ਖ਼ਬਰਾਂ
ਪ੍ਰੀਤੋ ਟਾਪ ਟੈਨ ਫ਼ੇਮ ਅੰਸ਼ੁ ਸਾਹਨੀ ਦਾ ਪਾਸਪੋਰਟ ਜਬਤ
Page Visitors: 2534
ਪ੍ਰੀਤੋ ਟਾਪ ਟੈਨ ਫ਼ੇਮ ਅੰਸ਼ੁ ਸਾਹਨੀ ਦਾ ਪਾਸਪੋਰਟ ਜਬਤ
· ਖੁਦ ਨੂੰ ਅਣਵਿਆਹੀ ਕਹਿ ਬਣਵਾਏ ਪਾਸਪੋਰਟ ’ਤੇ ਕੀਤੀ ਵਿਦੇਸ਼ ਸੈਰ
* ਐਸ.ਐਸ.ਪੀ. ਨੌਨਿਹਾਲ ਸਿੰਘ ਨੇ ਜਾਂਚ ਦੇ ਅਧਾਰ ’ਤੇ ਕੀਤੀ ਕਾਰਵਾਈ
ਚੰਡੀਗੜ੍ਹ, 28 ਅਕਤੂਬਰ (ਪੰਜਾਬ ਮੇਲ)- ਪੀ.ਟੀ.ਸੀ. ਟੀ.ਵੀ. ਚੈਨਲ ਦੇ ਪ੍ਰੋਗਰਾਮ ਪ੍ਰੀਤੋ ਟਾਪ ਟੈਨ ਨਾਲ ਮਸ਼ਹੂਰ ਹੋਈ ਪੰਜਾਬੀ ਫਿਲਮ ਅਭਿਨੈਤਰੀ ਅੰਸ਼ੁ ਸਾਹਨੀ ਵਲੋਂ ਵਿਆਹੇ ਹੋਣ ਦੇ ਬਾਵਜੂਦ ਖੁਦ ਨੂੰ ਅਣਵਿਆਹੀ ਦੱਸ ਕੇ ਬਣਵਾਏ ਪਾਸਪੋਰਟ ਨੂੰ ਖੇਤਰੀ ਪਾਸਪੋਰਟ ਦਫਤਰ (ਆਰ.ਪੀ.ਓ.) ਚੰਡੀਗੜ੍ਹ ਨੇ ਜਬਤ ਕਰ ਲਿਆ ਹੈ। ਇਹ ਕਾਰਵਾਈ ਚੰਡੀਗੜ੍ਹ ਦੇ ਸੈਕਟਰ-34 ਪੁਲਿਸ ਥਾਣੇ ਵਲੋਂ ਇਸ ਮਾਮਲੇ ਦੀ ਕੀਤੀ ਗਈ ਜਾਂਚ ਦੌਰਾਨ ਇਸ ਦੀ ਪੁਸ਼ਟੀ ਹੋ ਜਾਣ ’ਤੇ ਐਸ.ਐਸ.ਪੀ. ਨੌਨਿਹਾਲ ਸਿੰਘ ਵਲੋਂ ਪਾਸਪੋਰਟ ਦਫਤਰ ਨੂੰ ਲਿਖਤੀ ਤੌਰ ’ਤੇ ਰੁੱਕਾ ਭੇਜੇ ਜਾਣ ’ਤੇ ਕੀਤੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਅੰਸ਼ੁ ਸਾਹਨੀ ਦਾ ਵਿਆਹ ਸਾਲ 2006 ’ਚ ਲੁਧਿਆਣਾ ਰਹਿੰਦੇ ਹਰਜਿੰਦਰ ਸਿੰਘ ਨਾਮੀਂ ਵਿਅਕਤੀ ਨਾਲ ਹੋਇਆ ਸੀ, ਪਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਦੋਵਾਂ ’ਚ ਅਣਬਣ ਰਹਿਣ ਲੱਗ ਪਈ ਅਤੇ ਉਸ ਮਗਰੋਂ ਉਹ ਵੱਖਰੇ-ਵੱਖਰੇ ਰਹਿਣ ਲੱਗ ਪਏ। ਇਸੇ ਦੌਰਾਨ ਦੋਵਾਂ ਧਿਰਾਂ ਵਲੋਂ ਇੱਕ-ਦੂਜੇ ਖਿਲਾਫ਼ ਅਦਾਲਤੀ ਕੇਸ ਵੀ ਪਾਏ ਹੋਏ ਹਨ। ਪਰ ਇਸੇ ਦੌਰਾਨ ਹਰਜਿੰਦਰ ਸਿੰਘ ਮੁਤਾਬਿਕ ਉਸਨੂੰ ਆਪਣੀ ਪਤਨੀ ਵਲੋਂ ਗਲਤ ਜਾਣਕਾਰੀ ਦੇ ਆਧਾਰ ’ਤੇ ਵਿਦੇਸ਼ ਚਲੇ ਜਾਣ ਦੀ ਜਾਣਕਾਰੀ ਮਿਲੀ ਅਤੇ ਉਸਨੇ ਇਸ ਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਦਿੱਤੀ। ਸੈਕਟਰ-34 ਥਾਣੇ ਦੀ ਪੁਲਿਸ ਵਲੋਂ ਇਸ ਦੀ ਜਾਂਚ ਕੀਤੇ ਜਾਣ ’ਤੇ ਇਹ ਗੱਲ ਸਹੀ ਪਾਈ ਗਈ ਕਿ ਅੰਸ਼ੁ ਵਲੋਂ ਵਿਆਹ ਤੋਂ ਕਰੀਬ ਚਾਰ ਸਾਲ ਬਾਅਦ 13 ਸਤੰਬਰ 2010 ਨੂੰ ਬਣਵਾਇਆ ਗਿਆ ਪਾਸਪੋਰਟ ਜੇ-2448218 ਉਸ ਵਲੋਂ ਆਪਣੇ ਵਿਆਹੇ ਹੋਣ ਦੀ ਅਹਿਮ ਅਤੇ ਪਾਸਪੋਰਟ ਬਣਵਾਉਣ ਸਮੇਂ ਲਾਜ਼ਮੀ ਕਰਾਰ ਦਿੱਤੀ ਹੋਈ ਜਾਣਕਾਰੀ ਨੂੰ ਛੁਪਾ ਕੇ ਬਣਵਾਇਆ ਗਿਆ ਹੈ। ਜਿਸ ਉਤੇ ਐਸ.ਐਸ.ਪੀ. ਦਫਤਰ ਨੂੰ ਭੇਜੀ ਗਈ ਰਿਪੋਰਟ ’ਤੇ ਵਧੀਕ ਡੀ.ਏ. (ਲੀਗਲ) ਵਲੋਂ ਕਾਨੂੰਨੀ ਰਾਏ ਦਿੰਦੇ ਹੋਏ ਇਸ ਨੂੰ ਪਾਸਪੋਰਟ ਐਕਟ ਦੀ ਧਾਰਾ 12 ਦੇ ਤਹਿਤ ਅਪਰਾਧ ਕਰਾਰ ਦਿੰਦਿਆਂ ਪਾਸਪੋਰਟ ਅਥਾਰਟੀ ਨੂੰ ਉਕਤ ਪਾਸਪੋਰਟ ਜਬਤ ਜਾਂ ਰੱਦ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਗਈ। ਇਸ ’ਤੇ ਖੇਤਰੀ ਪਾਸਪੋਰਟ ਚੰਡੀਗੜ੍ਹ ਵਲੋਂ ਬੀਤੀ 12 ਸਤੰਬਰ ਨੂੰ ਹੀ ਅੰਸ਼ੁ ਨੂੰ ਨੋਟਿਸ ਜਾਰੀ ਕਰਦਿਆਂ 4 ਅਕਤੂਬਰ ਨੂੰ ਉਸਦਾ ਪਾਸਪੋਰਟ ਜਬਤ ਕਰ ਲਿਆ। ਖੇਤਰੀ ਪਾਸਪੋਰਟ ਅਧਿਕਾਰੀ ਵਲੋਂ ਇਸ ਬਾਰੇ ਪੁਛੇ ਜਾਣ ’ਤੇ ਪੁਲਿਸ ਦੀ ਜਾਂਚ ਮੁਤਾਬਿਕ ਭੇਜੀ ਗਈ ਸੂਚਨਾ ਮੁਤਾਬਿਕ ਕਾਰਵਾਈ ਕੀਤੀ ਗਈ ਹੈ। ਓਧਰ ਦੂਜੇ ਪਾਸੇ ਅੰਸ਼ੁ ਦੇ ਪਤੀ ਹਰਜਿੰਦਰ ਸਿੰਘ ਨੇ ਆਪਣੀ ਪਤਨੀ ਵਲੋਂ ਖੁਦ ਨੂੰ ਅਣਵਿਆਹੀ ਦੱਸ ਕੇ ਪਾਸਪੋਰਟ ਬਣਵਾਉਣ ਦਾ ਮਨੋਰਥ ਵਿਦੇਸ਼ ਭੱਜ ਕੇ ਦੂਜਾ ਵਿਆਹ ਕਰਵਾਏ ਜਾਣਾ ਦੱਸਿਆ ਹੈ। ਉਸਨੇ ਚੰਡੀਗੜ੍ਹ ਪੁਲਿਸ ’ਤੇ ਵੀ ਅਧੂਰੀ ਕਾਰਵਾਈ ਕਰਨ ਦਾ ਦੋਸ਼ ਲਗਾਉਂਦੇ ਹੋਏ ਇਸੇ ਸੈਕਟਰ-34 ਪੁਲਿਸ ਥਾਣੇ ’ਚ ਅਜਿਹੇ ਇਕ ਹੋਰ ਕੇਸ (ਮਿਤੀ 4 ਫਰਵਰੀ, 2013) ’ਚ ਐਫ਼.ਆਈ.ਆਰ ਨੰਬਰ 63 ਰਾਹੀਂ ਪਾਸਪੋਰਟ ’ਚ ਆਪਣੇ ਵਿਆਹ ਬਾਰੇ ਇਸੇ ਤਰ੍ਹਾਂ ਗਲਤ ਜਾਣਕਾਰੀ ਦੇਣ ਵਾਲੇ ਖਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 420 ਤਹਿਤ ਧੋਖਾਧੜੀ ਦੀ ਕਾਰਵਾਈ ਕਰਦਿਆਂ ਉਸਨੂੰ ਜੇਲ੍ਹ ਭੇਜ ਦਿੱਤਾ। ਉਸ ਨੇ ਆਪਣੀ ਪਤਨੀ ਅੰਸ਼ੁ ’ਤੇ ਵੀ ਪਾਸਪੋਰਟ ਬਣਵਾਉਣ ਲਈ ਪਹਿਲਾਂ ਪੁਲਿਸ ਨੂੰ, ਫਿਰ ਪਾਸਪੋਰਟ ਅਥਾਰਟੀ ਅਤੇ ਆਪਣੇ ਪਤੀ ਨਾਲ ਧੋਖਾਧੜੀ ਕਰਨ ਦਾ ਦੋਸ਼ ਲਗਾਉਂਦਿਆਂ ਇਸ ਕੇਸ ’ਚ ਵੀ ਧਾਰਾ 420 ਜੋੜਨ ਦੀ ਮੰਗ ਕਰਦਿਆਂ ਮਾਮਲਾ ਅਦਾਲਤ ਲਿਜਾਏ ਜਾਣ ਦੀ ਚਿਤਾਵਨੀ ਦਿ¤ਤੀ ਹੈ।