ਐਬਟਸਫੋਰਡ ਦਾ ਖੋਸਾ ਭੈਣ ਦੇ ਕਤਲ ’ਚ ਦੋਸ਼ੀ ਕਰਾਰ
ਐਬਟਸਫੋਰਡ ਦਾ ਖੋਸਾ ਭੈਣ ਦੇ ਕਤਲ ’ਚ ਦੋਸ਼ੀ ਕਰਾਰ
ਐਬਟਸਫੋਰਡ ਦਾ ਖੋਸਾ ਭੈਣ ਦੇ ਕਤਲ ’ਚ ਦੋਸ਼ੀ ਕਰਾਰ
ਹਰਮੁਹਿੰਦਰ ਖੋਸਾ ਆਪਣੇ ਵਕੀਲ ਬ੍ਰਿਜ ਮੋਹਨ ਨਾਲ ਅਦਾਲਤ ਦੇ ਬਾਹਰ ਫੈਸਲੇ ਪਿੱਛੋਂ।
ਐਬਟਸਫੋਰਡ, 3 ਦਸੰਬਰ (ਸੁਖਮਿੰਦਰ ਸਿੰਘ ਚੀਮਾ/ਪੰਜਾਬ ਮੇਲ)- ਤਿੰਨ ਸਾਲ ਪਹਿਲਾਂ ਆਪਣੀ ਸਕੀ ਭੈਣ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲੇ ਐਬਟਸਫੋਰਡ ਦੇ ਪੰਜਾਬੀ ਨੂੰ ਅੱਜ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟਟਨੇ ਦੋਸ਼ੀ ਕਰਾਰ ਦਿੱਤਾ ਹੈ। 43 ਸਾਲਾ ਹਰਮੁਹਿੰਦਰ ਸਿੰਘ ਖੋਸਾ ਨੂੰ ਮਾਨਯੋਗ ਅਦਾਲਤ 20 ਦਸੰਬਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਸਮੇਂ ਤਹਿ ਕਰੇਗੀ ਕਿ ਉਹ ਕਿੰਨੇ ਸਾਲ ਬਾਅਦ ਪੈਰੋਲ ਦੇ ਯੋਗ ਹੋਵੇਗਾ। ਉਸ ਨੂੰ 10 ਤੋਂ 18 ਸਾਲ ਕੈਦ ਹੋ ਸਕਦੀ ਹੈ।
ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕੋਟ ਕਰੋੜ ਦੀ 34 ਸਾਲਾ ਅਮਰਜੀਤ ਕੌਰ ਖੋਸਾ ਦੇ ਬੱਚਿਆਂ ਦੀ ਮਾਂ ਸੀ, ਪਰ ਮਾਨਸਿਕ ਤੌਰ ’ਤੇ ਬਿਮਾਰ ਹੋਣ ਕਾਰਨ ਆਪਣੀ ਵਿਧਵਾ ਮਾਂ ਨਾਲ ਰਹਿੰਦੀ ਸੀ। ਉਸ ਦੇ ਵੱਡੇ ਭਰਾ ਨੇ ਉਸ ਨੂੰ ਬਿਮਾਰੀ ਅਤੇ ਗੁਸੈਲੇ ਵਰਤਾਓ ਕਾਰਨ ਉਸ ਨੂੰ ਐਬਟਸਫੋਰਡ ਉਸ ਦੇ ਘਰ ਅੰਦਰ ਚਾਕੂਆਂ ਦੇ 13 ਵਾਰ ਕਰਕੇ ਕਤਲ ਕਰ ਦਿੱਤਾ ਸੀ।
ਅਦਾਲਤ ’ਚ ਬਚਾਓ ਪੱਖ ਦੇ ਵਕੀਲ ਬ੍ਰਿਜ ਮੋਹਨ ਨੇ ਦੱਸਿਆ ਕਿ ਮੋਗਾ ਦਾ ਹਰਮੁਹਿੰਦਰ ਸਿੰਘ ਖੋਸਾ ਖੁਦ ਵੀ ਮਾਨਸਿਕ ਬਿਮਾਰੀ ‘ਸਕੀਜ਼ੋਫਰੇਨੀਆ’ ਤੋਂ ਪੀੜਤ ਸੀ। ਘਟਨਾ ਵਾਲੇ ਦਿਨ 21 ਜੁਲਾਈ 2010 ਦੀ ਦੁਪਹਿਰ ਉਸਦੀ ਭੈਣ ਵੱਲੋਂ ਉਨ੍ਹਾਂ ਦੀ ਮਾਂ ਨਾਲ ਹਿੰਸਕ ਵਰਤਾਓ ਕੀਤੇ ਜਾਣ ਕਾਰਨ ਉਹ ਗੁੱਸੇ ਵਿਚ ਆ ਗਿਆ ਸੀ ਅਤੇ ਆਪਣੀ ਮਾਂ ਨੂੰ ਸੁਰੱਖਿਅਤ ਥਾਂ ਉਪਰ ਛੱਡਣ ਪਿੱਛੋਂ ਉਸ ਨੇ ਅਮਰਜੀਤ ਕੌਰ ਨੂੰ ਘਰ ਜਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਬਿਮਾਰੀ ਕਾਰਨ ਉਹ ਹੋਸ਼ ਗੁਆ ਬੈਠਾ ਸੀ। ਉਸ ਨੇ ਪੁਲਿਸ ਪਾਸ ਵੀ ਮੰਨਿਆ ਸੀ ਕਿ ਉਸ ਨੇ ਆਪਣੀ ਭੈਣ ਦਾ ਕਤਲ ਗੁਰੂ ਨਾਨਕ ਦੇਵ ਜੀ ਦੇ ਕਹਿਣ ਤੇ ਕੀਤਾ ਹੈ। ਪੁਲਿਸ ਨੇ ਉਸ ਨੂੰ ਘਟਨਾ ਦੇ 9 ਮਹੀਨਿਆ ਬਾਅਦ ਮਾਰਚ 2011 ’ਚ ਸੈਕਿੰਡ ਡਿਗਰੀ ਕਤਲ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਸੀ। ਉਹ ਇਸ ਵੇਲੇ ਜ਼ਮਾਨਤ ਉਪਰ ਰਿਹਾਅ ਹੈ।
ਅਦਾਲਤ ’ਚ ਪੇਸ਼ ਹੋਏ ਮਾਨਸਿਕ ਰੋਗਾਂ ਦੇ ਮਾਹਿਰਾਂ ਨੇ ਮੰਨਿਆ ਸੀ ਕਿ ਖੋਸਾ ਅਤੇ ਉਸ ਦੀ ਭੈਣ ਖਾਨਦਾਨੀ ਬਿਮਾਰੀ ਤੋਂ ਪੀੜਤ ਸਨ। ਪਰ ਕਤਲ ਕਰਨ ਸਮੇਂ ਦੇ ਹਾਲਤਾਂ ਅਨੁਸਾਰ ਹਰਮੁਹਿੰਦਰ ਖੋਸਾ ਹੋਸ਼ ਵਿਚ ਸੀ ਅਤੇ ਮੁਕੱਦਮੇ ਦੀ ਸੁਣਵਾਈ ਲਈ ਵੀ ਫਿੱਟ ਹੈ।
ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੀ ਨਿਊ ਵੈਸਟ ਅਦਾਲਤ ਦੀ ਮਾਨਯੋਗ ਜੱਜ ਮਰੀਅਮ ਮੈਸੋਨਵਿਲੇ ਨੇ ਬਚਾਓ ਪੱਖ ਦੀਆਂ ਦਲੀਲਾਂ ਨੂੰ ਰੱਦ ਕਰਦਿਆਂ ਖੋਸਾ ਨੂੰ ਕਤਲ ਲਈ ਦੋਸ਼ੀ ਕਰਾਰ ਦਿੱਤਾ ਅਤੇ ਆਪਣੇ ਫੈਸਲੇ ’ਚ ਲਿਖਿਆ ਹੈ ਕਿ ਗੁਰੂ ਨਾਨਕ ਵੱਲੋਂ ਕਤਲ ਕਰਨ ਲਈ ਕਹੇ ਜਾਣ ਵਾਲੀ ਕਹਾਣੀ ਉਪਰ ਯਕੀਨ ਨਹੀਂ ਕੀਤਾ ਜਾ ਸਕਦਾ।