ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ (ਭਾਗ 9)
ਘੋੜਾ ਕੀਤੋ ਸਹਜ ਦਾ ਜਤੁ ਕੀਓ ਪਲਾਣੁ ॥
ਧਣਖੁ ਚੜਾਇਓ ਸਤ ਦਾ ਜਸ ਹੰਦਾ ਬਾਣੁ ॥
ਕਲਿ ਵਿiਚ ਧੂ ਅੰਧਾਰੁ ਸਾ ਚੜਿਆ ਰੈ ਭਾਣੁ ॥
ਸਤਹੁ ਖੇਤੁ ਜਮਾਇਓ ਸਤਹੁ ਛਾਵਾਣੁ ॥
ਰਾਜਾ ਅਮਰਦਾਸ, ਤੀਜੇ ਨਾਨਕ ਨੇ ਸਹਜ-ਅਵਸਥਾ ਦਾ ਘੋੜਾ ਬਣਾਇਆ, ਵਿਕਾਰਾਂ ਵਲੋਂ ਇੰਦ੍ਰਿਆਂ ਨੂੰ ਰੋਕ ਰੱਖਣ ਦੀ ਤਾਕਤ ਨੂੰ ਕਾਠੀ ਬਣਾਇਆ, ਸੁੱਚੇ ਆਚਾਰਨ ਦਾ ਕਮਾਨ ਕੱਸਿਆ ਤੇ ਪਰਮਾਤਮਾ ਦੀ ਸਿਫਤ-ਸਾਲਾਹ ਦਾ ਤੀਰ ਫੜਿਆ । ਸੰਸਾਰ ਵਿਚ ਵਿਕਾਰਾਂ ਦਾ ਘੁੱਪ hਨyਰਾ ਸੀ । ਰਾਜਾ ਅਮਰਦਾਸ, ਤੀਜਾ ਨਾਨਕ ਮਾਨੋ ਕਿਰਨਾਂ ਵਾਲਾ ਸੂਰਜ ਚੜ੍ਹ ਪਿਆ, ਜਿਸ ਨੇ ਸਤ ਦੇ ਬਲ ਨਾਲ ਹੀ ਉੱਜੜੀ ਖੇਤੀ ਜਮਾਈ ਤੇ ਸਤ ਨਾਲ ਹੀ ਉਸ ਦੀ ਰਾਖੀ ਕੀਤੀ ।
ਨਿਤ ਰਸੋਈ ਤੇਰੀਐ ਘਿਉ ਮੈਦਾ ਖਾਣੁ ॥
ਚਾਰੇ ਕੁੰਡਾਂ ਸੁਝੀਓਸੁ ਮਨ ਮਹਿ ਸਬਦੁ ਪਰਵਾਣੁ ॥
ਆਵਾ ਗਉਣੁ ਨਿਵਾਰਿਓ ਕਰਿ ਨਦਰਿ ਨੀਸਾਣੁ ॥
ਹੇ ਰਾਜਾ ਅਮਰਦਾਸ, ਤੀਜੇ ਨਾਨਕ, ਤੇਰੇ ਲੰਗਰ ਵਿਚ ਵੀ ਨਿੱਤ, ਘਿਉ, ਮੈਦਾ ਤੇ ਖੰਡ ਆਦਿ ਉੱਤਮ ਪਦਾਰ ਵਰਤ ਰਹੇ ਹਨ, ਜਿਸ ਮਨੁੱਖ ਨੇ ਆਪਣੇ ਮਨ ਵਿਚ ਤੇਰਾ ਸ਼ਬਦ ਟਿਕਾ ਲਿਆ ਹੈ, ਉਸ ਨੂੰ ਚਹੁਂ ਕੁੰਡਾਂ ਵਿਚ ਵੱਸਦੇ ਪਰਮਾਤਮਾ ਦੀ ਸੂਝ ਆ ਗਈ ਹੈ। ਹੇ ਤੀਜੇ ਨਾਨਕ, ਜਿਸ ਨੂੰ ਤੂੰ ਮਿਹਰ ਦੀ ਨਜ਼ਰ ਕਰ ਕੇ ਸ਼ਬਦ-ਰੂਪ ਰਾਹਦਾਰੀ ਬਖਸ਼ੀ ਹੈ, ਉਸ ਦਾ ਜੰਮਣ-ਮਰਨ ਦਾ ਗੇੜ ਮੁਕਾ ਦਿੱਤਾ ਹੈ ।
ਅਉਤਰਿਆ ਅਉਤਾਰੁ ਲੈ ਸੋ ਪੁਰਖੁ ਸੁਜਾਣੁ ॥
ਝਖੜਿ ਵਾਉ ਨ ਡੋਲਈ ਪਰਬਤੁ ਮੇਰਾਣੁ ॥
ਜਾਣੈ ਬਿਰਥਾ ਜੀਅ ਕੀ ਜਾਣੀ ਹੂ ਜਾਣੁ ॥
ਉਹ ਸੁਜਾਨ ਅਕਾਲ-ਪੁਰਖ ਆਪ ਤੀਜੇ ਨਾਨਕ ਦੇ ਰੂਪ ਵਿਚ ਅਵਤਾਰ ਲੈ ਕੇ ਜਗਤ ਵਿਚ ਆਇਆ ਹੈ। ਤੀਜਾ ਨਾਨਕ ਵਿਕਾਰਾਂ ਦੇ ਝੱਖੜ ਵਿਚ ਨਹੀਂ ਡੋਲਦਾ, ਵਿਕਾਰਾਂ ਦੀ ਹਨੇਰੀ ਵੀ ਝੁੱਲ ਪਵੇ ਤਾਂ ਨਹੀਂ ਡੋਲਦਾ, ਉਹ ਤਾਂ ਮਾਨੋ ਸੁਮੇਰ ਪਰਬਤ ਹੈ, ਜੀਵਾਂ ਦੇ ਦਿਲ ਦੀ ਪੀੜਾ ਜਾਣਦਾ ਹੈ, ਜਾਣੀ-ਜਾਣ ਹੈ ।
ਕਿਆ ਸਾਲਾਹੀ ਸਚੇ ਪਾਤਿਸਾਹ ਜਾਂ ਤੂ ਸੁਘੜੁ ਸੁਜਾਣੁ ॥
ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ ॥
ਹੇ ਸਦਾ-ਥਿਰ ਰਾਜ ਵਾਲੇ ਸੱਚੇ ਪਾਤਸ਼ਾਹ, ਮੈਂ ਤੇਰੀ ਕੀ ਸਿਫਤ ਕਰਾਂ ? ਤੂੰ ਸੁੰਦਰ ਆਤਮਾ ਵਾਲਾ ਤੇ ਸਿਆਣਾ ਹੈਂ। ਮੈਨੂੰ ਸੱਤੇ ਨੂੰ ਤੇਰੀ ਉਹੀ ਬਖਸ਼ਿਸ਼ ਚੰਗੀ ਹੈ, ਜੋ ਸ਼ਬਦ ਗੁਰੂ ਨੂੰ ਚੰਗੀ ਲਗਦੀ ਹੈ।
ਚੰਦੀ ਅਮਰ ਜੀਤ ਸਿੰਘ (ਚਲਦਾ)