“ ਅਜੋਕਾ ਗੁਰਮਤਿ ਪ੍ਰਚਾਰ ? ” ਭਾਗ- 18
ਗੁਰੂ ਸਾਹਿਬਾਂ ਨੂੰ ‘ਗੁਰੂ’ ਸ਼ਬਦ ਨਾਲ ਸੰਬੋਧਨ ਕਰਨ ਵਿੱਚ ਵੀ ਤ:…ਪ: ਵਾਲਿਆਂ ਨੂੰ ਇਤਰਾਜ ਹੈ।ਪਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਬਹੁਤ ਸਾਰੇ ਸਬੂਤ ਮਿਲਦੇ ਹਨ ਕਿ ਗੁਰੂ ਸਾਹਿਬਾਂ ਦੇ ਸਮੇਂ ਵੀ ਉਨ੍ਹਾਂ ਨੂੰ ‘ਗੁਰੂ’ ਸ਼ਬਦ ਨਾਲ ਸੰਬੋਧਨ ਕੀਤਾ ਜਾਂਦਾ ਸੀ । ਸੋ ਇਹ ਲੋਕ ਉਨ੍ਹਾਂ ਪੰਗਤੀਆਂ ਦੇ ਆਪਣੇ ਹੀ ਅਰਥ ਘੜਕੇ ਆਪਣਾ ਪੱਖ ਸਹੀ ਸਾਬਤ ਕਰਨ ਦੀ ਅਸਫਲ ਕੋਸ਼ਿਸ਼ ਕਰ ਰਹੇ ਹਨ । ਪਰ ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਐਸੇ ਸ਼ਬਦ ਹਨ ਜਿਨ੍ਹਾਂ ਦੇ ਅਰਥ ਬਦਲਣ ਵਿੱਚ ਇਨ੍ਹਾਂ ਨੂੰ ਦਿੱਕਤ ਪੇਸ਼ ਆ ਰਹੀ ਹੈ, ਜਾਂ ਫੇਰ ਇਨ੍ਹਾਂ ਦੀਆਂ ਵਿਆਖਿਆਵਾਂ ਤੋਂ ਬਹੁਤ ਸਾਰੇ ਸਵਾਲ ਖੜ੍ਹੇ ਹੋ ਜਾਂਦੇ ਹਨ । ਸੋ ਅਜਿਹੇ ਸ਼ਬਦਾਂ ਨੂੰ ਇਹ ਲੋਕ ਗੁਰਬਾਣੀ ਦੇ ਉਤਾਰੇ ਵੇਲੇ ਹੋਈਆਂ ਗ਼ਲਤੀਆਂ ਦੱਸ ਕੇ ਤੁਕਾਂ ਨੂੰ ਆਪਣੀ ਮਰਜੀ ਮੁਤਾਬਕ ਫੇਰ ਬਦਲ ਕਰਨ ਦਾ ਜਾਂ ਸ਼ਾਇਦ ਇਸੇ ਤਰ੍ਹਾਂ ਦਾ ਕੁੱਝ ਹੋਰ ਇਰਾਦਾ ਰੱਖਦੇ ਹਨ । ਸੋ ਇਹ ਢੁੱਚਰ ਡਾਹੁੰਦੇ ਹੋਏ ਲਿਖਦੇ ਹਨ-“ਗੁਰੂ ਗ੍ਰੰਥ ਸਾਹਿਬ ਦੇ ਪੰਨਾ 663 ਤੇ ਗੁਰੂ ਸਾਹਿਬ ਦਾ ਇਕ ਸ਼ਬਦ ਹੈ, ਇਹੀ ਸ਼ਬਦ ਪੰਨਾ 13 ਤੇ ਵੀ ਦਰਜ ਹੈ।ਇਹ ਦੋਵੇਂ ਥਾਵਾਂ ਤੇ ਇੱਕੋ ਜਿਹਾ ਹੋਣਾ ਚਾਹੀਦਾ ਹੈ ਕਿਉਂਕਿ ਨਾਨਕ ਪਾਤਸ਼ਾਹ ਨੇ ਇਕੋ ਸ਼ਬਦ ਦੋ ਵਾਰ ਅਲਗ ਅਲਗ ਤਰ੍ਹਾਂ ਉਚਾਰਣ ਨਹੀਂ ਕੀਤਾ ਹੋਵੇਗਾ।ਪਰ ਦੋਵੇਂ ਥਾਵਾਂ ਤੇ ਲਗਾਂ ਮਾਤ੍ਰਾ ਪੱਖੋਂ ਛੇ ਫਰਕ ਹਨ।ਅਤੇ ਉਦਾਹਰਣਾਂ ਪੇਸ਼ ਕਰਦੇ ਹਨ”-
ਪੰਨਾ 13 ਤੇ ਦਰਜ ਤੁਕਾਂ:-
-ਸਹਸ ਤਵ ਨੈਨ ਨਨ ਨੈਨ " ਹਹਿ " ਤੋਹਿ ਕਉ ਸਹਸ ਮੂਰਤਿ ਨਨਾ ਏਕ " ਤੁੋਹੀ " ॥
-ਤਿਸ " ਦੈ " ਚਾਨਣਿ ਸਭ ਮਹਿ ਚਾਨਣੁ ਹੋਇ ॥
-ਹਰਿ ਚਰਣ " ਕਵਲ " ਮਕਰੰਦ ਲੋਭਿਤ ਮਨੋ " ਅਨਦਿਨੁੋ " ਮੋਹਿ ਆਹੀ ਪਿਆਸਾ ॥
- ਹੋਇ ਜਾ ਤੇ ਤੇਰੈ " ਨਾਇ " ਵਾਸਾ ॥4॥3॥
ਪੰਨਾ 663 ਤੇ ਦਰਜ ਤੁਕਾਂ:-
- ਸਹਸ ਤਵ ਨੈਨ ਨਨ ਨੈਨ " ਹੈ " ਤੋਹਿ ਕਉ ਸਹਸ ਮੂਰਤਿ ਨਨਾ ਏਕ " ਤੋਹੀ " ॥
- ਤਿਸ " ਕੈ " ਚਾਨਣਿ ਸਭ ਮਹਿ ਚਾਨਣੁ ਹੋਇ ॥
- ਹਰਿ ਚਰਣ " ਕਮਲ " ਮਕਰੰਦ ਲੋਭਿਤ ਮਨੋ " ਅਨਦਿਨੋ " ਮੋਹਿ ਆਹਿ ਪਿਆਸਾ ॥
- ਹੋਇ ਜਾ ਤੇ ਤੇਰੈ " ਨਾਮਿ " ਵਾਸਾ ॥4॥1॥
ਅੱਗੇ ਤ:…ਪ: ਵਾਲੇ ਲਿਖਦੇ ਹਨ- “ਇਹ ਬਿਨਾ ਸ਼ੱਕ ਉਤਾਰਾ ਕਰਨ ਵੇਲੇ ਹੋਈ ਗ਼ਲਤੀ ਹੈ।ਕਹਿਣ ਤੋਂ ਭਾਵ ਕਿ ਉਤਾਰੇ ਵੇਲੇ ਲਗਾਂ ਮਾਤਰਾਵਾਂ ਵਿੱਚ ਗ਼ਲਤੀ ਹੋਣ ਦੀ ਗੁੰਜਾਇਸ਼ ਹੈ”।
ਵਿਚਾਰ- ਤ:..ਪ: ਵਾਲਿਆਂ ਦੇ ਇਸ ਬਿਆਨ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਉਤਾਰੇ ਵੇਲੇ ਜੇ ਕੋਈ ਗ਼ਲਤੀਆਂ ਹੋਈਆਂ ਹਨ ਤਾਂ ਇਸ ਗੱਲ ਦੀ ਇਨ੍ਹਾਂਨੂੰ ਕਿੰਨੀ ਖੁਸ਼ੀ ਮਹਸਿੂਸ ਹੋ ਰਹੀ ਹੈ।ਅਤੇ ਬਰੀਕੀ ਨਾਲ ਇਹ ਲੱਭਣ ਦੀ ਕੋਸ਼ਿਸ਼ ਵਿੱਚ ਹਨ ਕਿ ਕਾਸ਼ ਐਸਾ ਕੋਈ ਨੁਕਤਾ ਲਭ ਜਾਵੇ, ਜਿਸ ਨਾਲ ਇਹ ਸਾਬਤ ਕਰ ਸਕਣ ਕਿ ਉਤਾਰੇ ਵੇਲੇ ਕੁਝ ਗ਼ਲਤੀਆਂ ਹੋਈਆਂ ਹਨ।ਇਸ ਨਾਲ ਇਨ੍ਹਾਂਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁਝ ਵੀ ਬਦਲਣ ਲਈ ਰਾਹ ਖੁੱਲ੍ਹ ਜਾਂਦਾ ਹੈ।
ਪਰ ਜੇ ਉੱਪਰ ਦਿੱਤੀਆਂ ਉਦਾਹਰਣਾਂ ਨੂੰ ਜ਼ਰਾ ਗੌਰ ਨਾਲ ਪੜ੍ਹਨ ਤਾਂ ਇਨ੍ਹਾਂਨੂੰ ਪਤਾ ਲੱਗ ਜਾਏਗਾ ਕਿ, ਜੇ ਇਹ ਫ਼ਰਕ ਉਤਾਰੇ ਦੀ ਗ਼ਲਤੀ ਕਾਰਨ ਹੁੰਦੇ ਤਾਂ ਦੋਨਾਂ ਸ਼ਬਦਾਂ ਦੇ ਵਿਆਕਰਣ ਅਧਾਰਤ ਅਰਥ ਕਰਨ ਵਿੱਚ ਵੀ ਦਿੱਕਤ ਆ ਜਾਣੀ ਸੀ।ਪਰ ਇੱਥੇ ਨਾ ਤਾਂ ਅਰਥ ਕਰਨ ਵਿੱਚ ਕੋਈ ਦਿੱਕਤ ਆ ਰਹੀ ਹੈ ਬਲਕਿ ਦੋਨਾਂ ਸ਼ਬਦਾਂ ਦੇ ਅਰਥਾਂ ਵਿੱਚ ਵੀ ਕੋਈ ਫ਼ਰਕ ਨਹੀਂ ਪੈ ਰਿਹਾ।ਇਹ ਵੱਖਰੇ ਵੱਖਰੇ ਰੂਪ ਵਾਲੇ ਸਾਰੇ ਲਫਜ਼ ਇਨ੍ਹਾਂ ਹੀ ਰੂਪਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਹੋਰ ਥਾਵਾਂ ਤੇ ਦਰਜ ਹਨ।ਇਸ ਤੋਂ ਜ਼ਾਹਰ ਹੈ ਕਿ ਲਫ਼ਜ਼ਾਂ ਵਿੱਚ ਫ਼ਰਕ ਉਤਾਰੇ ਦੀ ਗ਼ਲਤੀ ਕਾਰਨ ਨਹੀਂ ਬਲਕਿ ਜਾਣ ਬੁੱਝ ਕੇ ਕੁਝ ਸੋਚਕੇ ਬਦਲੇ ਗਏ ਹਨ।ਇਹ ਲਫ਼ਜ਼ ਕਿਉਂ ਬਦਲੇ ਗਏ ਹਨ, ਇਹ ਵਖਰਾ ਵਿਸ਼ਾ ਹੈ।ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਵੀ ਕਈ ਸ਼ਬਦ ਜਾਂ ਸਲੋਕ ਹਨ ਜੋ ਇੱਕ ਤੋਂ ਵੱਧ ਵਾਰੀਂ ਲਿਖੇ ਹੋਏ ਮਿਲਦੇ ਹਨ।ਉਨ੍ਹਾਂ ਵਿੱਚ ਵੀ ਲਫ਼ਜ਼ਾਂ ਦੇ ਰੂਪ ਵਿੱਚ ਫ਼ਰਕ ਹੋਣ ਦੇ ਬਾਵਜੂਦ ਕਿਤੇ ਵੀ ਇਨ੍ਹਾਂ ਦੇ ਅਰਥਾਂ ਵਿੱਚ ਕੋਈ ਫ਼ਰਕ ਨਹੀਂ ਪੈ ਰਿਹਾ।ਮਿਸਾਲ ਦੇ ਤੌਰ ਤੇ ਹੇਠਾਂ ਦਿੱਤਾ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਵੱਖ-ਵੱਖ ਥਾਵਾਂ ਤੇ ਦਰਜ ਹੈ ਅਤੇ ਤਿੰਨੋ ਥਾਵਾਂ ਤੇ ਇਨ੍ਹਾਂ ਦੇ ਸਰੂਪ ਦਾ ਫ਼ਰਕ ਹੈ।ਪਰ ਕਿਤੇ ਵੀ ਇਨ੍ਹਾਂ ਦੇ ਅਰਥਾਂ ਵਿੱਚ ਫ਼ਰਕ ਨਹੀਂ ਹੈ।ਬਦਲੇ ਗਏ ਸਾਰੇ ਦੇ ਸਾਰੇ ਲਫ਼ਜ਼ ਪਹਿਲਾਂ ਤੋਂ ਵੱਖ ਵੱਖ ਰੂਪਾਂ ਵਿੱਚ ਪ੍ਰਚੱਲਤ ਸਨ, ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹਨ।ਜੇ ਗ਼ਲਤੀ ਨਾਲ ਲਫਜ ਬਦਲੇ ਹੁੰਦੇ ਤਾਂ ਅਰਥਾਂ ਦਾ ਕੁਝ ਦਾ ਕੁਝ ਹੋਰ ਹੀ ਬਣ ਸਕਦਾ ਸੀ।ਇਨ੍ਹਾਂ ਹੇਠਾਂ ਦਿੱਤੇ ਸ਼ਬਦਾਂ ਵਿੱਚ ਛੇ ਨਹੀਂ ਬਲਕਿ ਬਹੁਤ ਜਿਆਦਾ ਗਿਣਤੀ ਵਿੱਚ ਫ਼ਰਕ ਹਨ।ਪਰ ਏਨੇ ਫ਼ਰਕ ਹੋਣ ਦੇ ਬਾਵਜੂਦ ਵੀ ਕਿਸੇ ਸ਼ਬਦ ਦੇ ਅਰਥਾਂ ਵਿੱਚ ਕੋਈ ਫ਼ਰਕ ਨਹੀਂ ਪੈ ਰਿਹਾ।ਪ੍ਰਸਤੁਤ ਹੈ ਸ਼ਬਦ ਤਿੰਨ ਵੱਖ ਵੱਖ ਰੂਪਾਂ ਵਿੱਚ:-
(1) ਸੋ ਦਰੁ ‘-’ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥ ਵਾਜੇ ‘-’ ਨਾਦ ਅਨੇਕ ਅਸੰਖਾ ਕੇਤੇ ‘-’ ਵਾਵਣਹਾਰੇ॥
ਕੇਤੇ ‘-’ ਰਾਗ ਪਰੀ ਸਿਉ ਕਹੀਅਨਿ ਕੇਤੇ ‘-’ ਗਾਵਣਹਾਰੇ॥
“ਗਾਵਹਿ ਤੁਹਨੋ” ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ॥
ਗਾਵਹਿ ‘-’ ਚਿਤੁ ਗੁਪਤੁ ਲਿਖਿ “ਜਾਣਹਿ” ਲਿਖਿ ਲਿਖਿ ਧਰਮੁ “ਵੀਚਾਰ”॥
“ਗਾਵਹਿ” ‘-’ ਈਸਰੁ “ਬਰਮਾ” ਦੇਵੀ ਸੋਹਨਿ ‘-’ ਸਦਾ ਸਵਰੇ॥
“ਗਾਵਹਿ” ‘-’ “ਇੰਦ ਇੰਦਾਸਣਿ” ਬੈਠੇ ਦੇਵਤਿਆਂ ਦਰਿ ਨਾਲੇ॥
“ਗਾਵਹਿ” ‘-’ ਸਿਧ ਸਮਾਧੀ ਅੰਦਰਿ “ਗਾਵਹਿ” ‘-’ ਸਾਧ “ਵਿਚਾਰੇ”॥
ਗਾਵਨਿ ‘-’ ਜਤੀ ਸਤੀ ਸੰਤੋਖੀ “ਗਾਵਹਿ” ‘-’ ਵੀਰ ਕਰਾਰੇ॥
ਗਾਵਨਿ ‘-’ ਪੰਡਿਤ ਪੜਨਿ “ਰਖੀਸਰ” ਜੁਗੁ ਜੁਗੁ ਵੇਦਾ ਨਾਲੇ॥
“ਗਾਵਹਿ” ‘-’ ਮੋਹਨੀਆ ਮਨੁ ਮੋਹਨਿ “ਸੁਰਗਾ ਮਛ” ਪਇਆਲੇ॥
ਗਾਵਨਿ ‘-’ ਰਤਨ ਉਪਾਏ ਤੇਰੇ ਅਠ ਸਠਿ ਤੀਰਥ ਨਾਲੇ॥
“ਗਾਵਹਿ” ‘-’ ਜੋਧ ਮਹਾ ਬਲ ਸੂਰਾ “ਗਾਵਹਿ” ‘-’ ਖਾਣੀ ਚਾਰੇ॥
“ਗਾਵਹਿ” ‘-’ ਖੰਡ ਮੰਡਲ “ਵਰਭੰਡਾ” ਕਰਿ ਕਰਿ ਰਖੇ ‘-’ ਧਾਰੇ॥
ਸੇਈ ਤੁਧੁ ਨੋ “ਗਾਵਹਿ” ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ॥
ਹੋਰਿ ਕੇਤੇ ‘-’ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ “ਵੀਚਾਰੇ”॥
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ॥
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ॥
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥
ਕਰਿ ਕਰਿ “ਵੇਖੈ” ਕੀਤਾ ਆਪਣਾ “ਜਿਵ” ਤਿਸ ਦੀ ਵਡਿਆਈ॥
ਜੋ ਤਿਸੁ ਭਾਵੈ ਸੋਈ ਕਰਸੀ ‘-’ ਹੁਕਮੁ ਨ ਕਰਣਾ ਜਾਈ॥
ਸੋ ਪਾਤਿਸਾਹੁ ਸਾਹਾ ਪਾਤਿ ਸਾਹਿਬੁ ਨਾਨਕ ਰਹਣੁ ਰਜਾਈ॥ (ਪੰਨਾ-6)।
(2) ਸੋ ਦਰੁ “ਤੇਰਾ” ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥
ਵਾਜੇ “ਤੇਰੇ” ਨਾਦ ਅਨੇਕ ਅਸੰਖਾ ਕੇਤੇ “ਤੇਰੇ” ਵਾਵਣਹਾਰੇ॥
ਕੇਤੇ “ਤੇਰੇ” ਰਾਗ ਪਰੀ ਸਿਉ “ਕਹੀਅਹਿ” ਕੇਤੇ “ਤੇਰੇ” ਗਾਵਣਹਾਰੇ॥
“ਗਾਵਨਿ ਤੁਧ” ਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ॥
ਗਾਵਹਿ “ਤੁਧ ਨੋ” ਚਿਤੁ ਗੁਪਤੁ ਲਿਖਿ “ਜਾਣਨਿ” ਲਿਖਿ ਲਿਖਿ ਧਰਮੁ “ਬੀਚਾਰੇ”॥
“ਗਾਵਨਿ ਤੁਧ ਨੋ” ਈਸਰੁ “ਬ੍ਰਹਮਾ” ਦੇਵੀ ਸੋਹਨਿ “ਤੇਰੇ” ਸਦਾ ਸਵਾਰੇ॥
“ਗਾਵਨਿ ਤੁਧ ਨੋ ਇੰਦ੍ਰ ਇੰਦ੍ਰਸਣਿ” ਬੈਠੇ ਦੇਵਤਿਆ ਦਰਿ ਨਾਲੇ॥
“ਗਾਵਨਿ ਤੁਧ ਨੋ” ਸਿਧ ਸਮਾਧੀ ਅੰਦਰਿ “ਗਾਵਨਿ ਤੁਧ ਨੋ” ਸਾਧ ਬੀਚਾਰੇ॥
ਗਾਵਨਿ “ਤੁਧ ਨੋ” ਜਤੀ ਸਤੀ ਸੰਤੋਖੀ “ਗਾਵਨਿ ਤੁਧ ਨੋ” ਵੀਰ ਕਰਾਰੇ॥
ਗਾਵਨਿ “ਤੁਧ ਨੋ” ਪੰਡਿਤ ਪੜਨਿ “ਰਖੀਸੁਰ” ਜੁਗੁ ਜੁਗੁ ਵੇਦਾ ਨਾਲੇ॥
“ਗਾਵਨਿ ਤੁਧ ਨੋ” ਮੋਹਨੀਆ ਮਨੁ ਮੋਹਨਿ “ਸੁਰਗੁ ਮਛੁ” ਪਇਆਲੇ॥
ਗਾਵਨਿ “ਤੁਧ ਨੋ” ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ॥
“ਗਾਵਨਿ ਤੁਧ ਨੋ” ਜੋਧ ਮਹਾਬਲ ਸੂਰਾ “ਗਾਵਨਿ ਤੁਧੁ ਨੋ” ਖਾਣੀ ਚਾਰੇ॥
“ਗਾਵਨਿ ਤੁਧ ਨੋ” ਖੰਡ ਮੰਡਲ “ਬ੍ਰਹਮੰਡਾ” ਕਰਿ ਕਰਿ ਰਖੇ “ਤੇਰੇ” ਧਾਰੇ॥
ਸੇਈ ਤੁਧ ਨੋ “ਗਾਵਨਿ” ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ॥
ਹੋਰਿ ਕੇਤੇ “ਤੁਧ ਨੋ” ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ “ਬੀਚਾਰੇ”॥
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ॥
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ॥
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥
ਕਰਿ ਕਰਿ “ਦੇਖੈ” ਕੀਤਾ ਆਪਣਾ “ਜਿਉ” ਤਿਸ ਦੀ ਵਡਿਆਈ॥
ਜੋ ਤਿਸੁ ਭਾਵੈ ਸੋਈ ਕਰਸੀ “ਫਿਰਿ” ਹੁਕਮੁ ਨ ਕਰਣਾ ਜਾਈ॥
ਸੋ ਪਾਤਸਾਹੁ ਸਾਹਾ ਪਾਤਿ ਸਾਹਿਬੁ ਨਾਨਕ ਰਹਣੁ ਰਜਾਈ॥ (ਪ-9)
(3) ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ “ਸਮ੍ਹਾਲੇ”॥
ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ “ਵਾਵਣਹਾਰੇ”॥
ਕੇਤੇ “ਤੇਰੇ” ਰਾਗ ਪਰੀ ਸਿਉ ਕਹੀਅਹਿ ਕੇਤੇ “ਤੇਰੇ” ਗਾਵਣਹਾਰੇ॥
“ਗਾਵਨ੍ਹਿ” ਤੁਧ ਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮ ਦੁਆਰੇ॥
“ਗਾਵਨ੍ਹਿ” ਤੁਧ ਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ “ਬੀਚਾਰੇ”॥
“ਗਾਵਨ੍ਹਿ” ਤੁਧ ਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ॥
“ਗਾਵਨ੍ਹਿ” ਤੁਧ ਨੋ “ਇੰਦ੍ਰ” “ਇੰਦ੍ਰਸਣਿ” ਬੈਠੇ ਦੇਵਤਿਆ ਦਰਿ ਨਾਲੇ॥
ਗਾਵਨਿ ਤੁਧ ਨੋ ਸਿਧ ਸਮਾਧੀ ਅੰਦਰਿ “ਗਾਵਨ੍ਹਿ” ਤੁਧ ਨੋ ਸਾਧ ਬੀਚਾਰੇ॥
“ਗਾਵਨ੍ਹਿ” ਤੁਧ ਨੋ ਜਤੀ ਸਤੀ ਸੰਤੋਖੀ ਗਾਵਨਿ ਤੁਧ ਨੋ ਵੀਰ ਕਰਾਰੇ॥
ਗਾਵਨਿ ਤੁਧ ਨੋ ਪੰਡਿਤ “ਪੜੇ” ਰਖੀਸੁਰ ਜੁਗੁ ਜੁਗੁ “ਬੇਦਾ” ਨਾਲੇ॥
“ਗਾਵਨਿ” ਤੁਧਨੋ “ਮੋਹਣੀਆ” ਮਨੁ ਮੋਹਨਿ ਸੁਰਗੁ ਮਛੁ ਪਇਆਲੇ॥
“ਗਾਵਨ੍ਹਿ” ਤੁਧ ਨੋ ਰਤਨ ਉਪਾਏ ਤੇਰੇ “ਜੇਤੇ” ਅਠਸਠਿ ਤੀਰਥ ਨਾਲੇ॥
ਗਾਵਨਿ ਤੁਧ ਨੋ ਜੋਧ ਮਹਾਬਲ ਸੂਰਾ ਗਾਵਨਿ ਤੁਧੁ ਨੋ ਖਾਣੀ ਚਾਰੇ॥
“ਗਾਵਨ੍ਹਿ” ਤੁਧ ਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ॥
ਸੇਈ ਤੁਧ ਨੋ “ਗਾਵਨ੍ਹਿ” ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ॥
ਹੋਰਿ ਕੇਤੇ ਤੁਧ ਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ “ਬੀਚਾਰੇ”॥
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ॥
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ॥
ਰੰਗੀ ਰੰਗੀ ਭਾਤੀ ‘-’ ਜਿਨਸੀ ਮਾਇਆ ਜਿਨਿ ਉਪਾਈ॥
ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ॥
ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ॥
ਸੋ ਪਾਤਸਾਹੁ ਸਾਹਾ ‘ਪਤਿ’ ਸਾਹਿਬੁ ਨਾਨਕ ਰਹਣੁ ਰਜਾਈ॥ (ਪੰਨਾ- 347)।)
ਇਨ੍ਹਾਂ ਸ਼ਬਦਾਂ ਵਿੱਚ ਅਨੇਕਾਂ ਹੀ ਫ਼ਰਕ ਹੋਣ ਦੇ ਬਾਵਜੂਦ ਅਰਥਾਂ ਵਿੱਚ ਕੋਈ ਫ਼ਰਕ ਨਹੀਂ ਪਿਆ।ਇਸ ਤਰ੍ਹਾਂ ਦੀਆਂ ਹੋਰ ਅਨੇਕਾਂ ਉਦਾਹਰਣਾਂ ਦੇਖੀਆਂ ਜਾ ਸਕਦੀਆਂ ਹਨ।ਇਹ ਕੋਈ ਇੱਤਫ਼ਾਕ ਨਹੀਂ ਕਿ ਉਤਾਰੇ ਦੇ ਵਕਤ ਉਹੀ ਲਫ਼ਜ਼ ਬਦਲ ਗਏ ਜਿਨ੍ਹਾਂ ਦੇ ਬਦਲਣ ਨਾਲ ਅਰਥਾਂ ਵਿੱਚ ਕੋਈ ਫ਼ਰਕ ਨਹੀਂ ਪੈ ਰਿਹਾ ਅਤੇ ਸਾਰੇ ਲਫ਼ਜ਼ ਇਨ੍ਹਾਂ ਵੱਖ ਵੱਖ ਰੂਪਾਂ ਵਿੱਚ ਪਹਿਲਾਂ ਤੋਂ ਹੀ ਵਰਤੋਂ ਵਿੱਚ ਸਨ। ਇਹ ਕਹਿਣਾ ਕਿ “ਇਹ ਬਿਨਾ ਸ਼ੱਕ ਉਤਾਰਾ ਕਰਨ ਵੇਲੇ ਹੋਈ ਗ਼ਲਤੀ ਹੈ, ਭਾਵ ਕਿ ਉਤਾਰੇ ਵੇਲੇ ਲਗਾਂ ਮਾਤਰਾਵਾਂ ਵਿੱਚ ਗ਼ਲਤੀ ਹੋਣ ਦੀ ਗੁੰਜਾਇਸ਼ ਹੈ”, ਗੁਰਬਾਣੀ ਦੇ ਅਰਥ ਆਪਣੀ ਮਰਜੀ ਦੇ ਘੜਨ ਲਈ ਅਤੇ ਗੁਰਮਤਿ ਪ੍ਰੇਮੀਆਂ ਲਈ ਭੁਲੇਖੇ ਖੜ੍ਹੇ ਕਰਨ ਦੀ, ਤ:..ਪ: ਵਾਲਿਆਂ ਦੀ ਵਾਧੂ ਦੀ ਘੜੀ ਹੋਈ ਦਲੀਲ ਅਤੇ ਸਾਜਿਸ਼ ਹੈ।
ਜਸਬੀਰ ਸਿੰਘ ਵਿਰਦੀ