ਖ਼ਬਰਾਂ
ਡੇਢ ਲੱਖ ’ਚ ਮਾਪਿਆਂ ਨੇ ਲਸ਼ਕਰ ਨੂੰ ਵੇਚਿਆ ਸੀ ਕਸਾਬ
Page Visitors: 2520
ਡੇਢ ਲੱਖ ’ਚ ਮਾਪਿਆਂ ਨੇ ਲਸ਼ਕਰ ਨੂੰ ਵੇਚਿਆ ਸੀ ਕਸਾਬ
ਨਵੀਂ ਦਿੱਲੀ, (ਪੰਜਾਬ ਮੇਲ)-ਗਰੀਬੀ ਦੀ ਵਜ੍ਹਾ ਨਾਲ ਅਜਮਲ ਕਸਾਬ ਅੱਤਵਾਦੀ ਬਣਿਆ ਸੀ। ਇਸ ਗੱਲ ਦਾ ਖੁਲਾਸਾ ਪਾਕਿਸਤਾਨ ਦੀ ਇਕ ਮੰਨੀ-ਪ੍ਰਮੰਨੀ ਲੇਖਿਕਾ ਅਤੇ ਪੱਤਰਕਾਰ ਜੁਗਨੂੰ ਮੋਹਸਿਨ ਨੇ ਕੀਤਾ ਹੈ। ਉਸ ਨੇ ਦੱਸਿਆ ਕਿ ਕਸਾਬ ਦੇ ਮਾਤਾ-ਪਿਤਾ ਨੇ ਉਸ ਨੂੰ ਡੇਢ ਲੱਖ ਰੁਪਏ ’ਚ ਲਸ਼ਕਰ-ਏ-ਤਾਇਬਾ ਨੂੰ ਵੇਚ ਦਿੱਤਾ ਸੀ। ਜੁਗਨੂੰ ਮੋਹਸਿਨ ਨੇ ਕਿਹਾ ਕਿ ਉਸ ਦਾ ਘਰ ਕਸਾਬ ਦੇ ਪਿੰਡ ਫਰੀਦਕੋਟ ਤੋਂ 10 ਮੀਲ ਦੀ ਦੂਰੀ ’ਤੇ ਹੈ। ਜਦ ਮੁੰਬਈ ’ਚ 26 ਨਵੰਬਰ, 2008 ਨੂੰ ਹਮਲਾ ਹੋਇਆ ਤਾਂ ਉਸ ਸਮੇਂ ਉਹ ਦਿੱਲੀ ’ਚ ਹੀ ਸੀ ਅਤੇ ਉਸ ਨੇ ਇਕ ਵਿਅਕਤੀ ਨੂੰ ਸਚਾਈ ਜਾਣਨ ਲਈ ਫਰੀਦਕੋਟ ਭੇਜਿਆ ਸੀ। ਉਸ ਵਿਅਕਤੀ ਨੇ ਵਾਪਸ ਆ ਕੇ ਦੱਸਿਆ ਸੀ ਕਿ ਕਸਾਬ ਦੀ ਮਾਂ ਨੂਰੀ ਰੋ ਰਹੀ ਸੀ ਅਤੇ ਕਹਿ ਰਹੀ ਸੀ ਕਿ ਉਸ ਤੋਂ ਬਹੁਤ ਵੱਡੀ ਗਲਤੀ ਹੋ ਗਈ ਕਿ ਉਸ ਨੇ ਕਸਾਬ ਨੂੰ ਪੈਸਿਆਂ ਖਾਤਿਰ ਲਸ਼ਕਰ ਨੂੰ ਵੇਚ ਦਿੱਤਾ। ਪੱਤਰਕਾਰ ਮੋਹਸਿਨ ਦੀ ਇਸ ਗੱਲ ਦੀ ਪੁਸ਼ਟੀ ਕਸਾਬ ਦੇ ਇਕਬਾਲੀਆ ਬਿਆਨ ਤੋਂ ਵੀ ਹੋ ਜਾਂਦੀ ਹੈ ਜੋ ਉਸ ਨੇ ਨਾਰਕੋ ਟੈਸਟ ਦੌਰਾਨ ਦਿੱਤਾ ਸੀ ਕਿ ਪਿਤਾ ਆਮਿਰ ਸ਼ਾਹਬਨ ਕਸਾਬ ਨੇ ਉਸ ਨੂੰ ਪੈਸਿਆਂ ਖਾਤਿਰ ਅੱਤਵਾਦੀਆਂ ਨੂੰ ਵੇਚਿਆ ਸੀ। ਪੁੱਛਗਿੱਛ ’ਚ ਉਸ ਨੇ ਇਹ ਵੀ ਕਿਹਾ ਸੀ ਕਿ ਉਹ ਆਪਣੇ ਪਰਿਵਾਰ ਦੀ ਭਲਾਈ ਲਈ ਅੱਤਵਾਦੀ ਸੰਗਠਨ ਨਾਲ ਜੁੜਿਆ ਸੀ। ਕਸਾਬ ਦੇ ਪਿਤਾ ਆਮਿਰ ਸ਼ਾਹਬਨ, ਮਾਂ ਨੂਰੀ ਲਾਈ, ਛੋਟੀ ਭੈਣ ਸੁਰੱਈਆ ਅਤੇ ਛੋਟਾ ਭਰਾ ਮੁਨੀਰ 2008 ਦੇ ਮੁੰਬਈ ਹਮਲੇ ਤੋਂ ਬਾਅਦ ਫਰੀਦਕੋਟ ਪਿੰਡ ਛੱਡ ਕੇ ਦੌੜ ਗਏ ਸਨ ਅਤੇ ਕਦੇ ਵਾਪਸ ਨਹੀਂ ਆਏ। ਜੁਗਨੂੰ ਮੋਹਸਿਨ ਨੂੰ ਤਾਲਿਬਾਨ ਤੋਂ ਕਈ ਵਾਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਹਨ। ਉਸ ਨੇ ਦੱਸਿਆ ਕਿ ਇਸਲਾਮਿਕ ਉਗਰਵਾਦੀ ਸਮੂਹ ਪਾਕਿਸਤਾਨ ’ਚ ਆਰਥਿਕ ਰੂਪ ਤੋਂ ਕਮਜ਼ੋਰ, ਬੇਰੋਜ਼ਗਾਰ ਨੌਜਵਾਨਾਂ ਨੂੰ ਝਾਂਸੇ ’ਚ ਲੈ ਕੇ ਅੱਤਵਾਦ ਫੈਲਾਅ ਰਹੇ ਹਨ। ਉਸ ਨੇ ਕਿਹਾ ਕਿ ਤਾਲਿਬਾਨ ਪਾਕਿਸਤਾਨ ’ਚ ਅੱਤਵਾਦ ਨੂੰ ਸ਼ਹਿ ਦੇ ਰਿਹਾ ਹੈ।