ਆਸਟ੍ਰੇਲੀਆ ’ਚ ਹੁਣ ਚਿੱਠੀ ਬੋਲ ਕੇ ਸੁਣਾਵੇਗੀ ਹਾਲ-ਏ-ਦਿਲ
ਆਕਲੈਂਡ, 15 ਨਵੰਬਰ (ਪੰਜਾਬ ਮੇਲ)- ਇਹ ਗੱਲ ਬਹੁਤ ਵਾਰੀ ਬਹਿਸ ਦਾ ਹਿੱਸਾ ਬਣਦੀ ਰਹੀ ਹੈ ਕਿ ਚਿੱਠੀ ਜਾਂ ਸ਼ਬਦ ਆਪ ਨਹੀਂ ਬੋਲਦੇ, ਇਨ੍ਹਾਂ ਨੂੰ
ਪੜ੍ਹਨਾ ਪੈਂਦਾ ਹੈ ਜਾਂ ਕਿਸੇ ਕੋਲੋਂ ਸੁਣਨਾ ਪੈਂਦਾ ਹੈ, ਪਰ ਨਹੀਂ ਹੁਣ ਇਹ ਦਲੀਲਾਂ ਵੀ ਅਤੀਤ ਵਿਚ ਰਹਿ ਜਾਣੀਆਂ ਹਨ, ਕਿਉਂਕਿ ਚਿੱਠੀਆਂ ਹੁਣ ਬੋਲਣ ਵੀ
ਲੱਗ ਪਈਆਂ ਹਨ।
ਇਸ ਗੱਲ ਦਾ ਸਬੂਤ ਇਹ ਹੈ ਕਿ ਆਸਟ੍ਰੇਲੀਆ ਦੇ ਡਾਕ ਵਿਭਾਗ ਨੇ ਚਿੱਠੀਆਂ ਉਤੇ ਲੱਗਣ ਵਾਲੀਆਂ ਡਾਕ ਟਿਕਾਂ ਦੇ ਨਾਲ-ਨਾਲ ਹੁਣ ਵੀਡੀਓ ਡਾਕ ਟਿਕਟ
ਵੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਹੁਣ ਚਿੱਠੀਆਂ, ਪਾਰਸਲ ਅਤੇ ਸੁਗਾਤਾਂ ਭੇਜਣ ਵੇਲੇ ਤੁਸੀਂ ਆਪਣਾ ਵੀਡੀਓ ਸੁਨੇਹਾ ਵੀ ਨਾਲ ਹੀ ਭੇਜ ਸਕਦੇ ਹੋ। 15
ਸੈਕਿੰਡ ਤੱਕ ਦਾ ਇਹ ਵੀਡੀਓ ਸੁਨੇਹਾ ‘ਕੁਇਕ ਰਿਸਪੌਂਸ ਕੋਡ (ਕਿਉ.ਆਰ.) ਦੀ ਡਾਕ ਟਿਕਟ (ਸਟੈਂਪ) ਲਗਾ ਕੇ ਭੇਜਿਆ ਜਾਵੇਗਾ।
ਜਦੋਂ ਇਸ ਨੂੰ ਸਮਾਰਟ ਫੋਨ ਦੀ ‘ਕਿਉ.ਆਰ. ਕੋਡ ਰੀਡਰ’ ਐਪਲੀਕੇਸ਼ਨ ਦੇ ਨਾਲ ਸਕੈਨ ਕੀਤਾ ਜਾਵੇਗਾ ਤਾਂ ਇਹ ਵੀਡੀਓ ਤੁਹਾਡੇ ਫੋਨ ਉਤੇ ਬੋਲਣ
ਲੱਗੇਗੀ ਅਤੇ ਤੁਸੀਂ ਵੀਡੀਓ ਸੁਨੇਹਾ ਸੁਣ ਸਕੋਗੇ। ਇਹ ਸੁਨੇਹਾ 90 ਦਿਨ ਤੱਕ ਸੁਣਿਆ ਜਾ ਸਕੇਗਾ ਅਤੇ ਇਸ ਨੂੰ ਵੈਬਸਾਈਟ ਜ਼ਰੀਏ ਵੀ ਸੁਣਿਆ ਅਤੇ
ਵੇਖਿਆ ਜਾ ਸਕੇਗਾ। ਫੇਸਬੁੱਕ ਅਤੇ ਸੋਸ਼ਲ ਸਾਈਟਾਂ ਉਤੇ ਇਸ ਨੂੰ ਸ਼ੇਅਰ ਵੀ ਕੀਤਾ ਜਾ ਸਕੇਗਾ। ਕ੍ਰਿਸਮਸ ਮੌਕੇ ਆਸਟ੍ਰੇਲੀਆ ਦੇ ਡਾਕ ਵਿਭਾਗ ਵੱਲੋਂ ਇਹ ਪੇਸ਼ਕਸ਼ ਮੁਫਤ ਦਿੱਤੀ ਜਾ ਰਹੀ ਹੈ। ਆਸਟ੍ਰੇਲੀਆ ਪੋਸਟ ਨੇ ਇਸ ਸੇਵਾ ਲਈ ਇਕ ਵਿਸ਼ੇਸ਼ ਐਪਲੀਕੇਸ਼ਨ ਵੀ ਬਣਾਈ ਹੈ।