਨ ਜਾਣੈ ਅੰਧ ਤੀਨੇ ਓਜਾੜੇ ਦਾ ਬੰਧੁ ।(ਪੰਨਾ662),
ਮਾਣਸ ਖਾਣੇ ਕਰਹਿ ਨਿਵਾਜ ਛੁਰੀ ਵਗਾਇਨਿ ਤਿਨ ਗਲਿ ਤਾਗ (ਪੰਨਾ 471) ਤੇ
ਮਥੈ ਟਿਕਾ ਤੇੜਿ ਧੋਤੀ ਕਖਾਈ ਹਥਿ ਛੁਰੀ, ਜਗਤ ਕਸਾਈ ॥
ਪਰ ਅੱਜ ਸਿੱਖ ਕੌਮ ਦੀ ਸਰਬਉੱਚ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਂਤ ਦੀ ਪਹਿਰਦਾਰੀ ਕਰਨ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਪ੍ਰਚਾਰਨ ਨੂੰ ਭੁਲਾ ਕੇ ਇਹ ਜਥੇਦਾਰ ਤੇ ਅਖੌਤੀ ਅਸੰਤ ਸਮਾਜ ਵਾਲੇ ਬਾਦਲ ਦੀ ਅਖੌਤੀ ਪੰਥਕ ਸਰਕਾਰ ਦੀ ਸੇਵਾ ਨਿਭਾ ਰਹੇ ਹਨ । ਸਿੱਖ ਕੌਮ ਦੇ ਸੁਨਿਹਰੀ ਸਿਧਾਂਤਾਂ ਨਾਲ ਧਰੋਹ ਕਮਾਉਣ ਤੇ ਮਾਇਆ ਦੀ ਦੌੜ ਵਿੱਚ ਵੱਢੀ ਲੈ ਕੇ ਕੌਮ ਦੇ ਹੱਕ ਮਰਵਾ ਰਹੇ ਹਨ । ਲੋਕਾਂ ਦੀ ਧਾਰਮਿਕ ਅਜ਼ਾਦੀ ਦੇ ਹੱਕ ਨੂੰ ਮਾਰਨ ਲਈ ਹਕੂਮਤਾਂ ਪਹਿਲਾਂ ਹੀ ਧਾਰਮਿਕ ਆਗੂ ਕਾਜ਼ੀ ਤੇ ਬ੍ਰਾਹਮਣਾਂ ਨੂੰ ਅੱਗੇ ਲਾਕੇ ਵਰਤਦੀਆਂ ਰਹੀਆਂ ਹਨ । ਅੱਜ ਉਸੇ ਤਰਜ਼ ਤੇ ਬਾਦਲ ਇਹਨਾਂ ਅਖੌਤੀ ਜਥੇਦਾਰਾਂ ਨੂੰ ਵਰਤ ਰਿਹਾ ਹੈ । ਰੂਸ ਦੀ ਕ੍ਰਾਂਤੀ ਦਾ ਇੱਕ ਕਾਰਨ ਇਹ ਵੀ ਸੀ ਕਿ ਧਾਰਮਿਕ ਆਗੂ ਅਸਲ ਧਰਮ ਦੇ ਅਸੂਲਾਂ ਤੋਂ ਕੁਰਾਹੇ ਪੈਕੇ ਰਾਜ ਕਰਨ ਵਾਲੀ ਹਕੂਮਤ ਵੱਲੋਂ ਲੋਕਾਂ ਤੇ ਹੋ ਰਹੇ ਜ਼ੁਲਮਾਂ ਪ੍ਰਤੀ ਅਵਾਜ਼ ਉਠਾਉਣ ਦੀ ਬਜਾਏ ਹਕੂਮਤ ਦਾ ਪੱਖ ਪੂਰਨ ਲੱਗ ਪਏ ਸੀ ।ਇਸੇ ਕਾਰਨ ਲੋਕ ਧਰਮ ਤੋਂ ਦੂਰ ਹੋ ਗਏ ।ਜਦੋਂ ਲੋਕਾਂ ਨੇ ਰਾਜ ਪਲਟਾ ਲਿਆਂਦਾ ਇਸ ਨਾਲ ਇਹਨਾਂ ਧਾਰਮਿਕ ਆਗੂਆਂ ਨੂੰ ਵੀ ਨਹੀਂ ਬਖਸ਼ਿਆ ਸੀ । ਰਾਜਿਆਂ ਨਾਲ ਮਿਲਕੇ ਐਸ਼ੋ ਅਰਾਮ ਦੀ ਜਿੰਦਗੀ ਬਤੀਤ ਕਰਨ ਵਾਲਿਆਂ ਦੇ ਘਰ ਬਾਰ ਬਰਬਾਦ ਕਰਕੇ ਉਹਨਾਂ ਨੂੰ ਸੜਕਾਂ ਤੇ ਲਿਆ ਖੜਾਇਆ ਸੀ । ਅੱਜ ਕਈ ਵੀਰ ਇੰਤਰਾਜ਼ ਕਰਦੇ ਹਨ ਕਿ ਹਕੂਮਤ ਦੇ ਚਰਨ ਸੇਵਕ ਬਣੇ ਜਥੇਦਾਰਾਂ ਪ੍ਰਤੀ ਅਵਾਜ਼ ਉਠਾਉਣਾ ਜਾਂ ਲਿਖਣਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਖਿਲਾਫ ਹੋਣਾ ਹੈ ।
ਸਤਿਕਾਰਯੋਗ ਵੀਰੋ, ਅਕਾਲ ਤਖਤ ਸਾਹਿਬ ਜੀ ਇੱਕ ਸਿਧਾਂਤ ਹੈ ਜੋ ਕਿ ਇਤਿਹਾਸ ਦੇ ਪੰਨਿਆਂ ਅਨੁਸਾਰ ਇਹ ਦਿੱਲੀ ਦੇ ਤਖਤ ਤੋਂ ਉੱਪਰ ਬਣਾਇਆ ਸੀ ਤੇ ਇਸ ਉੱਪਰ ਕਿਸੇ ਦੁਨਿਆਵੀ ਹਕੂਮਤ ਦਾ ਹੁਕਮ ਲਾਗੂ ਨਹੀਂ ਹੁੰਦਾ । ਇਹ ਆਪਣੇ ਆਪ ਵਿੱਚ ਅਜ਼ਾਦ ਤਖਤ ਹੈ । ਇਸ ਸਿਧਾਂਤ ਦੀ ਪਹਿਰੇਦਾਰੀ ਕਰਨ ਵਾਲੇ ਮੁਖੀ ਨੂੰ ਅਸੀਂ ਜਥੇਦਾਰ ਕਹਿਕੇ ਸਤਿਕਾਰ ਦਿੰਦੇ ਹਾਂ ਤੇ ਜੋ ਇਸ ਅਕਾਲ ਤਖਤ ਸਾਹਿਬ ਜੀ ਦੇ ਸਿਧਾਂਤ ਨਾਲ ਖਿਲਵਾੜ ਤੇ ਆਪਣੇ ਇਸ ਅਹੁਦੇ ਤੇ ਬਣੇ ਰਹਿਣ, ਮਾਇਆ ਇੱਕਠੀ ਕਰਨ ਤੇ ਸਿੱਖ ਕੌਮ ਦੇ ਜ਼ਜਬਾਤਾਂ ਦੀ ਕਦਰ ਕਰਨ ਦੀ ਬਜਾਏ ਕੌਮੀ ਹਿੱਤਾਂ ਲਈ ਉੱਠੇ ਹਰ ਰੋਹ ਨੂੰ ਦਬਾਉਣ ਲਈ ਤੇ ਸਰਕਾਰ ਦੇ ਹੱਕ ਵਿੱਚ ਭਗਤਾਉਣ ਵਾਲੇ ਇਹਨਾਂ ਅਖੌਤੀ ਜਥੇਦਾਰਾਂ ਦੇ ਖਿਲਾਫ ਨਾ ਬੋਲਣਾ ਤੇ ਨਾ ਲਿਖਣ ਦਾ ਭਾਵ ਹੈ ਕਿ ਅਸੀਂ ਸਿੱਖ ਕੌਮ ਨਾਲ ਹੋ ਰਹੇ ਧਰੋਹ ਵਿੱਚ ਸ਼ਾਮਲ ਹਾਂ ।
ਇਤਿਹਾਸ ਗਵਾਹ ਹੈ ਕਿ ਜਦੋਂ ਵੀ ਇਹਨਾਂ ਸੰਸਥਾਵਾਂ ਤੇ ਯੋਗ ਸਿੱਖੀ ਨੂੰ ਸਮਰਪਿਤ ਜਥੇਦਾਰ ਬਣੇ ਹਨ ਉਸ ਵਕਤ ਕੌਮ ਦੀ ਚੜ੍ਹਦੀ ਕਲ੍ਹਾ ਹੋਈ ਹੈ ਤੇ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰੀ ਦੇ ਇਤਿਹਾਸ ਵੱਲ ਨਿਗ੍ਹਾ ਮਾਰੀਏ ਤਾਂ ਸਭ ਤੋਂ ਵੱਧ ਢਾਹ ਲਾਉਣ ਵਾਲਾ ਜਥੇਦਾਰ ਅਗਿਆਨੀ ਗੁਰਬਚਨ ਸਿੰਘ ਹੋ ਨਿਬੜਿਆ ਹੈ । ਸਿਰਸੇ ਵਾਲੇ ਸਾਧ, ਲੁਧਿਆਣੇ ਵਿੱਚ ਆਸ਼ੂਤੋਸ਼, ਭਾਈ ਜਸਪਾਲ ਸਿੰਘ ਸ਼ਹੀਦ ਦੇ ਮਸਲੇ ਤੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਵਿੱਚ ਨਿਭਾਈ ਭੁਮਿਕਾ ਕਿਸ ਤਰ੍ਹਾਂ ਸਿੱਖਾਂ ਦੀਆਂ ਪਵਿੱਤਰ ਭਾਵਨਾਵਾਂ ਨੂੰ ਚੱਕਨਾਚੂਰ ਕਰਕੇ ਉਸ ਨੂੰ ਬਾਦਲ ਤੇ ਬਾਦਲ ਦੇ ਚਾਪਲੂਸਾਂ ਦੀ ਝੋਲੀ ਵਿੱਚ ਪਾ ਦਿੱਤਾ ਹੈ । ਪਰ ਇੱਥੇ ਸਿੱਖ ਕੌਮ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ ਕਿ ਵਾਰ ਵਾਰ ਕੌਮ ਨੂੰ ਮੂਰਖ ਬਣਾਉਣ ਵਾਲੇ ਨਾਲੋਂ ਮੂਰਖ ਬਣਨ ਵਾਲਿਆਂ ਦੀ ਗਲਤੀ ਵੱਡੀ ਬਣ ਜਾਂਦੀ ਹੈ । ਸੋ ਜਾਗਦੀ ਜ਼ਮੀਰ ਵਾਲੇ ਗੁਰਸਿੱਖਾਂ ਸਾਹਮਣੇ ਮੁੱਖ ਸਵਾਲ ਇਹ ਹੀ ਖੜ੍ਹਾ ਹੈ ਕਿ ਜੇਕਰ ਉਹ ਕੌਮ ਨੂੰ ਚੜ੍ਹਦੀ ਕਲਾ ਵਿੱਚ ਲਿਜਾਣਾ ਲੋਚਦੇ ਹਨ ਫਿਰ ਸਿੱਖ ਕੌਮ ਦੀਆਂ ਸਿਰਮੌਰ ਤੇ ਸਰਬਉੱਚ ਸੰਸਥਾਵਾਂ ਨੂੰ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਦੁਸ਼ਮਣਾ ਤੋਂ ਅਜ਼ਾਦ ਕਰਾਉਣ ਲਈ ਸੁਹਿਰਦਤਾ ਨਾਲ ਉਪਰਾਲੇ ਕਰਨੇ ਚਾਹੀਦੇ ਹਨ ।