* ਪੁਲਿਸ ਰਿਮਾਂਡ ’ਤੇ ਭੇਜਿਆ
ਚੰਡੀਗੜ੍ਹ, 20 ਦਸੰਬਰ (ਪੰਜਾਬ ਮੇਲ)- 10ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਅਤੇ ਸਰੀਰਕ ਛੇੜਛਾੜ ਕਰਨ ਵਾਲੇ ਚੰਡੀਗੜ੍ਹ ਪੁਲਿਸ ਦੇ 5 ਮੁਲਾਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੀ ਜ਼ਿਲਾ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਜਸਟਿਸ ਨੇ ਇਨ੍ਹਾਂ ਦੋਸ਼ੀਆਂ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਬਲਾਤਕਾਰ ਦੇ ਸਾਰੇ ਦੋਸ਼ੀਆਂ ਨੂੰ ਸਸਪੈਂਡ ਕੀਤਾ ਜਾ ਚੁੱਕਾ ਹੈ।
ਇਸ ਘਟਨਾ ਦੇ ਵਿਰੋਧ ’ਚ ਅੱਜ ਸਾਰਾ ਦਿਨ ਚੰਡੀਗੜ੍ਹ ’ਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਈ ਜਗ੍ਹਾ ’ਤੇ ਸੜਕਾਂ ਨੂੰ ਜਾਮ ਕਰਕੇ ਆਵਜਾਈ ਨੂੰ ਰੋਕੀ ਰੱਖਿਆ। ਲੋਕਾਂ ਵਲੋਂ ਮੰਗ ਕੀਤੀ ਜਾ ਰਹੀ ਸੀ ਕਿ ਘਟਨਾ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ। ਇਸ ਮੰਗ ਨੂੰ ਮੰਨਦਿਆਂ ਪ੍ਰਸ਼ਾਸਨ ਨੇ ਬਲਾਤਕਾਰ ਦੇ ਸਾਰੇ ਦੋਸ਼ੀ ਪੁਲਿਸ ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ। ਬਲਾਤਕਾਰ ਦੀ ਇਸ ਘਟਨਾ ਦੇ ਖਿਲਾਫ ਚੰਡੀਗੜ੍ਹ ਦੇ ਪੁਲਿਸ ਥਾਣੇ ਦੇ ਬਾਹਰ ਵੀ ਲੋਕਾਂ ਨੇ ਪ੍ਰਦਰਸ਼ਨ ਕੀਤਾ। ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਸੁਰੱਖਿਆ ਕਰਨ ਵਾਲੇ ਹੀ ਅਜਿਹਾ ਕਰਨਗੇ ਤਾਂ ਫਿਰ ਸੁਰੱਖਿਆ ਦੀ ਭਾਵਨਾ ਬਿਲਕੁਲ ਖਤਮ ਹੋ ਜਾਵੇਗੀ।
ਜ਼ਿਕਰਯੋਗ ਹੈ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਪੀੜਤਾ ਦੇ ਘਰ ਕੋਈ ਵਿਵਾਦ ਹੋ ਗਿਆ ਸੀ, ਜਿਸ ਕਾਰਨ ਉਸ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਦੇ ਘਰ ਆਇਆ ਇਕ ਪੁਲਿਸ ਕਰਮਚਾਰੀ ਜਾਂਚ ਦੇ ਬਹਾਨੇ ਕੁੜੀ ਨਾਲ ਮੇਲ-ਮਿਲਾਪ ਵਧਾਉਣ ਲੱਗਾ ਅਤੇ ਲੜਕੀ ਨਾਲ ਆਪਣੇ ਦੋਸਤਾਂ ਸਮੇਤ ਉਸ ਨੇ ਕਈ ਵਾਰ ਬਲਾਤਕਾਰ ਕੀਤਾ। ਹਾਲ ’ਚ ਹੀ ਇਹ ਪੁਲਿਸ ਅਧਿਕਾਰੀ ਆਪਣੇ ਸਾਥੀਆਂ ਨਾਲ ਮਿਲ ਕੇ ਕੁੜੀ ਨੂੰ ਜ਼ਬਰਨ ਪੀ.ਸੀ.ਆਰ. ਦੀ ਗੱਡੀ ’ਚ ਲੈ ਗਿਆ ਅਤੇ ਉਸ ਨਾਲ ਸਰੀਰਕ ਛੇੜਛਾੜ ਕੀਤੀ, ਜਿਸ ਦੀ ਜਾਣਕਾਰੀ ਲੜਕੀ ਨੇ ਆਪਣੇ ਭਰਾ ਨੂੰ ਦੇ ਦਿੱਤੀ। ਇਸ ਤੋਂ ਬਾਅਦ ਇਸ ਘਟਨਾ ਸੰਬੰਧੀ ਮਾਮਲਾ ਦਰਜ ਕਰਵਾਇਆ ਗਿਆ। ਇਸ ਘਟਨਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਖ਼ਬਰਾਂ
ਚੰਡੀਗੜ੍ਹ ਬਲਾਤਕਾਰ ਕਾਂਡ; ਮਾਮਲੇ ਦੇ ਸਾਰੇ ਦੋਸ਼ੀ ਸਸਪੈਂਡ
Page Visitors: 2664