ਗੁਰਬਾਣੀ ਦੀ ਸਰਲ ਵਿਆਖਿਆ!(ਭਾਗ 498)
ਗਉੜੀ ਪੂਰਬੀ ਮਹਲਾ 4 ॥
ਇਸੁ ਗੜ ਮਹਿ ਹਰਿ ਰਾਮ ਰਾਇ ਹੈ ਕਿਛੁ ਸਾਦੁ ਨ ਪਾਵੈ ਧੀਠਾ ॥
ਹਰਿ ਦੀਨ ਦਇਆਲਿ ਅਨੁਗ੍ਰਹੁ ਕੀਆ ਹਰਿ ਗੁਰ ਸਬਦੀ ਚਖਿ ਡੀਠਾ ॥1॥
ਇਸ ਸਰੀਰ ਕਿਲ੍ਹੇ ਵਿਚ ਜਗਤ ਦਾ ਰਾਜਾ ਹਰੀ-ਪਰਮਾਤਮਾ ਵੱਸਦਾ ਹੈ, ਪਰ ਵਿਕਾਰਾਂ ਦੇ ਸਵਾਦ ਵਿਚ ਢੀਠ ਹੋਏ ਮਨੁੱਖ ਨੂੰ ਅੰਦਰ ਵੱਸਦੇ ਪਰਮਾਤਮਾ ਦੇ ਮਿਲਾਪ ਦਾ ਕੋਈ ਆਨੰਦ ਨਹੀਂ ਆਉਂਦਾ, ਜਿਸ ਮਨੁੱਖ ਉੱਤੇ, ਦੀਨਾਂ ਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਕਿਰਪਾ ਕੀਤੀ, ਉਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ-ਰਸ ਚੱਖ ਕੇ ਵੇਖ ਲਿਆ ਹੈ ਕਿ ਇਹ ਸਚ-ਮੁਚ ਹੀ ਮਿੱਠਾ ਹੈ ।1।
ਰਾਮ ਹਰਿ ਕੀਰਤਨੁ ਗੁਰ ਲਿਵ ਮੀਠਾ ॥1॥ ਰਹਾਉ ॥
ਹੇ ਭਾਈ, ਗੁਰੂ ਦੇ ਚਰਨਾਂ ਵਿਚ ਲਿਵ ਲਾ ਕੇ ਪਰਮਾਤਮਾ ਦੀ ਸਿਫਤ-ਸਾਲਾਹ ਕਰ। ਦੁਨੀਆਂ ਦੇ ਸਾਰੇ ਰਸਾਂ ਨਾਲੋਂ ਇਹ ਰਸ ਮਿੱਠਾ ਹੈ ।1।ਰਹਾਉ।
ਹਰਿ ਅਗਮੁ ਅਗੋਚਰੁ ਪਾਰਬ੍ਰਹਮੁ ਹੈ ਮਿiਲ ਸਤਿਗੁਰ ਲਾਗਿ ਬਸੀਠਾ ॥
ਜਿਨ ਗੁਰ ਬਚਨ ਸੁਖਾਨੈ ਹੀਅਰੈ ਤਿਨ ਆਗੈ ਆਣਿ ਪਰੀਠਾ ॥2॥
ਜਿਹੜਾ ਹਰੀ-ਪਾਰਬ੍ਰਹਮ ਅਪਹੁੰਚ ਹੈ, ਜਿਸ ਤੱਕ ਮਨੁੱਖ ਦੇ ਗਿਆਨ-ਇੰਦਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਹ ਹਰੀ-ਪ੍ਰਭੂ, ਗੁਰੂ ਨੂੰ ਮਿਲ ਕੇ, ਗੁਰੂ-ਵਕੀਲ ਦੀ ਚਰਨੀਂ ਲੱਗ ਕੇ ਹੀ ਮਿਲਦਾ ਹੈ। ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੇ ਬਚਨ, ਹਿਰਦੇ ਵਿਚ ਪਿਆਰੇ ਲਗਦੇ ਹਨ, ਗੁਰੂ ਉਨ੍ਹਾਂ ਦੇ ਅੱਗੇ ਪਰਮਾਤਮਾ ਦਾ ਨਾਮ-ਅੰਮ੍ਰਿਤ ਲਿਆ ਕੇ ਪਰੋਸ ਦੇਂਦਾ ਹੈ।2।
ਮਨਮੁਖ ਹੀਅਰਾ ਅਤਿ ਕਠੋਰੁ ਹੈ ਤਿਨ ਅੰਤਰਿ ਕਾਰ ਕਰੀਠਾ ॥
ਬਿਸੀਅਰ ਕਉ ਬਹੁ ਦੂਧੁ ਪੀਆਈਐ ਬਿਖੁ ਨਿਕਸੈ ਫੋਲਿ ਫੁਲੀਠਾ ॥3॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਹਿਰਦਾ ਬੜਾ ਕਰੜਾ ਹੁੰਦਾ ਹੈ, ਉਨ੍ਹਾਂ ਦੇ ਅੰਦਰ ਵਿਕਾਰਾਂ ਦੀ ਕਾਲਖ ਹੀ ਕਾਲਖ ਹੁੰਦੀ ਹੈ। ਸੱਪ ਨੂੰ ਜਿੰਨਾ ਵੀ ਦੁੱਧ ਪਿਲਾਈ ਜਾਈਏ, ਪਰ ਉਸ ਦਾ ਅੰਦਰ ਫੋਲਿਆਂ ਜ਼ਹਰ ਹੀ ਨਿਕਲਦਾ ਹੈ, ਇਹੀ ਹਾਲਤ ਮਨਮੁੱਖ ਦੀ ਹੁੰਦੀ ਹੈ।3।
ਹਰਿ ਪ੍ਰਭ ਆਨਿ ਮਿਲਾਵਹੁ ਗੁਰ ਸਾਧੂ ਘਸਿ ਗਰੁੜੁ ਸਬਦੁ ਮੁਖਿ ਲੀਠਾ ॥
ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗਿ ਸੰਗਤਿ ਕਰੂਆ ਮੀਠਾ ॥4॥9॥23॥61॥
ਹੇ ਹਰੀ, ਹੇ ਪ੍ਰਭੂ, ਮਿਹਰ ਕਰ, ਮੈਨੂੰ ਸਾਧੂ ਗੁਰੂ ਲਿਆ ਕੇ ਮਿਲਾ, ਮੈਂ ਗੁਰੂ ਦਾ ਸ਼ਬਦ ਆਪਣੇ ਮੂੰਹ ਵਿਚ ਵਸਾਵਾਂ ਤੇ ਮੇਰੇ ਅੰਦਰੋਂ ਵਿਕਾਰਾਂ ਦੀ ਜ਼ਹਰ ਦੂਰ ਹੋਵੇ, ਜਿਵੇਂ ਸੱਪ ਦਾ ਜ਼ਹਰ ਦੂਰ ਕਰਨ ਵਾਲੀ ਬੂਟੀ ਘਸਾ ਕੇ ਮੂੰਹ ਵਿਚ ਚੂਸਿਆਂ, ਸੱਪ ਦਾ ਜ਼ਹਰ ਉਤਰਦਾ ਹੈ। ਹੇ ਦਾਸ ਨਾਨਕ ਆਖ, ਅਸੀਂ ਗੁਰੂ ਦੇ ਗੁਲਾਮ ਹਾਂ, ਸੇਵਕ ਹਾਂ, ਗੁਰੂ ਦੀ ਸੰਗਤ ਵਿਚ ਬੈਠਿਆਂ ਕੌੜਾ ਸੁਭਾਉ ਮਿੱਠਾ ਹੋ ਜਾਂਦਾ ਹੈ ।4।9।23।61।
ਚੰਦੀ ਅਮਰ ਜੀਤ ਸਿੰਘ (ਚਲਦਾ)