ਚੰਡੀ ਦੁਰਗਾ ਦੇਵੀ ਕਿ ਵਹਿਸ਼ਿਆ ਬਨਾਮ ਅਨੂਪ ਕੁਆਰਿ ਗੁਰੂ ਗੋਬਿੰਦ ਸਿੰਘ ਜੀ ਨਾਲ (ਭਾਗ 2)
ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਲਿਖਾਰੀ ਭਾਈ ਸੰਤੋਖ ਸਿੰਘ ਨੇ ਤਾਂ ਬਹੁਤ ਵਿਸਥਾਰ ਪੂਰਬਕ ਬਿਆਨ ਕੀਤਾ ਹੈ ਕਿ ਜਦੋਂ ਦੈਂਤ ਦੇਵੀ ਦੇ ਪਿੱਛੇ ਭੱਜੇ ਆ ਰਹੇ ਸਨ ਤਾਂ ਅੱਜ-ਕੱਲ੍ਹ ਦੇ ਹੇਮਕੁੰਟ ਦੇ ਸਥਾਨ ਤੇ ਇਕ ਬ੍ਰਾਹਮਣ ਤਪੱਸਵੀ ਤਪ ਕਰ ਰਿਹਾ ਸੀ। ਜੋ ਸ਼ੇਰ ਦੀ ਖੱਲ ਉਸ ਨੇ ਆਸਨ ਰੂਪ ਵਿਚ ਹੇਠ ਵਿਛਾਈ ਹੋਈ ਸੀ ਉਸ ਨੂੰ ਝਾੜਿਆ ਗਿਆ ਤਾਂ ਦੁਸ਼ਟ ਦਮਨ, ਜਿਸ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਦਾ ਪਿਛਲਾ ਜਨਮ ਮੰਨੀ ਬੈਠੇ ਹਾਂ, ਪੈਦਾ ਹੋਇਆ। ਉਸ ਨੇ ਦੈਂਤਾਂ ਨੂੰ ਮਾਰ ਮੁਕਾਇਆ ਤੇ ਦੇਵੀ ਨੇ ਪ੍ਰਸੰਨ ਹੋ ਕੇ ਦੁਸ਼ਟ ਦਮਨ ਨੂੰ ਇਉਂ ਚੱਟਿਆਂ ਜਿਵੇਂ ਨਵੇਂ ਪੈਦਾ ਹੋਏ ਵੱਛੇ ਨੂੰ ਗਊ ਮਾਤਾ ਚੱਟਦੀ ਹੈ। ਦੇਵੀ ਨੇ ਪ੍ਰਸੰਨ ਹੋ ਕਿ ਗੁਰੂ ਜੀ(ਪਿਛਲੇ ਜਨਮ ਵਿਚ ਦੁਸ਼ਟ ਦਮਨ) ਨੂੰ ਇਕ ਖੰਡਾ ਦਿੱਤਾ ਅਤੇ ਕਿਹਾ ਕਿ ਤੁਸੀਂ ਮਾਤ ਲੋਕ ਵਿਚ ਜਾ ਕੇ ਜਦੋਂ ਆਪਣਾ ਖਾਲਸਾ ਪੰਥ ਦੀ ਸਾਜਨਾ ਕਰੋਗੇ ਤਾਂ ਮੈਂ ਆ ਕੇ ਤੁਹਾਡੀ ਮੱਦਦ ਕਰੂੰਗੀ।
ਕੋਈ ਪੁੱਛਣ ਵਾਲਾ ਹੋਵੇ ਬਈ ਤੂੰ ਅੱਜ ਤਾਂ ਆਪਣੀ ਰੱਖਿਆ ਆਪ ਕਰ ਨਹੀਂ ਸਕੀ, ਕੱਲ੍ਹ ਨੂੰ ਕਿਸੇ ਦੀ ਮੱਦਦ ਖਾਕ ਕਰੇਂਗੀ? ਜੇ ਸਾਡੇ ਕੋਲ ਬਬੇਕ ਬੁੱਧ ਹੋਵੇਗੀ ਤਾਂ ਹੀ ਤਾਂ ਅਸੀਂ ਕਿਸੇ ਨੂੰ ਪੁੱਛ ਸਕਾਂਗੇ? ਪਿਛਲੇ 200 ਸਾਲਾਂ ਦੀਆਂ ਸਰਕਾਰਾਂ ਨੇ ਸਾਨੂੰ ਤਾਂ ਮਿੱਟੀ ਦੇ ਮਾਧੋ ਬਣਾ ਧਰਿਆ ਹੈ ਤੇ ਅਸੀਂ ਅੱਜ ਮਿੱਟੀ ਦੇ ਮਾਧੋ ਬਣੇ ਰਹਿਣਾ ਹੀ ਪਸੰਦ ਕਰਦੇ ਹਾਂ। ਜਾਣੀਕੇ ਸਾਡੇ ਵਿਚ ਕੋਈ ਤੰਤ ਬਾਕੀ ਬਚਿਆ ਹੀ ਨਹੀਂ।
ਮੈਂ ਕਈ ਵਾਰ ਇਹ ਸਵਾਲ ਪੈਦਾ ਕਰ ਚੁਕਿਆ ਹਾਂ ਕਿ ਜਦੋਂ ਗੁਰੂ ਜੀ ਨੇ ਮਾਤ ਲੋਕ ਵਿਚ ਗੋਬਿੰਦ ਰਾਇ ਦੇ ਰੂਪ ਵਿਚ ਜਨਮ ਲਿਆ ਤਾਂ ਓਹੀ ਖੰਡਾ ਆਪਣੀ ਮਾਤਾ ਦੇ ਪੇਟ ਵਿਚੋਂ ਪੈਦਾ ਹੁੰਦੇ ਹੋਏ ਨਾਲ ਕਿਵੇਂ ਲੈ ਕੇ ਆਏ?
ਦੂਸਰਾ ਏਹੀ ਦੇਵੀ ਹੈ ਜਿਸ ਨੂੰ ਅਸੀਂ ਮਾਤਾ ਸਾਹਿਬ ਕੌਰਾਂ ਕਰਕੇ ਮੰਨਦੇ ਹਾਂ। ਏਹੀ ਆ ਕੇ ਖੰਡੇ- ਬਾਟੇ ਦੀ ਪਾਹੁਲ ਵਿਚ ਪਤਾਸੇ ਪਾਉਂਦੀ ਹੈ ਨਹੀਂ ਤਾਂ ਇਹ ਪਾਹੁਲ ਨੇ ਅਧੂਰੀ ਰਹਿ ਜਾਣਾ ਸੀ।
ਭਲਿਓ ਸਿੱਖ ਭਰਾਵੋ! ਕੁੱਝ ਤਾਂ ਸੋਚੋ ਕਿ ਜਿਸ ਗੁਰੂ ਨੇ ਸਾਰੀ ਵਿਉਂਤ ਬਣਾਈ ਕਿ 1699 ਦੀ ਵੈਸਾਖੀ ਨੂੰ ਖਾਲਸਾ ਫੌਜ ਬਣਾਉਣੀ ਹੈ, ਉਸ ਨੂੰ ਨਹੀਂ ਪਤਾ ਕਿ ਖੰਡੇ-ਬਾਟੇ ਦੀ ਪਾਹੁਲ ਕਿਵੇਂ ਤਿਆਰ ਕਰਨੀ ਹੈ। 20000 (ਵੀਹ ਹਜ਼ਾਰ) ਨੂੰ ਚਲੋ ਇਕ ਇਕ ਪੱਗ, ਦੋ ਦੋ ਚੋਲੇ, ਦੋ ਦੋ ਕਛਿਹਰੇ, ਇਕ ਕੰਘਾ, ਇਕ ਕੜਾ ਅਤੇ ਇਕ ਕ੍ਰਿਪਾਨ ਤਾਂ ਜ਼ਰੂਰ ਹੀ ਦਿੱਤੀ ਹੋਵੇਗੀ। ਇਤਨਾ ਸਮਾਨ ਰਾਤੋ ਰਾਤ ਨਹੀਂ ਬਣ ਜਾਂਦਾ। ਉਸ ਸਮੇਂ ਦੀ ਨਜ਼ਾਕਤ ਨੂੰ ਮੁੱਖ ਰੱਖਦਿਆਂ ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਇਸ ਵਿਉਂਤਬੰਦੀ ਨੂੰ ਪੂਰਾ ਕਰਨ ਲਈ ਇਕ ਜਾਂ ਦੋ ਸਾਲ ਪਹਿਲਾਂ ਹੀ ਅਰੰਭਿਆ ਗਿਆ ਹੋਵੇਗਾ। ਇਹ ਸਾਰਾ ਸਮਾਨ ਕਈ ਸੈਂਕੜੇ ਗੱਡਿਆਂ ਤੇ ਲੱਦ ਕੇ ਲਿਆਂਦਾ ਗਿਆ ਹੋਵੇਗਾ ਤੇ ਕਈ ਮਹੀਨੇ ਇਸ ਨੂੰ ਤਿਆਰ ਕਰਨ ਤੇ ਲੱਗੇ ਹੋਣਗੇ। ਆਪਾਂ ਗੁਰੂ ਜੀ ਨੂੰ ਕਿਉਂ ਭੁੱਲੜ ਸਾਬਤ ਕਰਨ ਤੇ ਤੁਲੇ ਹੋਏ ਹਾਂ।
ਆਓ ਹੁਣ ਆਪਾਂ 16ਵੇਂ ਚਰਿਤ੍ਰ ਅਤੇ ਦਸਮ ਗ੍ਰੰਥ ਦੇ ਪੰਨਾ 831 ਤੇ 25ਵੇਂ ਬੰਦ ਵੱਲ ਨਜ਼ਰ ਮਾਰਦੇ ਹਾਂ।
“ਰਾਮਜਨੀ ਗ੍ਰਹਿ ਜਨਮ ਬਿਧਾਤੈ ਮੁਹਿ ਜਨਮ ਦਿਯਾ”।
ਰਾਮਜਨੀ ਉਪਰ 10 ਲਿਖ ਕੇ ਇਸਦਾ ਮਤਲਬ ਇਸੇ ਪੰਨੇ ਤੇ ਲਿਖਿਆ ਹੋਇਆ ਹੈ ਵੇਸਵਾ।
ਤਵ ਮਿਲਬੇ ਹਿਤ ਭੇਖ ਜੋਗ ਕੋ ਮੈਂ ਲਿਯਾ ।
ਤੁਰਤ ਸੇਜ ਹਮਰੀ ਅਬ ਆਨਿ ਸੁਹਾਇਯੈ ।
ਹੋ ਹਵੈ ਦਾਸੀ ਤਵ ਰਹੋਂ ਨ ਮੁਹਿ ਤਰਸਾਇਯੈ ।25।
ਇਸ ਵੇਸਵਾ ਨੇ ਆਪਣੀ ਕਾਮ ਪੂਰਤੀ ਦੀ ਇੱਛਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਰੱਖ ਦਿੱਤੀ। ਪਿਆਰਾ ਸਿੰਘ ਪਦਮ, ਹਰਪਾਲ ਸਿੰਘ ਪੰਨੂੰ, ਡਾ. ਅਨੁਰਾਗ ਸਿੰਘ, ਡਾ. ਜੋਧ ਸਿੰਘ, ਨਿਹੰਗ ਸ਼ੇਰ ਸਿੰਘ, ਨਿਹੰਗ ਧਰਮ ਸਿੰਘ, ਗੁਰਸ਼ਰਨਜੀਤ ਸਿੰਘ ਲਾਂਬਾ, ਡਾ. ਹਰਭਜਨ ਸਿੰਘ ਡੇਹਰਾਦੂਨ ਅਕੈਡਮੀ ਵਾਲੇ ਅਤੇ ਹੋਰ ਕਈ ਸਾਰੇ ਜੋ ਇਸ 16ਵੇਂ ਚਰਿਤ੍ਰ ਅਤੇ 22, 23, 24ਵੇਂ ਚਰਿਤ੍ਰ ਨੂੰ ਗੁਰੂ ਜੀ ਦੀ ਹੱਡ-ਬੀਤੀ ਦੱਸਦੇ ਹਨ, ਨੂੰ ਪੁੱਛੋ ਕਿ ਗੁਰੂ ਜੀ ਯੋਧਿਆਂ ਦੀ ਛਾਉਣੀ, ਅਨੰਦਪੁਰ ਸਾਹਿਬ, ਵਿਚ ਜ਼ੁਲਮ ਵਿਰੁਧ ਲੋਹਾ ਲੈਣ ਲਈ ਸੈਨਾ ਦੀਆਂ ਤਿਆਰੀਆਂ ਵਿਚ ਰੁਝੇ ਹੋਏ ਹਨ ਕਿ ਵੇਸਵਾ ਗਮਨੀ ਵਿਚ?
ਇਸੇ ਚਰਿਤ੍ਰ ਵਿਚ ਅੱਗੇ ਗੁਰੂ ਜੀ ਦੀ ਬੇਵੱਸੀ ਦਿਖਾਈ ਗਈ ਹੈ ਕਿ ਜੇ ਮੈਂ ਤੇਰੇ ਨਾਲ ਕਾਮ ਕਰਦਾ ਹਾਂ ਤਾਂ ਮੇਰਾ ਧਰਮ ਭੰਗ ਹੋ ਜਾਵੇਗਾ ਨਾਲੇ ਜੇ ਪੁੱਤ ਜੰਮਿਆ ਤਾਂ ਭੰਡ ਪੈਦਾ ਹੋਵੇਗਾ ਜੇ ਕੁੜੀ ਪੈਦਾ ਹੋਈ ਤਾਂ ਵੇਸਵਾ।
“ਪੂਤ ਹੋਇ ਤੌ ਭਾਂਡਵਹ ਸੁਤਾ ਤੌ ਬੇਸਯਾ ਹੋਇ ।
ਭੋਗ ਕਰੇ ਭਾਜਤ ਧਰਮ ਭਜੇ ਬੰਧਾਵਤ ਸੋਇ। 35। ਪੰਨਾ 832 ।
ਮਾਂ ਨਾ ਤਾਂ ਭੰਡ ਪੈਦਾ ਕਰਦੀ ਹੈ ਤੇ ਨਾ ਹੀ ਵੇਸਵਾ। ਇਸ ਸਾਰੇ ਕੁੱਝ ਦਾ ਜ਼ਿਮੇਵਾਰ ਸਾਡਾ ਸਮਾਜ ਹੈ। 16ਵੇਂ ਚਰਿਤ੍ਰ ਵਿਚ ਔਰਤ ਦਾ ਨਾਮ ਰਾਮਜਨੀ ਅਤੇ 22, 23 24ਵੇਂ ਚਰਿਤ੍ਰ ਵਿਚ ਨਾਮ ਅਨੂਪ ਕੁਆਰਿ ਇਕ ਧਨਾਢ ਔਰਤ। ਫਰਕ ਸਿਰਫ ਨਾਂਵਾਂ ਦਾ ਹੈ ਬਾਕੀ ਕਹਾਣੀ ਓਹੀ ਹੈ। ਚੰਡੀ ਦੀ ਵਾਰ ਵਿਚ ਬੰਦਾ ਮਹਿਖਾਸੁਰ ਹੈ ਔਰਤ ਇਕ ਵੇਸਵਾ ਜੋ ਬਾਅਦ ਵਿਚ ਦੁਰਗਾ ਦੇਵੀ ਬਣਾ ਕੇ ਪੂਜੀ ਜਾਂਦੀ ਹੈ ਤੇ ਨਵਰਾਤਰਿਆਂ ਦੀ ਜਨਮ ਦਾਤੀ ਹੈ।
ਚਰਿਰੋਪਾਖਿਯਾਨ ਵਿਚ ਵੀ ਕਹਾਣੀ ਓਹੀ ਹੈ। ਹੁਣ ਮਹਿਖਾਸਰੁ ਦਾ ਨਾਮ ਬਦਲ ਕੇ ਗੋਬਿੰਦ ਰਾਇ ਕਰ ਦਿੱਤਾ ਗਿਆ ਹੈ। ਮਹਿਖਾਸੁਰ ਨਾਲ ਦੇਵੀ ਦੀ ਲੜਾਈ ਰਾਤ ਨੂੰ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਪਰ ਲਿਖੇ ਚਰਿਤ੍ਰਾਂ ਵਿਚ ਵੇਸਵਾ ਕੋਲ ਜਾਂ ਧਨਾਢ ਔਰਤ, ਅਨੂਪ ਕੁਆਰਿ, ਕੋਲ ਰਾਤ ਨੂੰ ਹੀ ਮੰਤਰ ਸਿੱਖਣ ਅਤੇ ਕਾਮ ਪੂਰਤੀ ਕਰਨ ਲਈ ਭੇਜਿਆ ਜਾ ਰਿਹਾ ਹੈ।
ਹੁਣ ਤੁਸੀਂ ਸਾਰੇ ਹੀ ਸਮਝ ਗਏ ਹੋਵੋਗੇ ਕਿ ਕਿਹੜੀ ਲੜਾਈ ਰਾਤ ਨੂੰ ਲੜੀ ਜਾਂਦੀ ਹੈ ਤੇ ਕਿਹੜੀ ਦਿਨੇ? ਮਹਿਖਾਸੁਰ ਸ਼ਰਾਬ ਦੇ ਨਸ਼ੇ ਵਿਚ ਮਾਰਿਆ ਜਾਂਦਾ ਹੈ। ਪਰ ਗੁਰੂ ਜੀ ਇਹ ਸੱਭ ਕੁੱਝ ਸੇਵਨ ਕਰਨ ਤੋਂ ਮਨਾਹ ਕਰ ਦਿੰਦੇ ਹਨ ਇਸ ਕਰਕੇ ਜਾਨ ਬਚ ਜਾਂਦੀ ਹੈ। ਕਹਾਣੀ ਵਿਚ ਫਰਕ ਸਿਰਫ ਇਤਨਾ ਕੁ ਹੈ।
ਗੁਰੂ ਪਿਆਰਿਓ ਜਾਗੋ ਹਾਲੇ ਵੀ ਵੇਲਾ ਹੈ ਸੰਭਲਣ ਦਾ ਨਹੀਂ ਤਾਂ ਗੁਰੂ ਗ੍ਰੰਥ ਨੂੰ ਲੱਭਦੇ ਹੀ ਰਹਿ ਜਾਓਗੇ। ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਸਿੱਖਾਂ ਦੀਆਂ ਕੁrਬਾਨੀਆਂ ਦਾ ਮੁੱਲ ਤਾਂ ਆਪਾਂ ਆਪਣਾ ਆਪ ਵਾਰਕੇ ਵੀ ਨਹੀਂ ਤਾਰ ਸਕਦੇ
ਕਿਉਂ ਸੌਂ ਕੇ ਉਮਰ ਵਿਹਾਜੀ ਜਾ ਰਹੇ ਹੋ। ਜਾਗੋ! ਜਾਗਣਾ ਸਿੱਖ ਕੌਮ ਦਾ ਖਾਸਾ ਹੈ ਤੇ ਆਪਣੇ ਵਿਰਸੇ ਨੂੰ ਯਾਦ ਕਰੋ।
ਗੁਰੂ ਦੇ ਪੰਥ ਦਾ ਦਾਸ ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 3132