ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
ਕਥਿਤ ਸੋਧਿਆ ਕੈਲੰਡਰ ਪੰਥ ਲਈ ਕਿਸੇ ਵੀ ਪੱਖੋਂ ਢੁਕਵਾਂ ਨਹੀਂ ਹੈ
ਕਥਿਤ ਸੋਧਿਆ ਕੈਲੰਡਰ ਪੰਥ ਲਈ ਕਿਸੇ ਵੀ ਪੱਖੋਂ ਢੁਕਵਾਂ ਨਹੀਂ ਹੈ
Page Visitors: 2693

ਕਥਿਤ ਸੋਧਿਆ ਕੈਲੰਡਰ ਪੰਥ ਲਈ ਕਿਸੇ ਵੀ ਪੱਖੋਂ ਢੁਕਵਾਂ ਨਹੀਂ ਹੈ
     ਚੰਦਰਮਾਂ ਧਰਤੀ ਦੁਆਲੇ ਇੱਕ ਚੱਕਰ ਇੱਕ ਮਹੀਨੇ ਵਿੱਚ ਪੂਰਾ ਕਰਦਾ ਹੈ। ਸੂਰਜੀ ਸਿਧਾਂਤ ਅਨੁਸਾਰ ਚੰਦਰ ਮਾਸ ਲਗਪਗ ੨੯.੫੩੦੫੮੭੯੪੬ ਦਿਨ ਭਾਵ ੨੯ ਦਿਨ ੧੨ ਘੰਟੇ ੪੪ ਮਿੰਟ ੨.੮ ਸੈਕੰਡ ਦਾ ਹੁੰਦਾ ਹੈ। ਇਸ ਤਰ੍ਹਾਂ ਚੰਦਰ ਸਾਲ ਦੀ ਲੰਬਾਈ ੨੯.੫੩੦੫੮੭੯੪੬ ਗੁਣਾ ੧੨ = ੩੫੪.੩੬੭੦੫੫੩੫੨ ਦਿਨ ਭਾਵ ੩੫੪ ਦਿਨ ੮ ਘੰਟੇ ੪੮ ਮਿੰਟ ੩੩.੫੮ ਸੈਕੰਡ (ਲਗ ਪਗ)
ਬਣਦੀ ਹੈ। ਪਿਛਲੀ ਚੱਲੀ ਆ ਰਹੀ ਰਵਾਇਤ ਅਨੁਸਾਰ ਗੁਰਪੁਰਬ ਬਿਕ੍ਰਮੀ ਸੰਮਤ ਦੇ ਚੰਦਰਮਾ ਮਹੀਨੇ ਦੀਆਂ ਤਿੱਥਾਂ ਅਨੁਸਾਰ
ਮਨਾਏ ਜਾਂਦੇ ਸਨ। ਪਰ ਕਿਉਂਕਿ ਚੰਦਰਸਾਲ ੩੫੪/੩੫੫ ਦਿਨ ਹੁੰਦੇ ਹਨ ਇਸ ਲਈ ੩੬੫/੩੬੬ ਦਿਨਾਂ ਵਾਲੇ ਸਾਲ ਦੀਆਂ ਸੂਰਜੀ ਕੈਲੰਡਰ ਦੀਆਂ ਤਰੀਖਾਂ ਮੁਤਾਬਿਕ ਇਹ ਕਦੀ ਵੀ ਸਥਿਰ ਤਰੀਖਾਂ ਨੂੰ ਨਹੀਂ ਆਉਂਦੇ। ਕਾਰਣ ਇਹ ਹੈ ਕਿ ਚੰਦਰਸਾਲ ਸੂਰਜੀ ਸਾਲ ਤੋਂ ਲਗਪਗ ੧੧ ਦਿਨ ਛੋਟਾ ਹੋਣ ਕਰਕੇ ਜਿਹੜਾ ਗੁਰਪੁਰਬ ਅੱਜ ਆ ਰਿਹਾ ਹੈ ਉਹ ਅਗਲੇ ਸਾਲ ਅੱਜ ਦੀ ਤਰੀਖ ਤੋਂ ੧੧ ਦਿਨ ਪਹਿਲਾਂ ਤੇ ਉਸ ਤੋਂ ਅਗਲੇ ਸਾਲ ੨੨ ਦਿਨ ਪਹਿਲਾਂ ਆ ਜਾਵੇਗਾ। ਤੀਜੇ ਸਾਲ ੩੩ ਦਿਨ ਹੋ ਜਾਣ ਕਰਕੇ ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਇਕ ਮਹੀਨਾ ਵਾਧੂ ਜੋੜ ਦਿੱਤਾ ਜਾਂਦਾ ਹੈ ਭਾਵ ਇਹ ਸਾਲ ੧੨ ਦੀ ਬਜਾਏ ੧੩ ਮਹੀਨੇ (੩੮੪-੩੮੫ ਦਿਨਾਂ) ਦਾ ਹੋ ਜਾਂਦਾ ਹੈ ਅਤੇ ਇਸ ਵਿੱਚ ਇੱਕੋ ਨਾਮ ਦੇ ਦੋ ਮਹੀਨੇ ਹੋ ਜਾਂਦੇ ਹਨ ਜਿਸ ਨੂੰ ਲੌਂਦ ਜਾਂ ਮਲਮਾਸ ਦਾ ਮਹੀਨਾ ਆਖਦੇ ਹਨ। ਮਲਮਾਸ ਮਹੀਨੇ
ਪਿੱਛੋਂ ਆਉਣ ਵਾਲੇ ਸਾਰੇ ਗੁਰਪੁਰਬ ਤਕਰੀਬਨ ੧੮-੧੯ ਦਿਨ ਪਛੜ ਕੇ ਆਉਂਦੇ ਹਨ। ਮਿਸਾਲ ਦੇ ਤੌਰ 'ਤੇ ਗੁਰੂ ਗੋਬਿੰਦ ਸਿੰਘ ਜੀ
ਦਾ ਗੁਰਪੁਰਬ ੨੦੧੧ ਵਿੱਚ ਪਹਿਲਾਂ ੧੧ ਜਨਵਰੀ ਨੂੰ ਆਇਆ ਤੇ ਦੁਬਾਰਾ ਫਿਰ ੩੧ ਦਸੰਬਰ ਨੂੰ ਆ ਗਿਆ ਸੀ। ੨੦੧੨ ਵਿੱਚ ਮਲਮਾਸ ਦਾ ਮਹੀਨਾ ਜੁੜ ਜਾਣ ਕਰਕੇ ਇਸ ਸਾਲ ਵਿੱਚ ਆਇਆ ਹੀ ਨਹੀਂ। ੨੦੧੩ ਵਿੱਚ ੧੮ ਜਨਵਰੀ ਨੂੰ ਆਇਆ ਤੇ ਅਗਲੇ ਸਾਲ ਜਾਨੀ ਕਿ ੨੦੧੪ ਵਿੱਚ ੭ ਜਨਵਰੀ ਨੂੰ ਆਵੇਗਾ। ਬਿਕ੍ਰਮੀ ਸੰਮਤ ਦੇ ੧੯ ਸਾਲਾਂ ਵਿੱਚ ੭ ਸਾਲ ਅਜਿਹੇ ਆਉਂਦੇ ਹਨ ਜਿਸ ਵਿੱਚ ਸਾਲ ਦੇ ੧੨ ਚੰਦਰ ਮਹੀਨਿਆਂ ਦੀ ਬਜਾਏ ੧੩ ਮਹੀਨੇ ਹੋ ਜਾਂਦੇ ਹਨ। ਹੋਰ ਅਜੀਬ ਗੱਲ ਇਹ ਹੈ ਕਿ ਇੱਕੋ ਨਾਮ ਦੇ ਦੋ ਮਹੀਨਿਆਂ ਵਿੱਚੋਂ ਪਹਿਲੇ ਮਹੀਨੇ ਦੇ ਦੂਸਰੇ ਪੱਖ ਅਤੇ ਦੂਸਰੇ ਮਹੀਨੇ ਦੇ ਪਹਿਲੇ ਪੱਖ ਨੂੰ ਪੰਡਿਤ ਲੋਕ ਮਨਹੂਸ ਮੰਨਦੇ ਹਨ ਇਸ ਲਈ ਇਨ੍ਹਾਂ ਦਿਨਾਂ ਵਿੱਚ ਕੋਈ ਵੀ ਧਾਰਮਿਕ ਸ਼ੁਭ ਕੰਮ ਨਹੀਂ ਕੀਤਾ ਜਾਂਦਾ। ਇਸ ਸ਼ੁਭ ਅਸ਼ੁਭ ਸੋਚ ਨੂੰ ਮੁੱਖ ਰਖਦੇ ਹੋਏ ਇਨ੍ਹਾਂ ਦੋ ਪੱਖਾਂ ਵਿੱਚ ਆਏ ਗੁਰਪੁਰਬ
ਇਕ ਮਹੀਨਾ ਪਛੜ ਕੇ ਮਨਾਏ ਜਾਂਦੇ ਹਨ। ਇਹ ਸਿੱਧੇ ਤੌਰ 'ਤੇ ਗੁਰਮਤਿ ਦੇ ਸੁਨਹਿਰੇ ਅਸੂਲਾਂ:
'ਚਉਦਸ ਅਮਾਵਸ, ਰਚਿ ਰਚਿ ਮਾਂਗਹਿ; ਕਰ ਦੀਪਕੁ ਲੈ, ਕੂਪਿ ਪਰਹਿ ॥੨॥'    ਗੁਰੂ ਗ੍ਰੰਥ ਸਾਹਿਬ - ਪੰਨਾ ੯੭੦}
'ਆਪੇ ਪੂਰਾ ਕਰੇ ਸੁ ਹੋਇ ॥ ਏਹਿ ਥਿਤੀ ਵਾਰ ਦੂਜਾ ਦੋਇ ॥
ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ
॥ ਨਾਨਕ ਗੁਰਮੁਖਿ ਬੂਝੈ ਸੋਝੀ ਪਾਇ ॥ ਇਕਤੁ ਨਾਮਿ ਸਦਾ ਰਹਿਆ ਸਮਾਇ
॥੧੦॥੨॥' ( ਗੁਰੂ ਗ੍ਰੰਥ ਸਾਹਿਬ - ਪੰਨਾ ੮੪੩)
ਦੀ ਘੋਰ ਉਲੰਘਣਾਂ ਹੈ। ਬਿਕ੍ਰਮੀ ਚੰਦਰ ਸਾਲ ਦਾ ਇੱਕ ਹੋਰ ਗੋਰਖਧੰਦਾ ਇਹ ਵੀ ਹੈ ਕਿ ਕਦੇ ਸੂਰਜ ਕਿਸੇ ਇੱਕ ਚੰਦਰ ਮਹੀਨੇ ਵਿੱਚ ਦੋ ਵਾਰੀ ਰਾਸ਼ੀ ਪ੍ਰੀਵਰਤਨ ਕਰ ਲੈਦਾ ਹੈ, ਇਸ ਮਹੀਨੇ ਨੂੰ ਵਿਗਿਆਨੀ ਕਸ਼ਿਆ ਜਾਂ ਘਟਿਆ ਮਹੀਨਾ ਆਖ ਦਿੰਦੇ ਹਨ। ਇੱਥੇ ਚੰਦਰ ਸਾਲ ਦੇ ਬਾਰਾਂ ਦੀ ਬਜਾਏ ਗਿਆਰਾਂ ਮਹੀਨੇ ਰਹਿ ਜਾਂਦੇ ਹਨ। ਅਜਿਹਾ ੧੪੧ ਸਾਲਾਂ ਵਿੱਚ ਇੱਕ ਵਾਰ ਹੋ ਜਾਂਦਾ ਹੈ ਅਤੇ ਇਸ ਦੇ ਨਾਲ ਹੀ
੧੯ ਸਾਲਾਂ ਪਿਛੋਂ ਦੁਬਾਰਾ ਫਿਰ ਹੋ ਜਾਂਦਾ ਹੈ। ਇਸੇ ਨਿਯਮ ਅਨੁਸਾਰ ਜੇ ਕਦੀ ਪੋਹ ਦਾ ਮਹੀਨਾ ਹੀ ਨਾ ਆਵੇ ਤਾਂ ਦੱਸੋ ਉਸ ਸਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਗੁਰਪੁਰਬ ਕਦੋਂ ਮਨਾਈਏ?
ਧਰਤੀ ਸੂਰਜ ਦੇ ਦੁਆਲੇ ਚੱਕਰ ਕੱਟਦੀ ਹੈ ਤੇ ਔਸਤਨ ੩੬੫.੨੪੨੧੯ ਦਿਨ ਭਾਵ ੩੬੫ ਦਿਨ ੫ ਘੰਟੇ ੪੮ ਮਿੰਟ ੪੫.੨ ਸੈਕੰਡ ਵਿੱਚ ਪੂਰਾ ਚੱਕਰ ਕਟਦੀ ਹੈ; ਜਿਸ ਨੂੰ ਮੌਸਮੀ (ਰੁੱਤੀ) ਸਾਲ ਕਹਿੰਦੇ ਹਨ।
ਅੱਜ ਕੱਲ ਦੁਨੀਆਂ ਦੇ ਹਰ ਹਿੱਸੇ ਵਿੱਚ ਪ੍ਰਚੱਲਤ ਗਰੈਗੋਰੀਅਨ ਕੈਲੰਡਰ ਜਿਸ ਨੂੰ ਸੀ.ਈ. (ਕਾਮਨ ਏਰਾ) ਜਾਂ ਸਾਂਝਾ ਕੈਲੰਡਰ ਕਹਿੰਦੇ ਹਨ ਦੇ ਸਾਲ ਦੀ ਲੰਬਾਈ ੩੬੫.੨੪੨੫ ਦਿਨ ਭਾਵ ੩੬੫ ਦਿਨ ੫ ਘੰਟੇ ੪੯ ਮਿੰਟ ੧੨ ਸੈਕੰਡ (ਲਗ ਪਗ) ਹੈ ਤੇ ਇਹ ਰੁੱਤੀ ਸਾਲ
ਨਾਲੋਂ ਲਗਪਗ ੨੬ ਸੈਕੰਡ ਵੱਡਾ ਹੋਣ ਕਰਕੇ ਲਗਪਗ ੩੩੦੦ ਸਾਲਾਂ ਵਿੱਚ ਇੱਕ ਦਿਨ ਪਛੜ ਜਾਂਦਾ ਹੈ।
ਸੂਰਜੀ ਸਿਧਾਂਤ ਦਾ ਬਿਕ੍ਰਮੀ ਕੈਲੰਡਰ ਜੋ ਗੁਰੂ ਕਾਲ ਵੇਲੇ ਲਾਗੂ ਸੀ ਦੇ ਸਾਲ ਦੀ ਲੰਬਾਈ ੩੬੫.੨੫੮੭੫੬੪੮੧ ਦਿਨ ਭਾਵ ੩੬੫
ਦਿਨ ੬ ਘੰਟੇ ੧੨ ਮਿੰਟ ੩੬.੫੬ ਸੈਕੰਡ ਸੀ। ਸੂਰਜੀ ਸਾਂਧਤ ਦਾ ਇਹ ਬਿਕ੍ਰਮੀ ਸਾਲ ਮੌਸਮੀ ਸਾਲ ਨਾਲੋਂ ਤਕਰੀਬਨ ੨੩ ਮਿੰਟ ੫੧.
੩੬ ਸੈਕੰਡ ਵੱਡਾ ਹੋਣ ਕਰਕੇ ੬੦-੬੧ ਸਾਲਾਂ ਵਿੱਚ ਲਗਪਗ ਇੱਕ ਦਿਨ ਪਛੜ ਜਾਂਦਾ ਸੀ।
੧੯੬੪ ਵਿੱਚ ਉਤਰੀ ਭਾਰਤ ਦੇ ਪੰਡਿਤਾਂ ਨੇ ਅੰਮ੍ਰਿਤਸਰ ਵਿੱਚ ਮੀਟਿੰਗ ਕਰਕੇ ਇਸ ਵਿੱਚ ਸੋਧ ਕਰਕੇ ਸਾਲ ਦੀ ਲੰਬਾਈ ਘਟਾ ਕੇ ੩੬੫.੨੫੬੩੬੩੦੦੪ ਦਿਨ ਭਾਵ ੩੬੫ ਦਿਨ ੬ ਘੰਟੇ ੯ ਮਿੰਟ ੯.੮ ਸੈਕੰਡ (ਲਗਪਗ) ਕਰ ਦਿੱਤੀ। ਹੁਣ ਇਹ ਰੁੱਤੀ ਸਾਲ ਤੋਂ ਲਗਪਗ ੨੦ ਮਿੰਟ ਵੱਡਾ ਹੋਣ ਕਰਕੇ ਤਕਰੀਬਨ ੭੧-੭੨ ਸਾਲਾਂ ਵਿੱਚ ਇੱਕ ਦਿਨ ਪਛੜ ਜਾਂਦਾ ਹੈ। ਇਸ ਦਾ ਪ੍ਰਤੱਖ ਸਬੂਤ ਸ: ਪਾਲ ਸਿੰਘ ਪੁਰੇਵਾਲ ਅਤੇ ਡਾ: ਬਲਵੰਤ ਸਿੰਘ ਢਿੱਲੋਂ ਵੱਲੋਂ "ਨਾਨਕਸ਼ਾਹੀ ਕੈਲੰਡਰ ਕਿਉਂ ਤੇ ਕਿਵੇਂ?" ਸਿਰਲੇਖ ਹੇਠ ਲਿਖੇ ਲੇਖ ਜੋ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਜਾਂਦੇ ਨਾਨਕਸ਼ਾਹੀ ਕੈਲੰਡਰ (ਜੰਤਰੀ ਟਾਈਪ) ਵਿੱਚ ੨੦੦੩ ਤੋਂ ੨੦੧੦ ਤੱਕ ਲਗਾਤਾਰ ੭ ਸਾਲ ਛਪਦਾ ਰਿਹਾ ਹੈ ਤੋਂ ਮਿਲ ਜਾਂਦਾ ਹੈ ਜਿਸ ਅਨੁਸਾਰ ੧੬੯੯ ਦੀ ਵੈਸਾਖੀ; ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਖੰਡੇ ਦੀ ਪਾਹੁਲ ਦੀ ਅਲੌਕਿਕ ਘਟਨਾ ਰਾਹੀਂ ਖ਼ਾਲਸਾ ਪੰਥ ਪ੍ਰਗਟ ਕੀਤਾ ਸੀ; ਉਸ ਦਿਨ ੨੯ ਮਾਰਚ ਸੀ ਪਰ ੧੭੫੨ ਵਿੱਚ ਕੀਤੀ ਸੋਧ ਉਪ੍ਰੰਤ ਅਗਲੇ
ਸਾਲਾਂ ਵਿੱਚ ਵੈਸਾਖੀ ਹੇਠ ਲਿਖੀਆਂ ਤਰੀਖਾਂ ਅਨੁਸਾਰ ਆਈ:
ਈਸਵੀ ਵੈਸਾਖੀ
                               ੯ ਅਪ੍ਰੈਲ

                               ੧੦ ਅਪ੍ਰੈਲ

                               ੧੨ ਅਪ੍ਰੈਲ

                               ੧੪ ਅਪ੍ਰੈਲ

                               ੧੫ ਅਪ੍ਰੈਲ

                               ੧੬ ਅਪ੍ਰੈਲ

ਸ: ਪਾਲ ਸਿੰਘ ਪੁਰੇਵਾਲ ਵੱਲੋਂ ਸੰਨ ੩੦੦੦ ਈਸਵੀ ਦੇ ਜਾਰੀ ਕੀਤੇ ਕੈਲੰਡਰ ਅਨੁਸਾਰ ਸਾਲ ੩੦੦੦ ਈਸਵੀ ਵਿੱਚ; ਪੰਜਾਬ ਵਿੱਚ ਪ੍ਰਚਲਤ ਕੈਲੰਡਰ ਜੋ ਦ੍ਰਿੱਕ ਸਿਧਾਂਤ ਅਨੁਸਾਰ ਸੋਧਿਆ ਗਿਆ ਹੈ ਉਸ ਮਤਾਬਕ ਵੈਸਾਖੀ ੨੭ ਅਪ੍ਰੈਲ ਨੂੰ ਆਵੇਗੀ ਅਤੇ ਸੂਰਜੀ ਸਿਧਾਂਤ ਜੋ ਗੁਰੂ ਕਾਲ ਵਿੱਚ ਪ੍ਰਚਲਤ ਸੀ ਉਸ ਮੁਤਾਬਕ ੩੦ ਅਪ੍ਰੈਲ ਨੂੰ ਆਵੇਗੀ। ਜੇ ਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ੧੩੦੦੦ ਸਾਲ ਬਾਅਦ ਇਹ ਵੈਸਾਖੀ ਅਕਤੂਬਰ ਦੇ ਅੱਧ ਵਿੱਚ ਆਵੇਗੀ ਜਦੋਂ ਕਿ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ੧ ਵੈਸਾਖ (ਵੈਸਾਖੀ) ਅੱਜ ਵੀ ੧੪ ਅਪ੍ਰੈਲ ਨੂੰ ਆਉਂਦੀ ਹੈ ਸੰਨ ੩੦੦੦ ਈਸਵੀ ਵਿੱਚ ਵੀ ੧੪ ਅਪ੍ਰੈਲ ਨੂੰ ਆਵੇਗੀ ਤੇ ਹਮੇਸ਼ਾਂ ਲਈ ਵੀ ੧੪ ਅਪ੍ਰੈਲ ਨੂੰ ਹੀ ਆਵੇਗੀ। ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਬਾਰਹ ਮਾਹਾ ਤੁਖਾਰੀ ਤੇ ਬਾਰਹ ਮਾਹਾ ਮਾਂਝ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਾਪਤ ਹਨ। ਗੁਰੂ ਸਾਹਿਬਾਨ ਨੇ ਇਨ੍ਹ ਬਾਣੀਆਂ ਵਿਚਲਾ ਅਧਿਆਤਮਕ ਸੰਦੇਸ਼ ਜਨ-ਸਾਧਾਰਣ ਤੱਕ ਪਹੁੰਚਾਉਣ ਲਈ ਮਹੀਨਿਆਂ ਅਨੁਸਾਰ, ਰੁਤਾਂ ਰਾਹੀਂ ਬਿਆਨ ਕੀਤਾ ਹੈ:

  ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥ …... (ਮਾਝ ਬਾਰਹਮਾਹਾ ਮ: ੫)

  ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥ …… (ਮਾਝ ਬਾਰਹਮਾਹਾ ਮ: ੫) 

  ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥ …… (ਤੁਖਾਰੀ ਬਾਰਹਮਾਹਾ ਮ: ੧)

  ਵੈਸਾਖੁ ਭਲਾ ਸਾਖਾ ਵੇਸ ਕਰੇ ॥ ……     (ਤੁਖਾਰੀ ਬਾਰਹਮਾਹਾ ਮ: ੧)

  ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ ॥ .... (ਤੁਖਾਰੀ ਬਾਰਹਮਾਹਾ ਮ: ੧) 

  ਆਸਾੜੁ ਭਲਾ ਸੂਰਜੁ ਗਗਨਿ ਤਪੈ ॥ ਧਰਤੀ ਦੂਖ ਸਹੈ ਸੋਖੈ ਅਗਨਿ ਭਖੈ ॥ ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ ॥ ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥ …… (ਤੁਖਾਰੀ ਬਾਰਹਮਾਹਾ ਮ: ੧)

  ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ ॥ ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ ॥ ……… (ਤੁਖਾਰੀ ਬਾਰਹਮਾਹਾ ਮ: ੧)
  ਜੇਕਰ ਬਿਕ੍ਰਮੀ ਕੈਲੰਡਰ ਮੌਜੂਦਾ ਰੂਪ ਵਿੱਚ ਚਲਦਾ ਰਿਹਾ ਤਾਂ ਗੁਰਬਾਣੀ ਵਿੱਚ ਦਰਸਾਇਆ ਮਹੀਨਿਆਂ ਅਤੇ ਰੁੱਤਾਂ ਦਾ ਆਪਸੀ ਸਬੰਧ ਟੁੱਟ ਜਾਵੇਗਾ। ਗੁਰਬਾਣੀ ਵਿੱਚ ਵਰਨਣ ਮਹੀਨੇ ਦੀ ਰੁੱਤ ਕਿਸੇ ਹੋਰ ਹੀ ਮਹੀਨੇ ਵਿੱਚ ਆਇਆ ਕਰੇਗੀ। ਇਸ ਕਰਕੇ ਪ੍ਰਚਲਤ ਬਿਕ੍ਰਮੀ ਕੈਲੰਡਰ ਪੰਥ ਲਈ ਢੁੱਕਵਾਂ ਨਹੀਂ ਹੈ। ਇਸ ਲਈ ਸਿੱਖ-ਪੰਥ ਨੂੰ ਇੱਕ ਅਜੇਹੇ ਸੁਰਜੀ ਕੈਲੰਡਰ ਦੀ ਲੋੜ ਹੈ ਜੋ ਹਮੇਸ਼ਾਂ ਰੁੱਤਾਂ 
ਨਾਲ ਬੱਝਿਆ ਰਹੇ।
ਬਿਕ੍ਰਮੀ ਸਾਲ ਦੇ ਮਹੀਨਿਆਂ ਦੀ ਗਿਣਤੀ ਹਰ ਸਾਲ ਹੀ ੨੯ ਤੋਂ ੩੨ ਦਿਨਾਂ ਦੇ ਵਿਚਕਾਰ ਵਧਦੀ ਘਟਦੀ ਰਹਿੰਦੀ ਹੈ। ਮਿਸਾਲ ਦੇ ਤੌਰ 'ਤੇ ਚੇਤ ਦਾ ਮਹੀਨਾ ੨੦੧੧ ਵਿੱਚ ੩੧ ਦਿਨ ਦਾ ਅਤੇ ੨੦੧੨ ਤੇ ੨੦੧੩ ਵਿੱਚ ੩੦-੩੦ ਦਿਨ ਦਾ ਸੀ।  ਹਾੜ ੨੦੧੧ ਵਿੱਚ ੩੧ ਦਿਨ ਅਤੇ ੨੦੧੨ ਤੇ ੨੦੧੩ ਵਿਚ ੩੨-੩੨ ਦਿਨ ਸੀ। ਸਾਵਣ ੨੦੧੧ ਵਿੱਚ ੩੨ ਦਿਨ ਅਤੇ ੨੦੧੨ ਤੇ ੨੦੧੩ ਵਿੱਚ ੩੧-੩੧ ਦਿਨ ਸੀ।
ਅੱਸੂ ੨੦੧੧ ਤੇ ੨੦੧੨ ਵਿੱਚ ੩੦-੩੦ ਦਿਨ ਸੀ ਪਰ ੨੦੧੩ ਵਿੱਚ ੩੧ ਦਿਨ ਦਾ ਹੈ। ਮੱਘਰ ੨੦੧੧ ਤੇ ੨੦੧੨ ਵਿੱਚ ੩੦-੩੦ ਦਿਨ ਅਤੇ ੨੦੧੩ ਵਿੱਚ ੨੯ ਦਿਨ ਦਾ ਹੈ। ਪੋਹ ੨੦੧੧/੧੨ ਤੇ ੨੦੧੨/੧੩ ਵਿੱਚ ੨੯-੨੯ ਦਿਨ ਅਤੇ ੨੦੧੩/੧੪ ਵਿੱਚ ੩੦ ਦਿਨ ਦਾ ਹੋਵੇਗਾ।  ਮਾਘ ੨੦੧੨ ਤੇ ੨੦੧੩ ਵਿੱਚ ੩੦-੩੦ ਦਿਨ ਅਤੇ ੨੦੧੪ ਵਿੱਚ ੨੯ ਦਿਨ ਦਾ ਹੋਵੇਗਾ। ਇਸ ਤਰ੍ਹਾਂ ਹਰ ਮਹੀਨੇ ਦੇ ਹਰ
ਸਾਲ ਹੀ 
ਦਿਨ ਵਧਣ ਘਟਣ ਕਾਰਣ ਇਨ੍ਹਾਂ ਦੇ ਮਹੀਨਿਆਂ ਦੀਆਂ ਸੰਗ੍ਰਾਂਦਾਂ ਵੀ ਹਰ ਸਾਲ ਹੀ ਬਦਲਦੀਆਂ ਰਹਿੰਦੀਆਂ ਹਨ ਜਿਸ
ਕਾਰਣ ਕੋਈ 
ਵੀ ਤਰੀਖ ਕਦੇ ਵੀ ਸਥਿਰ ਨਹੀਂ ਰਹਿ ਸਕਦੀ।
ਇਸ ਪੱਖੋਂ ਸ: ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਬਹੁਤ ਹੀ ਢੁੱਕਵਾਂ ਹੈ; ਕਿਉਂਕਿ ਇਸ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੱਕੇ ਤੌਰ 'ਤੇ ਨਿਸਚਤ ਕਰ ਦਿੱਤੀ ਗਈ ਹੈ। ਪਹਿਲੇ ਪੰਜ ਮਹੀਨੇ – ਚੇਤ, ਵੈਸਾਖ, ਜੇਠ, ਹਾੜ, ਸਾਵਣ ੩੧-੩੧ ਦਿਨਾਂ ਦੇ; ਅਖੀਰਲੇ ਸੱਤ ਮਹੀਨੇ – ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ, ਫੱਗਣ ੩੦-੩੦ ਦਿਨਾਂ ਦੇ ਹੋਣਗੇ। ਜਿਸ ਸਾਲ ਲੀਪ ਦੇ ਸਾਲ ਵਿੱਚ ਫਰਵਰੀ ੨੯ ਦਿਨਾਂ ਦੀ ਹੋਵੇਗੀ ਉਸ ਸਾਲ ਇਸ ਮਹੀਨੇ ਵਿੱਚ ਅਰੰਭ ਹੋਣ ਵਾਲਾ ਮਹੀਨਾ ਫੱਗਣ ਆਪਣੇ ਆਪ ੩੧ ਦਿਨ ਦਾ ਹੋ ਜਾਵੇਗਾ। ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੱਕੇ ਤੌਰ 'ਤੇ ਨਿਸਚਤ ਹੋਣ ਕਰਕੇ ਹਰ ਮਹੀਨੇ ਦਾ ਆਰੰਭ ਭਾਵ ਪਹਿਲੀ ਤਰੀਖ (ਜਿਸ ਨੂੰ ਬਿਕ੍ਰਮੀ ਕੈਲੰਡਰ ਨਾਲ ਜੁੜੇ ਰਹਿਣ ਦੀ ਵਕਾਲਤ ਕਰਨ ਵਾਲੇ ਬਿਪ੍ਰਵਾਦੀ ਸੋਚ ਦੇ ਲੋਕ ਧੱਕੇ ਨਾਲ ਹੀ ਸੰਗ੍ਰਾਂਦ ਦਾ ਨਾਮ ਦੇ ਰਹੇ ਹਨ) ਹਮੇਸ਼ਾਂ ਲਈ ਪੱਕੇ ਤੌਰ 'ਤੇ ਨਿਸਚਤ ਹੋ ਗਈ ਹੈ।
ਜਿਸ ਅਨੁਸਾਰ ਪਹਿਲੇ ਦੋ ਮਹੀਨਿਆਂ ਦਾ ਅਰੰਭ ੧੪ ਤਰੀਖ ਨੂੰ, ਭਾਵ ਚੇਤ= ੧੪ ਮਾਰਚ, ਵੈਸਾਖ= ੧੪ ਅਪ੍ਰੈਲ;ਅਗਲੇ ਦੋ ਮਹੀਨੇ
ਦਾ ਆਰੰਭ ੧੫ ਤਰੀਖ ਨੂੰ; ਭਾਵ ਜੇਠ= ੧੫ ਮਈ, ਹਾੜ= ੧੫ ਜੂਨ; 
ਅਗਲੇ ਦੋ ਮਹੀਨੇ ਦਾ ਆਰੰਭ ੧੬ ਤਰੀਖ ਨੂੰ; ਭਾਵ ਸਾਵਣ=
੧੬ ਜੁਲਾਈ, ਭਾਦੋਂ= ੧੬ ਅਗਸਤ। 
੬ ਮਹੀਨੇ ਤੋਂ ਬਾਅਦ ਹੁਣ ਦੋ ਦੋ ਦੇ ਜੁੱਟ ਦੇ ਮਹੀਨਿਆਂ ਦੇ ਆਰੰਭ ਦੀ ਤਰੀਖ ਇੱਕ ਇੱਕ ਕਰਕੇ ਘਟਣੀ ਸ਼ੁਰੂ ਹੋ ਜਵੇਗੀ, ਜਿਵੇਂ ਕਿ:-
ਅੱਸੂ  = ੧੫ ਸਤੰਬਰ,       ਕੱਤਕ = ੧੫ ਅਕਤੂਬਰ;

ਮੱਘਰ = ੧੪ ਨਵੰਬਰ,       ਪੋਹ   = ੧੪ ਦਸੰਬਰ;

ਮਾਘ  = ੧੩ ਜਨਵਰੀ   ਅਤੇ ਫੱਗਣ = ੧੨ ਫਰਵਰੀ।

ਇਸ ਤਰ੍ਹਾਂ ਇਸ ਕੈਲੰਡਰ ਵਿੱਚ ਜਿਥੇ ਇੱਕ ਵਾਰ ਨਿਸਚਤ ਕੀਤੀਆਂ ਤਰੀਖਾਂ ਸਦਾ ਸਦਾ ਲਈ ਹੀ ਸਥਿਰ ਰਹਿਣਗੀਆਂ ਉਥੇ ਇਸ ਦੇ ਸਾਲ ਦੀ ਔਸਤਨ ਲੰਬਾਈ ਮੌਸਮੀ ਸਾਲ (੩੬੫ ਦਿਨ ੫ ਘੰਟੇ ੪੮ ਮਿੰਟ ੪੫.੨ ਸੈਕੰਡ) ਦੇ ਬਹੁਤ ਹੀ ਨਜ਼ਦੀਕ ਹੋਣ ਕਰਕੇ ਗੁਰਬਾਣੀ ਵਿੱਚ ਵਰਨਣ ਕੀਤੀਆਂ ਰੁੱਤਾਂ ਨਾਲ ਤਕਰੀਬਨ ਜੁੜਿਆ ਰਹੇਗਾ, ਭਾਵ ੩੩੦੦ ਸਾਲ ਵਿੱਚ ਕੇਵਲ ੧ ਦਿਨ ਦਾ ਫਰਕ ਪਏਗਾ। ਜਦੋਂ
ਕਿ ਬਿਕ੍ਰਮੀ ਸਾਲ (ਦ੍ਰਿੱਕ ਗਣਿਤ) ਦੀ ਲੰਬਾਈ ਮੌਸਮੀ ਸਾਲ ਤੋਂ ਤਕਰੀਬਨ ੨੦ ਮਿੰਟ ਵੱਧ ਹੋਣ ਕਰਕੇ ੭੧-੭੨ ਸਾਲਾਂ ਵਿੱਚ ਹੀ ੧ ਦਿਨ ਦਾ ਅਤੇ ੩੩੦੦ ਸਾਲ ਵਿੱਚ ਤਕਰੀਬਨ ੪੬ ਦਿਨ ਦਾ ਫਰਕ ਪੈ ਜਾਵੇਗਾ।
ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਵਿੱਚ ਜੋ ਸੋਧ ਕੀਤੀ ਗਈ ਹੈ ਉਹ ੧੯੬੪ ਵਿੱਚ ਦ੍ਰਿੱਕ ਗਣਿਤ ਅਨੁਸਾਰ ਸੋਧੇ ਹੋਏ ਬਿਕ੍ਰਮੀ ਕੈਲੰਡਰ ਮੁਤਾਬਕ ਕੀਤੀ ਗਈ ਹੈ। ਜਿਹੜਾ ਕਿ ਸਾਂਝੇ ਸਾਲ ਤੋਂ ਤਕਰੀਬਨ ੪੬ ਦਿਨ ਅਤੇ ਰੁੱਤੀ ਸਾਲ ਤੋਂ ਤਕਰੀਬਨ ੪੭ ਦਿਨ ਪਛੜ ਜਾਵੇਗਾ। ਇਸ ਤੋਂ ਇਲਾਵਾ ਇਹ ਸੋਧ ਕਿਸੇ ਵੀ ਸਿਧਾਂਤ ਅਨੁਸਾਰ ਨਹੀਂ ਬਲਕਿ ਬਿਕ੍ਰਮੀ ਕੈਲੰਡਰ ਤੇ ਨਾਨਕਸ਼ਾਹੀ ਕੈਲੰਡਰ ਦਾ ਮਿਲਗੋਭਾ ਕਰ ਦਿੱਤਾ ਗਿਆ ਹੈ ਕਿਉਂਕਿ ਇਸ ਦੀਆਂ ਸੰਗ੍ਰਾਂਦਾਂ ਤਾਂ ਬਿਕ੍ਰਮੀ ਕੈਲੰਡਰ ਵਾਲੀਆਂ ਕਰ ਦਿੱਤੀਆਂ ਪਰ ਗੁਰਪੁਰਬਾਂ ਤੇ ਇਤਿਹਾਸਕ ਦਿਹਾੜਿਆਂ ਦੀਆਂ ਕੁਝ ਤਰੀਖਾਂ ਨਾਨਕਸ਼ਾਹੀ ਅਤੇ ਕੁਝ ਬਿਕ੍ਰਮੀ ਕੈਲੰਡਰ ਦੇ ਚੰਦਰ ਮਹੀਨੇ ਦੀਆਂ ਤਿਥਾਂ ਅਨੁਸਾਰ ਕਰ ਦਿੱਤੀਆਂ ਹਨ। ਇਸ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ ੭, ੩ ਫਰਵਰੀ ਸੰਨ ੩੦੦੦ ਈਸਵੀ ਨੂੰ ਹੋਵੇਗਾ ਜਿਸ ਦਿਨ ੭ ਮਾਘ ਸੰਮਤ ੩੦੫੬ ਬਿਕ੍ਰਮੀ/੧੩੫੬ ਨਾਨਕਸ਼ਾਹੀ ਹੋਵੇਗੀ। ਜਦੋਂ ਕਿ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਵੀ ੨੩ ਪੋਹ/ ੫ ਜਨਵਰੀ ਨੂੰ ਹੈ, ੩੦੦੦ ਈਸਵੀ ਵਿੱਚ ਵੀ ੨੩ ਪੋਹ/ ੫ ਜਨਵਰੀ ਨੂੰ ਆਵੇਗਾ ਤੇ ਸਦਾ ਲਈ ਵੀ ਇਹ ੨੩ ਪੋਹ/ ੫ ਜਨਵਰੀ ਨੂੰ ਹੀ ਆਵੇਗਾ।
ਨਾਨਕਸ਼ਾਹੀ ਕੈਲੰਡਰ ਬਣਾੳਣ ਦੀ ਲੋੜ ਦੇ ਤਿੰਨ ਮੁੱਖ ਕਾਰਣ ਸਨ: ਗੁਰਬਾਣੀ ਵਿੱਚ ਮਹੀਨਿਆਂ ਦੀਆਂ ਵਰਨਣ ਕੀਤੀਆਂ ਰੁੱਤਾਂ ਉਸ ਮਹੀਨੇ ਵਿੱਚ ਆਈਆਂ ਕੁਦਰਤੀ ਰੁੱਤਾਂ ਦੇ ਅਨੂਕੂਲ ਹੋਣ; ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਹਮੇਸ਼ਾਂ ਲਈ ਸਥਿਰ ਤਰੀਖਾਂ ਨੂੰ ਆਉਣ ਤਾ ਕਿ ਸਾਨੂੰ ਯਾਦ ਰੱਖਣੀਆਂ ਆਸਾਨ ਹੋ ਜਾਣ ਤੇ ਤੀਸਰਾ ਕਾਰਣ ਸੀ ਕਿ ਖ਼ਾਲਸਾ ਪੰਥ ਦਾ ਆਪਣਾ ਵੱਖਰਾ ਕੈਲੰਡਰ ਹੋਵੇ ਜੋ ਰੁੱਤਾਂ ਨਾਲ ਜੁੜਿਆ ਰਹੇ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਿਆਂ ਸ: ਪਾਲ ਸਿੰਘ ਵੱਲੋਂ ਤਿਆਰ ਕੀਤਾ ਕੈਲੰਡਰ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ ਜਦੋਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੋਧਿਆ ਕੈਲੰਡਰ ਕਿਸੇ ਵੀ ਪੱਖ ਤੋਂ ਢੁੱਕਵਾਂ ਨਹੀਂ ਹੈ।
ਕਿਰਪਾਲ ਸਿੰਘ ਬਠਿੰਡਾ
ਮੋਬ: ੯੮੫੫੪੮੦੭੯੭

  


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.