ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ (ਭਾਗ 8)
ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ ॥
ਵਰ੍ਹਿਐ ਦਰਗਹ ਗੁਰੂ ਕੀ ਕੁਦਰਤੀ ਨੂਰੁ ॥
ਜਿਤੁ ਸੁ ਹਾਥ ਨ ਲਭਈ ਤੂੰ ਓਹੁ ਠਰੂਰੁ ॥
ਨਉ ਨਿiਧ ਨਾਮੁ ਨਿਧਾਨੁ ਹੈ ਤੁਧੁ ਵਿiਚ ਭਰਪੂਰੁ ॥
ਜਿਵੇਂ ਪਾਣੀ ਨੂੰ ਬੂਰ ਖਰਾਬ ਕਰਦਾ ਹੈ, ਤਿਵੇਂ ਮਨੁੱਖਾਂ ਨੂੰ ਲੱਬ ਤਬਾਹ ਕਰਦਾ ਹੈ, ਪਰ ਸ਼ਬਦ ਗੁਰੂ ਦੀ ਦਰਗਾਹ ਵਿਚ ਨਾਮ ਦੀ ਵਰਖਾ ਹੋਣ ਕਰ ਕੇ, ਹੇ ਰਾਜਾ ਅੰਗਦ, ਦੂਸਰੇ ਨਾਨਕ, ਤੇਰੇ ਉੱਤੇ ਰੱਬੀ ਨੂਰ ਡਲ੍ਹਕਾਂ ਮਾਰ ਰਿਹਾ ਹੈ। ਤੂੰ ਉਹ ਸੀਤਲ ਸਮੁੰਦਰ ਹੈਂ,
ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ। ਜੋ ਜਗਤ ਦੇ ਨਉਂ ਹੀ ਖਜ਼ਾਨੇ-ਰੂਪ ਪ੍ਰਭੂ ਦਾ ਨਾਮ-ਖਜ਼ਾਨਾ, ਉਹ ਖਜ਼ਾਨਾ ਤੇਰੇ ਹਿਰਦੇ ਵਿਚ ਨਕਾ-ਨਕ ਭਰਿਆ ਹੋਇਆ ਹੈ ।
ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ ॥
ਨੇੜੈ ਦਿਸੈ ਮਾਤ ਲੋਕ ਤੁਧੁ ਸੁਝੈ ਦੂਰੁ ॥
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥5॥
ਹੇ ਦੂਸਰੇ ਨਾਨਕ, ਜੋ ਮਨੁੱਖ ਤੇਰੀ ਨਿੰਦਿਆ ਕਰੇ ਉਹ ਆਪੇ ਹੀ ਤਬਾਹ ਹੋ ਜਾਂਦਾ ਹੈ, ਉਹ ਆਪੇ ਹੀ ਆਪਣੀ ਆਤਮਕ ਮੌਤ ਸਹੇੜ ਲੈਂਦਾ ਹੈ, ਸੰਸਾਰਕ ਜੀਆਂ ਨੂੰ ਤਾਂ ਨੇੜੇ ਦੇ ਹੀ ਪਦਾਰਥ ਦਿਸਦੇ ਹਨ, ਉਹ ਦੁਨੀਆ ਦੀ ਖਾਤਰ ਨਿੰਦਿਆ ਦਾ ਪਾਪ ਕਰ ਬੈਠਦੇ ਹਨ, ਇਸ ਦਾ ਸਿੱਟਾ ਨਹੀਂ ਜਾਣਦੇ, ਪਰ ਹੇ ਅੰਗਦ ਜੀ ਤੈਨੂੰ ਅਗਾਂਹ ਵਾਪਰਨ ਵਾਲਾ ਵੀ ਸੁੱਝਦਾ ਹੈ। ਹੇ ਭਾਈ, ਫਿਰ ਬਾਬਾ ਫੇਰੂ ਜੀ ਦੇ ਪੁੱਤ੍ਰ ਅੰਗਦ ਜੀ ਨੇ ਸ਼ਬਦ ਗੁਰੂ ਦੇ ਕੇਂਦਰ ਵਜੋਂ ਖਡੂਰ ਨੂੰ ਆ ਭਾਗ ਲਾਇਆ ।5।
ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥
ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ ॥
ਜਿiਨ ਬਾਸਕੁ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ ॥
ਜਿiਨ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ ॥
ਚਉਦਹ ਰਤਨ ਨਿਕਾਲਿਅਨੁ ਕੀਤੋਨੁ ਚਾਨਾਣੁ ॥
ਪੋਤਰਾ, ਅਮਰਦਾਸ ਵੀ ਮੰਨਿਆ-ਪਰਮੰਨਿਆ ਰਾਜਾ ਹੈ, ਕਿਉਂਕਿ ਉਹ ਵੀ ਰਾਜਾ ਨਾਨਕ ਅਤੇ ਰਾਜਾ ਅੰਗਦ, ਦੂਸਰੇ ਨਾਨਕ ਵਰਗਾ ਹੀ ਹੈ, ਇਸ ਦੇ ਵਿਚ ਵੀ ਉਹੀ ਨੂਰ ਹੈ, ਇਸ ਦਾ ਵੀ ਉਹੀ ਤਖਤ ਹੈ, ਉਹੀ ਦਰਬਾਰ ਹੈ, ਜੋ ਪਹਿਲੇ ਅਤੇ ਦੂਸਰੇ ਨਾਨਕ ਦਾ ਸੀ ।
ਇਸ ਰਾਜਾ ਅਮਰਦਾਸ, ਤੀਜੇ ਨਾਨਕ ਨੇ ਆਤਮਕ ਬਲ ਨੂੰ ਨੇਹਣੀ ਬਣਾ ਕੇ, ਮਨ-ਰੂਪ ਨਾਗ ਨੂੰ ਨੇਤ੍ਰੇ ਵਿਚ ਪਾਇਆ ਹੈ, ਉੱਚੀ-ਸੁਰਤ ਰੂਪ, ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ, ਗੁਰ-ਸ਼ਬਦ ਰੂਪ ਸਮੁੰਦਰ ਨੂੰ ਰਿੜਕਿਆ ਹੈ, ਉਸ ਸ਼ਬਦ-ਸਮੁੰਦਰ ਵਿਚੋਂ ਰੱਬੀ ਗੁਣ-ਰੂਪ ਚੌਦਾਂ ਰਤਨ ਕੱਢੇ, ਜਿਨ੍ਹਾਂ ਨਾਲ ਉਸ ਨੇ ਜਗਤ ਵਿਚ ਆਤਮਕ ਜੀਵਨ ਦੀ ਸੂਝ ਦਾ ਚਾਨਣ ਪੈਦਾ ਕੀਤਾ ।
ਚੰਦੀ ਅਮਰ ਜੀਤ ਸਿੰਘ (ਚਲਦਾ)