“ਹਿੰਦੂ ਅਤੇ ਸਿੱਖ ਵਿਚਾਰਧਾਰਾ ਸੰਬੰਧੀ ਕੁਝ ਭੁਲੇਖੇ”
ਅਜੋਕੇ ਕੁਝ ਗੁਰਬਾਣੀ ਵਿਆਖਿਆਕਾਰਾਂ ਵੱਲੋਂ ਗੁਰਬਾਣੀ ਦੇ ਅਰਥ ਬਦਲ ਕੇ ਆਪਣੀ ਸੋਚ ਮੁਤਾਬਕ ਘੜਨ ਪਿੱਛੇ ਹੋਰ ਕਾਰਣਾਂ ਤੋਂ ਇਲਾਵਾ ਇਕ ਕਾਰਣ ਇਹ ਵੀ ਹੈ ਕਿ ਜਿੱਥੇ ਗੁਰਬਾਣੀ ਵਿੱਚ ਇਨ੍ਹਾਂਨੂੰ ਬ੍ਰਹਮਣੀ ਵਿਚਾਰਧਾਰਾ ਦਾ ਕੋਈ ਲਫਜ਼ ਨਜ਼ਰ ਆ ਜਾਂਦਾ ਹੈ, ਉਸ ਨੂੰ ਬ੍ਰਹਮਣੀ ਵਿਚਾਰਧਾਰਾ ਹੀ ਸਮਝ ਬੈਠਦੇ ਹਨ।ਚਾਹੀਦਾ ਤਾਂ ਇਹ ਸੀ ਕਿ ਪਹਿਲਾਂ ਸੰਬੰਧਤ ਨੁਕਤਿਆਂ ਬਾਰੇ ਬ੍ਰਹਮਣੀ ਵਿਚਾਰਧਾਰਾ ਅਤੇ ਗੁਰਮਤਿ ਵਿਚਾਰਧਾਰਾ ਨੂੰ ਪੜ੍ਹਕੇ ਇਨ੍ਹਾਂ ਵਿਚਲੇ ਫਰਕ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ।ਪਰ ਇਨ੍ਹਾਂ ਲੋਕਾਂ ਨੇ ਨਾ ਤਾਂ ਬ੍ਰਹਮਣੀ ਵਿਚਾਰਧਾਰਾ ਨੂੰ ਹੀ ਪੜ੍ਹਿਆ ਹੈ ਅਤੇ ਨਾ ਹੀ ਗੁਰਬਾਣੀ ਨੂੰ ਇਮਾਨਦਾਰੀ ਨਾਲ । ਬਿਨਾ ਫਰਕ ਸਮਝੇ ਬ੍ਰਹਮਣੀ ਵਿਚਾਰਧਾਰਾ ਕਹਿਕੇ ਗੁਰਬਾਣੀ ਦੇ ਅਰਥ ਬਦਲਣੇ ਸ਼ੁਰੂ ਕਰ ਦਿੱਤੇ । ਆਵਾਗਵਣ, ਆਤਮਾ, ਪਰਮਾਤਮਾ, ਕਰਮ-ਫਲ਼, ਲੋਕ ਪਰਲੋਕ ਆਦਿ ਬਾਰੇ ਬ੍ਰਹਮਣੀ ਫਲੌਸਫੀ ਅਨੁਸਾਰ ਤਕਰੀਬਨ ਸਾਰੇ ਦੇ ਸਾਰੇ ਗਰੀਬ ਦੀ ਪੁਜਾਰੀ ਵੱਲੋਂ ਲੁੱਟ ਅਤੇ ਕਰਮਕਾਂਡ ਆਧਾਰਿਤ ਹਨ । ਗੁਰਮਤਿ ਵੀ ਇਨ੍ਹਾਂ ਸਾਰੇ ਸੰਕਲਪਾਂ ਨੂੰ ਮੰਨਦੀ ਹੈ ਪਰ ਬ੍ਰਹਮਣੀ ਮੱਤ ਦੀ ਵਿਚਾਰਧਾਰਾ ਨਾਲ ਇਨ੍ਹਾਂ ਦਾ ਬਿਲਕੁਲ ਵੀ ਮੇਲ ਨਹੀਂ । ਗੁਰਮਤਿ ਦੇ ਇਨ੍ਹਾਂ ਸੰਕਲਪਾਂ ਨੂੰ ਵੀ ਬ੍ਰਹਮਣੀ ਵਿਚਾਰਧਾਰਾ ਸਮਝਕੇ ਮੁੱਢੋਂ ਹੀ ਰੱਦ ਕਰਨ ਤੋਂ ਪਹਿਲਾਂ ਇਨ੍ਹਾਂ ਲੋਕਾਂ ਨੂੰ ਇਨ੍ਹਾਂ ਦੇ ਫਰਕ ਨੂੰ ਸਮਝ ਲੈਣਾ ਜਰੂਰੀ ਸੀ।
ਹਿੰਦੂ-ਮਤ ਅਨੁਸਾਰ ਅੰਤਮ ਸੰਸਕਾਰ-
ਸ਼ਾਸਤ੍ਰਾਂ ਅਨੁਸਾਰ ਖਿਆਲ ਇਹ ਬਣਿਆ ਹੋਇਆ ਹੈ ਕਿ- ਮਰਨ ਪਿਛੋਂ 13 ਦਿਨਾਂ ਤਕ ਹਰੇਕ ਪ੍ਰਾਣੀ ਦੀ ਆਤਮਾ ਪ੍ਰੇਤ ਬਣੀ ਰਹਿੰਦੀ ਹੈ, ਅਤੇ ਆਪਣੇ ਛੱਡੇ ਘਰਾਂ ਦੇ ਦੁਆਲੇ ਹੀ ਘੁੰਮਦੀ ਫਿਰਦੀ ਹੈ । ਮਰਨ ਵਾਲੇ ਪ੍ਰਾਣੀ ਦੀ ਆਤਮਾ ਨੇ ਅਗਾਂਹ ਬੜੇ ਹਨੇਰੇ ਪੈਂਡਿਆਂ ਵਿਚੋਂ ਦੀ ਲੰਘਣਾ ਹੁੰਦਾ ਹੈ, ਜਿਥੇ ਰਾਹ-ਖਹਿੜਾ ਵੇਖਣ ਲਈ ਉਸ ਨੂੰ ਚਾਨਣ ਦੀ ਲੋੜ ਪੈਂਦੀ ਹੈ । ਇਸ ਲਈ ਉਸ ਦੇ ਹੱਥ ਦੀ ਤਲੀ ਉੱਤੇ ਆਟੇ ਦਾ ਦੀਵਾ ਰੱਖ ਕੇ ਜਗਾ ਦਿੱਤਾ ਜਾਂਦਾ ਹੈ, ਤੇ ਦੀਵੇ ਵਿਚ ਬ੍ਰਾਹਮਣ ਦੀ ਭੇਟਾ ਲਈ ਸਮਰਥਾ ਅਨੁਸਾਰ ਚਾਂਦੀ ਸੋਨੇ ਦਾ ਸਿੱਕਾ ਪਾ ਦਿੱਤਾ ਜਾਂਦਾ ਹੈ । ਮਰਨ ਵੇਲੇ ਉਸ ਦੀ ਤਲ਼ੀ ਉੱਤੇ ਰੱਖਿਆ ਹੋਇਆ ਦੀਵਾ ਉਸ ਨੂੰ ਪਰਲੋਕ ਦੇ ਪੈਂਡਿਆਂ ਵਿਚ ਚਾਨਣ ਦੇਂਦਾ ਹੈ ।
ਸ਼ਾਸਤ੍ਰ ਅਨੁਸਾਰ ਪਿਤਰ ਲੋਕ ਅੱਪੜਨ ਲਈ 360 ਦਿਨ ਲੱਗਦੇ ਹਨ । ਪੈਂਡਾ ਅਣਡਿੱਠਾ ਤੇ ਹਨੇਰਾ ਹੈ । ਇਸ ਵਾਸਤੇ ਕਿਰਿਆ ਕਰਨ ਵੇਲੇ 360 ਦੀਵੇ ਵੱਟੀਆਂ ਤੇ ਲੋੜੀਂਦਾ ਤੇਲ ਲਿਆ ਕੇ ਰੱਖ ਲਿਆ ਜਾਂਦਾ ਹੈ । ਜਦੋਂ ਵੇਦ-ਮੰਤ੍ਰ ਆਦਿਕ ਪੜ੍ਹਨ ਦੀ ਸਾਰੀ ਰਸਮ ਹੋ ਚੁਕਦੀ ਹੈ, ਤਾਂ ਉਹ ਵੱਟੀਆਂ ਇਕੱਠੀਆਂ ਹੀ ਤੇਲ ਵਿਚ ਭਿਉਂਕੇ ਬਾਲ ਦਿੱਤੀਆਂ ਜਾਂਦੀਆਂ ਹਨ, ਅਤੇ ਇਸ ਤਰ੍ਹਾਂ ਮਰੇ ਪ੍ਰਾਣੀ ਨੂੰ ਪਿਤਰ-ਲੋਕ ਦੇ ਲੰਮੇ ਪੈਂਡੇ ਵਿਚ 360 ਦਿਨ ਚਾਨਣ ਮਿਲਦਾ ਰਹਿੰਦਾ ਹੈ । ਇਹਨਾਂ ਇਕੱਠੇ ਬਾਲ਼ੇ ਦੀਵਿਆਂ ਤੋਂ ਇਲਾਵਾ ਭੀ ਛਨਿੱਛਰ ਦੇਵਤੇ ਦੇ ਮੰਦਰ ਵਿਚ ਸਾਲ ਭਰ ਹਰ ਰੋਜ਼ ਦੀਵਾ ਜਗਾਣ ਲਈ ਤੇਲ ਭੇਜਿਆ ਜਾਂਦਾ ਹੈ । ਕਿਰਿਆ ਵਾਲੇ ਦਿਨ ਭੀ ਵਿੱਛੜੀ ਰੂਹ ਦੀ ਖ਼ੁਰਾਕ ਵਾਸਤੇ ਪਿੰਡ ਭਰਾਏ ਜਾਂਦੇ ਹਨ । ਕਿਰਿਆ ਵਾਲੇ ਦਿਨ ਤੋਂ ਲੈ ਕੇ ਇੱਕ ਸਾਲ ਤੱਕ ਹਰ ਰੋਜ਼ ਬ੍ਰਾਹਮਣ ਨੂੰ ਭੋਜਨ ਖੁਆਇਆ ਜਾਂਦਾ ਹੈ ।
ਵਿੱਛੜੀ ਆਤਮਾ ਨੂੰ ਪ੍ਰੇਤ ਜੂਨ ਵਿਚੋਂ ਕੱਢ ਕੇ ਪਿਤਰ ਲੋਕ ਤਕ ਅਪੜਾਣ ਵਾਸਤੇ ਤੇਰ੍ਹਵੇਂ ਦਿਨ ਮਿਰਤਕ ਦੀ ਕਿਰਿਆ ਕੀਤੀ ਜਾਂਦੀ ਹੈ । ਅਚਾਰਜ ਆ ਕੇ ਇਹ ਰਸਮ ਕਰਾਂਦਾ ਹੈ । ਬ੍ਰਾਹਮਣ ਪੁਰਾਣ ਆਦਿਕ ਦੇ ਮੰਤ੍ਰ ਪੜ੍ਹਦਾ ਹੈ । ਸਾਲ ਪਿੱਛੋਂ ਮਰਨ ਦੀ ਥਿੱਤ ਉਤੇ ਹੀ ਵਰ੍ਹੀਣਾ ਕੀਤਾ ਜਾਂਦਾ ਹੈ । ਖ਼ੁਰਾਕ ਦੇ ਇਲਾਵਾ ਵਿੱਛੜੇ ਪ੍ਰਾਣੀ ਵਾਸਤੇ ਭਾਂਡੇ ਬਸਤ੍ਰ ਆਦਿਕ ਭੇਜੇ ਜਾਂਦੇ ਹਨ । ਸਾਰਾ ਸਾਮਾਨ ਅਚਾਰਜ ਨੂੰ ਦਾਨ ਕੀਤਾ ਜਾਂਦਾ ਹੈ । ਇਸ ਤੋਂ ਪਿਛੋਂ ਹਰ ਸਾਲ ਸਰਾਧਾਂ ਦੇ ਦਿਨਾਂ ਵਿਚ ਉਸ ਥਿੱਤ ਤੇ ਬ੍ਰਾਹਮਣਾਂ ਨੂੰ ਭੋਜਨ ਖੁਆਇਆ ਜਾਂਦਾ ਹੈ।ਇਹ ਭੀ ਵਿੱਛੜੇ ਪ੍ਰਾਣੀ ਨੂੰ ਅਪੜਾਣ ਲਈ ਹੀ ਹੁੰਦਾ ਹੈ । ਜਦੋਂ ਆਦਮੀ ਮਰ ਜਾਂਦਾ ਹੈ, ਤਾਂ ਉਸ ਦੇ ਸਰੀਰ ਦਾ ਸਸਕਾਰ ਕਰਨ ਤੋਂ ਪਹਿਲਾਂ ਜਵਾਂ ਦੇ ਆਟੇ ਦੇ ਪੇੜੇ ਪੱਤਲਾਂ ਉੱਤੇ ਰੱਖ ਕੇ ਮਣਸੇ ਜਾਂਦੇ ਹਨ । ਸੂਰਜ ਵਲ ਮੂੰਹ ਕਰ ਕੇ ਪਾਣੀ ਦੀਆਂ ਚੁਲੀਆਂ ਭੀ ਭੇਟਾ ਕੀਤੀਆਂ ਜਾਂਦੀਆਂ ਹਨ । ਇਹ ਉਸ ਵਿੱਛੜੀ ਰੂਹ ਲਈ ਖ਼ੁਰਾਕ ਭੇਜੀ ਜਾਂਦੀ ਹੈ । ਘਰੋਂ ਤੁਰ ਕੇ ਮਸਾਣਾਂ ਤੋਂ ਉਰੇ ਅੱਧਵਾਟੇ (ਅੱਧਮਾਰਗੇ) ਮਿਰਤਕ ਦਾ ਫੱਟਾ ਭੁੰਞੇ ਰੱਖ ਦਿੱਤਾ ਜਾਂਦਾ ਹੈ । ਘਰੋਂ ਤੁਰਨ ਲੱਗਿਆਂ ਮਿੱਟੀ ਦਾ ਇਕ ਕੋਰਾ ਭਾਂਡਾ ਨਾਲ ਲੈ ਲੈਂਦੇ ਹਨ । ਉਸ ਅੱਧਮਾਰਗ ਤੇ ਉਹ ਭਾਂਡਾ ਭੰਨ ਦੇਂਦੇ ਹਨ, ਅਤੇ ਮਰੇ ਪ੍ਰਾਣੀ ਦਾ ਪੁੱਤਰ ਆਦਿਕ ਬਹੁਤ ਉੱਚੀ ਡਰਾਉਣੀ ਆਵਾਜ਼ ਵਿਚ ਢਾਹ ਮਾਰਦਾ ਹੈ । ਇਸ ਰਸਮ ਦੇ ਹੇਠ ਖ਼ਿਆਲ ਇਹ ਹੈ ਕਿ ਮਿਰਤਕ ਦੀ ਆਤਮਾ ਸਰੀਰਕ ਮੋਹ ਕਰਕੇ ਅਜੇ ਉਸ ਮੁਰਦੇ ਦੇ ਦੁਆਲੇ ਹੀ ਭੌਂਦੀ ਫਿਰਦੀ ਹੈ । ਇਸ ਭਿਆਨਕ ਢਾਹ ਨਾਲ ਉਸ ਨੂੰ ਡਰਾਂਦੇ ਹਨ ਕਿ ਚਲੀ ਜਾਏ ।
ਜਿਨ੍ਹਾਂ ਦਾ ਕੋਈ ਮਰਦਾ ਹੈ, ਉਹਨਾਂ ਦੇ ਘਰ ਸ਼ਰੀਕੇ ਬਿਰਾਦਰੀ ਦੇ ਘਰਾਂ ਵਿਚੋਂ ਜ਼ਨਾਨੀਆਂ ਮਰਦ ਰਾਤ ਨੂੰ ਆ ਕੇ ਸੌਂਦੇ ਹਨ । ਸਵੇਰੇ ਪਹਿਰ ਰਾਤ ਰਹਿੰਦੀ ਹੀ ਮਰੇ ਪ੍ਰਾਣੀ ਦਾ ਪੁੱਤਰ ਆਦਿਕ ਉੱਠ ਕੇ ਢਾਹ ਮਾਰਦਾ ਹੈ ।13 ਦਿਨ ਹਰ ਸਵੇਰੇ ਇਹੀ ਕੁਝ ਹੁੰਦਾ ਹੈ । ਇਹ ਭੀ ਮਿਰਤਕ ਦੀ ਆਤਮਾ ਨੂੰ ਡਰਾਣ ਵਾਸਤੇ ਕੀਤਾ ਜਾਂਦਾ ਹੈ।ਸਸਕਾਰ ਕਰਨ ਤੋਂ ਪਿਛੋਂ ਕਿਰਿਆ ਵਾਲੇ ਦਿਨ ਤਕ ਬ੍ਰਹਮਣ ਤੋਂ ਗਰੁੜ ਪੁਰਾਣ ਦੀ ਕਥਾ ਭੀ ਕਰਾਈ ਜਾਂਦੀ ਹੈ । ਹਿੰਦੂ-ਖ਼ਿਆਲ ਅਨੁਸਾਰ ਜਿਸ ਦੀਆਂ ਅਸਥੀਆਂ ਗੰਗਾ ਵਿਚ ਨਾਂ ਪੈਣ ਉਸ ਦੀ ਗਤੀ ਨਹੀਂ ਹੁੰਦੀ । ਗਰੁੜ ਪੁਰਾਣ ਅਨੁਸਾਰ ਕਥਾ ਮਰਨ ਪਿਛੋਂ ਜੀਵ ਪ੍ਰੇਤ ਜੂਨ ਪ੍ਰਾਪਤ ਕਰਦਾ ਹੈ, ਅਤੇ ਇਸ ਦਾ ਸਰੀਰ ਅੰਗੂਠੇ ਜਿਤਨਾ ਹੋ ਜਾਂਦਾ ਹੈ । ਮਰੇ ਪ੍ਰਾਣੀ ਵਾਸਤੇ ਪਿੰਡ ਭਰਾਣੇ ਜ਼ਰੂਰੀ ਹਨ । ਇਹਨਾਂ ਦੀ ਸਹੈਤਾ ਨਾਲ ਪ੍ਰੇਤ ਦਾ ਸਰੀਰ ਦਸ ਦਿਨਾਂ ਵਿਚ ਹੱਥ ਭਰ ਬਣ ਜਾਂਦਾ ਹੈ । ਜਦੋਂ ਪ੍ਰਾਣੀ ਮਰਨ ਲੱਗੇ ਤਾਂ ਉਸ ਨੂੰ ਇਸ਼ਨਾਨ ਅਤੇ ਸਾਲਗਰਾਮ ਦੀ ਪੂਜਾ ਕਰਨੀ ਚਾਹੀਦੀ ਹੈ । ਸਾਲਗਰਾਮ ਸਾਰੇ ਪਾਪਾਂ ਦਾ ਨਾਸ ਕਰਦਾ ਹੈ । ਜੇ ਮਰਨ ਵੇਲੇ ਪ੍ਰਾਣੀ ਦੇ ਮੂੰਹ ਵਿਚ ਸਾਲਗਰਾਮ ਦਾ ਚਰਨਾਮ੍ਰਿਤ ਪਏ, ਤਾਂ ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ । ਜਿਵੇਂ ਰੂੰ ਦੇ ਢੇਰ ਅੱਗ ਦੀ ਇਕ ਚਿਣਗ ਨਾਲ ਸੜ ਕੇ ਸੁਆਹ ਹੋ ਜਾਂਦੇ ਹਨ, ਤਿਵੇਂ ਮਰਨ ਵੇਲੇ ਪ੍ਰਾਣੀ ਦੇ ਲਫ਼ਜ਼ ਗੰਗਾ ਆਖਣ ਨਾਲ ਹੀ ਪ੍ਰਾਣੀ ਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ । ਪ੍ਰੇਤ-ਕਰਮ ਕਰਵਾਣ ਲਈ ਮਰੇ ਪ੍ਰਾਣੀ ਦੇ ਸਸਕਾਰ ਤੋਂ ਪਹਿਲਾਂ ਉਸ ਦਾ ਪੁੱਤਰ ਤੇ ਹੋਰ ਨਜ਼ਦੀਕੀ ਸੰਬੰਧੀ ਮੁੰਡਨ ਕਰਨ । ਇਹ ਅੱਤ ਜ਼ਰੂਰੀ ਹੈ । ਪ੍ਰੇਤ ਦੀ ਖਾਤਰ ਮੰਤ੍ਰ ਕੇ ਤਿਲ ਅਤੇ ਘਿਉ ਦੀ ਅਹੂਤੀ ਦੇਣੀ ਚਾਹੀਦੀ ਹੈ, ਅਤੇ ਬਹੁਤ ਰੋਣਾ ਚਾਹੀਦਾ ਹੈ । ਅਜੇਹਾ ਕਰਨ ਨਾਲ ਮਰੇ ਪ੍ਰਾਣੀ ਨੂੰ ਸੁਖ ਹੁੰਦਾ ਹੈ । ਗਿਆਰਾਂ ਦਿਨ ਰਾਤ-ਦਿਨ ਹਰ ਵੇਲੇ ਦੀਵਾ ਜਗਦਾ ਰਹਿਣਾ ਚਾਹੀਦਾ ਹੈ । ਇਸ ਦੀਵੇ ਨਾਲ ਜਮ-ਮਾਰਗ ਵਿਚ ਚਾਨਣ ਹੁੰਦਾ ਹੈ । ਪ੍ਰੇਤ-ਕਰਮ ਕਰਨ ਨਾਲ ਪ੍ਰਾਣੀ ਦਸ ਦਿਨਾਂ ਵਿਚ ਹੀ ਸਾਰੇ ਪਾਪਾਂ ਤੋਂ ਛੁਟਕਾਰਾ ਪਾ ਲੈਂਦਾ ਹੈ । ਗਰੁੜ ਪੁਰਾਣ ਨੂੰ ਸੁਣਨ ਤੇ ਸੁਣਾਨ ਵਾਲੇ ਪਾਪਾਂ ਤੋਂ ਮੁਕਤ ਹੋ ਜਾਂਦੇ ਹਨ ।
*ਇਸ ਪੁਰਾਣ ਦੇ ਵਾਚਣ ਵਾਲੇ ਪੰਡਿਤ ਨੂੰ ਕੱਪੜੇ ਗਹਿਣੇ, ਗਊ, ਅੰਨ, ਸੋਨਾ, ਜ਼ਮੀਨ ਆਦਿਕ ਸਭ ਕੁਝ ਦਾਨ ਕਰਨਾ ਚਾਹੀਦਾ ਹੈ,