ਖ਼ਬਰਾਂ
ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ’ਚ ਭਾਰਤੀ ਮਹਿਲਾ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਰੌਂਦਿਆ
Page Visitors: 2513
ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ’ਚ ਭਾਰਤੀ ਮਹਿਲਾ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਰੌਂਦਿਆ
ਫ਼ਿੰਨਲੈਂਡ, (ਵਿੱਕੀ ਮੋਗਾ/ਪੰਜਾਬ ਮੇਲ)- ਜਾਪਾਨ ’ਚ ਚੱਲ ਰਹੀ ਤੀਸਰੀ ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ’ਚ ਮਹਿਲਾ ਵਰਗ ਦੇ ਦੂਸਰੇ ਲੀਗ ਮੈਚ ’ਚ ਭਾਰਤ ਨੇ ਮਲੇਸ਼ੀਆ ਨੂੰ 5-1 ਨਾਲ ਹਰਾਕੇ ਲਗਾਤਾਰ ਦੂਸਰੀ ਜਿੱਤ ਦਰਜ਼ ਕਰਕੇ ਫ਼ਾਈਨਲ ’ਚ ਜਗ੍ਹਾ ਪੱਕੀ ਕੀਤੀ। ਪਹਿਲੇ ਮੈਚ ’ਚ ਭਾਰਤ ਨੇ ਚੀਨ ਨੂੰ 4-2 ਨਾਲ ਹਰਾਇਆ ਸੀ। ਅੱਜ ਗਿਫੂ ਦੇ ਗਰੀਨ ਸਟੇਡੀਅਮ ’ਚ ਖੇਡੇ ਗਏ ਮੈਚ ’ਚ ਕਪਤਾਨ ਨਾਡਿਆ ਰਹਿਮਾਨ ਨੇ 15ਵੇਂ ਮਿੰਟ ’ਚ ਪੇਨਲਟੀ ਕਾਰਨਰ ਨੂੰ ਗੋਲ ’ਚ ਬਦਲਕੇ ਮਲੇਸ਼ੀਆ ਨੂੰ ਇੱਕ ਗੋਲ ਬੜ੍ਹਤ ਦਿਵਾ ਦਿੱਤੀ, ਪਰ ਭਾਰਤ ਵਲੋਂ ਪੂਨਮ ਰਾਣੀ ਨੇ ਪੇਨਲਟੀ ਕਾਰਨਰ ਰਾਹੀਂ ਗੋਲ ਕਰਕੇ ਟੀਮ ਨੂੰ ਬਰਾਬਰੀ ’ਤੇ ਲਿਆਂਦਾ। ਅੱਧ ਸਮੇਂ ਤੱਕ ਦੋਨੋਂ ਟੀਮਾਂ 1-1 ਦੀ ਬਰਾਬਰੀ ’ਤੇ ਸਨ ਪਰ ਮੈਚ ਦੇ ਦੂਸਰੇ ਅੱਧ ’ਚ ਟੀਮ ਨੇ ਜ਼ੋਰਦਾਰ ਵਾਪਸੀ ਕੀਤੀ ਅਤੇ 42ਵੇਂ ਮਿੰਟ ’ਚ ਮਨਜੀਤ ਕੌਰ ਨੇ ਪੇਨਲਟੀ ਕਾਰਨਰ ਰਾਹੀਂ ਗੋਲ ਕਰਕੇ 2-1 ਨਾਲ ਅੱਗੇ ਕੀਤਾ। ਭਾਰਤ ਵਲੋਂ ਮੈਚ ਦਾ ਤੀਸਰਾ ਗੋਲ 52ਵੇਂ ਮਿੰਟ ’ਚ ਵੰਦਨਾ ਕਟਾਰੀਆ ਨੇ ਕੀਤਾ। ਭਾਰਤ ਵਲੋਂ ਚੌਥਾ ਗੋਲ ਆਪਣਾ ਪਹਿਲਾ ਅੰਤਰਰਾਸ਼ਟਰੀ ਟੂਰਨਾਮੈਂਟ ਖੇਡ ਰਹੀ ਮੋਗਾ ਜ਼ਿਲ੍ਹੇ ਦੇ ਤਖਾਣਵੱਧ ਪਿੰਡ ਦੀ ਅਮਨਦੀਪ ਕੌਰ ਨੇ 56ਵੇਂ ਮਿੰਟ ’ਚ ਕੀਤਾ ਅਤੇ ਮੈਚ ਦੇ 65ਵੇਂ ਮਿੰਟ ’ਚ ਦੀਪਾ ਗ੍ਰੇਸ ਇੱਕਾ ਨੇ ਪੇਨਲਟੀ ਕਾਰਨਰ ਨੂੰ ਗੋਲ ’ਚ ਬਦਲਕੇ ਭਾਰਤ ਨੂੰ 5-1 ਨਾਲ ਜਿੱਤ ਦਿਵਾ ਦਿੱਤੀ। ਮਹਿਲਾ ਵਰਗ ਦੇ ਦੂਸਰੇ ਮੈਚ ’ਚ ਮੇਜ਼ਬਾਨ ਜਾਪਾਨ ਨੇ ਚੀਨ ਨੂੰ 4-1 ਨਾਲ ਹਰਾਕੇ ਲਗਾਤਾਰ ਦੂਸਰੀ ਜਿੱਤ ਦਰਜ਼ ਕੀਤੀ। ਮਹਿਲਾ ਵਰਗ ’ਚ ਭਾਰਤ ਦਾ ਅਗਲਾ ਲੀਗ ਮੁਕਾਬਲਾ 7 ਨਵੰਬਰ ਨੂੰ ਜਾਪਾਨ ਨਾਲ ਹੋਵੇਗਾ।