ਰਾਹੁਲ ਗਾਂਧੀ ਦਾ ਨਿਜੀ ਦਰਦ ਬਨਾਮ ਸਿੱਖ ਜਗਤ ਦੀ ਸਾਂਝੀ ਪੀੜਾ
ਨੇੜ ਭਵਿਖ ਵਿੱਚ ਹੋ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਸਬੰਧ ਵਿੱਚ ਕਾਂਗ੍ਰਸ ਪਾਰਟੀ ਦੇ ਪ੍ਰਚਾਰ ਲਈ ਮੱਧ ਪ੍ਰਦੇਸ਼ ਦੇ ਕੀਤੇ ਗਏ ਆਪਣੇ ਦੌਰੇ ਦੌਰਾਨ ਕਾਂਗ੍ਰਸੀ ਨੇਤਾ ਰਾਹੁਲ ਗਾਂਧੀ ਵਲੋਂ ਮਤਦਾਤਾਵਾਂ ਦਾ ਭਾਵਨਾਤਮਕ ਸ਼ੋਸ਼ਣ ਕਰਨ ਦੇ ਉਦੇਸ਼ ਨਾਲ ਆਪਣੀ ਦਾਦੀ (ਇੰਦਰਾ ਗਾਂਧੀ) ਅਤੇ ਪਿਤਾ (ਰਾਜੀਵ ਗਾਂਧੀ) ਦੀ ਹਤਿਆ ਦਾ ਜ਼ਿਕਰ ਕਰਦਿਆਂ, ਆਪਣਾ ਨਿਜੀ ਦਰਦ ਪ੍ਰਗਟ ਕਰ, ਜੋ ਅਥਰੂ
ਵਹਾਏ ਗਏ, ਉਨ੍ਹਾਂ ਪੁਰ ਟਿੱਪਣੀ ਕਰਦਿਆਂ ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਇਸ ਗਲ ਦੀ ਹੈਰਾਨੀ ਹੈ ਕਿ ਰਾਹੁਲ ਗਾਂਧੀ
ਨੇ ਆਪਣੀ ਦਾਦੀ ਅਤੇ ਪਿਤਾ ਦੀ ਹਤਿਆ ਨਾਲ ਪੈਦਾ ਹੋਏ ਆਪਣੇ ਦਰਦ ਪੁਰ ਤਾਂ ਅਥਰੂ ਵਹਾ ਲਏ, ਪ੍ਰੰਤੂ ਆਪਣੀ ਦਾਦੀ ਵਲੋਂ ਸ੍ਰੀ
ਦਰਬਾਰ ਸਾਹਿਬ ਪੁਰ ਟੈਂਕਾਂ ਨਾਲ ਲੈਸ ਫੌਜਾਂ ਚੜ੍ਹ ਦਰਬਾਰ ਸਾਹਿਬ ਪੁਰ ਗੋਲੀਆਂ ਚਲਵਾ ਉਸਦੀਆਂ ਦੀਵਾਰਾਂ ਨੂੰ ਛਲਨੀ ਕਰ,ਸ੍ਰੀ
ਅਕਾਲ ਤਖਤ ਨੂੰ ਢਾਹ ਢੇਰੀ ਕਰਵਾ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਣ ਲਈ ਦਰਬਾਰ ਸਾਹਿਬ ਵਿਖੇ ਜੁੜੀਆਂ
ਹਜ਼ਾਰਾਂ ਬੇਗੁਨਾਹ ਸਿੱਖ-ਸੰਗਤਾਂ ਦਾ ਕਤਲ ਕਰਵਾ, ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਤੇ ਅਸਹਿ ਸੱਟ ਮਾਰੇ ਜਾਣ ਅਤੇ ਆਪਣੇ ਪਿਤਾ ਵਲੋਂ ਨਵੰਬਰ-੮੪ ਵਿੱਚ ਦੇਸ਼ ਭਰ ਵਿੱਚ ਮਾਰੇ ਗਏ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਹੋਏ ਕਤਲ, ਉਨ੍ਹਾਂ ਦੀ ਅਰਬਾਂ ਰੁਪਏ ਦੀ ਲੁਟੀ ਤੇ ਸਾੜੀ
ਗਈ ਜਾਇਦਾਦ ਨੂੰੰ, ਇਹ ਆਖ, ਕਿ 'ਜਬ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿਲਤੀ ਹੀ ਹੈ', ਜਾਇਜ਼ ਠਹਿਰਾਏ ਜਾਣ ਦੇ ਕੀਤੇ ਗਏ ਗੁਨਾਹ ਪੁਰ ਪਸ਼ਚਾਤਾਪ ਕਰ, ਦੋ ਅਥਰੂ ਤਕ ਬਹਾਏ ਜਾਣ ਦੀ ਲੋੜ ਨਹੀਂ ਸਮਝੀ। ਜਿਸ ਕਾਰਣ ਹਰ ਸਿੱਖ ਵਲੋਂ ਇਹ ਸੁਆਲ
ਉਠਾਇਆ ਜਾਣਾ ਸੁਭਾਵਕ ਹੈ ਕਿ ਕੀ ਸਿੱਖ, ਜਿਨ੍ਹਾਂ ਦੇਸ਼ ਦੀ ਅਜ਼ਾਦੀ ਦੀ ਜਦੋਜਹਿਦ ਵਿੱਚ ਅਤੇ ਅਜ਼ਾਦੀ ਤੋਂ ਬਾਅਦ ਦੇਸ਼ ਪੁਰ ਹੋਣ ਵਾਲੇ ਹਰ ਹਮਲੇ ਤੋਂ ਦੇਸ਼ ਦੀ ਰਖਿਆ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਦੇਸ਼ ਦੇ ਸਨਮਾਨਤ ਨਾਗਰਕ ਨਹੀਂ ਹਨ? ਕੀ ਉਨ੍ਹਾਂ ਦੀ ਪੀੜਾ, ਪੀੜਾ ਨਹੀਂ? ਰਾਹੁਲ ਗਾਂਧੀ ਨੂੰ ਆਪਣਾ ਨਿਜੀ ਦਰਦ ਤਾਂ ਮਹਿਸੂਸ ਹੋਇਆ, ਪ੍ਰੰਤੂ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਹੋਏ ਕਤਲ ਦਾ ਜੋ
ਦਰਦ ਸਿੱਖ ਜਗਤ ਬੀਤੇ ੨੯ ਵਰ੍ਹਿਆਂ ਤੋਂ ਆਪਣੇ ਪਿੰਡੇ ਹੰਡਾ ਰਿਹਾ ਹੈ, ਉਸਦਾ ਉਸਨੂੰ ਅਹਿਸਾਸ ਤਕ ਨਹੀਂ।
ਇਨ੍ਹਾਂ ਹੀ ਰਾਜਸੀ ਮਾਹਿਰਾਂ ਅਨੁਸਾਰ ਭਾਰਤੀ ਜਨਤਾ ਪਾਰਟੀ ਵਲੋਂ ਦੇਸ਼ ਦੇ ਭਵਿਖ ਦੇ ਪ੍ਰਧਾਨ ਮੰਤਰੀ ਵਜੋਂ ਨਾਮਜ਼ਦ ਨਰੇਂਦਰ ਮੋਦੀ
ਅਤੇ ਉਸਦੇ ਹੋਰ ਆਗੂਆਂ ਵਲੋਂ ਰਾਹੁਲ ਗਾਂਧੀ ਦੇ ਉਪ੍ਰੋਕਤ ਮੁੱਦੇ ਨਾਲ ਸਬੰਧਤ ਬਿਆਨ ਨੂੰ aਛਾਲ, ਨਵੰਬਰ-੮੪ ਦੇ ਸਿੱਖ ਕਤਲੇ-ਏ-ਆਮ ਦੀ ਚਰਚਾ ਛੇੜ ਸਿੱਖਾਂ ਦੀਆਂ ਜ਼ਖਮੀ ਭਾਵਨਾਵਾਂ ਨੂੰ ਕੁਰੇਦਣ ਦੀ ਕੌਸ਼ਿਸ਼ ਤਾਂ ਕੀਤੀ ਜਾ ਰਹੀ ਹੈ, ਪ੍ਰੰਤੂ ਉਨ੍ਹਾਂ ਵਲੋਂ ਇਸ ਗਲ ਦਾ ਜ਼ਿਕਰ ਤਕ ਨਹੀਂ ਕੀਤਾ ਜਾ ਰਿਹਾ ਹੈ ਕਿ 'ਪੀ ਐਮ ਇਨ ਵੇਟਿੰਗ' ਦੀ ਸੂਚੀ ਵਿੱਚ ਰਹੇ, ਉਨ੍ਹਾਂ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨ ਆਪ ਬੜੇ ਮਾਣ ਨਾਲ ਇਹ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ, ਭਾਜਪਾ ਨੇ ਹੀ ਦਬਾਉ ਬਣਾ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ਪੁਰ ਫੌਜੀ ਕਾਰਵਾਈ ਕਰਨ ਲਈ ਮਜਬੂਰ ਕਰ ਦਿੱਤਾ ਸੀ, ਜਿਸ ਕਾਰਣ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਪੁਰ ਹੀ ਡੂੰਘੀ ਸੱਟ ਵਜੀ, ਸਗੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਉਥੇ ਪੁਜੀਆਂ ਹੋਈਆਂ ਅਨਗਿਣਤ ਬੇਗੁਨਾਹ ਸਿੱਖ-ਸੰਗਤਾਂ ਵੀ ਸ਼ਹੀਦ ਹੋ ਗਈਆਂ। ਇਸ ਗੁਨਾਹ ਲਈ ਨਾ ਤਾਂ ਲਾਲ ਕ੍ਰਿਸ਼ਨ ਅਡਵਾਨੀ ਵਲੋਂ ਅਤੇ ਨਾ ਹੀ ਭਾਜਪਾ ਦੇ ਨੇਤਾਵਾਂ ਵਲੋਂ ਹੀ ਪਸ਼ਚਾਤਾਪ ਕੀਤਾ ਗਿਆ। ਇਸਦੇ ਨਾਲ ਹੀ ਇਹ ਸਵਾਲ ਵੀ ਉਭਰ ਕੇ ਸਾਹਮਣੇ ਆਉਂਦਾ ਹੈ ਕ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਸਿੱਖਾਂ ਪ੍ਰਤੀ ਹੇਜ ਜਤਾਣ ਵਾਲੀ ਭਾਜਪਾ ਦੇ ਸੱਤਾ ਅਧੀਨ ਰਾਜ ਗੁਜਰਾਤ, ਜਿਸਦਾ ਮੁੱਖ ਮੰਤਰੀ ਆਪ ਨਰੇਂਦਰ ਮੋਦੀ ਹੈ, ਵਿੱਚ ਕਈ ਦਹਾਕਿਆਂ ਤੋਂ ਵਸੇ ਚਲੇ ਆ ਰਹੇ ਸਿੱਖ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ ਹੈ। ਨਾ ਤਾਂ ਉਨ੍ਹਾਂ ਦੀ ਫਰਿਆਦ ਸੁਣੀ ਜਾ ਰਹੀ ਹੈ ਅਤੇ ਨਾ ਹੀ ਆਪਣੇ ਭਾਗੀਦਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਦੀ ਗਲ। ਇਥੋਂ ਤਕ ਕਿ ਹਾਈ ਕੋਰਟ ਵਲੋਂ ਉਨ੍ਹਾਂ ਦੇ ਹੱਕ ਵਿੱਚ ਦਿੱਤੇ ਗਏ ਹੋਏ ਫੈਸਲੇ ਨੂੰ ਵੀ ਸਵੀਕਾਰ ਨਹੀਂ ਕੀਤਾ ਜਾ ਰਿਹਾ। ਗੁਜਰਾਤ ਤੋਂ ਉਜਾੜੇ ਜਾ ਰਹੇ ਇਨ੍ਹਾਂ ਸਿੱਖ ਕਿਸਾਨਾਂ ਦੇ ਨਾਲ ਭਾਜਪਾ ਦੇ ਕਿਸੇ ਵੀ ਨੇਤਾ ਦਾ ਖੜਿਆਂ ਹੋਣਾ ਤਾਂ ਦੂਰ ਰਿਹਾ, ਕਿਸੇ ਭਾਜਪਾਈ ਨੇ ਉਨ੍ਹਾਂ ਪ੍ਰਤੀ ਹਮਦਰਦੀ ਦੇ ਦੋ ਸ਼ਬਦ ਤਕ ਕਹਿਣਾ ਵੀ ਜ਼ਰੂਰੀ ਨਹੀਂ ਸਮਝਿਆ। ਕੀ ਇਸ ਨਾਲ ਇਹ ਗਲ ਸਪਸ਼ਟ ਰੂਪ ਵਿੱਚ ਉਭਰ ਕੇ ਸਾਹਮਣੇ ਨਹੀਂ ਆਉਂਦੀ ਕਿ ਹਰ ਰਾਜਸੀ ਪਾਰਟੀ, ਭਾਵੇਂ ਕਾਂਗ੍ਰਸ ਹੋਵੇ ਜਾਂ ਭਾਜਪਾ ਜਾਂ ਫਿਰ ਕੋਈ ਹੋਰ, ਦੇ ਸਾਹਮਣੇ ਆਪੋ-ਆਪਣਾ ਰਾਜਨੀਤਕ ਸਵਾਰਥ ਹੈ। ਜਿਸਨੂੰ ਪੂਰਿਆਂ ਕਰਨ ਲਈ, ਉਨ੍ਹਾਂ ਦੇ ਨੇਤਾ ਆਮ ਸਿੱਖਾਂ ਦੀਆਂ ਭਾਵਨਾਵਾਂ ਦਾ ਸ਼ੌਸ਼ਣ ਕਰਨ ਦੇ ਉਦੇਸ਼ ਨਾਲ ਸਿੱਖ ਆਗੂਆਂ ਦੇ ਹੱਥ ਲਾਲੀ ਪਾਪ ਪਕੜਾ ਉਨ੍ਹਾਂ ਨੂੰ ਖ੍ਰੀਦ ਲੈਂਦੇ ਹਨ। ਸ਼ਾਇਦ ਜਨ-ਦਰਦ ਨੂੰ ਮਹਿਸੂਸ ਕਰਨ ਦੀ ਸਾਰਿਆਂ ਦੇ ਅੰਦਰ ਦੀ ਆਤਮਾ ਦਮ ਤੋੜ ਗਈ ਹੋਈ ਹੈ, ਸ਼ਾਇਦ ਇਸੇ ਕਾਰਣ ਹੀ ਕਿਸੇ ਦੇ ਵੀ ਦਿੱਲ ਨੂੰ ਲੋਕ-ਦਰਦ ਦੀਆਂ ਚੀਸਾਂ ਨਹੀਂ ਝੰਜੋੜੀਆਂ। ਇਹੀ ਕਾਰਣ ਹੈ ਕਿ ਅੱਜ ਕਿਸੇ ਦੇ ਸਾਹਮਣੇ ਵੀ ਜਨਹਿਤ ਦਾ ਮੁੱਦਾ ਨਹੀਂ ਰਹਿ ਗਿਆ ਹੋਇਆ। ਜੇ ਕਿਸੇ ਪਾਰਟੀ ਦੇ ਸਾਹਮਣੇ ਕੋਈ ਮੁੱਦਾ ਹੈ ਤਾਂ ਕੇਵਲ ਇਹ ਕਿ ਕਿਸ ਤਰ੍ਹਾਂ ਆਮ ਲੋਕਾਂ ਦਾ ਸ਼ੋਸ਼ਣ ਕਰ ਉਨ੍ਹਾਂ ਦੀਆਂ ਜ਼ਖਮੀ ਭਾਵਨਾਵਾਂ ਦੀ ਅੱਗ ਪੁਰ ਆਪਣੇ ਰਾਜਸੀ ਸਵਾਰਥ ਦੀਆਂ ਰੋਟੀਆਂ ਸੇਕੀਆਂ ਜਾਣ।
ਲਓ ਜੀ, ਮੁੜ ਆ ਗਿਐ ਜੇ ਨਵੰਬਰ ! : ਹਮੇਸ਼ਾਂ ਵਾਂਗ ਦੋਸ਼ੀਆਂ ਨੂੰ ਸਜ਼ਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਕੈਂਡਲ ਮਾਰਚ, ਰੋਸ ਮਾਰਚ ਤੇ ਪ੍ਰਦਰਸ਼ਨ ਕੀਤੇ ਅਤੇ ਮੰਗ ਪਤ੍ਰ ਦਿੱਤੇ ਜਾ ਰਹੇ ਹਨ। ਇਸਦੇ ਨਾਲ ਹੀ ਕੁਝ ਸੰਸਥਾਵਾਂ ਵਲੋਂ ਨਵੰਬਰ-੮੪ ਵਿੱਚ ਸ਼ਹੀਦ ਹੋਏ ਸਿੱਖਾਂ ਨੂੰ ਯਾਦ ਕਰਨ ਲਈ ਸ਼ਰਧਾਂਜਲੀ ਸਮਾਗਮ ਤੇ ਸ਼ੋਕ ਸਭਾਵਾਂ ਦੇ ਆਯੋਜਨ ਵੀ ਹੋ ਰਹੇ ਹਨ ਅਤੇ ਕੁਝ ਸੰਸਥਾਵਾਂ ਅਜਿਹੀਆਂ ਵੀ ਹਨ, ਜੋ ਨਵੰਬਰ-੮੪ ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਅਜੇ ਤਕ ਸਜ਼ਾਵਾਂ ਨਾ ਮਿਲਣ ਦੇ ਕਾਰਣਾਂ ਦੀ 'ਖੋਜ' ਕਰਨ ਲਈ ਹਰ ਸਾਲ ਵਾਂਗ 'ਸੈਮੀਨਾਰ' ਵੀ ਆਯੋਜਿਤ ਕਰ ਰਹੀਆਂ ਹਨ।
ਦੁਖਦਾਈ ਗਲ ਤਾਂ ਇਹ ਹੈ ਕਿ ਬੀਤੇ ਸਤਾਈ ਵਰ੍ਹਿਆਂ ਤੋਂ ਇਹ ਇਕ ਰਸਮ ਜਿਹੀ ਬਣੀ ਚਲੀ ਆ ਰਹੀ ਹੈ ਕਿ ਜਦੋਂ ਵੀ ਨਵੰਬਰ ਦੇ ਮਹੀਨੇ ਦੀ ਅਰੰਭਤਾ ਹੋਵੇ ਜਾਂ ਚੋਣਾਂ ਦਾ ਮੌਕਾ ਬਣੇ, ਪ੍ਰੈਸ ਕਾਨਫ੍ਰੰਸਾਂ ਕਰ ਪੀੜਤਾਂ ਨਾਲ ਹਮਦਰਦੀ ਪ੍ਰਗਟ ਕਰੋ, ਦੋਸ਼ੀਆਂ ਨੂੰ ਅਜੇ ਤਕ ਸਜ਼ਾ ਨਾ ਮਿਲ ਪਾਣ ਤੇ ਮਗਰਮੱਛੀ ਅਥਰੂ ਵਹਾਉ, ਕਾਂਗ੍ਰਸ ਨੂੰ ਦੋਸ਼ੀ ਗਰਦਾਨ ਕੇ ਕੋਸੋ ਅਤੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਦੀ ਮੰਗ ਨੂੰ ਲੈ ਕੇ ਰਾਸ਼ਟਰਪਤੀ, ਪ੍ਰਧਾਨ ਮੰਤ੍ਰੀ ਤੇ ਕਦੀ ਮਨੁਖੀ ਅਧਿਕਾਰ ਕਮਿਸ਼ਨ ਅਤੇ ਚੀਫ਼ ਜਸਟਿਸ ਤਕ ਨੂੰ ਮੰਗ-ਪਤ੍ਰ ਦੇ ਕੇ, ਆਪਣੇ ਆਪਨੂੰ ਪੀੜਤਾਂ ਦੇ 'ਸੱਚੇ' ਹਮਦਰਦ ਹੋਣ ਦਾ ਅਹਿਸਾਸ ਕਰਵਾਉ। ਜੇ ਹੋਰ ਵੀ ਕੁਝ ਕਰਨਾ ਹੋਵੇ ਤਾਂ ਕੈਂਡਲ ਅਤੇ ਰੋਸ ਮਾਰਚ ਹੀ ਕਰ ਲਉ, ਭਾਵੇਂ ਇਨ੍ਹਾਂ ਵਿੱਚ ਸ਼ਮਾਲ ਹੋਣ ਲਈ ਇਸਤਰ੍ਹਾਂ ਸਜ-ਧੱਜ ਕੇ ਪੁਜੋ, ਜਿਵੇਂ ਤੁਸੀਂ ਕਿਸੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਹੋ। ਫੋਟੋ ਖਿਚਵਾਉਣ ਲਈ ਇੱਕ-ਦੂਜੇ ਨੂੰ ਧੱਕੇ ਮਾਰ ਅੱਗੇ ਵਧੋ, ਇਨਸਾਫ਼ ਦਾ ਵਾਸਤਾ ਪਾ, ਬੰਦ ਦੇ ਸਦੇ ਦੇਵੋ, ਅਰਦਾਸ ਕਰ ਸ਼ਰਧਾਂਜਲੀ ਭੇਂਟ ਕਰੋ। ਫਿਰ ਆਪਣੇ ਫ਼ਰਜ਼ ਦੀ ਪੂਰਤੀ ਹੋ ਗਈ ਮੰਨ, ਏਅਰਕੰਡੀਸ਼ੰਡ ਕੋਠੀਆਂ ਜਾਂ ਦਫ਼ਤਰਾਂ ਵਿੱਚ ਜਾ ਬਿਰਾਜੋ। ਫਿਰ ਜਦੋਂ ਕਦੀ ਕਿਸੇ ਚੋਣ ਦਾ ਬਿਗ਼ਲ ਵਜੇ, ਝਟ ਏਅਰਕੰਡੀਸ਼ੰਡ ਕੋਠੀਆਂ ਅਤੇ ਦਫ਼ਤਰਾਂ ਵਿਚੋਂ ਬਾਹਰ ਨਿਕਲ, ਉਨ੍ਹਾਂ (ਪੀੜਤਾਂ) ਦੇ ਦਰਵਾਜ਼ੇ ਤੇ ਪੁਜ ਹੱਥ ਬੰਨ੍ਹੀ ਖੜੇ ਹੋ ਜਾਉ। ਇਨਾਸਫ਼ ਨਾ ਮਿਲਣ ਦਾ ਵਾਸਤਾ ਪਾ ਅਤੇ ਇਨਸਾਫ਼ ਦੁਆਉਣ ਤਕ, ਆਰਾਮ ਨਾਲ ਨਾ ਬੈਠਣ ਦਾ ਲਾਰਾ ਲਾ, ਉਨ੍ਹਾਂ ਦਾ ਰਾਜਸੀ ਤੇ ਭਾਵਨਾਤਮਕ ਸ਼ੋਸ਼ਣ ਕਰਨਾ ਸ਼ੁਰੂ ਕਰ ਦਿਉ।
ਲੋੜ ਹੈ ਇੱਕ ਕਮਸ਼ਿਨ ਦੀ : ਪੀੜਤਾਂ ਨੂੰ ਇਸ ਗਲ ਦਾ ਦੁੱਖ ਹੈ ਕਿ ਅਜੇ ਤਕ ਕਿਸੇ ਵਲੋਂ ਵੀ ਅਜਿਹੇ ਕਮਿਸ਼ਨ ਜਾਂ ਅਜਿਹੀ ਕਮੇਟੀ ਦਾ ਗਠਨ ਕਰਨ ਦੀ ਪਹਿਲ ਕਿਉਂ ਨਹੀਂ ਕੀਤੀ ਗਈ, ਜੋ ਇਸ ਗਲ ਦੀ ਜਾਂਚ-ਪੜਤਾਲ ਕਰੇ, ਕਿ ਪੀੜਤਾਂ ਦੀ ਮਦੱਦ ਕਰਨ ਦੇ ਨਾਂ ਤੇ ਜੋ ਕਮੇਟੀਆਂ ਹੋਂਦ ਵਿੱਚ ਆਈਆਂ ਸਨ, ਉਨ੍ਹਾਂ ਦੇ ਮੁੱਖੀਆਂ ਨੇ ਪੀੜਤਾਂ ਦੀ ਮਦੱਦ ਕਰਨ ਅਤੇ ਉਨ੍ਹਾਂ ਦੇ ਮੁੜ-ਵਸੇਬੇ ਵਿੱਚ ਭੂਮਿਕਾ ਅਦਾ ਕਰਨ ਦੇ ਨਾਂ ਤੇ ਅਪੀਲਾਂ ਅਤੇ ਦੇਸ਼-ਵਿਦੇਸ਼ ਦੇ ਦੌਰੇ ਕਰ, ਦੂਰ-ਦੁਰਾਡੇ ਵਸਦੇ ਸਿੱਖਾਂ ਦਾ ਭਾਵਨਾਤਮਕ ਸ਼ੋਸ਼ਣ ਕਰ, ਉਨ੍ਹਾਂ ਪਾਸੋਂ ਜੋ ਕਰੋੜਾਂਰੁਪਏ ਦੇ ਫੰਡ ਇਕਠੇ ਕੀਤੇ, ਉਨ੍ਹਾਂ ਦਾ ਕੀ ਬਣਿਆ ਹੈ? ਜਿਨ੍ਹਾਂ ਨੇ ਪੀੜਤ ਵਿਧਵਾਵਾਂ ਨੂੰ ਅਪਣੇ ਪੈਰਾਂ ਤੇ ਖੜਿਆਂ ਕਰ, ਆਤਮ-ਨਿਰਭਰ ਬਣਾਉਣ ਦੇ ਨਾਂ ਤੇ ਉਨ੍ਹਾਂ ਲਈ ਘਰੇਲੂ-ਉਦਯੋਗ ਸਥਾਪਤ ਕਰਨ ਅਤੇ ਉਨ੍ਹਾਂ ਨੂੰ ਸੀਣ-ਪਰੌਣ ਆਦਿ ਦਾ ਕੰਮ ਸਿਖਾਉਣ ਲਈ ਸਰਕਾਰ ਪਾਸੋਂ ਭਵਨ ਅਲਾਟ ਕਰਵਾਏ ਗਰਾਂਟਾਂ ਲਈਆਂ, ਸਰਕਾਰ ਤੇ ਆਮ ਸਿੱਖਾਂ ਪਾਸੋਂ ਲਖਾਂ ਰੁਪਏ ਦੇ ਫੰਡ ਅਤੇ ਮਸ਼ੀਨਾਂ ਤੇ ਹੋਰ ਸੰਦ ਆਦਿ ਲਏ? ਕਿਥੇ ਹਨ ਉਹ ਲੋਕੀਂ ਅਤੇ ਕਿਥੇ ਹਨ ਉਹ ਭਵਨ, ਮਸ਼ੀਨਾਂ, ਸੰਦ ਤੇ ਪੈਸੇ?
…ਅਤੇ ਅੰਤ ਵਿੱਚ : ਅਜ ਤਕ ਕਿਸੇ ਨੇ ਵੀ ਇਸ ਗਲ ਦੀ ਨਿਰਪੱਖ ਜਾਂਚ ਕਰਵਾਏ ਜਾਣ ਦੀ ਮੰਗ ਨਹੀਂ ਕੀਤੀ ਕਿ ਪੀੜਤਾਂ ਨੂੰ ਇਨਸਾਫ਼ ਨਾ ਮਿਲ ਪਾਣ ਲਈ ਕਿਤੇ ਉਹ ਲੋਕੀ ਹੀ ਤਾਂ ਜ਼ਿਮੇਂਦਾਰ ਨਹੀਂ, ਜੋ ਪ੍ਰਤੱਖ ਰੂਪ ਵਿੱਚ ਤਾਂ ਪੀੜਤਾਂ ਦੇ ਹਮਦਰਦ ਬਣਦੇ ਅਤੇ ਪਰਦੇ ਪਿੱਛੇ ਸਿੱਖ ਕਤਲੇਆਮ ਲਈ ਜ਼ਿਮੇਂਦਾਰ ਵਿਅਕਤੀਆਂ ਨਾਲ ਗੰਢ-ਤਰੁਪ ਕਰ, ਇਕ ਪਾਸੇ ਆਪਣੇ ਤੇ ਆਪਣੀਆਂ ਪਤਨੀਆਂ ਦੇ ਨਾਂ ਪਟਰੋਲ ਪੰਪ ਅਲਾਟ ਕਰਵਾਉਂਦੇ ਰਹੇ, ਗੁਨਾਹਗਾਰਾਂ ਦੀ ਮੱਦਦ ਨਾਲ ਜ਼ਮੀਨਾਂ ਤੇ ਕਬਜ਼ੇ ਕਰ, ਪਹਿਲਾਂ ਆਪਣੇ ਤੇ ਆਪਣੀਆਂ ਜ਼ਨਾਨੀਆਂ ਦੇ ਨਾਂ ਲਗਵਾਂਦੇ ਤੇ ਫਿਰ ਉਨ੍ਹਾਂ ਨੂੰ ਵੇਚ ਘਰ ਭਰਦੇ ਰਹੇ। ਦੂਜੇ ਪਾਸੇ ਪੀੜਤ ਗੁਆਹਵਾਂ ਦੇ ਕਤਲੇਆਮ ਦੇ ਦੋਸ਼ੀਆਂ ਨਾਲ ਸੌਦੇ ਕਰਵਾ, ਮੋਟੀਆਂ-ਮੋਟੀਆਂ ਦਲਾਲੀਆਂ ਵਸੂਲਦੇ ਰਹੇ। ਕੀ ਇਨ੍ਹਾਂ ਵਿਚੋਂ ਹੀ ਨਹੀਂ ਹਨ ਉਹ ਲੋਕੀ, ਜੋ ਹਰ ਵਰ੍ਹੇ ਨਵੰਬਰ ਆਉਂਦਿਆਂ ਹੀ, ਪੀੜਤਾਂ ਦੇ ਹਮਦਰਦ ਹੋਣ ਦਾ ਨਾਟਕ ਕਰ, ਬਿਆਨ ਦਾਗ, ਮੁਜ਼ਾਹਿਰੇ ਤੇ ਕੈਂਡਲ ਮਾਰਚ ਕਰ, ਇਨਸਾਫ ਦੁਆਉਣ ਦੇ ਲਾਰੇ ਲਾਉਣ ਲਈ ਸਰਗਰਮ ਹੋ ਜਾਂਦੇ ਹਨ?
-ਜਸਵੰਤ ਸਿੰਘ ‘ਅਜੀਤ’
98689 17731