-: ਅਕਾਲ ਤਖਤ ਤੇ ਪੇਸ਼ੀ ਦਾ ਮਾਮਲਾ :-
ਜਿਵੇਂ ਕਿ ਸਾਰਾ ਸਿੱਖ ਜਗਤ ਜਾਣਦਾ ਹੈ ਕਿ ਪ੍ਰੋ: ਦਰਸ਼ਨ ਸਿੰਘ ਜੀ ਨੂੰ ਪੰਥ ਵਿੱਚੋਂ ਛੇਕਿਆ ਜਾ ਚੁੱਕਾ ਹੈ। ਉਹਨਾ ਨੂੰ ਛੇਕਿਆ ਜਾਣਾ ਨਿਆਉਂ ਪੂਰਵਕ ਸੀ ਜਾਂ ਗ਼ਲਤ, ਇਹ ਵੱਖਰਾ ਵਿਸ਼ਾ ਹੈ। ਪਰ ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਪ੍ਰੋ: ਦਰਸ਼ਨ ਸਿੰਘ ਜੀ ਨੂੰ ਅਕਾਲ ਤਖਤ ਤੋਂ ਛੇਕਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਬੀਤੇ ਸਮੇਂ ਵਿੱਚ ਅਕਾਲ ਤਖਤ ਤੋਂ ਬਹੁਤ ਗ਼ਲਤ ਫੈਸਲੇ ਹੋਏ ਹਨ।
ਉਹਨਾਂ ਸਭ ਫੈਸਲਿਆਂ ਤੇ ਵਿਚਾਰ ਨਾ ਕਰਕੇ, ਫਿਲਹਾਲ ਸਿਰਫ ਜੰਮੂ ਕਸ਼ਮੀਰ ਦੇ 5 ਸਿੰਘਾਂ ਦੇ ਅਕਾਲ ਤਖਤ ਤੇ ਪੇਸ਼ ਹੋਣ ਸਬੰਧੀ ਹੀ ਵਿਚਾਰ ਪੇਸ਼ ਕੀਤੀ ਜਾ ਰਹੀ ਹੈ।
ਜੋ ਵੀਡੀਓ ਸਾਮ੍ਹਣੇ ਆਈ ਹੈ, ਉਸ ਮੁਤਾਬਕ ਸਿੰਘ ਸਾਹਿਬ ਦਾ ਜੰਮੂ ਕਸ਼ਮੀਰ ਦੇ ਪੰਜਾਂ ਸਿੰਘਾਂ ਨੂੰ ਸਵਾਲ ਸੀ ਕਿ ਕੀ ਉਹਨਾਂ ਨੇ ਅਕਾਲ ਤਖਤ ਤੋਂ ਛੇਕੇ ਗਏ ਵਿਅਕਤੀ ਤੋਂ ਕੀਰਤਨ ਕਰਵਾਉਣ ਦੀ ਗ਼ਲਤੀ ਕੀਤੀ ਹੈ ਜਾਂ ਨਹੀਂ?
ਇਸ ਤੇ ਉਹਨਾਂ ਪੰਜਾਂ ਸਿੰਘਾਂ ਵਿੱਚੋਂ ਪਹਿਲੇ ਇੱਕ ਨੇ ਆਪਣੀ ਗ਼ਲਤੀ ਸਵਿਕਾਰ ਕਰ ਲਈ ਅਤੇ ਦੂਸਰੇ ਸਿੰਘ ਨੇ ਹਾਂ ਜਾਂ ਨਾਂਹ ਵਿੱਚ ਜਵਾਬ ਦੇਣ ਤੋਂ ਪਹਿਲਾਂ ਸਫਾਈ ਵਿੱਚ ਆਪਣਾ ਪੱਖ ਰੱਖਣ ਦੀ ਗੱਲ ਕਹੀ। ਸਿੱਧਾ ਹਾਂ ਜਾਂ ਨਾਂਹ ਵਿੱਚ ਜਵਾਬ ਨਾ ਮਿਲਣ ਕਰਕੇ ਸਿੰਘ ਸਾਹਿਬ ਨੇ ਉਹਨਾਂ ਪੰਜਾਂ ਨੂੰ ਚਲੇ ਜਾਣ ਲਈ ਕਹਿ ਦਿੱਤਾ।
ਇਸ ਤੇ, ਸਿੱਖ ਸੰਗਤ ਵੱਲੋਂ ਜੱਥੇਦਾਰ ਦੇ ਪੱਖ ਵਿੱਚ ਅਤੇ ਵਿਰੋਧ ਵਿੱਚ ਦੋਨੋਂ ਕਿਸਮ ਦਾ ਪ੍ਰਤੀਕਰਮ ਆ ਰਹੇ ਹਨ।
ਸਵਾਲ- ਜੱਥੇਦਾਰ ਨੇ ਜੋ ਕੀਤਾ, ਕੀ ਉਹ ਠੀਕ ਸੀ ਜਾਂ ਫੇਰ ਜੰਮੂ ਕਸ਼ਮੀਰ ਦੇ ਉਹਨਾ ਸਿੰਘਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦੇਣਾ ਚਾਹੀਦਾ ਸੀ?
ਵਿਚਾਰ- ਜਿੱਥੋਂ ਤੱਕ ਮੈਂ ਸਮਝਦਾ ਹਾਂ, ਜੱਥੇਦਾਰ ਨੇ ਜੋ ਫੈਸਲਾ ਲਿਆ ਉਹ ਬਿਲਕੁਲ ਠੀਕ ਸੀ।
ਉਸਦਾ ਕਾਰਣ ਇਹ ਹੈ ਕਿ, ਜੇ ਜੰਮੂ ਕਸ਼ਮੀਰ ਦੇ ਇਹਨਾਂ ਪੰਜ ਸਿੰਘਾਂ ਨੇ ਪੰਥ ਵਿੱਚੋਂ ਛੇਕੇ ਵਿਅਕਤੀ ਤੋਂ ਕੀਰਤਨ ਕਰਵਾਇਆ ਹੈ ਤਾਂ ਸਪੱਸ਼ਟ ਹੈ ਕਿ ਇਹਨਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਜੇ ਇਹਨਾ ਨੇ ਅਕਾਲ ਤਖਤ ਤੋਂ ਛੇਕੇ ਕਿਸੇ ਵਿਅਕਤੀ ਤੋਂ ਕੀਰਤਨ ਨਹੀਂ ਕਰਵਾਇਆ ਤਾਂ ਉਹ ਸਪੱਸ਼ਟ ਕਹਿ ਸਕਦੇ ਸਨ ਕਿ ਉਹਨਾ ਨੇ ਅਕਾਲ ਤਖਤ ਤੋਂ ਛੇਕੇ ਕਿਸੇ ਵਿਅਕਤੀ ਕੋਲੋਂ ਕੀਤਰਨ ਨਹੀਂ ਕਰਵਾਇਆ। ਕੀਰਤਨ ਕਰਵਾਉਣ ਦੀ ਉਲੰਘਣਾ ਕੀਤੀ ਹੈ ਜਾਂ ਨਹੀਂ ਕੀਤੀ, ਇਸ ਵਿੱਚ ਤਾਂ ਸਫਾਈ ਦੇਣ ਵਾਲੀ ਕੋਈ ਗੱਲ ਹੀ ਨਹੀਂ ਸੀ। ਸਿੱਧਾ ਹਾਂ ਜਾਂ ਨਾਂਹ ਵਿੱਚ ਹੀ ਜਵਾਬ ਦੇਣਾ ਬਣਦਾ ਸੀ।
ਦੂਸਰਾ ਪੱਖ- ਮੰਨ ਲਓ ਕਿ ਜੰਮੂ ਕਸ਼ਮੀਰ ਦੇ ਇਹਨਾਂ ਸਿੰਘਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਂਦਾ, ਤਾਂ ਸਫਾਈ ਵਿੱਚ ਇਹਨਾ ਨੇ ਅਕਾਲ ਤਖਤ ਤੋਂ ਪਿਛਲੇ ਸਮੇਂ ਵਿੱਚ ਹੋ ਚੁੱਕੇ ਗ਼ਲਤ ਫੈਸਲਿਆਂ ਦੇ ਹਵਾਲੇ ਹੀ ਦੇਣੇ ਸਨ।
ਸਾਰਾ ਸਿੱਖ ਜਗਤ ਜਾਣਦਾ ਹੈ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਰ ਕਮੇਟੀ ਅਤੇ ਅਕਾਲ ਤਖਤ ਉੱਤੇ ਸਿਆਸੀ (ਖਾਸ ਕਰਕੇ ਸਿੱਖ-ਵਿਰੋਧੀ ਸਿਆਸੀ ਪਾਰਟੀ, ਬੀ ਜੇ ਪੀ ਦੇ ਨਾਲ ਰਲ਼ਕੇ ਬਾਦਲਾਂ ਦਾ ਹੀ) ਕਬਜਾ ਰਿਹਾ ਹੈ।ਇਸ ਤਰ੍ਹਾਂ ਪਿਛਲੇ ਲੰਮੇ ਸਮੇਂ ਤੋਂ ਅਕਾਲ ਤਖਤ ਤੋਂ ਸਿੱਖ-ਵਿਰੋਧੀ ਅਤੇ ਗ਼ਲਤ ਫੈਸਲੇ ਹੀ ਹੋਏ ਹਨ।ਜਿੰਨ੍ਹਾਂ ਵਿੱਚ ਸਾਬਕਾ ਜੱਥੇਦਾਰ ਪ੍ਰੋ: ਦਰਸ਼ਨ ਸਿੰਘ ਜੀ ਨੂੰ ਛੇਕੇ ਜਾਣ ਦਾ ਵੀ ਫੈਸਲਾ ਕਿਹਾ ਜਾ ਸਕਦਾ ਹੈ।
ਐਸੇ ਵਿੱਚ ਜੰਮੂ ਕਸ਼ਮੀਰ ਦੇ ਇਹ ਪੰਜ ਸਿੰਘ ਜੇ ਪਿਛਲੇ ਫੈਸਲਿਆਂ ਵਾਲੀ ਪਟਾਰੀ ਖੋਲ੍ਹਕੇ ਬੈਠ ਜਾਂਦੇ ਤਾਂ ਸਿੱਟਾ ਕੋਈ ਨਹੀਂ ਸੀ ਨਿਕਲਣਾ, ਬਲਕਿ ਅਕਾਲ ਤਖਤ ਦੇ ਵਕਾਰ ਨੂੰ ਹੀ ਨੁਕਸਾਨ ਪਹੁੰਚਣਾ ਸੀ।
ਹੁਣ ਜੇ ਸਿੱਖ ਜਗਤ ਵਿੱਚ ਅਕਾਲ ਤਖਤ ਦੀ ਧੁੰਦਲੀ ਪੈ ਚੁੱਕੀ ਮਹਾਨਤਾ, ਸਿਰਮੋਰਤਾ ਅਤੇ ਅਹਿਮੀਅਤ ਨੂੰ ਮੁੜ ਬਹਾਲ ਕਰਨਾ ਹੈ ਤਾਂ ਇਸ ਤਰ੍ਹਾਂ ਦੇ ਫੈਸਲੇ ਲੈਣੇ ਹੀ ਪੈਣਗੇ, ਜਿਸ ਤਰ੍ਹਾਂ ਦਾ ਫੈਸਲਾ ਹੁਣ ਜੱਥੇਦਾਰ ਨੇ ਲਿਆ ਹੈ। ਕਿਤੋਂ ਤਾਂ ਸੁਧਾਰ ਦੀ ਸ਼ੁਰੂਆਤ ਕਰਨੀ ਹੀ ਪੈਣੀ ਹੈ। ਜੇ ਪਿਛਲੇ ਗ਼ਲਤ ਫੈਸਲਿਆਂ ਦੇ ਹਵਾਲੇ ਹੀ ਦਿੱਤੇ ਜਾਂਦੇ ਰਹੇ ਤਾਂ ਸੁਧਾਰ ਦੀ ਸ਼ੁਰੂਆਤ ਕਦੇ ਹੋ ਹੀ ਨਹੀਂ ਸਕਦੀ।
ਹੁਣ ਦੇਖਣਾ ਇਹ ਹੈ ਕਿ ਇਹ ਮੌਜੂਦਾ ਜੱਥੇਦਾਰ ਅੱਗੋਂ ਆਉਣ ਵਾਲੇ ਸਮੇਂ ਵਿੱਚ ਪੰਥ ਦੇ ਹਿਤ ਵਿਚ ਕਿੰਨਾ ਖਰਾ ਅਤੇ ਇmwਨਦਾਰ ਉਤਰਦਾ ਹੈ।
ਜਸਬੀਰ ਸਿੰਘ ਵਿਰਦੀ 17-07-2024
..................................
ਮੇਰੇ ਇਕੱਲੇ ਵਿਚ ਏਨੀ ਸਮਰਥਾ ਨਹੀਂ ਹੈ ਕਿ ਮੈਂ ਸਾਰੇ ਪੱਖਾਂ ਬਾਰੇ ਵਿਚਾਰ ਦੇ ਸਕਾਂ।
ਇਹ ਕੰਮ ਕਿਸੇ ਵੇਲੇ ਤਾਂ ਸ਼ੁਰੂ ਕਰਨਾ ਹੀ ਪੈਣਾ ਹੈ, ਭਾਵੇਂ ਅੱਜ ਤੇ ਭਾਵੇਂ ਸੌ ਸਾਲ ਮਗਰੋਂ ? ਮੈਂ ਇਕ ਗੱਲ ਜ਼ਰੂਰ ਕਰ ਸਕਦਾ ਹਾਂ ਕਿ ਇਸ ਵਿਚਾਰ ਲਈ ਇਕ ਸਟੇਜ ਬਣਾ ਕੇ ਦੇ ਸਕਦਾ ਹਾਂ, ਜਿਸ ਤੇ ਸਿੱਖ ਵਿਦਵਾਨ ਆਪਣੇ ਵਿਚਾਰ ਸਾਂਝੇ ਕਰ ਸਕਣ,
ਜਿਸ ਨਾਲ ਪੰਥ ਦੇ ਵੇਹੜੇ ਦਾ ਕੂੜ-ਕਬਾੜ ਹੂੰਝ ਕੇ ਪੰਥ ਦਾ ਵੇਹੜਾ ਸਾਫ ਕੀਤਾ ਜਾ ਸਕੇ।
ਵਿਦਵਾਨ ਵੀਰਾਂ/ ਭੈਣਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਆਪਣੇ ਵਿਚਾਰ ਭੇਜਣ, ਤਾਂ ਜੋ ਸਦੀਆਂ ਤੋਂ ਕੁਰਾਹੇ ਜਾਂਦੇ ਇਸ ਵਿਸ਼ੇ ਨੂੰ ਗਾਡੀ-ਰਾਹ ਤੇ ਲਿਆਂਦਾ ਜਾ ਸਕੇ। ਬਹੁਤ ਰਿਣੀ ਹੋਵਾਂ ਗੇ। ਇਸ ਵਿਚਾਰ ਚਰਚਾ ਦਾ ਸਿਰਲੇਖ
" ਅਕਾਲ-ਤਖਤ ਤ ਪੇਸ਼ੀ " ਹੋਵੇਗਾ।
ਬੇਨਤੀ ਕਰਤਾ
ਚੰਦੀ ਅਮਰ ਜੀਤ ਸਿੰਘ
{ The Khalsa.org }
Email:- chandiajsingh@gmail.com