ਖ਼ਬਰਾਂ
ਹਾਂਗਕਾਂਗ ਵਿਖੇ ਅਗਵਾ ਕੀਤੇ ਤਿੰਨੋਂ ਪੰਜਾਬੀ ਰਿਹਾਅ
Page Visitors: 2473
ਹਾਂਗਕਾਂਗ ਵਿਖੇ ਅਗਵਾ ਕੀਤੇ ਤਿੰਨੋਂ ਪੰਜਾਬੀ ਰਿਹਾਅ
ਮਾਛੀਵਾੜਾ, 28 ਅਕਤੂਬਰ (ਪੰਜਾਬ ਮੇਲ)- ਕਰੋੜਾਂ ਰੁਪਏ ਦੀ ਜਾਇਦਾਦ ਦਾ ਹਾਂਗਕਾਂਗ ਵਿਖੇ ਇੱਕ ਕੰਪਨੀ ਨਾਲ
ਸੌਦਾ ਕਰਨ ਗਏ ਸਥਾਨਕ ਅਕਾਲੀ ਆਗੂ ਜਥੇਦਾਰ ਮਨਮੋਹਣ ਸਿੰਘ ਖੇੜਾ, ਮੁਹਾਲੀ ਦਾ ਵਕੀਲ ਐਡਵੋਕੇਟ ਗੁਰਿੰਦਰ ਸਿੰਘ ਗਿੱਲ ਤੇ ਬੈਂਕ ਮੈਨੇਜਰ ਸਤਵਿੰਦਰ ਸਿੰਘ ਮਾਵੀ ਨੂੰ ਅਗਵਾਕਾਰਾਂ ਨੇ ਰਿਹਾਅ ਕਰ ਦਿੱਤਾ ਹੈ।
ਜ਼ਿਲ੍ਹਾ ਖੰਨਾ ਦੇ ਐਸ.ਐਸ.ਪੀ. ਸੁਸ਼ੀਲ ਕੁਮਾਰ ਨੇ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਇਨ੍ਹਾਂ ਅਗਵਾ ਹੋਏ ਵਿਅਕਤੀਆਂ ਨੂੰ ਛੁਡਾਉਣ ਬਦਲੇ ਫਿਰੌਤੀ ਦੀ ਮੰਗ ਕੀਤੀ ਗਈ ਸੀ। ਫਿਰੌਤੀ ਦੀ ਰਕਮ ਲੈਣ ਹਾਂਗਕਾਂਗ ਤੋਂ ਆਏ ਸਿਮਰਨਜੀਤ ਸਿੰਘ
ਉਰਫ ਗੱਗੀ ਵਾਸੀ ਕਾਊਂਕੇ ਕਲਾਂ ਤਹਿਸੀਲ ਜਗਰਾਓਂ ਨੂੰ ਜਾਲ ਵਿਛਾ ਕੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮਾਛੀਵਾੜਾ ਦੇ ਅਕਾਲੀ ਆਗੂ ਮਨਮੋਹਣ ਸਿੰਘ ਖੇੜਾ ਵੱਲੋਂ ਕਰੀਬ 1 ਮਹੀਨਾ ਪਹਿਲਾਂ ਆਪਣੇ ਵਾਕਫ ਹਰਭਜਨ ਸਿੰਘ ਉਟਾਲਾਂ ਰਾਹੀਂ ਲੁਧਿਆਣਾ ਸਥਿਤ ਕੰਪਲੈਕਸ ਹਾਂਗਕਾਂਗ ਦੀ ਇੱਕ ਪਾਰਟੀ ਨੂੰ ਵੇਚਣ ਦੀ ਗੱਲ ਹੋਈ ਸੀ। ਸਿਮਰਨਜੀਤ ਸਿੰਘ ਉਰਫ ਗੱਗੀ ਵਾਸੀ ਕਾਉਂਕੇ ਕਲਾਂ ਨੇ ਇਸ ਕੰਪਲੈਕਸ ਦਾ ਸੌਦਾ 10 ਕਰੋੜ 90 ਲੱਖ ਵਿੱਚ ਤੈਅ ਕਰਵਾ ਦਿੱਤਾ। ਸੌਦਾ ਕਰਵਾਉਣ ਵਾਲੇ ਸਿਮਰਨਜੀਤ ਸਿੰਘ ਨੇ ਕਿਹਾ ਸੀ ਕਿ ਉਸਦੇ ਹਾਂਗਕਾਂਗ ਵਿੱਚ ਰਹਿੰਦੇ ਸਾਥੀ ਅਲੀ ਅਤੇ ਮਨਜਿੰਦਰ ਸਿੰਘ ਉਰਫ ਮਨੀ ਵਾਸੀ ਮੋਗਾ ਇਸ ਸੌਦੇ ਨੂੰ ਅੰਤਿਮ ਰੂਪ ਦੇਣਗੇ ਤੇ ਹਾਂਗਕਾਂਗ ਵਿਖੇ ਉਨ੍ਹਾਂ ਨੂੰ ਅਦਾਇਗੀ ਕਰ ਦਿੱਤੀ ਜਾਵੇਗੀ। ਇਸ ’ਤੇ ਜਥੇਦਾਰ ਮਨਮੋਹਣ ਸਿੰਘ ਖੇੜਾ, ਉਨ੍ਹਾਂ ਦਾ ਸਾਥੀ ਵਕੀਲ ਐਡਵੋਕੇਟ ਗੁਰਿੰਦਰ ਸਿੰਘ ਗਿੱਲ ਤੇ ਬੈਂਕ ਮੈਨੇਜਰ ਸਤਵਿੰਦਰ ਸਿੰਘ ਮਾਵੀ 23 ਅਕਤੂਬਰ ਨੂੰ ਹਾਂਗਕਾਂਗ ਲਈ
ਰਵਾਨਾ ਹੋਏ ਤੇ 24 ਨੂੰ ਹਵਾਈ ਅੱਡੇ ਤੋਂ ਸਿਮਰਨਜੀਤ ਸਿੰਘ ਗੱਗੀ ਉਨ੍ਹਾਂ ਨੂੰ ਲੈ ਗਿਆ।
ਇਸ ਤੋਂ ਬਾਅਦ ਹਾਂਗਕਾਂਗ ਤੋਂ ਅਗਵਾਕਾਰਾਂ ਨੇ ਖੇੜਾ ਦੇ ਭਰਾ ਨਗਿੰਦਰ ਸਿੰਘ ਨੂੰ ਦੱਸਿਆ ਕਿ ਉਨ੍ਹਾਂ ਦੇ ਤਿੰਨੋਂ ਵਿਅਕਤੀ ਉਨ੍ਹਾਂ
ਦੇ ਕਬਜ਼ੇ ਵਿੱਚ ਹਨ। ਅਗਵਾਕਾਰਾਂ ਉਨ੍ਹਾਂ ਨੂੰ ਛੁਡਾਉਣ ਬਦਲੇ 10 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਹ ਉਸ ਵਿਅਕਤੀ ਨੂੰ ਪੈਸੇ ਦੇ ਦੇਣ ਜਿਸਨੂੰ ਉਹ ਕਹਿਣਗੇ। ਸਾਜ਼ਿਸ ਤਹਿਤ 27 ਅਕਤੂਬਰ ਨੂੰ ਸਿਮਰਨਜੀਤ ਸਿੰਘ ਨੇ ਹਾਂਗਕਾਂਗ ਤੋਂ ਭਾਰਤ ਪਹੁੰਚ ਕੇ ਅਗਵਾ ਕੀਤੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਕਿ ਉਹ ਸਮਰਾਲੇ ਪਹੁੰਚ ਚੁੱਕਾ ਹੈ ਤੇ ਜੇ ਆਪਣੇ ਬੰਦੇ ਛੁਡਵਾਉਣੇ ਹਨ ਤਾਂ ਫਿਰੌਤੀ ਦੀ ਰਕਮ ਉਸ ਤੱਕ ਪਹੁੰਚਾ ਦਿੱਤੀ ਜਾਵੇ। ਅਗਵਾ ਕੀਤੇ ਗਏ ਖੇੜਾ ਦੇ ਭਰਾ ਨਗਿੰਦਰ ਸਿੰਘ ਨੇ 5 ਲੱਖ ਰੁਪਏ ਅਗਵਾਕਾਰਾਂ ਦੇ ਦੱਸੇ ਪਤੇ ’ਤੇ ਪਹੁੰਚਾ ਕੇ ਉਨ੍ਹਾਂ ਨੂੰ ਦੇ ਦਿੱਤੇ ਪਰ ਪੁਲਿਸ ਵੱਲੋਂ ਅਗਵਾਕਾਰਾਂ ਦੇ ਇਸ ਵਿਅਕਤੀ ਨੂੰ ਕਾਬੂ ਕਰਨ ਲਈ ਬਣਾਈ ਗਈ ਟੀਮ ਨੇ ਮੌਕੇ ’ਤੇ ਛਾਪਾ ਮਾਰ ਕੇ ਇਸ ਅਗਵਾ ਕਾਂਡ ਦੇ ਮੁੱਖ ਸੂਤਰਧਾਰ ਸਿਮਰਨਜੀਤ ਸਿੰਘ ਗੱਗੀ ਨੂੰ ਕਾਬੂ ਕਰ ਲਿਆ।
ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਭਾਰਤ ਵਿੱਚ ਜੋ ਉਸਦੇ ਸੰਪਰਕ ਵਿੱਚ ਹਨ ਤੇ ਇਸ ਅਗਵਾਕਾਂਡ ਵਿੱਚ ਸ਼ਾਮਿਲ ਹਨ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਦੀ ਮੁਸਤੈਦੀ ਕਾਰਨ ਹਾਂਗਕਾਂਗ ਵਿਖੇ ਅਗਵਾਕਾਰਾਂ ਨੇ ਅਗਵਾ ਕੀਤੇ ਜਥੇਦਾਰ ਮਨਮੋਹਣ ਸਿੰਘ ਖੇੜਾ, ਵਕੀਲ ਗੁਰਿੰਦਰ ਸਿੰਘ ਅਤੇ ਬੈਂਕ ਮੈਨੇਜਰ ਸਤਵਿੰਦਰ ਸਿੰਘ ਮਾਵੀ ਨੂੰ ਰਿਹਾਅ ਕਰ ਦਿੱਤਾ ਤੇ ਉਹ ਸ਼ਾਮ 6 ਵਜੇ ਰਿਹਾਅ ਹੋਣ ਤੋਂ ਬਾਅਦ ਭਾਰਤ ਰਵਾਨਾ ਹੋਣ ਲਈ ਹਵਾਈ ਅੱਡੇ ਪਹੁੰਚ ਚੁੱਕੇ ਸਨ। ਇਹ ਰਿਹਾਅ ਹੋਏ ਤਿੰਨੋਂ ਵਿਅਕਤੀ ਭਾਰਤ ਆਉਣ ਦੀ ਤਿਆਰੀ ਹੀ ਕਰ ਰਹੇ ਸਨ
ਕਿ ਇਹ ਅਗਵਾ ਕਾਂਡ ਦੇ ਮਾਮਲੇ ਵਿੱਚ ਇੰਟਰਪੋਲ ਦੀ ਵੀ ਸ਼ਮੂਲੀਅਤ ਹੋ ਗਈ। ਇਸ ਲਈ ਹਾਂਗਕਾਂਗ ਪੁਲਿਸ ਨੇ ਇਨ੍ਹਾਂ ਤਿੰਨੋਂ ਵਿਅਕਤੀਆਂ ਨੂੰ ਜਾਂਚ ਲਈ ਰੋਕ ਲਿਆ ਹੈ।