ਭੀੜ ਅਤੇ ਪਹਿਚਾਣ
ਭੀੜਾਂ ਵਿਚ ਪਹਿਚਾਣ ਬਣਾਓਂਣੀ ਸੌਖੀ ਨਹੀ ਓਹ ਵੀ ਮੁਠੀ ਭਰ ਕੋਮ ਵਲੋਂ।
ਖਾਲਸਾ ਇਕ ਪਹਿਚਾਣ ਦਾ ਨਾਂ ਹੈ ਪਰ ਜੇ ਗੁਰ ਲਿਵ ਨਾਲ ਇਕਮਿਕ ਹੋਵੇ ਨਹੀ ਤਾਂ ਪੁਠੇ ਪਾਸਿਓਂ ਵਾਲੀ ਪਹਿਚਾਣ ਵੀ ਬੜੀ ਛੇਤੀ ਸੰਸਾਰ ਸਾਹਵੇਂ ਆਓਂਦੀ ਹੈ।
ਬਾਬਿਆਂ ਖੰਨਿਓਂ ਤਿਖੀ ਐਵੇਂ ਨਾ ਸੀ ਕਿਹਾ ਤੇ ਵਾਲ ਨਾਲੋਂ ਵੀ ਬਰੀਕ। ਵਿਰਲਾ ਟਿਕਦਾ ਤੇ ਤੁਰਦਾ।
ਅਜ ਦੇ ਗਲੈਮਰ ਜੁਗ ਮੂਹਰੇ ਸਾਬਤ ਹੋ ਕੇ ਤੁਰ ਸਕਣਾ ਤਾਂ ਬਿਲਕੁਲ ਹੀ ਸੰਸਾਰ ਦੇ ਵਿਰੁਧ ਹੋ ਖੜੋਣਾ ਹੈ। ਪਛੜਿਆ ਹੋਇਆ, ਪਿਛਾਂਹ ਖਿਚੂ, ਸਮਾ ਵਿਹਾਅ ਚੁਕਾ। ਬਹੁਤੇ ਤਾਂ ਔਰਤ ਪਿਛੇ ਹੀ ਮੂੰਹ ਤੇ ਲਕੀਰਾਂ ਖਿਚ ਆਓਂਦੇ ਖੋਪਰੀਆਂ ਲੱਥਣੀਆਂ ਤਕ ਤਾਂ ਦੂਰ ਦੀ ਗਲ।
ਸਟੋਰ ਫਿਰਦਿਆਂ ਝੁਰੜੇ ਮੂੰਹ ਨੂੰ ਰੰਗਾ ਹੇਠ ਦਬੀ ਮਾਈ ਇਕ ਆਂਹਦੀ ਅੰਕਲ ਜੀ ਆਹ ਪਰਾਈਸ ਪੜ ਕੇ ਦਸਿਆ ਜੇ ਮੈਂ ਐਨਕ ਘਰੇ ਭੁਲ ਗਈ। ਅੰਕਲ ਕਿਹੜਾ ਪਧਰਾ ਸੀ,
ਮੈਂ ਕਿਹਾ ਪੁਤ ਮੇਰਿਆ ਪਹਿਲਾਂ ਬਾਪੂ ਕਹਿਕੇ ਪੁਛ ਫਿਰ ਦਸੂੰ।
ਪੁਰਾਣੀ ਗਲ ਹੈ।ਪੇਡੂੰ ਬਾਈ ਸੀ ਦਾਹੜੀ ਪਹਿਲਾਂ ਚਿਟੀ ਹੋ ਗਈ ਸਮੇ ਤੋਂ। ਮਾਈ ਇਕ ਆਂਹਦੀ ਬਾਬਾ ਕਣਕ ਦਾ ਤੋੜਾ ਲੁਹਾ ਕੇ ਚਕੀ ਤੇ ਸੁਟਾ ਦੇਹ।
ਬੰਦੇ ਨੂੰ ਗੁਸਾ ਚੜਿਆ ਨਾਈ ਨੂੰ ਚਵਾਨੀ ਦਿਤੀ ਤੇ ਮਾਈ ਦੇ ਆਟਾ ਪਿਹਾਓਂਣ ਤਕ ਵਾਪਸ ਮੁੜ ਆਇਆ ਤਾਂ ਮਾਈ ਓਸੇ ਬੰਦੇ ਨੂੰ ਆਂਹਦੀ ਪੁਤ ਤੋੜਾ ਰਖਾ ਦੇਹ ਰਿਹੜੇ ਤੇ। ਬੰਦਾ ਆਂਹਦਾ ਹਰਦੂ ਲਹਾਨਤ ਚਵਾਨੀ ਹੀ ਖਰਾਬ ਕਰਾਓਂਣੀ ਸੀ ਮੇਰੀ। ਯਾਣੀ ਬਾਬਾ ਅਤੇ ਪੁਤ ਅਖਵਾਉਣ ਦੇ ਫਰਕ ਨੇ ਹੀ ਬੰਦਾ ਬਦਲ ਕੇ ਔਹ ਮਾਰਿਆ ਨਹੀ ਤਾਂ ਬਾਬਾ ਬਣੇ ਬਿਨਾ ਅੰਤ ਕਾਹਨੂੰ ਹੋਣਾ।
ਸਮੇ ਤੋਂ ਲੁਕਿਆ ਚਾਹੁੰਦਾ ਬੰਦਾ ਭੀੜ ਬਣਕੇ ਰਹਿ ਗਿਆ ਪਹਿਚਾਣ ਕਿਤੇ ਰਖ ਲਊ। ਪੰਜਾਬ ਫਿਰਦਿਆਂ ਸਿਖਾਂ ਦੇ ਮੁੰਡੇ ਫਿਰਦੇ ਦੇਖ ਵੀ ਬਈਆਂ ਦੀ ਗਿਣਤੀ ਬਹੁਤ ਵਧਦੀ ਜਾਪੀ ਜਾਦੀ ਰਹਿੰਦੀ।
ਭੀੜਾਂ ਪਹਿਚਾਣ ਖਾ ਜਾਦੀਆਂ ਕੌਮਾਂ ਦੀਆਂ। ਭੀੜਾਂ ਦੇ ਵਹਿਣਾਂ ਵਿਚ ਪਹਿਚਾਣਾਂ ਰੁੜ ਜਾਦੀਆਂ। ਭੀੜਾਂ ਦੀਆਂ ਹਨੇਰੀਆਂ ਮੂਹਰੇ ਵਿਰਲੇ ਮਰਦਾਂ ਦੇ ਪੈਰ ਲਗਦੇ ਨਹੀ ਤਾਂ ਛਤੀ ਸੌ ਬਹਾਨੇ ਭੀੜਾ ਬਣੇ ਰਹਿਣ ਦੇ।
ਪੂਰਾ ਮੁਲਖ ਰੰਗੀ ਵਸਦਾ ਪਰ ਪੰਜਾਬ ਕਿਓ ਹਮੇਸ਼ਾਂ ਹਿਟ ਲਿਸਟ ਤੇ ਰਹਿੰਦਾ। ਕਿਓਕਿ ਪੰਜਾਬ ਵਖ ਤੁਰਨਾ ਚਾਹੁੰਦਾ। ਪੰਜਾਬ ਅਪਣੀ ਵਖਰੀ ਹਸਤੀ ਦੀ ਗਲ ਕਰਦਾ। ਪੰਜਾਬ ਵਡੀ ਭੀੜ ਦਾ ਹਿਸਾ ਨਹੀ ਬਣਨਾ ਚਾਹੁੰਦਾ, ਓਹ ਅਪਣੀ ਪਹਿਚਾਣ ਬਰਕਰਾਰ ਰਖਣੀ ਚਾਹੁੰਦਾ ਤੇ ਇਹੀ ਮੇਰੀ ਲੜਾਈ ਹੈ।
ਭੀੜ ਵਿਚ ਭੇਡ ਬਿਰਤੀ ਭਾਰੂ ਹੁੰਦੀ ਤੇ ਭੇਡ ਨੂੰ ਕੋਈ ਅਲਹਿਦਾ ਰਸਤੇ ਦੀ ਲੋੜ ਨਹੀ ਚਾਹੇ ਖੂਹ ਵਿਚ ਹੀ ਕਿਓਂ ਨਾ ਡਿਗਣਾ ਪਵੇ। ਭੇਡ ਦਾ ਕੋਈ ਵਜੂਦ ਨਹੀ ਨਾ ਪਹਿਚਾਣ ਸਿਵਾਏ ਉਨ ਲੁਹਾਓਣ ਜਾਂ ਵਢੇ ਟੁਕੇ ਜਾਣ ਦੇ।
ਵਜੂਦ ਲੜਦਾ ਬੰਦੇ ਦਾ, ਵਜੂਦ ਹੀ ਭਿੜ ਸਕਦਾ ਅਤੇ ਵਖਰਾ ਵਜੂਦ ਬਣਾਈ ਰਖਣ ਯਾਣੀ ਪਹਿਚਾਣ ਰਖਣ ਦੀ ਕੀਮਤ ਹੀ ਸਿਖ ਕੌਮ ਤਾਰਦੀ ਆ ਰਹੀ ਹੈ ਅਤੇ ਇਹ ਗਲ ਮਾਇਨਾ ਨਾ ਰਖਦੀ ਮੁਗਲ ਸੀ ਅੰਗਰੇਜ ਜਾਂ ਹਿੰਦੂ।
ਗੁਰਦੇਵ ਸਿੰਘ ਸੱਧੇਵਾਲੀਆ