ਚੰਡੀਗੜ੍ਹ, 18 ਅਕਤੂਬਰ (ਪੰਜਾਬ ਮੇਲ)- ਪੰਜਾਬ ਮੰਤਰੀ ਮੰਡਲ ’ਚ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਇੱਕੋ ਇੱਕ ਅਜਿਹੇ ਵਜ਼ੀਰ ਹਨ ਜਿਹੜੇ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕਰ ਸਕਦੇ ਹਨ। ਇਹ ਵਿਸ਼ੇਸ਼ ਅਧਿਕਾਰ ਉਨ੍ਹਾਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤਾ ਜਾਂਦਾ ਹੈ। ਪਹਿਲਾਂ ਤਾਂ ਮਾਲ ਮੰਤਰੀ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕਦੇ ਕਦਾਈਂ ਹੀ ਕਰਦੇ ਸਨ ਪਰ ਸਤੰਬਰ ਤੇ ਅਕਤੂਬਰ ਮਹੀਨਿਆਂ ਦੇ 40 ਕੁ ਦਿਨ ਅਜਿਹੇ ਹਨ ਜਦੋਂ ਮਾਲ ਮੰਤਰੀ ਵਿਧਾਨ ਸਭਾ ਹਲਕੇ ਮਜੀਠਾ ਅਤੇ ਸੂਬੇ ਵਿੱਚ ਹੋਰਨੀਂ ਥਾਈਂ ਹੋਈਆਂ ਰਾਜਸੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਸਰਕਾਰੀ ਹੈਲੀਕਾਪਟਰ ’ਤੇ ਸਵਾਰ ਹੋ ਕੇ ਗਏ। ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਸੂਤਰਾਂ ਅਨੁਸਾਰ ਸਤੰਬਰ ਦਾ ਮਹੀਨਾ ਸੂਬੇ ਦੇ ਇਤਿਹਾਸ ਵਿੱਚ ਅਜਿਹਾ ਮਹੀਨਾ ਸੀ ਜਦੋਂ ਹੈਲੀਕਾਪਟਰ ਦੀ ਵਰਤੋਂ 60 ਘੰਟਿਆਂ ਦੇ ਕਰੀਬ ਹੋਈ। ਆਮ ਤੌਰ ’ਤੇ ਸਰਕਾਰੀ ਹੈਲੀਕਾਪਟਰ ਦੀ ਵਰਤੋਂ 25 ਤੋਂ 30 ਘੰਟਿਆਂ ਤੱਕ ਹੀ ਹੁੰਦੀ ਹੈ। ਨਿਯਮਾਂ ਮੁਤਾਬਕ ਸਰਕਾਰੀ ਹੈਲੀਕਾਪਟਰ ਦੀ ਸਹੂਲਤ ਗਵਰਨਰ ਸ਼ਿਵ ਰਾਜ ਪਾਟਿਲ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੀ ਕਰ ਸਕਦੇ ਹਨ। ਮਾਲ ਮੰਤਰੀ ਦੀਆਂ ਹਵਾਈ ਉਡਾਣਾਂ ਲਈ ਮੁੱਖ ਮੰਤਰੀ ਵਿਸ਼ੇਸ਼ ਤੌਰ ’ਤੇ ਪ੍ਰਵਾਨਗੀ ਦਿੰਦੇ ਹਨ।
ਸੂਤਰਾਂ ਦਾ ਦੱਸਣਾ ਹੈ ਕਿ ਮਜੀਠੀਆ 4 ਸਤੰਬਰ ਨੂੰ ਚੰਡੀਗੜ੍ਹ ਤੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਫੱਤੂ ਭਿੱਲਾ, 8 ਸੰਤਬਰ ਨੂੰ ਮੁਕਤਸਰ ਤੋਂ ਫੱਤੂ ਭਿੱਲਾ, 9 ਸੰਤਬਰ ਨੂੰ ਚੰਡੀਗੜ੍ਹ ਤੋਂ ਅੰਮ੍ਰਿਤਸਰ ਅਤੇ ਉਸ ਤੋਂ ਅਗਲੇ ਦਿਨ ਮੋਗਾ ਜ਼ਿਲ੍ਹੇ ਦੇ ਪਿੰਡ ਬੱਧਨੀ ਕਲਾਂ ਗਏ। ਪੰਜਾਬ ਸਰਕਾਰ ਦਾ ਆਪਣਾ ਹੈਲੀਕਾਪਟਰ ਉਪਲਬਧ ਨਾ ਹੋਣ ਕਾਰਨ ਵਿਭਾਗ ਨੇ 14 ਸਤੰਬਰ ਨੂੰ ਮੱਤੇਵਾਲ, ਫੱਤੂ ਭਿੱਲਾ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੋਰਨੀਂ ਥਾਈਂ ਜਾਣ ਲਈ ‘ਇੰਡੀਆ ਫਲਾਈ ਸੇਫ਼’ ਕੰਪਨੀ ਦਾ ਹੈਲੀਕਾਪਟਰ ਕਿਰਾਏ ’ਤੇ ਲੈ ਕੇ ਦਿੱਤਾ। ਇਸੇ ਤਰ੍ਹਾਂ ਮਜੀਠੀਆ ਨੇ 30 ਸਤੰਬਰ ਨੂੰ ਚੰਡੀਗੜ੍ਹ ਤੋਂ ਕਾਲਝਰਾਨੀ ਲਈ ਵੀ ਹੈਲੀਕਾਪਟਰ ਦੀ ਵਰਤੋਂ ਕੀਤੀ। ਮਾਲ ਮੰਤਰੀ 4 ਅਕਤੂਬਰ ਨੂੰ ਚੰਡੀਗੜ੍ਹ ਦੇ ਨਜ਼ਦੀਕ ਨਵਾਂਸ਼ਹਿਰ ਵਿੱਚ ਇੱਕ ਸਿਆਸੀ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸਰਕਾਰੀ ਹੈਲੀਕਾਪਟਰ ’ਤੇ ਗਏ। ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੈਲੀਕਾਪਟਰ ਦੀ ਵਰਤੋਂ ਕਰਨ ਲਈ ਵਿਸ਼ੇਸ਼ ਤੌਰ ’ਤੇ ਇਜਾਜ਼ਤ ਦਿੰਦੇ ਹਨ ਪਰ ਪਿਛਲੇ 40-50 ਦਿਨਾਂ ’ਚ ਉਨ੍ਹਾਂ ਹੈਲੀਕਾਪਟਰ ਦੀ ਵਰਤੋਂ ਨਹੀਂ ਕੀਤੀ।
ਪੰਜਾਬ ਸਰਕਾਰ ਵਲੋਂ ਜੇਕਰ ਹੈਲੀਕਾਪਟਰ ਕਿਰਾਏ ’ਤੇ ਲਿਆ ਜਾਂਦਾ ਹੈ ਤਾਂ ਇਸ ਹੈਲੀਕਾਪਟਰ ਦਾ ਅੰਦਾਜ਼ਨ ਕਿਰਾਇਆ ਪੌਣੇ ਦੋ ਲੱਖ ਰੁਪਏ ਪ੍ਰਤੀ ਘੰਟਾ ਪੈਂਦਾ ਹੈ। ਸਰਕਾਰ ਨੇ ਜਿਹੜਾ ਆਪਣਾ ਹੈਲੀਕਾਪਟਰ ਖ਼ਰੀਦਿਆ ਹੈ ਉਸ ਦੀ ਖ਼ਰਚਾ 80 ਹਜ਼ਾਰ ਰੁਪਏ ਪ੍ਰਤੀ ਘੰਟਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਰਾਜ ਸਰਕਾਰ ਨੇ ਜਦੋਂ ਆਪਣਾ ਹੈਲੀਕਾਪਟਰ ਖ਼ਰੀਦਿਆ ਸੀ ਤਾਂ ਇਹ ਤਰਕ ਦਿੱਤਾ ਗਿਆ ਸੀ ਕਿ ਕਿਰਾਏ ਦਾ ਹੈਲੀਕਾਪਟਰ ਸਰਕਾਰੀ ਖ਼ਜ਼ਾਨੇ ’ਤੇ ਜ਼ਿਆਦਾ ਭਾਰੂ ਪੈਂਦਾ ਹੈ। ਸਰਕਾਰ ਨੇ ਇਸ ਹੈਲੀਕਾਪਟਰ ’ਤੇ 38 ਕਰੋੜ ਰੁਪਏ ਖਰਚੇ ਸਨ। ਅਪ੍ਰੈਲ ਮਹੀਨੇ ਤੋਂ ਸਰਕਾਰੀ ਹੈਲੀਕਾਪਟਰ ਉਡਣਾ ਸ਼ੁਰੂ ਹੋ ਗਿਆ ਸੀ। ਜਾਣਕਾਰੀ ਮੁਤਾਬਕ ਅਪਰੈਲ, ਮਈ, ਜੂਨ ਤੇ ਜੁਲਾਈ ਮਹੀਨਿਆਂ ਦੌਰਾਨ ਤਾਂ ਸਰਕਾਰ ਨੇ ਕਿਰਾਏ ਦੇ ਹੈਲੀਕਾਪਟਰ ਦੀ ਵਰਤੋਂ ਬਹੁਤ ਘੱਟ ਕੀਤੀ। ਅਗਸਤ ਮਹੀਨੇ ਤੋਂ ਤਾਂ ਸਰਕਾਰੀ ਖ਼ਜ਼ਾਨੇ ’ਤੇ 2 ਹੈਲੀਕਾਪਟਰਾਂ ਦਾ ਬੋਝ ਪੈ ਰਿਹਾ ਹੈ। ਸਰਕਾਰ ਨੂੰ ਕਈ ਵਾਰੀ ਤਿੰਨ ਹੈਲੀਕਾਪਟਰਾਂ ਦੀ ਜ਼ਰੂਰਤ ਵੀ ਪੈ ਜਾਂਦੀ ਹੈ। ਅਧਿਕਾਰੀਆਂ ਦਾ ਦੱਸਣਾ ਹੈ ਕਿ ਹੈਲੀਕਾਪਟਰ ਉਪਲੱਬਧ ਨਾ ਹੋਣ ਕਾਰਨ ਮੰਤਰੀ ਨੂੰ ਸੜਕ ਰਾਹੀਂ ਸਫ਼ਰ ਕਰਨਾ ਪੈਂਦਾ ਹੈ।
ਖ਼ਬਰਾਂ
ਪੰਜਾਬ ਮੰਤਰੀ ਮੰਡਲ ’ਚ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਇੱਕੋ ਇੱਕ ਅਜਿਹੇ ਵਜ਼ੀਰ ਹਨ ਜਿਹੜੇ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕਰ ਸਕਦੇ ਹਨ।
Page Visitors: 2547