“ਅਜੋਕਾ ਗੁਰਮਤਿ ਪ੍ਰਚਾਰ?” ਭਾਗ- 16ਬੀ
‘ਵੇਦ ਨਿੰਦਉ ਨਾਸਤਕੋ, ਦੇ ਸੰਬੰਧ ਵਿੱਚ’
ਅੱਜ-ਕਲ੍ਹ ਦੇ ਆਪਣੇ ਆਪ ਨੂੰ ਜਾਗਰੁਕ, ਸੁਚੇਤ ਅਤੇ ਤੱਤ ਗੁਰਮਤਿ ਦੇ ਬੇਤੇ ਸਮਝਣ ਵਾਲੇ ਕੁਝ ਲੋਕਾਂ ਨੂੰ ਜਦੋਂ ਇਨ੍ਹਾਂ ਦੀ ਵਿਦਵਤਾ ਸੰਬੰਧੀ ਕੁਝ ਸਵਾਲ ਪੁੱਛੇ ਜਾਂਦੇ ਹਨ ਤਾਂ, ਜਵਾਬ ਇਨ੍ਹਾਂ ਕੋਲ ਹੁੰਦੇ ਨਹੀਂ।ਆਪਣੀ ਇਸ ਗੱਲ ਨੂੰ ਢਕਣ ਲਈ ਗੁਰਮਤਿ ਸੰਬੰਧੀ ਸਵਾਲ ਕਰਨ ਵਾਲਿਆਂ ਨੂੰ ਬ੍ਰਹਮਣਵਾਦੀ, ਪੁਜਾਰੀਵਾਦੀ, ਸੰਤਾਂ, ਬਾਬਿਆਂ, ਡੇਰਿਆਂ ਦੇ ਸਮਰਥਕ ਆਦਿ ਪਤਾ ਨਹੀਂ ਕੀ-ਕੀ ਉਪਾਧੀਆਂ ਦੇ ਕੇ ਭੰਡਿਆ ਜਾਂਦਾ ਹੈ।ਪਤਾ ਨਹੀਂ ਕਿੱਥੋਂ ਕਿੱਥੋਂ ਕਰਮਕਾਂਡਾਂ ਅਤੇ ਹੋਰ ਅਨੇਕਾਂ ਕਿਸਮ ਦੀਆਂ ਕਹਾਣੀਆਂ ਲੱਭਕੇ, ਸਵਾਲ-ਕਰਤਾ ਨਾਲ ਜੋੜ ਦਿੱਤੀਆਂ ਜਾਂਦੀਆਂ ਹਨ।ਇਸ ਤਰ੍ਹਾਂ ਇਹ ਲੋਕ ਇਕ ਤੀਰ ਨਾਲ ਦੋ ਸ਼ਿਕਾਰ ਖੇਡ ਰਹੇ ਹਨ।ਸਵਾਲਾਂ ਦੇ ਜਵਾਬ ਦੇਣ ਤੋਂ ਵੀ ਬਚ ਗਏ ਅਤੇ ਦੂਜੇ ਨੂੰ ਬ੍ਰਹਮਣਵਾਦੀ ਘੋਸ਼ਿਤ ਕਰਕੇ ਪਾਠਕਾਂ/ਸ਼ਰੋਤਿਆਂ ਦੀ ਨਜ਼ਰ ਵਿੱਚ ਖੁਦ ਗੁਰਮਤਿ ਦੇ ਅਸਲੀ ਖੈਰਖ੍ਵਾਹ ਵੀ ਬਣ ਗਏ।ਜਦਕਿ ਰੱਬ ਦੀ ਹੋਂਦ ਤੋਂ ਮੁਨਕਰ ਇਹ ਲੋਕ ਗੁਰਬਾਣੀ ਦੇ ਆਪਣੀ ਸੋਚ ਮੁਤਾਬਕ ਅਰਥ ਘੜਕੇ, ਆਸਤਿਕਤਾ ਦਾ ਨਕਾਬ ਪਹਿਨ ਕੇ ਨਾਸਤਿਕਤਾ ਫੈਲਾ ਰਹੇ ਹਨ।
ਸੋਚਣ ਵਾਲੀ ਗੱਲ ਹੈ ਕਿ- ਅਰਦਾਸ ਬਾਰੇ ਸਵਾਲ ਪੁੱਛਣ ਨਾਲ ਕਿਹੜਾ ਬ੍ਰਹਮਣਵਾਦ, ਜਾਂ ਡੇਰਾਵਾਦ ਹੋ ਗਿਆ? “ਕੀ ਪਰਮਾਤਮਾ ਸਭ ਦੇ ਕੀਤੇ ਚੰਗੇ ਮਾੜੇ ਕਰਮਾਂ ਨੂੰ ਦੇਖਦਾ, ਪਰਖਦਾ, ਅਤੇ ਉਸ ਮੁਤਾਬਕ ਆਪਣਾ ਹੁਕਮ ਚਲਾਂਦਾ ਹੈ ਕਿ ਨਹੀਂ? ਕੀ ਗੁਰਮਤਿ ਅਨੁਸਾਰ ਪਰਮਾਤਮਾ, ਕਿਰਪਾਲੂ, ਦਿਆਲੂ, ਬਖਸ਼ੰਦ, ਬਖਸ਼ਿਸ਼ ਕਰਨ ਵਾਲਾ ਹੈ ਕਿ ਨਹੀਂ? ਇਹ ਸਵਾਲ ਪੁੱਛਣ ਨਾਲ ਕਿਹੜਾ ਬ੍ਰਹਮਣਵਾਦ ਹੋ ਗਿਆ? ਮੇਰੇ ਇਨ੍ਹਾਂ ਸਵਾਲਾਂ ਵਿੱਚ; ਗਿਣਤੀ ਦੇ ਆਕਾਸ਼, ਪਾਤਾਲ, ਰੱਬ ਦੀ ਸਪਤਾਹ ਵਿੱਚ ਇੱਕ ਛੁੱਟੀ, ਪੱਥਰ, ਦਰਖਤ, ਜਾਨਵਰਾਂ ਨੂੰ ਰੱਬ ਮੰਨਣ, ਰੱਬ ਦੇ ਨਾਮ ਤੇ ਲੁੱਟ, ਪੂਜਾ ਪਾਠ ਤੋਂ ਖੁਸ਼ ਹੋਣ ਵਾਲਾ ਰੱਬ, ਝੋਟੇ ਤੇ ਬੈਠ ਕੇ ਕਰਮਾਂ ਦਾ ਹਿਸਾਬ ਕਰਨ ਵਾਲਾ ਰੱਬ, ਇਹ ਸਭ ਗੱਲਾਂ ਕਿੱਥੋਂ ਆ ਗਈਆਂ?
ਜੇ ਇਨ੍ਹਾਂ ਨੂੰ ਇਹ ਸਭ ਬ੍ਰਹਮਣਵਾਦ ਲੱਗਦਾ ਹੈ ਤਾਂ ਸਾਫ ਲਫਜ਼ਾਂ ਵਿੱਚ ਜਵਾਬ ਦੇ ਕੇ ਇਹ ਸਵਾਲ-ਕਰਤਾ ਨੂੰ ਬ੍ਰਹਮਣਵਾਦੀ ਸਾਬਤ ਕਿਉਂ ਨਹੀਂ ਕਰ ਦਿੰਦੇ? ਸਵਾਲਾਂ ਦੇ ਜਵਾਬ ਨਾ ਦੇਣ ਪਿੱਛੇ ਕਾਰਣ ਇੱਕੋ ਹੀ ਹੈ ਕਿ ਗੁਰਮਤਿ ਦੇ ਉਲਟ ਇਨ੍ਹਾਂ ਦੀ ਨਾਸਤਿਕ ਸੋਚ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਵਿੱਚ ਇਨ੍ਹਾਂ ਲਈ ਰੁਕਾਵਟ ਬਣ ਰਹੀ ਹੈ।
ਕੋਈ ਵਿਅਕਤੀ ਆਪਣੀ ਸਾਰੀ ਉਮਰ, ਗਰੀਬਾਂ ਅਪਾਹਜਾਂ, ਜਰੂਰ-ਮੰਦਾਂ ਦੀ ਸੇਵਾ ਵਿੱਚ ਲਗਾ ਜਾਵੇ ਜਾਂ ਕੋਈ ਵਿਅਕਤੀ ਸਾਰੀ ਉਮਰ ਗਰੀਬ-ਮਾਰ ਕਰਕੇ ਦੌਲਤ ਇਕੱਠੀ ਕਰਕੇ ਆਪਣੀ ਐਸ਼ ਦੀ ਜ਼ਿੰਦਗੀ ਬਸਰ ਕਰ ਜਾਵੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ?ਹਰ ਇੱਕ ਨੇ ਆਪੋ ਆਪਣੀ ਮਨ ਮਰਜੀ ਦੀ ਜ਼ਿੰਦਗੀ ਬਸਰ ਕਰਕੇ ਇਹ ਜੀਵਨ ਸਫਰ ਖ਼ਤਮ ਕਰ ਜਾਣਾ ਹੈ?” ਮੇਰੇ ਇਸ ਸਵਾਲ ਦੇ ਜਵਾਬ ਵਿੱਚ ਲਿਖਦੇ ਹਨ-
“ਗੁਰਬਾਣੀ ਦਾ ‘ਕਰਮ ਸਿਧਾਂਤ’ ‘ਜੀਵਨ ਮੁਕਤ’ ਦੀ ਗੱਲ ਕਰਦਾ ਹੈ”।
ਇਨ੍ਹਾਂ ਦੇ ਇਸ ਜਵਾਬ ਤੋਂ ਮੇਰਾ ਸਵਾਲ ਸੀ- “ਕੀ ਗੁਰਬਾਣੀ ਵਿੱਚ ਜੀਵਨ ਮੁਕਤ ਦੀ ਗੱਲ ਲਿਖੇ ਹੋਣ ਨਾਲ ਹੀ ਸਾਰੀ ਦੁਨੀਆਂ ਦਾ ਹਰ ਸਖਸ਼ ‘ਜੀਵਨ ਮੁਕਤ’ ਹੋ ਗਿਆ? ਕੀ ਕਿਸੇ ਹੋਰ ਮੱਤ ਦਾ ਬੰਦਾ ਜਿਸ ਨੂੰ ਪਤਾ ਵੀ ਨਹੀਂ ਕਿ ਗੁਰਬਾਣੀ ਵੀ ਕੋਈ ਚੀਜ ਹੈ, ਉਹ ਵੀ ਗੁਰਬਾਣੀ ਵਿੱਚ ਲਿਖੇ ਹੋਣ ਨਾਲ ‘ਜੀਵਨ ਮੁਕਤ’ ਹੈ? ਕੀ ਦੁਨੀਆਂ ਦਾ ਹਰ ਵਿਅਕਤੀ ਜਨਮ ਤੋਂ ਲੈ ਕੇ ਮਰਨ ਤੱਕ ‘ਜੀਵਨ ਮੁਕਤ’ ਹੈ, ਜਾਂ ਜੀਵਨ ਮੁਕਤ ਹੋਣ ਲਈ ਕੁਝ ਸ਼ਰਤਾਂ ਹਨ? ਜੇ ਜੀਵਨ ਮੁਕਤ ਹੋਣ ਲਈ ਕੁਝ ਸ਼ਰਤਾਂ ਹਨ ਅਤੇ ਜੇ ਕੋਈ ਵਿਅਕਤੀ ਸਾਰੀ ਉਮਰ ਸ਼ਰਤਾਂ ਪੂਰੀਆਂ ਨਹੀਂ ਕਰਦਾ, ਜਾਂ ਜੀਵਨ ਮੁਕਤ ਹੋਣ ਦੇ ਉਪਰਾਲੇ ਨਹੀਂ ਕਰਦਾ ਤਾਂ ਫੇਰ ਕੀ? ਕੀ ਕੋਈ ਮਰਨ ਤੱਕ ਵੀ ਇਸ ਜੀਵਨ ਵਿੱਚ ‘ਜੀਵਨ ਮੁਕਤ ਹੋਵੇ’ ਜਾਂ ‘ਜੀਵਨ ਮੁਕਤ ਨਾ ਹੋਵੇ’ ਇਸ ਨਾਲ ਕੋਈ ਫਰਕ ਪੈਂਦਾ ਹੈ ਜਾਂ ਹਰ-ਇੱਕ ਨੇ ਆਪੋ ਆਪਣੀ ਮਨ ਮਰਜੀ ਦਾ ਜੀਵਨ ਬਸਰ ਕਰ ਜਾਣਾ ਹੈ ? ਦੂਸਰੇ ਲਫਜ਼ਾਂ ਵਿੱਚ, ਕੋਈ ਜੀਵਨ ਮੁਕਤ ਹੋਵੇ ਜਾਂ ਨਾ ਕੋਈ ਫਰਕ ਨਹੀਂ ਪੈਂਦਾ?
ਮੰਨ ਲਵੋ ਅੱਜ ਗੁਰਮੀਤ ਰਾਮ ਰਹੀਮ ਆਪਣਾ ਜੀਵਨ-ਸਫਰ ਪੂਰਾ ਕਰਕੇ ਸੰਸਾਰ ਤੋਂ ਤੁਰ ਜਾਂਦਾ ਹੈ । ਤਾਂ, ਕੀ ਗੁਰਮਤਿ ਦੇ ਕਰਮ ਸਿਧਾਂਤ ਅਨੁਸਾਰ, ਭਗਤ ਪੂਰਨ ਸਿੰਘ ਪਿੰਗਲਵਾੜਾ ਅਤੇ ਗੁਰਮੀਤ ਰਾਮ ਰਹੀਮ ਵਿੱਚ ਕੋਈ ਫਰਕ ਹੈ ਜਾਂ ਨਹੀਂ? ਕੀ ਗੁਰਬਾਣੀ ਸਿਰਫ ‘ਜੀਵਨ ਮੁਕਤ’ ਦੀ ਹੀ ਗੱਲ ਕਰਦੀ ਹੈ? ਇਹ ਜੀਵਨ ਵਿਰਥਾ ਗਵਾ ਕੇ ਜੂਨਾਂ ਦੇ ਗੇੜ ਵਿੱਚ ਪੈਣ ਦੀ ਗੱਲ ਨਹੀਂ ਕਰਦੀ? ਜੇ ਕਰਦੀ ਹੈ ਤਾਂ ਕੀ, ਗੁਰਬਾਣੀ ਵਿੱਚੋਂ ਆਪਣੀ ਮਨ ਮਰਜੀ ਦੇ ਨੁਕਤੇ ਚੁਣ ਕੇ ਬੱਸ ਉਨ੍ਹਾਂਨੂੰ ਹੀ ਮੰਨਣਾ ਹੈ, ਬਾਕੀ ਦੇ ਨੁਕਤੇ ਪੜ੍ਹਨੋਂ ਛੱਡ ਦੇਣੇ ਹਨ?
ਇਨ੍ਹਾਂ ਦੇ ਜਵਾਬ ਤੋਂ ਅੱਗੋਂ ਉਪਜੇ ਹੋਰ ਸਵਾਲ ਪੁੱਛਣ ਤੇ ਉਨ੍ਹਾਂ ਸਵਾਲਾਂ ਨੂੰ “ਨਵੀਆਂ ਢੁੱਚਰਾਂ’ ਦੱਸਦੇ ਹਨ । ਜਦਕਿ ਖੁਦ, ਕੁਝ ਸਾਲ ਪਹਿਲਾਂ ਸਾਡੇ ਹੋ ਚੁੱਕੇ ਵਿਚਾਰ ਵਟਾਂਦਰੇ, ਜਿਨਾਂ ਦਾ ਇਸ ਮੌਜੂਦਾ ਵਿਚਾਰ ਨਾਲ ਕੋਈ ਸੰਬੰਧ ਵੀ ਨਹੀਂ, ਆਪਣੇ ਲੇਖ ਵਿੱਚ ਉਨ੍ਹਾਂ ਗੱਲਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਦਿੱਤਾ ਹੈ।
ਗੁਰੂ ਸਾਹਿਬਾਂ ਨੂੰ “ਗੁਰੂ” ਸ਼ਬਦ ਨਾਲ ਸੰਬੋਧਨ ਕਰਨ ਸੰਬੰਧੀ ਲਿਖਦੇ ਹਨ-
“ਕਿਸੇ ਦੇਹਧਾਰੀ ਲਈ ‘ਗੁਰੂ’ ਵਿਸ਼ੇਸ਼ਣ ਦੀ ਹਾਂ-ਪੱਖੀ ਵਰਤੋਂ ਦੀ ਪ੍ਰੋੜਤਾ ਗੁਰਮਤਿ ਨਹੀਂ ਕਰਦੀ”
ਮੇਰਾ ਸਵਾਲ ਸੀ- “ਕੀ ਗੁਰਬਾਣੀ ਦੀ ਕੋਈ ਇੱਕ ਵੀ ਉਦਾਹਰਣ ਪ੍ਰਸਤੁਤ ਕਰ ਸਕਦੇ ਹੋ, ਕਿੱਥੇ ਲਿਖਿਆ ਹੈ ਕਿ “ਕਿਸੇ ਦੇਹਧਾਰੀ ਲਈ ‘ਗੁਰੂ’ ਵਿਸ਼ੇਸ਼ਣ ਦੀ ਹਾਂ-ਪੱਖੀ ਵਰਤੋਂ ਦੀ ਪ੍ਰੋੜਤਾ ਗੁਰਮਤਿ ਨਹੀਂ ਕਰਦੀ”?
{ਨੋਟ:- ਪਾਠਕਾਂ ਦਾ ਸਮਾਂ ਖਰਾਬ ਨਾ ਹੋਵੇ ਇਸ ਲਈ ਫੇਸ ਬੁਕ ਤੇ ਮੈਂ ਇਨ੍ਹਾਂਨੂੰ ਕਿਹਾ ਸੀ ਕਿ, ਐਸੀਆਂ ਉਦਾਹਰਣਾਂ ਪੇਸ਼ ਨਾ ਕਰਨੀਆਂ ਜਿਨ੍ਹਾਂ ਵਿੱਚ ਗੁਰੂ ਸਾਹਿਬਾਂ ਨੇ ਆਪਣੇ ਗੁਰੂ ਬਾਰੇ ਜਿਕਰ ਕੀਤਾ ਹੋਵੇ । ਕਿਉਂਕਿ ਜਰੂਰੀ ਨਹੀਂ ਕਿ ਜਿਸ ਅਵਸਥਾ ਤੇ ਗੁਰੂ ਸਾਹਿਬ ਪਹੁੰਚੇ ਸਨ ਅਸੀਂ ਵੀ ਉਸ ਅਵਸਥਾ ਤੇ ਪਹੁੰਚ ਗਏ । ਜਰੂਰੀ ਨਹੀਂ ਕਿ ਜੇ ਗੁਰੂ ਸਾਹਿਬ 'ਧੁਰੋਂ ਆਏ ਸ਼ਬਦ' ਨੂੰ ਆਪਣਾ ਗੁਰੂ ਬਨਾਣ ਦੇ ਸਮਰੱਥ ਸਨ ਤਾਂ ਅਸੀਂ ਵੀ "ਆਪਣੀ ਸੁਰਤ ਨੂੰ ਉਸ ਸ਼ਬਦ ਗੁਰੂ ਦਾ ਚੇਲਾ" ਬਨਾਣ ਦੇ ਸਮਰੱਥਾ ਹੋ ਗਏ।
ਨੋਟ 2- ‘ਸ਼ਬਦ ਗੁਰੂ’ ਅਤੇ ‘ਸਾਡੇ ਗੁਰੂ’ ਦੇ ਫਰਕ ਬਾਰੇ ਵੱਖਰੇ ਲੇਖ ਦੁਆਰਾ ਵਿਚਾਰ ਸਾਂਝੇ ਕੀਤੇ ਜਾਣਗੇ }
ਇਸ ਤੋਂ ਅਗੇ ਮੈਂ ਲਿਖਿਆ ਸੀ:- ਤੁਹਾਡਾ ਮੰਨਣਾ ਹੈ ਕਿ ਸਾਰੀ ਕਾਇਨਾਤ ਦਾ ਗੁਰੂ “ਸ਼ਬਦ” ਜਾਂ “ਪਰਮਾਤਮਾ” ਹੈ।ਜੇ ਸਾਰੀ ਕਾਇਨਾਤ ਦਾ ਗੁਰੂ ਸ਼ਬਦ ਜਾਂ ਪਰਮਾਤਮਾ ਹੈ, ਤਾਂ ਲਹਿਣਾ ਜੀ {ਗੁਰੂ ਅੰਗਦ ਦੇਵ ਜੀ} ਨੂੰ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਆਣ ਤੋਂ ਪਹਿਲਾਂ ਹੀ ‘ਗੁਰੂ ਨਾਨਕ ਦੇਵ ਜੀ’ ਵਾਲਾ ਗਿਆਨ ਕਿਉਂ ਪਰਾਪਤ ਨਾ ਹੋਇਆ? ਜੇ ਸਾਰੀ ਕਾਇਨਾਤ ਦਾ ਗੁਰੂ ‘ਸ਼ਬਦ’ ਜਾਂ ਪਰਮਾਤਮਾ’ ਹੈ ਤਾਂ ਤੁਹਾਨੂੰ, ਮੈਨੂੰ ਜਾਂ ਸਾਰੀ ਕਾਇਨਾਤ ਨੂੰ ਗੁਰੂ ਸਾਹਿਬਾਂ ਵਾਲਾ ਗਿਆਨ ਗੁਰੂ ਗ੍ਰੰਥ ਸਾਹਿਬ {ਗੁਰੂ ਸਾਹਿਬਾਂ ਦੀ ਬਾਣੀ} ਪੜ੍ਹਨ ਤੋਂ ਬਿਨਾ ਆਪੇ ਹੀ ਕਿਉਂ ਹਾਸਲ ਨਹੀਂ ਹੋ ਜਾਂਦਾ?
ਮੇਰੇ ਇਸ ਸਵਾਲ ਦਾ ਜਵਾਬ ਇਨ੍ਹਾਂ ਕੋਲ ਨਾ ਉਸ ਵਕਤ ਸੀ, ਨਾ ਫੇਸ ਬੁੱਕ ਤੇ ਵਿਚਾਰ ਵਟਾਂਦਰੇ ਦੌਰਾਨ ਸੀ ਅਤੇ ਨਾ ਹੀ ਹੁਣ ਹੈ।
ਬ੍ਰਹਮ ਗਿਆਨੀ ਬਾਰੇ-
ਮੈਨੂੰ ਸੰਤਾਂ ਬਾਬਿਆਂ ਦਾ ਸਮਰਥਕ ਅਤੇ ਉਪਾਸ਼ਕ ਦਰਸਾਉਣ ਲਈ ਅਤੇ ਪਾਠਕਾਂ ਨੂੰ ਧੋਖੇ ਵਿੱਚ ਰੱਖਣ ਲਈ ਮੇਰੀ ਲਿਖਤ ਪੇਸ਼ ਕਰਦੇ ਹਨ:- “ਜੇ ਕਿਸੇ ਹੋਰ ਮੱਤ ਦਾ ਬਾਬਾ “ਪੂਰਣ ਬ੍ਰਹਮ ਗਿਆਨੀ ਹੈ” ਤਾਂ ਉਸ ਨੂੰ ਵੀ “ਰੱਬ ਦਾ ਰੂਪ” ਕਹਿਣ ਵਿੱਚ ਕੋਈ ਹਰਜ ਨਹੀਂ । ਉਸ ਨੂੰ ਵੀ ਸਾਖਸ਼ਾਤ ਰੱਬ ਆਪ ਉਸ ਬਾਬੇ ਦਾ ਰੂਪ ਧਾਰ ਕੇ ਧਰਤੀ ਤੇ ਆਇਆ ਸਮਝਣਾ ਚਾਹੀਦਾ ਹੈ । ਪਰ ਮੇਰੇ ਵਿਚਾਰ ਅਨੁਸਾਰ ਐਸਾ ਹੈ ਨਹੀਂ । ਐਸ ਵਕਤ ਜਿੰਨੇ ਵੀ ਬਾਬੇ ਹਨ ਉਨ੍ਹਾਂ ਦੇ ਚੇਲਿਆਂ ਲਈ ਉਹ ਸਾਰੇ ਬਾਬੇ ਪੂਰਣ ਬ੍ਰਹਮਗਿਆਨੀ ਹੀ ਹਨ । ਚਾਹੇ ਉਹ ਕਿੰਨੇ ਵੀ ਆਚਰਣ ਤੋਂ ਡਿੱਗੇ ਹੋਏ ਕਿਉਂ ਨਾ ਹੋਣ।ਚਾਹੇ ਉਨ੍ਹਾਂ ਵਿੱਚ ਕਿਰਪਾਨਾਂ ਅਤੇ ਬੰਦੂਕਾਂ ਵੀ ਕਿਉਂ ਨਾ ਚੱਲਦੀਆਂ ਹੋਣ”।
ਨੋਟ- ਮੈਂ ਇਹ ਵਿਚਾਰ ਇਨ੍ਹਾਂ ਦੇ ਹੀ ਇਕ ਸਵਾਲ ਦੇ ਜਵਾਬ ਵਿੱਚ ਅਤੇ ਗੁਰਬਾਣੀ ਫੁਰਮਾਨ-
“ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥
ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਯਉ॥” {1395}
“ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ ॥
ਨਾਨਕ ਬ੍ਰਹਮਗਿਆਨੀ ਆਪਿ ਪਰਮੇਸੁਰ॥” ਦੇ ਆਧਾਰ ਤੇ ਲਿਖੇ ਸਨ।
ਪਰ ਤ:…ਪ: ਵਾਲੇ ਗੁਰੂ ਸਾਹਿਬਾਂ ਨੂੰ ਵੀ ਅਜੋਕੇ ਸੰਤਾਂ ਬਾਬਿਆਂ ਦੇ ਬਰਾਬਰ ਕਿਆਸ ਕਰ ਰਹੇ ਹਨ ਅਤੇ ਮੇਰੀ ਲਿਖਤ ਦਾ ਇਹ ਹਿੱਸਾ ਨਜ਼ਰ ਅੰਦਾਜ ਕਰ ਰਹੇ ਹਨ-
“ਜੇ ਕਿਸੇ ਹੋਰ ਮੱਤ ਦਾ ਬਾਬਾ ‘ਪੂਰਣ ਬ੍ਰਹਮ ਗਿਆਨੀ ਹੈ’ ਤਾਂ…”।
ਇਸ ਤੋਂ ਅੱਗੇ ਮੈਂ ਲਿਖਿਆ ਸੀ:- “ਗੁਰਬਾਣੀ ਦੀ ਇਸ ਤੁਕ ਦਾ ਤੁਸੀਂ ਕੀ ਅਰਥ ਸਮਝਦੇ ਹੋ-
“ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ ॥
ਨਾਨਕ ਬ੍ਰਹਮਗਿਆਨੀ ਆਪਿ ਪਰਮੇਸੁਰ॥”
ਜਿਸ ਦੇ ਜਵਾਬ ਵਿੱਚ ਇਹ ਲਿਖਦੇ ਹਨ- “ਉਨ੍ਹਾਂ ਦੀ {ਜਾਣੀ ਕਿ ਮੇਰੀ} ਇਸ ਸਮਝ ਨਾਲ ਵੀ ਅਸੀਂ ਸਹਿਮਤ ਨਹੀਂ ਹੋ ਸਕਦੇ ਕਿ ਉਨ੍ਹਾਂ ਦੇ ਉਸ ਬ੍ਰਹਮ ਗਿਆਨੀ ਨੂੰ ਇਕ ਹੋਇਆ ਅਣਹੋਇਆ ਦੇਵਤਾ
‘ਮਹੇਸਰ’ ਵੀ ਲੱਭਦਾ ਫਿਰਦਾ ਹੈ”!
ਵਿਚਾਰ- ਇਨ੍ਹਾਂ ਦੀ ਗੁਰਮਤਿ ਸਮਝ ਦਾ ਇੱਥੋਂ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ । ਇਹ ਤੁਕ ਜੋ ਮੈਂ ਅਰਥ ਕਰਨ ਲਈ ਪੇਸ਼ ਕੀਤੀ ਹੈ, ਇਸ ਬਾਰੇ ਇਸ ਤਰ੍ਹਾਂ ਵਿਚਾਰ ਦੇ ਰਹੇ ਹਨ ਜਿਵੇਂ ਇਹ ਮੇਰੀ ਕੋਈ ਲਿਖਤ ਹੋਵੇ ਅਤੇ ਮੇਰੇ ਆਪਣੇ ਵਿਚਾਰ ਹੋਣ । ਲਿਖਦੇ ਹਨ ਕਿ “ਉਨ੍ਹਾਂ ਦੀ ਇਸ ਸਮਝ ਨਾਲ ਵੀ ਅਸੀਂ ਸਹਿਮਤ ਨਹੀਂ ਹੋ ਸਕਦੇ” । ਜਦਕਿ ਮੈਂ ਤਾਂ ਸਿਰਫ ਗੁਰਬਾਣੀ ਤੁਕ ਪੇਸ਼ ਕਰਕੇ ਉਸ ਦੇ ਅਰਥ ਇਨ੍ਹਾਂ ਤੋਂ ਪੁੱਛੇ ਸਨ, ਮੈਂ ਆਪਣੇ ਕੋਈ ਅਰਥ ਵੀ ਪੇਸ਼ ਨਹੀਂ ਸੀ ਕੀਤੇ । ਇਸ ਦਾ ਸਾਫ ਅਤੇ ਸਿੱਧਾ ਮਤਲਬ ਇਹੀ ਬਣਦਾ ਹੈ ਕਿ ਇਹ ਗੁਰਬਾਣੀ ਫੁਰਮਾਨ ਨਾਲ ਹੀ ਸਹਿਮਤ ਨਹੀਂ, ਪਰ ਘੁਸਪੈਠ ਕਰਨ ਲਈ ਆਪਣੇ ਮਨ ਮਰਜੀ ਦੇ ਅਰਥ ਘੜਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।
ਇਸ ਤੋਂ ਅੱਗੇ ਮੈਂ ਲਿਖਿਆ ਸੀ- “ਮੇਰੀ ਗੁਰਮਤਿ ਸਮਝ ਅਨੁਸਾਰ ਦੁਨੀਆਂ ਤੇ ਹਰ ਬੰਦਾ ਪ੍ਰਭੂ ਦਾ ਹੀ ਰੂਪ ਧਾਰ ਕੇ ਜਨਮ ਲੈਂਦਾ ਹੈ।ਤੁਸੀਂ ਵੀ ਅਤੇ ਮੈਂ ਵੀ ਅਤੇ ਹੋਰ ਸਭ ਨੇ ਰੱਬ ਦਾ ਰੂਪ ਧਾਰ ਕੇ ਹੀ ਜਨਮ ਲਿਆ ਹੈ । ਪਰ ਮਨੁੱਖ ਦੇ ਨਾਲ ਉਸ ਪ੍ਰਭੂ ਨੇ ‘ਹਉਮੈ’ ਦਾ ਹਲਕਾ ਜਿਹਾ ਪੜਦਾ ਪਾਇਆ ਹੈ “ਅੰਤਰਿ ਅਲਖੁ ਨ ਜਾਈ ਲਖਿਆ ਵਿਚਿ ‘ਪੜਦਾ ਹਉਮੈ’ ਪਾਈ॥”{205}
ਅਤੇ ਤ੍ਰੈ-ਗੁਣੀ ਮਾਇਆ ਵਾਲੇ ਸੰਸਾਰ ਵਿੱਚ ਭੇਜਿਆ ਹੈ । ਆਮ ਤੁਹਾਡੇ ਮੇਰੇ ਵਰਗੇ ਲੋਕ ‘ਹਉਮੈ ਵੱਸ {ਪ੍ਰਭੂ ਤੋਂ ਆਪਣੀ ਵੱਖਰੀ ਹਸਤੀ ਸਮਝਕੇ}’ ਇਸ ਦੁਨੀਆਂ ਦੀ ਹਰ ਸ਼ੈਅ ਨੂੰ ਆਪਣੀ ਬਨਾਣ ਦੇ ਲਾਲਚ ਵਿੱਚ ਰੁੱਝਕੇ ‘ਹਉਮੈ’ ਦੇ ਪਤਲੇ ਜਿਹੇ ਪੜਦੇ ਨੂੰ ਤਕੜੀ ਮਜਬੂਤ ਕੰਧ ਬਣਾ ਲੈਦੇ ਹਾਂ।ਇਸ ਦੇ ਉਲਟ “ਬ੍ਰਹਮ ਗਿਆਨੀ” ‘ਹਉਮੈ {ਪ੍ਰਭੂ ਤੋਂ ਆਪਣੀ ਵੱਖਰੀ ਹਸਤੀ}’ ਅਤੇ ‘ਆਪਣਾ ਮੂਲ {ਪ੍ਰਭੂ ਦੀ ਅੰਸ਼}’ ਦਾ ਫਰਕ ਪਛਾਣਦੇ ਹੋਏ ਤ੍ਰੈ-ਗੁਣੀ ਮਾਇਆ ਤੋਂ ਨਿਰਲੇਪ ਰਹਿੰਦੇ ਹਨ।ਇਸ ਤਰ੍ਹਾਂ ਬ੍ਰਹਮ ਗਿਆਨੀ ਵਿੱਚ ਆਪਣੇ ਆਪ ਨੂੰ ਪ੍ਰਭੂ ਨਾਲੋਂ ਵੱਖਰਾ ਕਰਨ ਵਾਲੀ ਹਉਮੈ ਦੀ ਕੰਧ ਨਹੀਂ ਹੁੰਦੀ
“ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥ ” ਬ੍ਰਹਮ ਗਿਆਨੀ ਵਿੱਚ ਪ੍ਰਭੂ ਨਾਲੋਂ ਭਿੰਨਤਾ ਨਹੀਂ ਹੁੰਦੀ
“ਹਰਿ ਜਨ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ॥” ਅਤੇ ਹਮੇਸ਼ਾਂ
“ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ॥” ਅਤੇ
“ਅਵਰੁ ਨ ਪੇਖੈ ਏਕਸੁ ਬਿਨੁ ਕੋਇ ॥ ਨਾਨਕ ਇਹ ਲਛਣ ਬ੍ਰਹਮਗਿਆਨੀ ਹੋਇ ॥
” ਵਾਲੀ ਅਵਸਥਾ ਬਣਾਈ ਰੱਖਦੇ ਹਨ । ਇਸ ਨੁਕਤੇ ਸੰਬੰਧੀ ਸੁਖਮਨੀ ਸਾਹਿਬ ਦੀ ਸਾਰੀ ਅੱਠਵੀਂ ਅਸ਼ਟਪਦੀ ਪੜ੍ਹ ਲਵੋ, ਸਾਰੀ ਗੱਲ ਸਾਫ ਹੋ ਜਾਵੇਗੀ । ਲਿਖਤ ਲੰਬੀ ਨਾ ਹੋਵੇ ਇਸ ਲਈ ਇੱਥੇ ਵਿਸਥਾਰ ਨਹੀਂ ਦਿੱਤਾ ਜਾ ਰਿਹਾ । ਜਿਸ ਗੱਲ ਬਾਰੇ ਤੁਹਾਡਾ ਸਵਾਲੀਆ ਨਿਸ਼ਾਨ ਹੋਵੇ, ਦੱਸ ਦੇਣਾ ਵਿਸਥਾਰ ਨਾਲ ਗੱਲ ਕਰ ਲਈ ਜਾਵੇਗੀ"।
ਮੇਰੇ ਇਨ੍ਹਾਂ ਵਿਚਾਰਾਂ ਬਾਰੇ ਇਨ੍ਹਾਂ ਨੇ ਅੱਜ ਤੱਕ ਆਪਣੇ ਕੋਈ ਵਿਚਾਰ ਨਹੀਂ ਦਿੱਤੇ।
ਇਨ੍ਹਾਂ ਦਾ ਮੰਨਣਾ ਹੈ ਕਿ ਇਸ ਜਨਮ ਤੋਂ ਬਾਅਦ ਕਿਸੇ ਦਾ ਵੀ ਕੋਈ ਜਨਮ ਨਹੀਂ । ਜੀਵਨ-ਸਫਰ ਖ਼ਤਮ ਹੋ ਜਾਣ ਤੇ ਸਰੀਰ ਖਤਮ ਹੋਣ ਨਾਲ ਸਭ ਲੇਖੇ ਵੀ ਨਾਲ ਹੀ ਖਤਮ ਹੋ ਜਾਂਦੇ ਹਨ । ਇਸ ਸੰਬੰਧੀ ਕਾਫੀ ਸਮਾਂ ਪਹਿਲਾਂ ਮੇਰਾ ਇਨ੍ਹਾਂ ਨਾਲ ਵਿਚਾਰ ਵਟਾਂਦਰਾ ਹੋਇਆ ਸੀ । ਪਾਠਕਾਂ ਉੱਤੇ ਮੇਰਾ ਗ਼ਲਤ ਪ੍ਰਭਾਵ ਪਾਣ ਲਈ ਉਸ ਵਿਚਾਰ ਵਟਾਂਦਰੇ ਨੂੰ ਆਪਣੇ ਲੇਖ ਵਿੱਚ ਬਿਲਕੁਲ ਗ਼ਲਤ ਤਰੀਕੇ ਨਾਲ ਪੇਸ਼ ਕਰ ਦਿੱਤਾ।ਅਸਲ ਵਿੱਚ ਇਸ ਵਿਸ਼ੇ ਤੇ ਮੈਂ ਇਨ੍ਹਾਂ ਨੂੰ ਕੁਝ ਸਵਾਲ ਪੁੱਛੇ ਸਨ ਜਿਨ੍ਹਾਂ ਦਾ ਅੱਜ ਤੱਕ ਇਨ੍ਹਾਂਨੇ ਕੋਈ ਜਵਾਬ ਨਹੀਂ ਦਿੱਤਾ।ਅਸਲੀ ਵਿਚਾਰ ਇਸ ਤਰ੍ਹਾਂ ਸੀ-
“ਜੇ ਇਸ ਜਨਮ ਵਿੱਚ ਨਾਲ ਦੀ ਨਾਲ ਸਾਰੇ ਕਰਮਾਂ ਦਾ ਲੇਖਾ ਭੁਗਤਿਆ ਜਾਂਦਾ ਹੈ, ਤਾਂ “ਕਿਸੇ ਚਾਰ ਪੰਜ ਸਾਲ ਦੀ ਬੱਚੀ ਜਿਸ ਨੂੰ ਕਿ ਕਿਸੇ ਚੰਗੇ ਮਾੜੇ ਕਰਮਾਂ ਬਾਰੇ ਵੀ ਹਾਲੇ ਕੁਝ ਪਤਾ ਨਹੀਂ, ਨਾਲ ਕੋਈ ਵਹਿਸ਼ੀ ਦਰਿੰਦਾ ਬਲਾਤਕਾਰ ਕਰ ਦਿੰਦਾ ਹੈ ਤਾਂ ਉਸ ਬੱਚੀ ਨੂੰ ਉਸ ਦੇ ਇਸੇ ਜਨਮ ਦੇ ਕਿਹੜੇ ਕਰਮਾਂ ਕਰਕੇ ਸੰਤਾਪ ਭੁਗਤਣਾ ਪਿਆ ? ਉਹ ਬਲਾਤਕਾਰੀ ਵਹਿਸ਼ੀ ਦਰਿੰਦਾ ਭਾਰਤ ਵਰਗੇ ਦੇਸ਼ ਵਿੱਚ ਰਿਸ਼ਵਤ ਦੇ ਕੇ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਕਾਨੂੰਨੀ ਸਜ਼ਾ ਪਾਣੋਂ ਬਚ ਜਾਂਦਾ ਹੈ ਤਾਂ ਉਸ ਨੂੰ ਇਸੇ ਜਨਮ ਵਿੱਚ ਆਪਣੇ ਕੀਤੇ ਕੁਕਰਮ ਦੀ ਸਜ਼ਾ ਕਦੋਂ ਅਤੇ ਕਿਵੇਂ ਮਿਲੀ ਜਾਂ ਮਿਲੇਗੀ ? ਕੀ ਇਸ ਵਰਤਾਰੇ ਵਿੱਚ ਪ੍ਰਭੂ ਦਾ ਕੋਈ ਦਖਲ ਹੈ ਕਿ ਨਹੀਂ ?
ਸਨ 84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਇਸੇ ਜਨਮ ਵਿੱਚ ਕਦੋਂ ਅਤੇ ਕਿਵੇਂ ਮਿਲੀ, ਜਾਂ ਮਿਲੇਗੀ ?
“ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬਿ ਕਮਾਈ॥” {1273}
ਮੱਛੀ ਜਲ ਵਿੱਚ ਪੈਦਾ ਹੁੰਦੀ ਹੈ, ਜਲ ਵਿੱਚ ਹੀ ਵਿਚਰਦੀ ਹੈ, ਕਿਤੇ ਬਾਹਰ ਚੰਗੇ ਮੰਦੇ ਕਰਮ ਕਰਨ ਨਹੀਂ ਜਾਂਦੀ । ਤਾਂ ਇੱਥੇ ਇਸ ਜਨਮ ਦੀ ਕਿਹੜੀ ਪੁਰਬਿ ਕਮਾਈ ਕਰਕੇ ਸੁਖ ਦੁਖ ਭੋਗਦੀ ਹੈ ?
ਪਸ਼ੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ ॥
ਬੀਜ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ॥”{705}
ਪਸ਼ੂ ਪੰਸ਼ੀ ਇਸੇ ਜਨਮ ਦੇ ਕਿਹੜੇ ਕਰਮਾਂ ਦਾ ਫਲ਼ ਭੁਗਤਦੇ ਹਨ ?
ਇਨ੍ਹਾਂ ਦਾ ਕਹਿਣਾ ਹੈ ਕਿ ਗੁਰਬਾਣੀ “ਜੀਵਨ ਮੁਕਤ” ਦੀ ਗੱਲ ਕਰਦੀ ਹੈ” ਤਾਂ ਕੀ ਛੋਟੀ ਬੱਚੀ ਨਾਲ ਬਲਾਤਕਾਰ ਕਰਨ ਵਾਲਾ ਵਹਿਸ਼ੀ ਦਰਿੰਦਾ ਵੀ ਜੀਵਨ ਮੁਕਤ ਹੈ ? ਸਨ 84 ਦੇ ਸਿੱਖ ਕਤਲੇਆਮ ਦੇ ਦੋਸ਼ੀ ਵੀ ਜੀਵਨ ਮੁਕਤ ਹਨ ?
ਪਿੱਛਲੇ ਦਿਨੀਂ ਇਕ ਖਬਰ ਛਪੀ ਸੀ ਕਿ ਇੱਕ ਬੱਚੀ ਅਮਨਦੀਪ ਦੀਆਂ ਅੱਖਾਂ ਦੀ ਨਿਗਾਹ ਅਨਜਾਣੇ ਕਾਰਣਾਂ ਕਰਕੇ ਚਲੀ ਗਈ । ਲੋਕਲ ਡਾਕਟਰ ਅਤੇ ਦੋ ਹਸਪਤਾਲਾਂ ਵਿੱਚ ਇਲਾਜ ਕਰਵਾਣ ਤੇ ਵੀ ਉਸ ਦੀ ਨਿਗਾਹ ਠੀਕ ਨਾ ਹੋਈ । ਉਸ ਦਾ ਅਤੇ ਉਸ ਦੇ ਪਿਤਾ ਦਾ ਕਹਿਣਾ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬੇਰੀ ਥੱਲੇ ਇਸ਼ਨਾਨ ਕਰਨ ਨਾਲ ਬੱਚੀ ਦੀ ਨਿਗਾਹ ਵਾਪਸ ਆ ਗਈ।
ਇਸ ਸੰਬੰਧੀ ਫੇਸ ਬੁੱਕ ਤੇ ਮੈਂ ਵਿਚਾਰ ਦਿੱਤੇ ਸਨ ਕਿ, ਪ੍ਰਭੂ ਦੀ ਰਜ਼ਾ ਵਿੱਚ ਕੁਝ ਵੀ ਹੋ ਸਕਦਾ ਹੈ। ਸੰਸਾਰ ਤੇ ਜੋ ਕੁਝ ਵਾਪਰਦਾ ਹੈ, ਉਸ ਵਿੱਚ ਪ੍ਰਭੂ ਦੀ ਮਿਹਰ, ਬਖਸ਼ਿਸ਼, ਨਦਰ-ਕਰਮ ਸ਼ਾਮਿਲ ਹੁੰਦੇ ਹਨ । ਕੁਝ ਵੀ ਵਾਪਰਨ ਤੇ ਸਾਡਾ ਜ਼ੋਰ ਨਹੀਂ ਹੁੰਦਾ
“ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇ ਰਚਿਆ ਸੋ ਹੋਇ ॥
” ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਇਸ ਤਰ੍ਹਾਂ ਹੋ ਨਹੀਂ ਸਕਦਾ । ਪਰੰਤੂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਧ ਵਿਸ਼ਵਾਸ਼ ਦੀ ਪੱਟੀ ਬੰਨ੍ਹਕੇ ਬੇਰੀਆਂ ਨੂੰ ਪੂਜਣ ਅਤੇ ਤੀਰਥ ਇਸ਼ਨਾਨ ਨਾਲ ਨਹੀਂ ਜੋੜਨਾ ਚਾਹੀਦਾ । ਇਸ ਤਰ੍ਹਾਂ ਦੇ ਕਰਮ-ਕਾਂਡਾਂ ਨਾਲ ਉਸ ਦੀ ਮਿਹਰ, ਬਖਸ਼ਿਸ਼, ਨਦਰ-ਕਰਮ ਦੇ ਪਾਤਰ ਨਹੀਂ ਬਣਿਆ ਜਾ ਸਕਦਾ ।
ਮੇਰੇ ਇਨ੍ਹਾਂ ਵਿਚਾਰਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਲਿਖਦੇ ਹਨ ਕਿ ਮੈਂ ਬੇਰੀ ਥੱਲੇ ਇਸ਼ਨਾਨ ਕਰਨ ਨੂੰ ਵਿਧਾਤਾ ਦੀ ਰਚੀ ਵਿਧੀ ਕਿਹਾ ਹੈ । ਇਸ ਲਿਖਤ ਸੰਬੰਧੀ ਤ:..ਪ: ਵਾਲਿਆਂ ਤੋਂ ਮੈਂ ਸਵਾਲ ਪੁੱਛਿਆ ਸੀ ਕਿ- “ਤੁਸੀਂ ਪ੍ਰਭੂ ਦੇ ਮਿਹਰ, ਬਖਸ਼ਿਸ਼, ਬਖਸ਼ੰਦ, ਕਰਮ, ਰਹਿਮ, ਰਹਿਮਤ, ਦਿਆਲੂ, ਕਿਰਪਾਲੂ ਆਦਿ ਗੁਣਾਂ ਨੂੰ ਮੰਨਦੇ ਹੋ ਕਿ ਨਹੀਂ ? ਮੇਰੇ ਇਸ ਸਵਾਲ ਦਾ ਜਵਾਬ ਇਨ੍ਹਾਂਨੇ ਅੱਜ ਤੱਕ ਨਹੀਂ ਦਿੱਤਾ।
ਇਸ ਮੌਜੂਦਾ ਵਿਚਾਰ ਦੇ ਸ਼ੁਰੂ ਵਿੱਚ ਹੀ ਮੈਂ ਜ਼ਾਹਰ ਕਰ ਦਿੱਤਾ ਸੀ ਕਿ ਇਹ ਲੋਕ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ, ਰੱਬ ਦੀ ਹੋਂਦ ਮੰਨਣ ਦੀ ਗੱਲ ਸਿਰਫ ਆਮ ਲੋਕਾਂ ਨੂੰ ਧੋਖਾ ਦੇਣ ਲਈ ਕਹਿੰਦੇ ਹਨ।ਲੋਕਾਂ ਨੂੰ ਭੁਲੇਖੇ ਵਿੱਚ ਰੱਖਣ ਲਈ ਇਨ੍ਹਾਂਨੇ ਕੁਦਰਤ ਨੂੰ ਹੀ ਰੱਬ ਜਾਂ ਪਰਮਾਤਮਾ ਨਾਮ ਦੇ ਰੱਖਿਆ ਹੈ।ਇਨ੍ਹਾਂ ਨਾਲ ਮੇਰੀ ਮੌਜੂਦਾ ਵਿਚਾਰ ਚਰਚਾ ਨੂੰ ਅੱਜ ਇਕ ਮਹੀਨਾ ਹੋ ਗਿਆ ਹੈ।ਏਨਾ ਸਮਾਂ ਬੀਤ ਜਾਣ ਤੇ ਵੀ ਇਨ੍ਹਾਂਨੇ ਇਸ ਗੱਲ ਲਈ ਹਾਮੀ ਨਹੀਂ ਭਰੀ ਕਿ ਗੁਰਮਤਿ ਅਨੁਸਾਰ ਪਰਮਾਤਮਾ ‘ਮਿਹਰ, ਬਖਸ਼ਿਸ਼, ਬਖਸ਼ੰਦ, ਕਰਮ, ਰਹਿਮ, ਰਹਿਮਤ, ਦਿਆਲੂ, ਕਿਰਪਾਲੂ’ ਆਦਿ ਗੁਣਾਂ ਦਾ ਮਾਲਕ ਹੈ।ਸੋ ਪਾਠਕ ਖੁਦ ਦੇਖ ਲੈਣ, ਮੈਂ ਸਾਬਤ ਕਰ ਦਿੱਤਾ ਹੈ ਕਿ ਇਹ ਲੋਕ ਗੁਰਮਤਿ ਪ੍ਰਚਾਰ ਅਤੇ ਸੁਧਾਰ ਦੇ ਨਾਮ ਤੇ ਨਾਸਤਿਕਤਾ ਫੈਲਾ ਰਹੇ ਹਨ।
ਇਸ ਦੇ ਉਲਟ ਇਹ ਮੇਰੀ ਲਿਖਤ ਦਾ ਕੋਈ ਛੋਟਾ ਜਿਹਾ ਅੰਸ਼ ਵੀ ਪੇਸ਼ ਨਹੀਂ ਕਰ ਸਕੇ ਜਿਸ ਤੋਂ ਮੇਰਾ ਕੋਈ ਵੀ ਵਿਚਾਰ ਬ੍ਰਹਮਣਵਾਦੀ ਜਾਂ ਸੰਤਾਂ, ਬਾਬਿਆਂ ਦੇ ਸਮਰਥਨ ਵਿੱਚ ਹੋਵੇ।
ਜਸਬੀਰ ਸਿੰਘ ਵਿਰਦੀ