ਨਵੀਂ ਦਿੱਲੀ, 23 ਨਵੰਬਰ (ਪੰਜਾਬ ਮੇਲ)- ਪੱਛਮ ਦਿੱਲੀ ਦੇ ਚਾਂਦ ਨਗਰ ਕਲੋਨੀ ਵਿਖੇ ਅਕਾਲੀ ਆਗੂ ਅਤੇ ਗੁਰਦੁਆਰਾ ਸਿੰਘ ਸਭਾ ਵਿਸ਼ਨੂੰ ਗਾਰਡਨ ਮੰਗਲ ਬਜ਼ਾਰ ਦੇ ਪ੍ਰਧਾਨ ਮਨਜੀਤ ਸਿੰਘ ਔਲਖ ਤੇ ਕਲ ਸ਼ਾਮ ਅਣਪਛਾਤੇ ਦੋ ਬਾਈਕ ਸਵਾਰਾਂ ਵਲੋਂ ਕੀਤੀ ਗਈ ਗੋਲੀ ਬਾਰੀ ਤੋਂ ਬਾਅਦ ਦਿੱਲੀ ਪੁਲਿਸ ਨੇ ਤਿਲਕ ਨਗਰ ਥਾਨੇ ਵਿਖੇ ਐਫ.ਆਈ.ਆਰ. ਨੰ. 637/2013 ਦਫਾ 307/34 ਤਹਿਤ ਦਰਜ ਕਰ ਲਈ ਹੈ। ਇਸ ਬਾਰੇ ਹੋਰ ਜਾਨਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੀਡਿਆ ਇੰਚਾਰਜ ਪਰਮਿੰਦਰ ਪਾਲ ਸਿੰਘ ਨੇ ਇਸ ਘਟਨਾ ਦੀ ਨਿਖੇਧੀ ਕਰਦੇ ਹੋਏ ਇਸ ਕਾਰਜ ਨੂੰ ਵਿਰੋਧੀਆਂ ਵਲੋਂ ਰਾਜੋਰੀ ਗਾਰਡਨ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੀ ਜਿੱਤ ਤੋਂ ਪਹਿਲਾਂ ਬੁਖਲਾਹਿਟ ਵਿਚ ਚੁਕਿਆ ਕਦਮ ਦਸਿਆ।
ਉਨ੍ਹਾਂ ਕਿਹਾ ਕਿ ਹਲਕੇ ’ਚ ਅਕਾਲੀ ਉਮੀਦਵਾਰ ਨੂੰ ਜਨਤਾ ਵਲੋਂ ਮਿਲ ਰਹੇ ਪਿਆਰ ਸਦਕਾ ਵਿਰੋਧੀ ਖੇਮੇ ਵਿਚ ਭਾਜੜਾਂ ਪਈਆਂ ਹਨ ਤੇ ਇਹ ਗੋਲੀਬਾਰੀ ਅਕਾਲੀ ਭਾਜਪਾ ਕਾਰਕੁੰਨਾਂ ਦੇ ਦਿਲ ’ਚ ਡਰ ਦਾ ਮਾਹੌਲ ਪੈਦਾ ਕਰਨ ਲਈ ਵਿਰੋਧੀਆਂ ਦੀ ਸਾਜਿਸ਼ ਲੱਗਦੀ ਹੈ।
ਕਾਰਕੁੰਨਾਂ ਦੇ ਹੌਂਸਲੇ ਬੁਲੰਦ ਹੋਣ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹੋ ਜਿਹੀਆਂ ਘਟਨਾਵਾਂ ਨਾਲ ਘਬਰਾਉਣ ਦੀ ਬਜਾਏ ਸਾਡੇ ਕਾਰਕੁੰਨ ਆਪਣੀ ਦੁਗਣੀ ਤਾਕਤ ਨਾਲ ਇਸ ਹਲਕੇ ਵਿਚੋਂ ਬਦਲਾਵ ਦੀ ਹਨੇਰੀ ਵਿਚ ਵਿਰੋਧੀਆਂ ਦੀ ਜੜ੍ਹਾਂ ਪੁੱਟ ਦੇਣਗੇ।