ਗੁਰਬਾਣੀ ਦੀ ਸਰਲ ਵਿਆਖਿਆ!(ਭਾਗ 504)
ਗਉੜੀ ਮਾਝ ਮਹਲਾ 4 ॥
ਮਨ ਮਾਹੀ ਮਨ ਮਾਹੀ ਮੇਰੇ ਗੋਵਿੰਦਾ ਹਰਿ ਰੰਗਿ ਰਤਾ ਮਨ ਮਾਹੀ ਜੀਉ ॥
ਹਰਿ ਰੰਗੁ ਨਾਲਿ ਨ ਲਖੀਐ ਮੇਰੇ ਗੋਵਿਦਾ ਗੁਰ ਪੂਰਾ ਅਲਖੁ ਲਖਾਹੀ ਜੀਉ ॥
ਹਰਿ ਹਰਿ ਨਾਮੁ ਪਰਗਾਸਿਆ ਮੇਰੇ ਗੋਵਿੰਦਾ ਸਭ ਦਾਲਦ ਦੁਖ ਲਹਿ ਜਾਹੀ ਜੀਉ ॥
ਹਰਿ ਪਦੁ ਊਤਮੁ ਪਾਇਆ ਮੇਰੇ ਗੋਵਿੰਦਾ ਵਡਭਾਗੀ ਨਾਮਿ ਸਮਾਹੀ ਜੀਉ ॥1॥
ਹੇ ਮੇਰੇ ਗੋਵਿੰਦ, ਜਿਸ ਉੱਤੇ ਤੇਰੀ ਮਿਹਰ ਹੁੰਦੀ ਹੈ, ਉਹ ਮਨੁੱਖ ਆਪਣੇ ਮਨ ਵਿਚ ਹੀ, ਮਨ ਵਿਚ ਹੀ, ਮਨ ਵਿਚ ਹੀ,
ਹਰਿ-ਨਾਮ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ। ਹੇ ਮੇਰੇ ਗੋਵਿੰਦ ਹਰਿ-ਨਾਮ ਦਾ ਆਨੰਦ ਹਰੇਕ ਜੀਵ ਦੇ ਨਾਲ, ਉਸ ਦੇ ਅੰਦਰ
ਮੌਜੂਦ ਹੈ, ਪਰ ਇਹ ਆਨੰਦ ਹਰੇਕ ਜੀਵ ਪਾਸੋਂ ਮਾਣਿਆ ਨਹੀਂ ਜਾ ਸਕਦਾ। ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ
ਉਸ ਅਦ੍ਰਿਸ਼ਟ ਪਰਮਾਤਮਾ ਨੂੰ ਲੱਭ ਲੈਂਦੇ ਹਨ। ਹੇ ਮੇਰੇ ਗੋਵਿੰਦ, ਜਿਨ੍ਹਾਂ ਦੇ ਅੰਦਰ ਤੂੰ ਹਰਿ-ਨਾਮ ਦਾ ਪ੍ਰਕਾਸ਼ ਕਰਦਾ ਹੈਂ, ਉਨ੍ਹਾਂ ਦੇ ਸਾਰੇ ਦੁੱਖ ਦਲਿੱਦਰ ਦੂਰ ਹੋ ਜਾਂਦੇ ਹਨ। ਹੇ ਮੇਰੇ ਗੋਵਿੰਦ, ਜਿਨ੍ਹਾਂ ਮਨੁੱਖਾਂ ਨੂੰ ਹਰਿ-ਮਿਲਾਪ ਦੀ ਉੱਚੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਉਹ ਵਡ-ਭਾਗੀ ਮਨੁੱਖ ਹਰਿ-ਨਾਮ ਵਿਚ ਲੀਨ ਰਹਿੰਦੇ ਹਨ।1।
ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿਦਾ ਕਿਨੈ ਹਰਿ ਪ੍ਰਭੁ ਡਿਠੜਾ ਨੈਣੀ ਜੀਉ ॥
ਮੇਰਾ ਮਨੁ ਤਨੁ ਬਹੁਤੁ ਬYਰਾਗਿਆ ਮੇਰੇ ਗੋਵਿੰਦਾ ਹਰਿ ਬਾਝਹੁ ਧਨ ਕੁਮਲੈਣੀ ਜੀਉ ॥
ਸੰਤ ਜਨਾ ਮਿiਲ ਪਾਇਆ ਮੇਰੇ ਗੋਵਿਦਾ ਮੇਰਾ ਹਰਿ ਪ੍ਰਭੁ ਸਜਣੁ ਸੈਣੀ ਜੀਉ ॥
ਹਰਿ ਆਇ ਮਿiਲਆ ਜਗਜੀਵਨੁ ਮੇਰੇ ਗੋਵਿੰਦਾ ਮੈ ਸੁਖਿ ਵਿਹਾਣੀ ਰੈਣੀ ਜੀਉ ॥2॥
ਹੇ ਮੇਰੇ ਪਿਆਰੇ ਗੋਵਿੰਦ, ਤੈਨੂੰ ਹਰਿ-ਪ੍ਰਭੂ ਨੂੰ ਕਿਸੇ ਵਿਰਲੇ ਵਡਭਾਗੀ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਹੈ। ਹੇ ਮੇਰੇ
ਗੋਵਿੰਦ, ਤੇਰੇ ਵਿਛੋੜੇ ਵਿਚ ਮੇਰਾ ਮਨ, ਮੇਰਾ ਹਿਰਦਾ ਬਹੁਤ ਵੈਰਾਗਵਾਨ ਹੋ ਰਿਹਾ ਹੈ। ਹੇ ਹਰੀ, ਤੇਰੇ ਬਿਨਾ ਮੈਂ ਜੀਵ ਇਸਤ੍ਰੀ
ਕੁਮਲਾਈ ਪਈ ਹਾਂ। ਹੇ ਮੇਰੇ ਗੋਵਿੰਦ, ਮੇਰਾ ਹਰਿ-ਪ੍ਰਭੂ, ਮੇਰਾ ਅਸਲੀ ਸੱਜਣ-ਮਿੱਤ੍ਰ, ਜਿਨ੍ਹਾਂ ਨੇ ਵੀ ਲੱਭਾ ਹੈ, ਸੰਤ-ਜਨਾਂ ਨੂੰ ਮਿਲ ਕੇ ਹੀ ਲੱਭਾ ਹੈ। ਹੇ ਮੇਰੇ ਗੋਵਿੰਦ, ਸੰਤ ਜਨਾਂ ਦੀ ਮਿਹਰ ਨਾਲ ਹੀ ਮੈਨੂੰ ਵੀ ਉਹ ਹਰੀ ਆ ਮਿiਲਆ ਹੈ, ਜੇ ਸਾਰੇ ਜਗਤ ਦੇ ਜੀਵਨ ਦਾ
ਆਸਰਾ ਹੈ, ਹੁਣ ਮੇਰੀ ਜ਼ਿੰਦਗੀ ਰੂਪੀ ਰਾਤ ਆਨੰਦ ਵਿਚ ਬੀਤ ਰਹੀ ਹੈ ।2।
ਮੈ ਮੇਲਹੁ ਸੰਤ ਮੇਰਾ ਹਰਿ ਪ੍ਰਭੁ ਸਜਣੁ ਮੈ ਮਨਿ ਤਨਿ ਭੁਖ ਲਗਾਈਆ ਜੀਉ ॥
ਹਉ ਰਹਿ ਨ ਸਕਉ ਬਿਨੁ ਦੇਖੇ ਮੇਰੇ ਪ੍ਰੀਤਮ ਮੈ ਅੰਤਰਿ ਬਿਰਹੁ ਹਰਿ ਲਾਈਆ ਜੀਉ ॥
ਹਰਿ ਰਾਇਆ ਮੇਰਾ ਸਜਣੁ ਪਿਆਰਾ ਗੁਰ ਮੇਲੇ ਮੇਰਾ ਮਨੁ ਜੀਵਾਈਆ ਜੀਉ ॥
ਮੇਰੈ ਮਨਿ ਤਨਿ ਆਸਾ ਪੂਰੀਆ ਮੇਰੇ ਗੋਵਿੰਦਾ ਹਰਿ ਮਿiਲਆ ਮਨਿ ਵਾਧਾਈਆ ਜੀਉ ॥ 3॥
ਹੇ ਸੰਤ ਜਨੋ, ਮੈਨੂੰ ਮੇਰਾ ਸੱਜਣ ਹਰਿ-ਪ੍ਰਭੂ ਮਿਲਾ ਦੇਵੋ। ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ, ਉਸ ਦੇ ਮਿਲਣ ਦੀ ਤਾਂਘ
ਪੈਦਾ ਹੋ ਰਹੀ ਹੈ। ਮੈਂ ਆਪਣੇ ਪ੍ਰੀਤਮ ਨੂੰ ਵੇਖਣ ਤੋਂ ਬਿਨਾ ਧੀਰਜ ਨਹੀਂ ਫੜ ਸਕਦਾ, ਮੇਰੇ ਅੰਦਰ ਉਸ ਦੇ ਵਿਛੋੜੇ ਦਾ ਦਰਦ ਉੱਠ ਰਿਹਾ ਹੈ। ਪਰਮਾਤਮਾ ਹੀ ਮੇਰਾ ਰਾਜਾ ਹੈ, ਮੇਰਾ ਪਿਆਰਾ ਸੱਜਣ ਹੈ, ਜਦੋਂ ਉਸ ਨਾਲ, ਗੁਰੂ ਮੈਨੂੰ ਮਿਲਾ ਦੇਂਦਾ ਹੈ, ਤਾਂ ਮੇਰਾ ਮਨ
ਜਿਊ ਪੈਂਦਾ ਹੈ। ਹੇ ਮੇਰੇ ਗੋਵਿੰਦ, ਜਦ ਤੂੰ ਹਰੀ, ਮੈਨੂੰ ਮਿਲ ਪੈਂਦਾ ਹੈਂ, ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ, ਚਿਰਾਂ ਤੋਂ ਟਿਕੀ ਆਸ ਪੂਰੀ ਹੋ ਜਾਂਦੀ ਹੈ, ਤਾਂ ਮੇਰੇ ਮਨ ਵਿਚ ਚੜ੍ਹਦੀ ਕਲਾ ਪੈਦਾ ਹੋ ਜਾਂਦੀ ਹੈ ।3।
ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਹਉ ਤੁਧੁ ਵਿਟੜਿਅਹੁ ਸਦ ਵਾਰੀ ਜੀਉ ॥
ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਮੇਰੇ ਗੋਵਿਦਾ ਹਰਿ ਪੂੰਜੀ ਰਾਖੁ ਹਮਾਰੀ ਜੀਉ ॥
ਸਤਿਗੁਰ ਵਿਸਟੁ ਮੇਲਿ ਮੇਰੇ ਗੋਵਿੰਦਾ ਹਰਿ ਮੇਲੇ ਕਰਿ ਰੈਬਾਰੀ ਜੀਉ ॥
ਹਰਿ ਨਾਮੁ ਦਇਆ ਕਰਿ ਪਾਇਆ ਮੇਰੇ ਗੋਵਿੰਦਾ ਜਨ ਨਾਨਕੁ ਸਰਣਿ ਤੁਮਾਰੀ ਜੀਉ ॥4॥3॥ 29॥67॥
ਹੇ ਮੇਰੇ ਗੋਵਿੰਦ, ਹੇ ਮੇਰੇ ਪਿਆਰੇ, ਮੈਂ ਸਦਕੇ, ਮੈਂ ਤੇਰੇ ਸਦਾ ਸਦਕੇ। ਹੇ ਮੇਰੇ ਗੋਵਿੰਦ, ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ ਤੈਂ ਪਿਆਰੇ ਦਾ ਪ੍ਰੇਮ ਜਾਗ ਉੱਠਿਆ ਹੈ, ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਇਸ ਪ੍ਰੇਮ ਦੀ ਰਾਸ ਦੀ ਤੂੰ ਰਾਖੀ ਕਰ। ਹੇ ਮੇਰੇ
ਗੋਵਿੰਦ, ਮੈਨੂੰ ਵਿਚੋਲਾ ਗੁਰੂ ਮਿਲਾ, ਜਿਹੜਾ ਮੇਰੀ, ਜੀਵਨ ਵਿਚ ਅਗਵਾਈ ਕਰ ਕੇ ਮੈਨੂੰ, ਤੈਂ ਹਰੀ ਨਾਲ ਮਿਲਾ ਦੇਵੇ। ਹੇ ਮੇਰੇ
ਗੋਵਿੰਦ, ਮੈਂ ਦਾਸ ਨਾਨਕ, ਤੇਰੀ ਸਰਨ ਆਇਆ ਹਾਂ, ਤੇਰੀ ਦਇਆ ਦਾ ਸਦਕਾ ਹੀ ਮੈਨੂੰ ਤੇਰਾ ਹਰਿ-ਨਾਮ ਪ੍ਰਾਪਤ ਹੋਇਆ ਹੈ।4।3।29।67।
ਚੰਦੀ ਅਮਰ ਜੀਤ ਸਿੰਘ (ਚਲਦਾ)