ਜੀਵ ਅਤੇ ਜੂਨਾਂ-
ਅਜੋਕੇ ਸਮੇਂ ਦੇ ਇਕ ਵਿਦਵਾਨ ਸ: ਸਿੰਘ ਮ: ਜੀ, ਆਪਣੀਆਂ ਵੱਖਰੀ ਹੀ ਕਿਸਮ ਦੀਆਂ ਗੁਰਬਾਣੀ ਵਿਆਖਿਆਵਾਂ ਨਾਲ ਜਾਣੂ ਕਰਵਾਂਦੇ ਰਹਿੰਦੇ ਹਨ।‘84 ਲੱਖ, ‘ਵਿਚਾਰਾਂ ਦੇ ਜੰਮਣ ਮਰਨ ਵਾਲੀਆਂ ਜੂਨਾਂ’ ਅਤੇ ‘ਮਨਮੁਖਾ ਨੋ ਫਿਰਿ ਜਨਮ’, ਆਦਿ ਵਿਆਖਿਆਵਾਂ ਤੋਂ ਬਾਦ ਹੁਣ ਸ: ਸਿੰਘ ਮ: ਜੀ ਦੁਆਰਾ “ਜੀਵ
ਅਤੇ ਜੂਨਾਂ” ਦੀ ਕੀਤੀ ਵਿਆਖਿਆ ਬਾਰੇ ਵਿਚਾਰ ਪੇਸ਼ ਹਨ।
ਸ: ਸਿੰਘ ਮ: ਜੀ ਲਿਖਦੇ ਹਨ-
“ਜੀਵ”- ਜਿਸ ਤੋਂ ਅੱਗੇ ਵਿਕਾਸ ਹੋ ਸਕਦਾ ਹੈ ਉਸ ਨੂੰ “ਜੀਵ” ਕਿਹਾ ਜਾਂਦਾ ਹੈ-
“ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥” (472)
(ਵਿਚਾਰ- ਪਹਿਲਾਂ ਤਾਂ ਇਸ ਉਦਾਹਰਣ ਤੋਂ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਬਾਕੀ ਵਿਆਖਿਆ ਕਿਹੋ ਜਿਹੀ ਹੋਵੇਗੀ।“ਜੀਵ= ਜਿਸ ਤੋਂ ਅੱਗੇ ਵਿਕਾਸ ਹੋ ਸਕਦਾ ਹੈ” ਸਮਝਾਣ ਲਈ ਉਦਾਹਰਣ ਪੇਸ਼ ਕਰ ਰਹੇ ਹਨ-
“ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥”)
ਵਿਦਵਾਨ ਜੀ ਲਿਖਦੇ ਹਨ- “ਪਸ਼ੂ, ਪੰਛੀ, ਦਰਖਤ, ਮਨੁੱਖ ਕੀੜੇ ਆਦਿ .. (ਮਨੁੱਖ ਦੇ ਰੱਖੇ ਹੋਏ ਨਾਮ) ਸਭ ਜੀਵ ਹੀ ਹਨ। ਸਾਰੇ ਜੀਵ ਇੱਕ ਹੀ ਹਨ। ਸਿਰਫ ਅਕਾਰ (ਸਰੀਰ) ਵੱਖਰੇ ਵੱਖਰੇ ਹਨ, ਇਕ ਹੀ ਜੀਵ ਦਾ ਅੱਗੇ ਵਿਕਾਸ ਹੋਇਆ ਹੈ, ਅਤੇ ਹੋ ਰਿਹਾ ਹੈ”।*ਜੂਨਾਂ ਵੱਖਰੇ ਵੱਖਰੇ ਸੁਭਾਵ ਦਾ ਨਾਮ ਹੈ* ।.. ਗੁਰੂ ਜੀ ਨੇ ਮਾੜੇ ਸੁਭਾਵ ਦੀ ਗਿਣਤੀ ਜੂਨਾਂ ਵਿੱਚ ਕੀਤੀ ਹੈ”। ਮਿਸਾਲ ਦੇ ਤੌਰ ਤੇ “ਕੁੱਤਾ” ਵੀ ਇਕ ਜੀਵ ਹੈ, ਰੱਬ ਨੇ ਕੁੱਤੇ ਦੇ ਗਲ਼ ਵਿੱਚ ਫੱਟੀ ਪਾ ਕੇ ਨਹੀਂ ਭੇਜਿਆ ਕਿ ਤੇਰਾ ਨਾਮ ਕੁੱਤਾ ਹੈ। *ਕੁੱਤਾ ਨਾਮ ਉਸ ਦੇ ਸੁਭਾ ਦਾ ਹੈ,
ਇਹ ਨਾਮ ਵੀ ਉਸ ਦੇ ਲਾਲਚੀ ਸੁਭਾ ਨੂੰ ਦੇਖ ਕੇ ਮਨੁੱਖ ਨੇ ਹੀ ਦਿੱਤਾ ਹੈ*।
ਵਿਚਾਰ- ਇਸ ਨੂੰ ਵਿਦਵਾਨ ਜੀ ਦੀ ਲਿਆਕਤ ਦਾ ਮਿਆਰ ਕਿਹਾ ਜਾਵੇ ਜਾਂ ਜਾਣ ਬੁੱਝ ਕੇ ਗੁਰਮਤਿ ਦੇ ਅਸਲੀ ਸੰਦੇਸ਼ ਤੋਂ ਗੁਮਰਾਹ ਕਰਨ ਵਾਲਾ ਪ੍ਰਚਾਰ ?
ਜੀਵਾਂ ਦੀਆਂ ਅਸਲ ਜੂਨਾਂ ਨੂੰ ਵਿਦਵਾਨ ਜੀ ਜੂਨਾਂ ਮੰਨਣ ਲਈ ਤਿਆਰ ਨਹੀਂ। ਵਿਦਵਾਨ ਜੀ ਨਾਲ ਜਦੋਂ ਵੀ ਕਿਤੇ ਵਿਚਾਰ ਵਟਾਂਦਰਾ ਹੁੰਦਾ ਹੈ, ਇਹ ਇੱਕੋ ਹੀ ਗੱਲ ਕਰਦੇ ਹਨ ਕਿ ਸਭ ਇਕ ਦੀ ਖੇਡ ਹੈ ਇਸ ਲਈ ਸਭ ਜੀਵ ਇਕ ਬਰਾਬਰ ਹੀ ਹਨ। ਇਨ੍ਹਾਂ ਮੁਤਾਬਕ ਵਿਸ਼ਟਾ ਦੇ ਕੀੜੇ ਅਤੇ ਮਨੁੱਖ ਵਿੱਚ; ਗੁਰਮੁਖ ਅਤੇ ਮਨਮੁਖ ਵਿੱਚ ਕੋਈ ਫਰਕ ਨਹੀਂ। ਸਭ ਇਕ ਬਰਾਬਰ ਹਨ। ਸ: ਸਿੰਘ ਮ: ਜੀ ਲਿਖਦੇ ਹਨ “ਰੱਬ ਨੇ ਕੁੱਤੇ ਦੇ ਗਲ਼ ਵਿੱਚ ਫੱਟੀ ਪਾ ਕੇ ਨਹੀਂ ਭੇਜਿਆ ਕਿ ਤੇਰਾ ਨਾਮ ਕੁੱਤਾ ਹੈ। ਕੁੱਤਾ ਨਾਮ ਉਸ ਦੇ ਸੁਭਾ ਦਾ ਹੈ। ਹਾਥੀ ਨੂੰ ਕਾਮੀਂ ਜਾਨਵਰ ਮੰਨਿਆ ਜਾਂਦਾ ਹੈ, ਪਰ ਜਦੋਂ ਮਨੁੱਖ ਆਪ 5-5 ਸਾਲ ਦੀਆਂ ਬੱਚੀਆਂ ਨਾਲ ਬਲਾਤਕਾਰ ਕਰਦਾ ਹੈ ਫਿਰ ਉਸ ਨੂੰ ਕੀ ਕਿਹਾ ਜਾਵੇ ?”
ਕਿਆ ਅਜੀਬ ਸੋਚ ਅਤੇ ਦਲੀਲ ਹੈ ਵਿਦਵਾਨ ਜੀ ਦੀ, ਲਿਖਦੇ ਹਨ- ਰੱਬ ਨੇ ਕੁੱਤੇ ਦੇ ਗਲ਼ ਵਿੱਚ ਫੱਟੀ ਪਾ ਕੇ ਨਹੀਂ ਭੇਜਿਆ ਕਿ ਤੇਰਾ ਨਾਮ ਕੁੱਤਾ ਹੈ”।
ਜਾਣੀ ਕਿ- ਕਿਤੇ ਤੁਰੇ ਜਾਂਦਿਆਂ ਰਸਤੇ ਵਿੱਚ ਕੋਈ ਵਿਅਕਤੀ ਕਿਸੇ ਜੀਵ ਦੇ ਗੱਲ ਵਿੱਚ ਪਟਾ ਪਾਈ ਲਈ ਜਾਂਦਾ ਇਨ੍ਹਾਂ ਨੂੰ ਟਕਰਦਾ ਹੋਵੇਗਾ ਤਾਂ ਇਹ ਉਸ ‘ਜੀਵ’ ਨਾਲ ਗੱਲ ਬਾਤ ਕਰਕੇ ਪਤਾ ਲਗਾਂਦੇ ਹੋਣਗੇ ਜਾਂ ਉਸ ਵਿਅਕਤੀ ਨੂੰ ਪੁੱਛਦੇ ਹੋਣਗੇ ਕਿ ਇਸ ਦਾ ਸੁਭਾਵ ਲਾਲਚੀ ਹੈ ਜਾਂ ਕਾਮੀਂ ? ਅਰਥਾਤ ਇਹ ਕੁੱਤਾ ਹੈ ਜਾਂ ਹਾਥੀ ?
5-5 ਸਾਲ ਦੇ ਬੱਚਿਆਂ ਨਾਲ ਬਲਾਤਕਾਰ ਕਰਨ ਵਾਲੇ ਨੂੰ ਵਿਦਵਾਨ ਜੀ (ਕੁੱਤਾ, ਹਾਥੀ.. ਜਾਂ) ਜੋ ਮਰਜੀ ਨਾਮ ਦੇ ਲੈਣ। ਐਸਾ ਵਿਅਕਤੀ ਜੋ ਸਾਰੀ ਉਮਰ ਵਿਕਾਰਾਂ ਵਿੱਚ ਹੀ ਗੁਜ਼ਾਰ ਦਿੰਦਾ ਹੈ, ਦੂਸਰਾ ਕੋਈ ਉਸਨੂੰ ਜੋ ਮਰਜੀ ਕਹੀ ਜਾਵੇ, ਇਸ ਗੱਲ ਦੀ ਜੇ ਉਹ ਪਰਵਾਹ ਹੀ ਨਹੀਂ ਕਰਦਾ। ਦੁਨੀਆਂ ਭਰ ਦੇ ਵਿਕਾਰ ਕਰਕੇ ਵੀ ਉਹ ਕਿਸੇ ਤਰ੍ਹਾਂ ਕਾਨੂੰਨ ਦੀ ਸਜ਼ਾ ਪਾਣ ਤੋਂ ਬਚ ਜਾਂਦਾ ਹੈ ਤਾਂ ਐਸੇ ਵਿਅਕਤੀ ਲਈ ਗੁਰਬਾਣੀ ਦਾ ਕੀ ਫੁਰਮਾਨ ਹੈ ? ਇਸ ਗੱਲ ਦਾ ਜਵਾਬ ਵਿਦਵਾਨ ਜੀ ਕਦੇ ਨਹੀਂ ਦਿੰਦੇ।
ਵਿਦਵਾਨ ਜੀ ਲਿਖਦੇ ਹਨ- “ਗੁਰੂ ਜੀ ਨੇ ਮਾੜੇ ਸੁਭਾਵ ਦੀ ਗਿਣਤੀ ਜੂਨਾਂ ਵਿੱਚ ਕੀਤੀ ਹੈ”।
ਵਿਚਾਰ- ਇਨਸਾਨ ਦੇ ਮਾੜੇ ਸੁਭਾਵ ਦੀ ਗਿਣਤੀ ਜੂਨਾਂ ਵਿੱਚ ਕਰਨ ਨਾਲ ਕੀ ਅਸਲ ਵਿੱਚ ਜੋ ਵੱਖ ਵੱਖ ਨਸਲ ਦੀਆਂ ਜੂਨਾਂ ਹਨ
ਉਨ੍ਹਾਂ ਦੀ ਹੋਂਦ ਖਤਮ ਹੋ ਜਾਂਦੀ ਹੈ ? ਦੁਨੀਆਂ ਤੇ ਸਾਰੇ ਜੀਵਾਂ ਨੂੰ ਮਾੜੇ ਸੁਭਾਵ ਕਰਕੇ ਹੀ ਵੱਖ ਵੱਖ ਨਾਮ ਦਿੱਤੇ ਗਏ ਹਨ ਤਾਂ ਕੀ ‘ਚਾਰ ਪੈਰਾਂ, ਇੱਕ ਪੂਛ ਵਾਲੇ ਕੁੱਤੇ’ ਤੋਂ ਵੀ ਇੱਕ ਦਿਨ ਗੁਰਮੁਖ ਬੰਦਾ ਬਣਨ ਦੀ ਆਸ ਰੱਖੀ ਜਾ ਸਕਦੀ ਹੈ ? ਵਿਦਵਾਨ ਜੀ ਚਲਾਕੀ ਨਾਲ ਪਾਠਕਾਂ ਨੂੰ ਭੁਲੇਖੇ ਵਿੱਚ ਪਾਣ ਲਈ, ‘ਇਨਸਾਨ ਦੇ ਮਾੜੇ ਸੁਭਾਵ’ ਅਤੇ ‘ਅਸਲ ਵਿੱਚ ਜੋ ਵੱਖ ਵੱਖ ਜੂਨਾਂ ਦੇ ਜੀਵ ਹਨ’ ਇਨ੍ਹਾਂ ਦੋਨਾਂ
ਗੱਲਾਂ ਨੂੰ ਰਲਗੱਡ ਕਰ ਰਹੇ ਹਨ।
ਸ: ਸਿੰਘ ਮ: ਜੀ ਲਿਖਦੇ ਹਨ- “ਜੀਵ ਕਦੇ ਵੀ ਜਮਦਾ ਮਰਦਾ ਨਹੀ ਹੈ, ਜਿਵੇਂ ਇੱਕ ਹੀ ਮੋਮਬੱਤੀ ਤੋਂ ਅੱਗੇ (ਕਰੋੜਾਂ) ਅਨਗਿਣਤ ਮੋਮ ਬੱਤੀਆਂ ਜਗਾਈਆਂ ਜਾ ਸਕਦੀਆਂ ਹਨ। ਇਕ ਦਰਖਤ ਤੋਂ ਅੱਗੇ ਹੋਰ ਲੱਖਾਂ ਦਰਖਤ (ਜੀਵ) ਪੈਦਾ ਕੀਤੇ ਜਾ ਸਕਦੇ ਹਨ ਅਤੇ ਹੋ ਰਹੇ ਹਨ, ਇਕ ਮਨੁੱਖ ਤੋਂ ਅੱਗੇ ਹੋਰ ਮਨੁੱਖ (ਜੀਵ) ਪੈਦਾ ਹੋ ਸਕਦੇ ਹਨ ਅਤੇ ਹੋ ਰਹੇ ਹਨ, ਪਰ ਸ਼ੁਰੂਆਤ ਇਕ ਤੋਂ ਹੀ ਹੋਈ ਹੈ”। ਐਸਾ ਕੁੱਝ ਵੀ ਨਹੀ ਹੈ ਕਿ ਕਿਸੇ ਇੱਕ ਸਰੀਰ ਦੇ ਖਤਮ ਹੋਣ (ਮਰਨ) ਤੋ ਬਾਦ ਹੀ ਜੀਵ ਕਿਸੇ ਹੋਰ ਸਰੀਰ ਵਿੱਚ ਜਾਂਦਾ ਹੋਵੇ। ਮਿਸਾਲ ਦੇ ਤੌਰ
ਤੇ ਜਿਵੇ ਇੱਕ ਮੋਮਬੱਤੀ ਦੇ ਬੁਝਣ ਤੋਂ ਪਹਿਲਾਂ ਹੀ ਹੋਰ ਮੋਮਬੱਤੀਆਂ ਜਗ ਪੈਂਦੀਆਂ ਹਨ, ਅਤੇ ਬੁਝਣ ਵਾਲੀਆਂ ਮੋਮਬੱਤੀਆਂ ਦੀ ਅੱਗ ਬ੍ਰਹਿਮੰਡ ਵਿੱਚ ਸਮਾ ਜਾਂਦੀ ਹੈ, ਕਦੇ ਵੀ ਐਸਾ ਨਹੀਂ ਹੋਇਆ ਕਿ ਇੱਕ ਮੋਮਬੱਤੀ ਦੀ ਅੱਗ ਬੁਝਣ ਤੋਂ ਬਾਦ ਹੀ ਦੂਸਰੀ ਮੋਮਬੱਤੀ ਜਗੀ ਹੋਵੇ।
ਇਸੇ ਤਰਾਂ ਇੱਕ ਜੀਵਤ ਸਰੀਰ ਦੇ ਖਤਮ ਹੋਣ ਤੋਂ ਪਹਿਲਾਂ ਹੀ ਹੋਰ ਜੀਵਤ ਸਰੀਰ ਪੈਦਾ ਹੋ ਜਾਂਦੇ ਹਨ, ਅਤੇ ਖਤਮ ਹੋਣ ਵਾਲੇ ਜੀਵ
ਤੇ ਸਰੀਰ ਬ੍ਰਹਿਮੰਡ ਵਿੱਚ ਸਮਾ ਜਾਂਦੇ ਹਨ। ਸੱਭ ਕੁੱਝ ਇੱਕ ਤੋਂ ਹੀ ਅੱਗੇ ਅੱਗੇ ਵੱਧਦਾ ਜਾਂ ਰਿਹਾ ਹੈ ਅਤੇ ਪਿਛੇ ਪਿਛੇ ਇੱਕ ਵਿੱਚ ਹੀ ਸਮਾਈ ਜਾ ਰਿਹਾ ਹੈ”।
ਵਿਚਾਰ- ਵਿਦਵਾਨ ਜੀ ਇੱਥੇ ਵੀ ਭੁਲੇਖੇ ਵਿੱਚ ਲੱਗਦੇ ਹਨ। ਗੁਰਬਾਣੀ ਵਿੱਚ ਜੋ ਲਿਖਿਆ ਹੈ ਕਿ-ਜੀਵ ਜੰਮਦਾ ਮਰਦਾ ਨਹੀਂ,
ਮੋਮਬੱਤੀ ਦੇ ਜਗਣ ਬੁਝਣ ਵਾਲੀ ਮਿਸਾਲ ਇੱਥੇ ਸਹੀ ਨਹੀਂ ਬੈਠਦੀ । ਕਿਉਂਕਿ ਜੀਵ ਦੀ ਜੀਵਨ ਜੋਤ ਇੱਕ ਵਾਰੀਂ ਬੁਝ ਜਾਵੇ ਤਾਂ
ਮੁੜ ਕੇ ਜਗਾਈ ਨਹੀਂ ਜਾ ਸਕਦੀ, ਲੇਕਿਨ ਮੋਮਬੱਤੀ ਨੂੰ ਜਿੰਨੀ ਵਾਰੀਂ ਮਰਜੀ ਬੁਝਾ ਕੇ ਜਗਾਇਆ ਜਾ ਸਕਦਾ ਹੈ । ਅਤੇ
“ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ॥”
ਉਸ ਇਕ ਪਰਮਾਤਮਾ ਤੋਂ ਸਾਰਾ ਪਸਾਰਾ ਹੋਇਆ ਹੈ ਅਤੇ ਅੰਤ ਨੂੰ *ਉਸੇ ਇਕ ਵਿੱਚ* ਸਮਾ ਜਾਂਦਾ ਹੈ। ਪਰ ਇੱਕ ਮੋਮਬੱਤੀ ਤੋਂ ਹਜਾਰਾਂ ਮੋਮਬੱਤੀਆਂ ਜਗਾਕੇ, ਬੁਝਣ ਤੇ *ਉਸੇ ਇਕ ਮੋਮਬੱਤੀ ਵਿੱਚ* ਨਹੀਂ ਸਮਾ ਜਾਂਦੀਆਂ । ਨਾ ਹੀ ਮੋਮਬੱਤੀ ਦੀ ਮਿਸਾਲ ਆਵਾਗਵਣ ਸਿਧਾਂਤ ਲਈ ਫਿੱਟ ਬੈਠਦੀ ਹੈ ।
ਕਿਉਂਕਿ ਮੋਮਬੱਤੀ ਨੇ ਤਾਂ ਸਿਰਫ ਜਗਣਾ ਹੀ ਹੈ ਅਤੇ ਚਾਨਣ ਹੀ ਦੇਣਾ ਹੈ (ਜਾਂ ਜਰੂਰਤ ਅਤੇ ਤਜੁਰਬੇ ਮੁਤਾਬਕ ਇਸ ਨੂੰ ਵਰਤਣ ਵਾਲਾ ਕਿਸੇ ਹੋਰ ਕੰਮ ਲਈ ਵੀ ਵਰਤ ਸਕਦਾ ਹੈ)। ਇਸੇ ਤਰ੍ਹਾਂ ਹੋਰ ਜੂਨਾਂ ਲਈ ਵੀ ਇਹ ਗੱਲ ਮੰਨੀ ਜਾ ਸਕਦੀ ਹੈ । ਪਰ ਇਨਸਾਨ ਲਈ ਮੋਮਬੱਤੀ ਵਾਲੀ ਮਿਸਾਲ ਠੀਕ ਨਹੀਂ ਬੈਠਦੀ । ਕਿਉਂਕਿ ਇਨਸਾਨ ਨੇ ਜੱਗ ਤੇ ਆ ਕੇ ਚੰਗੀ ਜਾਂ ਮਾੜੀ *ਸੋਚ ਅਤੇ ਨੀਅਤ*
ਨਾਲ ਕੰਮ ਕਰਨੇ ਹਨ ਜਿਨ੍ਹਾਂ ਦਾ ਲੇਖਾ ਹੋਣਾ ਹੈ ਅਤੇ ਉਸ ਮੁਤਾਬਕ ਪ੍ਰਭੂ ਦੇ ਹੁਕਮ ਵਿੱਚ ਇਸ ਨੇ ਫਲ਼ ਭੁਗਤਣਾ ਜਾਂ ਭੋਗਣਾ ਹੈ।
ਵਿਦਵਾਨ ਜੀ ਲਿਖਦੇ ਹਨ- “ਇੱਕ ਜੀਵ ਤੋਂ ਅੱਗੇ ਹੋਰ ਜੀਵ ਪੈਦਾ ਹੋ ਸਕਦੇ ਹਨ ਅਤੇ ਹੋ ਰਹੇ ਹਨ, ਪਰ ਸ਼ੁਰੂਆਤ ਇੱਕ ਤੋਂ ਹੀ ਹੋਈ ਹੈ”।
ਵਿਚਾਰ- ਜੇਕਰ ਵਿਦਵਾਨ ਜੀ ਡਾਰਵਿਨ ਦੇ ਕਰਮ ਵਿਕਾਸ ਸਿਧਾਂਤ ਤੋਂ ਪ੍ਰਭਾਵਿਤ ਹੋ ਕੇ ਇਹ ਗਲ ਕਹਿ ਰਹੇ ਹਨ ਅਤੇ ਸਮਝ ਰਹੇ ਹਨ ਕਿ ਗੁਰਬਾਣੀ ਵਿੱਚ ਇਸੇ ਕਰਮ ਵਿਕਾਸ ਸਿਧਾਂਤ ਦਾ ਜ਼ਿਕਰ ਹੈ ਕਿ ਇੱਕ ਜੀਵ ਤੋਂ ਜੀਵਨ ਦੀ ਸ਼ੁਰੂਆਤ ਹੋਈ ਹੈ, ਤਾਂ ਉਨ੍ਹਾਂ ਨੂੰ
ਪਤਾ ਹੋਣਾ ਚਾਹੀਦਾ ਹੈ ਕਿ (ਜੇ ਕਰਮ ਵਿਕਾਸ ਸਿਧਾਂਤ ਨੂੰ ਸਹੀ ਮੰਨ ਵੀ ਲਿਆ ਜਾਵੇ ਤਾਂ) ਕਰੋੜਾਂ ਸਾਲਾਂ ਤੋਂ ਜਦੋਂ ਤੋਂ ਧਰਤੀ ਤੇ
ਜੀਵਨ ਪੈਦਾ ਹੋਇਆ ਹੈ ਓਦੋਂ ਤੋਂ ਇਹ ਵਿਕਾਸ ਆਪੇ ਹੀ ਹੋ ਰਿਹਾ ਹੈ ਅਤੇ ਹੋਈ ਜਾਣਾ ਹੈ । ਜੇ ਇਹ ਵਿਕਾਸ ਆਪੇ ਹੋਈ ਜਾ ਰਿਹਾ
ਹੈ ਅਤੇ ਉਹ ਜੀਵ ਵੀ ਵਿਕਾਸ ਕਰ ਰਹੇ ਹਨ ਜਿਨ੍ਹਾਂ ਨੂੰ ਕੋਈ ਸੋਝੀ ਵੀ ਨਹੀਂ ਜਾਂ ਨਾ-ਮਾਤਰ ਸੋਝੀ ਹੈ ਤਾਂ ਮਨੁੱਖ ਨੇ ਵੀ ਆਪੇ ਅੱਗੋਂ
ਵੀ ਵਿਕਾਸ ਕਰੀ ਜਾਣਾ ਹੈ ।
ਉਸ ਹਾਲਤ ਵਿੱਚ ਗੁਰਬਾਣੀ ਦੀ ਸਿੱਖਿਆ ਦਾ ਕੋਈ ਮਤਲਬ ਹੀ ਨਹੀਂ ਬਣਦਾ । ਵੈਸੇ ਗੁਰਬਾਣੀ ਵਿੱਚ ਆਵਾਗਵਣ ਦਾ ਸੰਬੰਧ ਚੰਗੀ ਮੰਦੀ ਸੋਚ ਨਾਲ ਕੀਤੇ ਚੰਗੇ ਮਾੜੇ ਕੰਮਾਂ ਨਾਲ ਹੈ, ਜਦਕਿ ਕਰਮ ਵਿਕਾਸ ਸਿਧਾਂਤ ਸਿਰਫ ਸਰੀਰਕ ਬਣਤਰ ਨਾਲ ਸੰਬੰਧਤ ਹੈ।
--------------
ਨੋਟ 1- “ਆਪਣੀ ਇਸੇ ਸੰਬੰਧਤ ਲਿਖਤ ‘ਜੀਵ ਅਤੇ ਜੂਨਾਂ’ ਵਿੱਚ ਵਿਦਵਾਨ ਜੀ ਲਿਖਦੇ ਹਨ- ‘ਪਸ਼ੂ, ਪੰਛੀ, ਦਰੱਖਤ, ਮੱਨੁਖ, ਕੀੜੇ ਆਦਿ… (ਜਿੰਨ੍ਹਾ ਨੂੰ
ਅਸੀਂ ਜੂਨਾਂ ਆਖਦੇ ਹਾਂ) ਨੂੰ ਰੱਬ ਵਲੋਂ ਕੋਈ ਸਜਾ ਨਹੀਂ ਦਿਤੀ ਹੋਈ, ਬਲਕੇ ਇਸ ਧਰਤੀ ਤੇ ਸੱਭ ਦੀ ਜਰੂਰਤ ਹੈ। ਮਿਸਾਲ ਦੇ ਤੌਰ ਤੇ ਦਰੱਖਤਾਂ ਤੋਂ ਬਿਨਾ ਅਸੀਂ ਇੱਕ ਸਾਹ ਵੀ ਨਹੀਂ ਲੈ ਸਕਦੇ, ਜੇ ਗੰਦਗੀ ਦੇ ਕੀੜੇ ਖਤਮ ਹੋ ਜਾਣ ਤਾਂ ਵੀ ਹਰ ਪਾਸੇ ਬਦਬੂ ਫੈਲ ਜਾਵੇਗੀ। ਇਸ ਧਰਤੀ ਤੇ ਹਰ ਇੱਕ ਜੀਵ ਦੀ ਕਿਸੇ ਦੂਸਰੇ ਜੀਵ ਨੂੰ ਜਰੂਰਤ ਹੈ………….”।
ਵਿਦਵਾਨ ਜੀ ਦੇ ਇਨ੍ਹਾਂ ਵਿਚਾਰਾਂ ਸੰਬੰਧੀ ਸਮਾਂ ਮਿਲਣ ਤੇ ਵੱਖਰੇ ਲੇਖ ਦੇ ਜਰੀਏ ਵਿਚਾਰ ਦਿੱਤੇ ਜਾਣਗੇ।
ਨੋਟ 2- ਇਹ ਲੇਖ ਸੰਬੰਧਤ ਲੇਖਕ ਸ: ਸਿੰਘ ਮ: ਜੀ ਨੂੰ ਈ ਮੇਲ ਦੇ ਜਰੀਏ ਭੇਜ ਦਿੱਤਾ ਗਿਆ ਹੈ ਤਾਂ ਕਿ ਇਸ ਸੰਬੰਧੀ ਆਪਣੀ
ਸਹੂਲਤ ਮੁਤਾਬਕ ਕਿਤੇ ਵੀ ਆਪਣੇ ਜਵਾਬੀ ਵਿਚਾਰ ਦੇਣੇ ਚਾਹਣ ਤਾਂ ਦੇ ਸਕਦੇ ਹਨ।
ਜਸਬੀਰ ਸਿੰਘ ਵਿਰਦੀ
ਜਸਬੀਰ ਸਿੰਘ ਵਿਰਦੀ
“ਅਜੋਕਾ ਗੁਰਮਤਿ ਪ੍ਰਚਾਰ?” ਭਾਗ-14
Page Visitors: 2704