ਕੈਟੇਗਰੀ

ਤੁਹਾਡੀ ਰਾਇ



Jarnail Singh Sydney, Australia
ਏਤੀ ਮਾਰ ਪਈ ਕਰਲਾਣੇ
ਏਤੀ ਮਾਰ ਪਈ ਕਰਲਾਣੇ
Page Visitors: 7

ਏਤੀ ਮਾਰ ਪਈ ਕਰਲਾਣੇ
ਜਰਨੈਲ਼ ਸਿੰਘ
ਸਿਡਨੀ ਅਸਟ੍ਰੇਲੀਆ
ਉਪਰੋਕਿਤ ਸਤਰਾਂ ਗੂਰੂ ਗ੍ਰੰਥ ਸਾਹਿਬ ਦੇ ਪੰਨਾ 360 ਤੇ ਅੰਕਿਤ ਗੁਰ ਨਾਨਕ ਸਾਹਿਬ ਦੇ ਸ਼ਬਦ ਵਿਚੋਂ ਹਨ।ਇਹ ਸ਼ਬਦ ਬਾਬਰ ਦੇ ਹਿੰਦੁਸਤਾਨ ਉੱਪਰ ਹਮਲੇ ਵਾਰੇ ਹੈ। ਇਹਨਾ ਸਤਰਾਂ ਦੇ ਹਵਾਲੇ ਨਾਲ ਅਕਸਰ ਕਿਹਾ ਜਾਂਦਾ ਹੈ ਕਿ ਗੁਰ ਨਾਨਕ ਸਾਹਿਬ ਰੱਬ ਨੂੰ ਮਿਹਣਾ ਮਾਰ ਰਹੇ ਨੇ ਜਾਂ ਸ਼ਿਕਵਾ ਕਰ ਰਹੇ ਨੇ ਕਿ ਇੰਨਾ ਜੁਲਮ ਹੋ ਗਿਆ ਪਰ ਰੱਬ ਜੀ ਤੈਨੂੰ ਫਿਰ ਵੀ ਰੋਂਦੀ ਕੁਰਲਾਉਂਦੀ ਖਲਕ ਦਾ ਕੋਈ ਦਰਦ ਨ ਆਇਆ।
  
ਮਨ ਵਿੱਚ ਸਵਾਲ ਉੱਠਦਾ ਹੈ ਕਿ ਕੀ ਗੁਰ ਨਾਨਕ ਸਾਹਿਬ ਆਪਣੇ ਰੱਬ ਨੂੰ ਕਦੀ ਮਿਹਣਾ ਵੀ ਮਾਰ ਸਕਦੇ ਨੇ।
ਗੁਰਮਤ ਵਿੱਚ ਤਾਂ ਰੱਬ ਨੂੰ ਨਿਰਵੈਰ ਮੰਨਿਆ ਗਿਆ ਹੈ।ਮੂਲ ਮੰਤਰ ਵਿੱਚ ਹੀ ਇਹ ਗੱਲ ਪੱਕੀ ਕਰ ਦਿੱਤੀ ਗਈ ਏ।
 
ਜੋ ਹੈ ਹੀ ਨਿਰਵੈਰ ਉਸ ਨਾਲ ਤਾਂ ਕੋਈ ਤਾਹਨਾਂ ਜਾਂ ਮਿਹਣਾ ਨਹੀਂ ਬਣਦਾ। ਫਿਰ ਵਾਰ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੱਲ ਵੀ ਕਹੀ ਗਈ ਹੈ ਕਿ ਰੱਬ ਹਮੇਸ਼ਾ ਨਿਆਂ ਕਰਦਾ ਏ।ਮਸਲਨ:
   ਪੂਰਾ ਨਿਆਉ ਕਰੇ ਕਰਤਾਰੁ॥ (ਪੰਨਾ 199)
   ਤੇਰੇ ਘਰਿ ਸਦਾ ਸਦਾ ਹੈ ਨਿਆਉ॥ ( ਪੰਨਾ 376)
  ਹੁਣ ਜਿਸ ਰੱਬ ਨੂੰ ਗੁਰਮਤ ਨਿਆਂ ਕਰਨ ਵਾਲਾ ਕਹਿੰਦੀ ਤੇ ਮੰਨਦੀ ਹੈ, ਕੀ ਉਸ ਨੂੰ ਕੋਈ ਮਿਹਣਾ ਮਾਰਨਾ ਬਣਦਾ ਹੈ। ਸੋ ਇਹ ਗੱਲ ਬੇਤੁਕੀ ਲਗਦੀ ਹੈ ਕਿ ਗੁਰ ਨਾਨਕ ਸਾਹਿਬ ਕਦੇ ਆਪਣੇ ਨਿਰਵੈਰ ਤੇ ਨਿਆਂ ਕਰਨ ਵਾਲੇ ਰੱਬ ਨੂੰ ਮਿਹਣਾ ਮਾਰਨਗੇ। ਕੀ ਅਸੀਂ ਇਸ ਸ਼ਬਦ ਨੂੰ ਸਮਝਣ ਵਿੱਚ ਟਪਲਾ ਤਾਂ ਨਹੀਂ ਖਾ ਰਹੇ।ਧਿਆਨ ਨਾਲ ਵਿਚਾਰਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਸ ਸ਼ਬਦ ਵਿੱਚ ਗੁਰਮਤ ਦੇ ਦੋ ਸੰਕਲਪ ਪੇਸ਼ ਕੀਤੇ ਗਏ ਨੇ।
  •
ਰੱਬ ਦਾ ਸੰਕਲਪ
 •
ਇਤਿਹਾਸ ਦਾ ਸੰਕਲਪ
  ਅਗਰ ਅਸੀਂ ਇਹ ਦੋ ਸੰਕਲਪ ਸਮਝ ਕੇ ਲੜ੍ਹ ਬੰਨ ਲਈਏ ਤਾਂ ਅਸੀਂ ਸ਼ਬਦ ਦੇ ਸਹੀ ਅਰਥ ਵੀ ਸ਼ਮਝ ਜਾਵਾਂਗੇ।
  
ਆਉ ਹੁਣ ਇਸ ਸ਼ਬਦ ਨੂੰ ਸਮਝਣ ਦਾ ਯਤਨ ਕਰੀਏ।ਸ਼ਬਦ ਦਾ ਪੂਰਾ ਪਾਠ ਇਸ ਤਰ੍ਹਾਂ ਹੈ।
   
ਆਸਾ ਮਹਲਾ ੧ ॥
  
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥
  
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥
  
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥

  ਕਰਤਾ ਤੂੰ ਸਭਨਾ ਕਾ ਸੋਈ ॥
 
 ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥
  
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥
  
ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰ ਨ ਕਾਈ ॥
 
 ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥੨॥

  ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ
  
ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥
  
ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥੩॥੫॥੩੯॥ {ਪੰਨਾ 360}

  ਸ਼ਬਦ ਦੀ ਰਹਾਉ ਵਾਲੀ ਤੁਕ ਵਿੱਚ ਗੁਰ ਨਾਨਕ ਸਾਹਿਬ ਕਹਿੰਦੇ ਨੇ ਕਰਤਾਰ ਸਭਨਾ ਦਾ ਖਿਆਲ ਕਰਦਾ ਹੈ।
  
ਇਸੇ ਕਰਕੇ ਅਗਰ ਬਰਾਬਰ ਦੀ ਟੱਕਰ ਵਿੱਚ ਇੱਕ ਦੂਜੇ ਨੂੰ ਮਾਰ ਪੈਂਦੀ ਹੈ ਤਾਂ ਕੋਈ ਗੁੱਸਾ ਗਿਲਾ ਨਹੀਂ ਬਣਦਾ।
  
ਪਰ ਇੱਥੇ ਗੁੱਸਾ ਗਿਲਾ ਹੈ ਪਰ ਕਿਸ ਨਾਲ ਹੈ ਇਹ ਅੱਗੇ ਸ਼ਬਦ ਵਿੱਚ ਸਪਸ਼ਟ ਹੋ ਜਾਂਦਾ ਹੈ।
2
ਸ਼ਬਦ ਦੇ ਪਹਿਲੇ ਬੰਦ ਦੀ ਦੁਜੀ ਤੁਕ ਵਿੱਚ ਹੀ ਗੁਰ ਨਾਨਕ ਸਾਹਿਬ ਰੱਬ ਨੂੰ ਦੋਸ਼ ਮੁਕਤ ਕਰ ਦਿੰਦੇ ਨੇ।ਜਿਸ ਦਾ ਦੋਸ਼ ਹੀ ਨਹੀਂ ਉਸ ਨੂੰ ਕਿਸੇ ਵੀ ਗੱਲ ਦਾ ਉਲਾਹਮਾਂ ਦੇਣਾ ਨਹੀਂ ਬਣਦਾ। ਦਰਅਸਲ ਇਹ ਬੰਦ ਬਾਬਰ ਵਾਰੇ ਹੈ।
ਉਸ ਨੇ ਖੁਰਸਾਨ ਤੇ ਕਬਜ਼ਾ ਕੀਤਾ, ਫਿਰ ਹਿੰਦੁਸਤਾਨ ਤੇ ਹਮਲਾ ਕਰ ਕੇ ਦਹਿਸ਼ਤ ਫਲਾ ਦਿੱਤੀ।ਦੂਜੀ ਤੁਕ ਜਿਸਦਾ ਮੈ ਉਪਰ ਜ਼ਿਕਰ ਕੀਤਾ ਹੈ ਵਿੱਚ ਗੁਰਮਤ ਦੇ ਰੱਬ ਦਾ ਸੰਕਲਪ ਬਿਆਨ ਕੀਤਾ ਹੈ।ਗੁਰਮਤ ਅਨੁਸਾਰ ਰੱਬ ਕੋਈ ਅਵਤਾਰੀ ਪੁਰਸ਼ ਨਹੀ ਹੈ ਜੋ ਦੁਨੀਆਂ ਵਿੱਚ ਇਨਸਾਫ ਸਥਾਪਿਤ ਕਰਨ ਲਈ ਦੁਸ਼ਟਾਂ ਨੂੰ ਸਜ਼ਾ ਦਿੰਦਾ ਹੈ।ਰੱਬ ਕੋਈ ਰਾਮ ਜਾਂ ਕ੍ਰਿਸ਼ਨ ਬਣ ਕੇ ਕਿਸੇ ਰਾਵਣ ਜਾਂ ਕੰਸ ਨੂੰ ਸਜ਼ਾ ਨਹੀਂ ਦਿੰਦਾ। ਉਹ ਕਿਤੇ ਨਹੀਂ ਗਿਆ ਬਲਕਿ ਆਦਿ ਕਾਲ ਤੋਂ ਬਲਹਿਾਰੀ ਕੁਦਰਤ ਵਸਿਆ ਹੋਇਆ ਹੈ।
 
ਗੁਰਮਤ ਅਨੁਸਾਰ ਰੱਬ ਦੀ ਕੁਦਰਤ ਦਾ ਇੱਕ ਵਿਧੀ ਵਿਧਾਨ ਹੈ ਜੋ ਆਪਣੇ ਆਪ ਸਦੀਵ ਹੀ ਕਾਰਜਸ਼ੀਲ ਹੈ।
ਇਸੇ ਵਿਧੀ ਵਿਧਾਨ ਅੰਦਰ ਜਦੋਂ ਕੋਈ ਰਾਜਾ ਆਪਣਾ ਫਰਜ ਭੁਲਾ ਰੰਗ ਰਲੀਆਂ ਵਿੱਚ ਮਸਤ ਹੋ ਜਾਂਦਾ ਹੈ ਤਾਂ ਦੂਸਰਾ ਰਾਜਾ ਲਾਲਚ ਵੱਸ ਇਹ ਮੌਕਾ ਤਾੜ ਉਸ ਤੇ ਹਮਲਾ ਕਰਦਾ ਹੈ।ਇਸੇ ਵਿਧੀ ਵਿਧਾਨ ਦੇ ਅੰਦਰ ਬਾਬਰ ਜਮ ਬਣ ਕੇ ਹਿੰਦੁਸਤਾਨ ਤੇ ਆ ਚੜਿਆ।ਪਰ ਉਸ ਨੇ ਬੇਤਹਾਸ਼ਾ ਜੁਲਮ ਕੀਤੇ।ਅਗਰ ਉਹ ਇੱਥੋਂ ਦੇ ਰਾਜੇ ਨਾਲ ਹੀ ਦੋ ਹੱਥ ਕਰਦਾ ਤਾਂ ਕਿਸੇ ਨੂੰ ਕੋਈ ਗੁੱਸਾ ਗਿਲਾ ਨਹੀਂ ਸੀ।ਪਰ ਉਸ ਨੇ ਤਾਂ ਆਮ ਲੋਕਾਈ ਤੇ ਬੇਤਹਾਸ਼ਾ ਜੁਲਮ ਢਾਏ।ਯਾਦ ਰਹੇ ਗੁਰ ਨਾਨਕ ਸਾਹਿਬ ਦਾ ਇੱਕ ਸਤਰ ਵਾਲ ਸ਼ਬਦ,
“ਲਾਹੌਰ ਸਹਰੁ ਜ਼ਹਰੁ ਕਹਰੁ ਸਵਾ ਪਹਰੁ॥”(ਪੰਨਾ 1412) ਵੀ ਇਸੇ ਸੰਦਰਭ ਵਿੱਚ ਉਚਾਰਿਆ ਗਿਆ ਹੈ।
ਇਸ ਕਤਲੋ ਗਾਰਤ ਨੂੰ ਦੇਖ ਹੀ ਗੁਰ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ ਸੀ।ਉਸੇ ਨਾਲ ਹੀ ਗੁੱਸਾ ਗਿਲਾ ਹੈ ਤੇ ਉਸੇ ਨੂੰ ਹੀ ਸਵਾਲ ਕਰ ਰਹੇ ਨੇ ਕਿ ਕੀ ਤੇਰੇ ਅੰਦਰ ਕੋਈ ਇਨਸਾਨੀਅਤ ਦਾ ਦਰਦ ਬਾਕੀ ਹੈ ਜਾਂ ਨਹੀਂ।
ਸ਼ਬਦ ਦੇ ਦੂਜੇ ਤੇ ਤੀਜੇ ਬੰਦਾਂ ਵਿੱਚ ਗੁਰ ਨਾਨਕ ਸਾਹਿਬ ਇਸ ਸਾਰੇ ਘਟਨਾ ਕਰਮ ਨੂੰ ਆਪਣੇ ਸਿਧਾਂਤਿਕ ਨਜ਼ਰੀਏ ਤੋ ਵਿਚਾਰਦੇ ਨੇ।ਦੂਜੇ ਬੰਦ ਵਿੱਚ ਹਾਕਮ ਜਾਂ ਰਾਜਿਆਂ ਦੀ ਜੁੰਮੇਵਾਰੀ ਬਿਆਨ ਕਰਦਿਆਂ ਆਖਦੇ ਨੇ ਕਿ ਪਰਜਾ ਦੀ ਸਲਾਮਤੀ ਦੀ ਜੁੰਮੇਵਾਰੀ ਉਹਨਾਂ ਦੇ ਸਿਰ ਹੈ।ਇਹ ਗੱਲ ਜਾਨਵਰਾਂ ਵਿੱਚ ਵੀ ਆਮ ਦੇਖੀ ਜਾਂਦੀ ਹੈ ਕਿ ਝੁੰਡ ਦਾ ਸਰਗਣਾ ਆਪ ਅੱਗੇ ਹੋ ਕਿ ਹਮਲਾਵਰ ਦਾ ਮੁਕਾਬਲਾ ਕਰਦਾ ਹੈ। ਅੱਜ ਵੀ ਅਗਰ ਕਿਸੇ ਦੇਸ਼ ਦਾ ਨਾਗਰਿਕ ਕਿਸੇ ਹੋਰ ਮੁਲਕ ਵਿੱਚ ਕਿਸੇ ਸਮੱਸਿਆ ਵਿੱਚ ਪੈ ਜਾਂਦਾ ਹੈ ਤਾਂ ਉਸਦੇ ਦੇਸ਼ ਦੀ ਸਰਕਾਰ ਉਸਦੀ ਮਦਦ ਲਈ ਬਹੁੜਦੀ ਹੈ।
ਅਗਰ ਨਹੀਂ ਬਹੁੜਦੀ ਤਾਂ ਉਸ ਤੇ ਸਵਾਲ ਉਠਾਏ ਜਾਂਦੇ ਨੇ।ਇਹ ਹੀ ਗਲ ਗੁਰ ਨਾਨਕ ਸਾਹਿਬ ਕਰ ਰਹੇ ਨੇ ਕਿਉਂਕਿ ਬਾਬਰ ਦੇ ਹਮਲੇ ਵਕਤ ਪਠਾਣ ਹਾਕਮਾਂ ਨੇ ਲੋਕਾਈ ਨੂੰ ਉਨ੍ਹਾਂ ਦੇ ਹਾਲ ਤੇ ਹੀ ਛੱਡ ਦਿੱਤਾ।ਮੁਕਾਬਲਾ ਕਰਨ ਦੀ ਵਜਾਏ ਗੈਬੀ ਤਾਕਤਾਂ ਨਾਲ ਮੁਗਲਾਂ ਨੂੰ ਅੰਨੇ੍ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ ਕਰਨ ਲਗ ਪਏ।
 
ਇਹ ਸਭ ਬੇਕਾਰ ਸਾਬਤ ਹੋਇਆ ਤੇ ਬਾਬਰ ਦੇ ਸਿਪਾਹੀਆਂ ਵਹਿਸ਼ੀ ਕੁਤਿਆਂ ਦੀ ਤਰ੍ਹਾਂ ਆਮ ਲੋਕਾਂ ਨੂੰ ਵੀ ਪਾੜ ਪਾੜ ਮਾਰ ਮੁਕਾਇਆ ਤੇ ਮਰਿਆਂ ਦੀ ਵੀ ਕਿਸੇ ਸ਼ਾਰ ਨ ਲਈ।ਪਹਿਲਾਂ ਬਾਬਰ ਨੂੰ ਉਸ ਦੀ ਦਰਿੰਦਗੀ ਵਾਰੇ ਸਵਾਲ ਉਠਾਇਆ ਫਿਰ ਸਥਾਈ ਹਾਕਮਾਂ ਨੂੰ ਆਪਣਾ ਫਰਜ਼ ਨ ਪੂਰਾ ਕਰਨ ਤੇ ਪ੍ਰਸ਼ਨ ਕੀਤਾ।ਪਰ ਨਾਲ ਹੀ ਗੁਰੂ ਸਾਹਿਬ ਕਹਿੰਦੇ ਨੇ ਕਿ ਦੇਖੋ ਕਰਤੇ ਦੀ ਵਡਿਆਈ ਕਿ ਮਾਰਨ ਵਾਲਿਆ ਅਤੇ ਮਰਨ ਵਾਲਿਆਂ ਵਿੱਚ ਵੀ ਉਸਦੀ ਹੀ ਖੇਡ ਵਰਤ ਰਹੀ ਹੈ।ਮਰਨ ਵਾਲੇ ਆਪਣੇ ਫਰਜ਼ ਭਲਾਈ ਅਵੇਸਲੇ ਹੋ ਗਏ ਤੇ ਮਾਰਨ ਵਾਲੇ ਲਾਲਚ ਤੇ ਕਾਮ ਵਸ ਹੋ ਵਹਿਸ਼ੀ ਬਣ ਗਏ।
 
ਇੱਥੇ ਇਸ ਸਾਰੇ ਵਰਤਾਰੇ ਨੂੰ ਅਗਰ ਗੁਰੂ ਸਾਹਿਬ ਕਰਤੇ ਦੀ ਵਡਿਆਈ ਆਖ ਰਹੇ ਨੇ ਫਿਰ ਕਰਤੇ ਨੂੰ ਮਿਹਣਾਂ ਮਾਰਨ ਦਾ ਤਾਂ ਸਵਾਲ ਹੀ ਨਹੀਂ ਉੱਠਦਾ।
  
ਆਖਰੀ ਬੰਦ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ ਕਿ ਅਗਰ ਕੋਈ ਤਾਕਤ ਦੇ ਨਸ਼ੇ ਵਿੱਚ ਆਪਣੇ ਆਪ ਨੂੰ ਬਹਤ ਵੱਡਾ ਸਮਝਣ ਲਗ ਪਏ ਅਤੇ ਆਪਣਾ ਫਰਜ਼ ਭੁਲਾ ਰੰਗ ਰਲੀਆਂ ਵਿੱਚ ਮਸਤ ਹੋ ਜਾਏ (ਜਿਵੇਂ ਪਠਾਣ ਹਾਕਮਾਂ ਨੇ ਕੀਤਾ) ਤਾਂ ਉਹ ਕੋਈ ਵੱਡਾ ਨਹੀਂ ਬਣ ਜਾਂਦਾ।ਅਜਿਹੇ ਹਾਕਮਾਂ ਨੂੰ ਇਹ ਰੰਗ ਰਲੀਆਂ ਬਹਤ ਵੱਡੀ ਪ੍ਰਾਪਤੀ ਲਗਦੀ ਏ ਜਦਕਿ ਉਹਨਾਂ ਦੀ ਔਕਾਤ ਤਾਂ ਇੱਕ ਕੀੜੇ ਜਿੰਨ੍ਹੀ ਹੀ ਹੈ ਜੋ ਦਾਣੇ ਚੁੱਗ ਆਪਣਾ ਪੇਟ ਪਾਲਦਾ ਹੈ।ਵੱਡੇ ਬਣਨ ਲਈ ਤੇ ਕੁਝ ਖੱਟਣ ਪਾਉਣ ਲਈ ਤਾਂ ਆਪਣੀ ਮੈਂ ਨੂੰ ਮਾਰਨਾ ਪੈਂਦਾ ਹੈ ਅਤੇ ਕਰਤਾਰ ਦੇ ਹੁਕਮ ਵਿੱਚ ਚਲਣਾ ਪੈਂਦਾ ਹੈ।ਭਾਵ ਆਪਣੇ ਫਰਜ਼ ਪੂਰੇ ਕਰਨੇ ਪੈਂਦੇ ਨੇ।
 ਗੁਰੂ ਸਾਹਿਬ ਇਸ ਸਾਰੀ ਘਟਨਾ ਨੂੰ ਇਤਿਹਾਸ ਦੇ ਨਿਵੇਕਲੇ ਨਜ਼ਰੀਏ ਤੋਂ ਦੇਖ ਰਹੇ ਨੇ।ਉਹ ਇਤਿਹਾਸ ਨੂੰ ਕਰਤੇ ਦੀ ਖੇਡ ਦੇ ਮੈਦਾਨ ਦੀ ਤਰਾਂ ਦੇਖਦੇ ਹਨ।ਇਸ ਖੇਡ ਵਿੱਚ ਕਿਆ ਰਾਜੇ, ਕਿਆ ਪਰਜਾ, ਕਿਆ ਜੇਤੂ, ਕਿਆ ਹਾਰਨ ਵਾਲਾ ਸਭ ਇੱਕ ਸਮਾਨ ਹਨ। ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਉਨ੍ਹਾਂ ਦਾ ਇਤਿਹਾਸਿਕ ਨਜ਼ਰੀਆ ਲੋਕ ਪੱਖੀ ਹੈ। ਉਹ ਇਸ ਗੱਲ ਤੇ ਜ਼ੋਰ ਨਹੀਂ ਦੇ ਰਹੇ ਕਿ ਕੌਣ ਜਿਤਿਆ ਤੇ ਕੌਣ ਹਾਰਿਆ।ਹਾਕਮ ਕੌਣ ਹੈ ਇਹ ਮਾਇਨੇ ਨਹੀਂ ਰੱਖਦਾ। ਲੋਕਾਂ ਨਾਲ ਕੀ ਹੋਇਆ ਅਤੇ ਕਿਉਂ ਹੋਇਆ ਇਹ ਮਾਇਨੇ ਰੱਖਦਾ ਹੈ।ਇਸ ਲਈ ਲੋਕਾਂ ਨਾਲ ਕੀ ਵਾਪਰਿਆ ਇਸ ਤੇ ਜ਼ੋਰ ਦੇ ਰਹੇ ਨੇ।ਬਾਬਰ ਦੇ ਹਮਲੇ ਵਾਰੇ ਜਿੰਨੇ ਵੀ ਸ਼ਬਦ ਗੁਰੂ ਸਾਹਿਬ ਨੇ ਉਚਾਰੇ ਨੇ ਸਭ ਇਤਿਹਾਸ ਨੂੰ ਲੋਕਾਂ ਦੇ ਨਜ਼ਰੀਏ ਤੋੰ ਪੇਸ਼ ਕਰਦੇ ਨੇ।ਨਾਲ ਹੀ ਇਸ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨ ਲਈ ਪਹਿਲਾਂ ਇਸ ਦਾ ਕਾਰਨ ਲੱਭਦੇ ਨੇ ਫਿਰ ਉਸਦਾ ਹੱਲ ਦੱਸਦੇ ਨੇ। ਅਗਰ ਕੋਈ ਰਾਜਾ ਤੇ ਪਰਜਾਂ ਆਪਣੇ ਫਰਜ਼ ਭੁਲਾ ਮੌਜ ਮਸਤੀ ਕਰਦੀ ਏ ਤਾਂ ਉਸਦਾ ਹਸ਼ਰ ਮਾੜਾ ਹੀ ਹੋਏਗਾ।ਇਸਦੇ ਪ੍ਰਤੱਖ ਪ੍ਰਮਾਣ ਅੱਜ ਵੀ ਮਿਲ ਰਹੇ ਨੇ। ਸਿੱਖ ਸਿਧਾਂਤਾਂ ਦੇ ਹੁੰਦੇ ਘਾਣ ਦੀ ਹੀ ਮਿਸਾਲ ਲੈ ਲਉ।ਸਿੱਖ ਸਿਧਾਂਤਾਂ ਤੇ ਬਾਹਰੋਂ ਹਮਲੇ ਇਸ ਲਈ ਹੋ ਰਹੇ ਨੇ ਕਿਉਂਕਿ ਸਿੱਖ ਆਪਣੇ ਫਰਜ਼ ਭੁਲਾ ਚੁੱਕੇ ਨੇ। ਇਸਦਾ ਹੱਲ ਆਪਣੀ ਮੈਂ ਨੂੰ ਤਿਆਗ ਬਿਬੇਕ ਬੁੱਧ ਦੇ ਲੜ੍ਹ ਲਗ,
ਆਪਾ ਪੜਚੋਲ ਕਰ, ਕਦਮ ਉਠਾੳਣਾ ਹੈ।
 ਸੋ ਅਗਰ ਅਸੀਂ ਇਹ ਸਮਝਦੇ ਹਾਂ ਕਿ ਗੁਰ ਨਾਨਕ ਸਾਹਿਬ ਇੱਥੇ ਰੱਬ ਨੂੰ ਕੋਈ ਮਿਹਣਾ ਮਾਰ ਰਹੇ ਨੇ ਜਾਂ ਉਲਾਂਭਾ ਦੇ ਰਹੇ ਨੇ ਤਾਂ ਇਹ ਸਾਡੀ ਗੁਰਮਤ ਦੇ ਰੱਬ ਦੇ ਸੰਕਲਪ ਦੀ ਅਗਿਆਨਤਾ ਹੈ। ਅਸੀ ਹਾਲੇ ਵੀ ਰੱਬ ਨੂੰ ਕੋਈ ਅਵਤਾਰੀ ਪੁਰਸ਼ ਸਮਝੀ ਬੈਠੇ ਹਾਂ। ਆਪਣਾ ਫਰਜ਼ ਭੁਲਾ ਉਸ ਅੱਗੇ ਅਰਦਾਸ ਕਰਨ ਵਿੱਚ ਹੀ ਮਸਤ ਹਾਂ।ਅਗਰ ਅਸੀਂ ਕਿੱਕਰਾਂ ਬੀਜਾਂਗੇ ਤਾਂ ਲੱਖ ਅਰਦਾਸ ਕਰਨ ਦੇ ਬਾਵਜੂਦ ਵੀ ਦਾਖਾਂ ਨਹੀਂ ਮਿਲਣੀਆਂ।ਅਗਰ ਦਾਖਾਂ ਨਹੀਂ ਮਿਲਦੀਆਂ ਤਾਂ ਬਿਬੇਕ ਨਾਲ ਵਿਚਾਰ ਕਰਨ ਦੀ ਵਜਾਏ ਅਸੀਂ ਰੱਬ ਨੂੰ ਮਿਹਣਾ ਵੀ ਮਾਰ ਦਿੰਦੇ ਹਾਂ।ਅਸੀਂ ਆਪਣੀ ਕਮਜ਼ੋਰੀ ਤੇ ਪਰਦਾ ਪਾਉਣ ਲਈ ਰੱਬ ਨੂੰ ਮਿਹਣੇ ਮਾਰਨ ਵਾਲਿਆਂ ਵਿੱਚ ਗੁਰ ਨਾਨਕ ਸਾਹਿਬ ਨੂੰ ਵੀ ਸ਼ਾਮਲ ਕਰ ਲਿਆ ਹੈ।ਗੁਰਮਤ ਦਾ ਰੱਬ ਕੁਦਰਤ ਵਿੱਚ ਵਸਿਆ ਆਪਣੀ ਖੇਡ ਖੇਡ ਰਿਹਾ ਹੈ।ਬਿਬੇਕ ਬੁੱਧ ਨਾਲ ਉਸ ਦੀ ਇਸ ਖੇਡ ਨੂੰ ਸਮਝ ਜ਼ਿੰਦਗੀ ਦੀ ਚਾਲ ਚਲਣ ਨਾਲ ਹੀ ਸਾਡਾ ਭਲਾ ਹੋ ਸਕਦਾ ਹੈ।ਇਸ ਲਦੀ ਰੱਬ ਨਾਲ ਕਦੇ ਵੀ ਕੋਈ ਗਿਲਾ ਸ਼ਿਕਵਾ ਨਹੀਂ ਹੋ ਸਕਦਾ ਕਿੳਂਕਿ ਅਸੀਂ ਸਭ ਇਸ ਕੁਰਦਤ ਦਾ ਇੱਕ ਹਿੱਸਾ ਹਾਂ।ਇਸੇ ਕਰਕੇ ਗੁਰ ਅਰਜਨ ਸਾਹਿਬ ਕਹਿੰਦੇ ਨੇ ਕਿ “ਉਲਾਹਨੋ ਮੈ ਕਾਹੂ ਨ ਦੀਓ॥ਮਨ ਮੀਠ ਤਹਾਰੋ ਕੀਓ॥” (ਪੰਨਾ 978)
 28/01/2025

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.