ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 505)
ਗਉੜੀ ਮਾਝ ਮਹਲਾ 4 ॥
ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰਿ ਪ੍ਰਭੁ ਮੇਰਾ ਚੋਜੀ ਜੀਉ ॥
ਹਰਿ ਆਪੇ ਕਾਨਹੁ ਉਪਾਇਦਾ ਮੇਰੇ ਗੋਵਿਦਾ ਹਰਿ ਆਪੇ ਗੋਪੀ ਖੋਜੀ ਜੀਉ ॥
ਹਰਿ ਆਪੇ ਸਭ ਘਟ ਭੋਗਦਾ ਮੇਰੇ ਗੋਵਿੰਦਾ ਆਪੇ ਰਸੀਆ ਭੋਗੀ ਜੀਉ ॥
ਹਰਿ ਸੁਜਾਣੁ ਨ ਭੁਲਈ ਮੇਰੇ ਗੋਵਿੰਦਾ ਆਪੇ ਸਤਿਗੁਰ ਜੋਗੀ ਜੀਉ ॥ 1॥
ਹੇ ਮੇਰੇ ਪਿਆਰੇ, ਹੇ ਮੇਰੇ ਗੋਵਿੰਦ, ਤੂੰ ਆਪਣੀ ਮਰਜ਼ੀ ਦੇ ਕੰਮ ਕਰਨ ਵਾਲਾ, ਮੇਰਾ ਹਰਿ-ਪ੍ਰਭੂ ਹੈਂ। ਹਰੀ ਆਪ ਹੀ ਕ੍ਰਿਸ਼ਨ ਨੂੰ ਪੈਦਾ ਕਰਨ ਵਾਲਾ ਹੈ, ਹਰੀ ਆਪ ਹੀ ਕ੍ਰਿਸ਼ਨ ਨੂੰ ਲੱਭਣ ਵਾਲੀ ਗਵਾਲਣ ਹੈ। ਸਭ ਸਰੀਰਾਂ ਵਿਚ ਵਿਆਪਕ ਹੋ ਕੇ ਹਰੀ ਆਪ ਹੀ ਸਭ ਪਦਾਰਥਾਂ ਨੂੰ ਭੋਗਦਾ ਹੈ, ਹਰੀ ਆਪ ਹੀ ਸਾਰੇ ਮਾਇਕ ਪਦਾਰਥਾਂ ਦੇ ਰਸ ਲੈਣ ਵਾਲਾ ਹੈ, ਆਪ ਹੀ ਭੋਗਣ ਵਾਲਾ ਹੈ।
ਪਰ ਹਰੀ ਬਹੁਤ ਸਿਆਣਾ ਹੈ, ਸਭ ਪਦਾਰਥਾਂ ਨੂੰ ਭੋਗਣ ਵਾਲਾ ਹੁੰਦਿਆਂ ਵੀ ਉਹ ਭੁੱਲਦਾ ਨਹੀਂ, ਉਹ ਹਰੀ ਆਪ ਹੀ ਭੋਗਾਂ ਤੋਂ
ਨਿਰਲੇਪ ਸਤਿਗੁਰੂ ਹੈ।1।
ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਆਪਿ ਖੇਲੈ ਬਹੁ ਰੰਗੀ ਜੀਉ ॥
ਇਕਨਾ ਭੋਗ ਭੋਗਾਇਦਾ ਮੇਰੇ ਗੋਵਿੰਦਾ ਇਕਿ ਨਗਨ ਫਿਰਹਿ ਨਗ ਨਗੀ ਜੀਉ ॥
ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਦਾਨੁ ਦੇਵੈ ਸਭ ਮੰਗੀ ਜੀਉ ॥
ਭਗਤਾ ਨਾਮੁ ਆਧਾਰੁ ਹੈ ਮੇਰੇ ਗੋਵਿੰਦਾ ਹਰਿ ਕਥਾ ਮੰਗਹਿ ਹਰਿ ਚੰਗੀ ਜੀਉ ॥2॥
ਹਰਿ-ਪ੍ਰਭੂ ਆਪ ਹੀ ਜਗਤ ਪੈਦਾ ਕਰਦਾ ਹੈ, ਹਰੀ ਆਪ ਹੀ ਅਨੇਕਾਂ ਰੰਗਾਂ ਵਿਚ ਜਗਤ ਦਾ ਖੇਲ, ਖੇਲ ਰਿਹਾ ਹੈ। ਹਰੀ
ਆਪ ਹੀ ਅਨੇਕਾਂ ਜੀਵਾਂ ਪਾਸੋਂ ਮਾਇਕ ਪਦਾਰਥਾਂ ਦੇ ਭੋਗ ਭੋਗਾਂਦਾ ਹੈ, ਅਨੇਕਾਂ ਨੂੰ ਰੱਜਵੇਂ ਪਦਾਰਥ ਬਖਸ਼ਦਾ ਹੈ, ਪਰ ਅਨੇਕਾਂ ਜੀਵ ਐਸੇ ਹਨ, ਜੋ ਨੰਗੇ ਪਏ ਫਿਰਦੇ ਹਨ, ਜਿਨ੍ਹਾਂ ਦੇ ਤਨ ਉੱਤੇ ਕਪੜਾ ਵੀ ਨਹੀਂ। ਆਪ ਹੀ ਸਾਰੇ ਜਗਤ ਨੂੰ ਪੈਦਾ ਕਰਦਾ ਹੈ, ਸਾਰੀ ਲੁਕਾਈ ਉਸ ਪਾਸੌਂ ਮੰਗਦੀ ਰਹਿੰਦੀ ਹੈ, ਉਹ ਸਭਨਾਂ ਨੂੰ ਦਾਤਾਂ ਦੇਂਦਾ ਹੈ। ਉਸ ਦੀ ਭਗਤੀ ਕਰਨ ਵਾਲੇ ਬੰਦਿਆਂ ਨੂੰ ਉਸ ਦੇ ਨਾਮ ਦਾ ਹੀ ਆਸਰਾ ਹੈ, ਉਹ ਹਰੀ ਪਾਸੋਂ ਉਸ ਦੀ ਸ੍ਰੇਸ਼ਟ ਸਿਫਤ-ਸਾਲਾਹ ਹੀ ਮੰਗਦੇ ਹਨ।2।
ਹਰਿ ਆਪੇ ਭਗਤਿ ਕਰਾਇਦਾ ਮੇਰੇ ਗੋਵਿੰਦਾ ਹਰਿ ਭਗਤਾ ਲੋਚ ਮਨਿ ਪੂਰੀ ਜੀਉ ॥
ਆਪੇ ਜਲਿ ਥਲਿ ਵਰਤਦਾ ਮੇਰੇ ਗੋਵਿਦਾ ਰਵਿ ਰਹਿਆ ਨਹੀ ਦੂਰੀ ਜੀਉ ॥
ਹਰਿ ਅੰਤਰਿ ਬਾਹਰਿ ਆਪਿ ਹੈ ਮੇਰੇ ਗੋਵਿਦਾ ਹਰਿ ਆਪਿ ਰਹਿਆ ਭਰਪੂਰੀ ਜੀਉ ॥
ਹਰਿ ਆਤਮ ਰਾਮੁ ਪਸਾਰਿਆ ਮੇਰੇ ਗੋਵਿੰਦਾ ਹਰਿ ਵੇਖੈ ਆਪਿ ਹਦੂਰੀ ਜੀਉ ॥3॥
ਹਰੀ ਆਪ ਹੀ ਆਪਣੇ ਭਗਤਾਂ ਪਾਸੋਂ ਆਪਣੀ ਭਗਤੀ ਕਰਾਂਦਾ ਹੈ, ਭਗਤਾਂ ਦੇ ਮਨ ਵਿਚ ਪੈਦਾ ਹੋਈ ਭਗਤੀ ਦੀ ਤਾਂਘ ਪ੍ਰਭੂ ਆਪ ਹੀ ਪੂਰੀ ਕਰਦਾ ਹੈ। ਜਲ ਵਿਚ, ਧਰਤੀ ਵਿਚ, ਸਭ ਥਾਂ ਹਰੀ ਆਪ ਹੀ ਵੱਸ ਰਿਹਾ ਹੈ। ਸਭ ਜੀਵਾਂ ਵਿਚ ਵਿਆਪਕ ਹੈ,
ਉਹ ਹਰੀ ਕਿਸੇ ਜੀਵ ਪਾਸੋਂ ਦੂਰ ਨਹੀਂ ਹੈ। ਸਭ ਜੀਵਾਂ ਦੇ ਅੰਦਰ ਤੇ ਬਾਹਰ ਸਾਰੇ ਜਗਤ ਵਿਚ ਹਰੀ ਆਪ ਹੀ ਵੱਸਦਾ ਹੈ, ਹਰ
ਥਾਂ ਹਰੀ ਆਪ ਹੀ ਭਰਪੂਰ ਹੈ। ਸਰਬ-ਵਿਆਪਕ ਰਾਮ ਆਪ ਹੀ ਇਸ ਜਗਤ ਖਿਲਾਰੇ ਨੂੰ ਖਿਲਾਰ ਰਿਹਾ ਹੈ। ਹਰੇਕ ਦੇ ਅੰਗ-
ਸੰਗ ਰਹਿ ਕੇ ਹਰੀ ਆਪ ਹੀ ਸਭ ਦੀ ਸੰਭਾਲ ਕਰਦਾ ਹੈ।3।
ਹਰਿ ਅੰਤਰਿ ਵਾਜਾ ਪਉਣੁ ਹੈ ਮੇਰੇ ਗੋਵਿੰਦਾ ਹਰਿ ਆਪਿ ਵਜਾਏ ਤਿਉ ਵਾਜੈ ਜੀਉ ॥
ਹਰਿ ਅੰਤਰਿ ਨਾਮੁ ਨਿਧਾਨੁ ਹੈ ਮੇਰੇ ਗੋਵਿੰਦਾ ਗੁਰ ਸਬਦੀ ਹਰਿ ਪ੍ਰਭੁ ਗਾਜੈ ਜੀਉ ॥
ਆਪੇ ਸਰਣਿ ਪਵਾਇਦਾ ਮੇਰੇ ਗੋਵਿੰਦਾ ਹਰਿ ਭਗਤ ਜਨਾ ਰਾਖੁ ਲਾਜੈ ਜੀਉ ॥
ਵਡਭਾਗੀ ਮਿਲੁ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿiਧ ਕਾਜੈ ਜੀਉ ॥4॥4॥30॥68॥
ਸਭ ਜੀਵਾਂ ਦੇ ਅੰਦਰ ਪ੍ਰਾਣ-ਰੂਪ ਹੋ ਕੇ ਹਰੀ ਆਪ ਹੀ ਵਾਜਾ ਵੱਜ ਰਿਹਾ ਹੈ, ਮਾਨੋ ਹਰ ਜੀਵ ਪ੍ਰਭੂ ਦਾ ਵਾਜਾ ਹੈ, ਜਿਵੇਂ ਉਹ ਹਰੇਕ ਜੀਵ-ਵਾਜੇ ਨੂੰ ਵਜਾਂਦਾ ਹੈ, ਤਿਵੇਂ ਹਰੇਕ ਜੀਵ-ਵਾਜਾ ਵੱਜਦਾ ਹੈ। ਹਰੇਕ ਜੀਵ ਦੇ ਅੰਦਰ ਹਰੀ ਦਾ ਨਾਮ-ਖਜਾਨਾ ਮੌਜੂਦ ਹੈ, ਪਰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਰਿ-ਪ੍ਰਭੂ, ਜੀਵ ਦੇ ਅੰਦਰ ਪਰਗਟ ਹੁੰਦਾ ਹੈ। ਹਰੀ ਆਪ ਹੀ ਜੀਵ ਨੂੰ ਪ੍ਰੇਰ ਕੇ ਆਪਣੀ ਸਰਨ ਵਿਚ ਲਿਆਉਂਦਾ ਹੈ, ਹਰੀ ਆਪ ਹੀ ਭਗਤਾਂ ਦੀ ਇੱਜ਼ਤ ਦਾ ਰਾਖਾ ਬਣਦਾ ਹੈ, ਭਗਤਾਂ ਨੂੰ ਵਿਕਾਰਾਂ ਵਿਚ ਡਿਗਣ ਤੋਂ ਬਚਾਂਦਾ ਹੈ। ਹੇ ਦਾਸ ਨਾਨਕ, ਤੂੰ ਵੀ ਸੰਗਤ ਵਿਚ ਮਿਲ, ਹਰਿ-ਪ੍ਰਭੂ ਦਾ ਨਾਮ ਜਪ, ਤੇ ਵੱਡੇ ਭਾਗਾਂ ਵਾਲਾ ਬਣ। ਨਾਮ ਦੀ ਬਰਕਤ ਨਾਲ ਹੀ ਜੀਵਨ ਮਨੋਰਥ ਦੀ ਸਫਲਤਾ ਹੁੰਦੀ ਹੈ ।4।4।30।68।
ਚੰਦੀ ਅਮਰ ਜੀਤ ਸਿੰਘ (ਚਲਦਾ)