= ਪੰਜ ਤੱਤ- ਭਾਗ- 2 =
= ਪੰਜ ਤੱਤ- ਭਾਗ- 2
ਅੱਜ ਕਲ੍ਹ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਕੁਝ ਲੋਕਾਂ ਨੇ ਗੁਰਬਾਣੀ, ਗੁਰਮਤਿ, ਸਿਖੀ ਸੰਬੰਧੀ ਭੁਲੇਖੇ ਖੜ੍ਹੇ ਕਰੀ ਰੱਖਣੇ ਜਿਵੇਂ ਆਪਣਾ ਟੀਚਾ ਹੀ ਮਿਥ ਰੱਖਿਆ ਹੋਵੇ । ਹੁਣ ਤਾਂ ਗੁਰਮਤਿ ਸੰਬੰਧੀ ਗ਼ਲਤੀਆਂ ਕਢ੍ਹਣ ਅਤੇ ਭੁਲੇਖੇ ਖੜ੍ਹੇ ਕਰਨ ਦੀ ਇਕ ਹੋੜ ਜਿਹੀ ਲੱਗੀ ਹੋਈ ਹੈ । ਇਕ ਫੈਸ਼ਨ ਤੇ ਇਕ ਕੰਪੀਟੀਸ਼ਨ ਜਿਹਾ ਹੀ ਬਣ ਗਿਆ ਹੈ । ਆਪਣੀ ਵਿਦਵਤਾ ਦਾ ਪ੍ਰਗਟਾਵਾ ਕਰਨ ਲਈ ਜਿਵੇਂ ਗੁਰਬਾਣੀ ਨੂੰ ਖੇਡ ਦੇ ਮੈਦਾਨ ਵਿੱਚ ਇਕ ਗੇਂਦ ਬਣਾ ਰੱਖਿਆ ਹੈ ।
ਪਿਛਲੇ ਦਿਨੀ ਇਕ ਸੱਜਣ ਜੀ ਨੇ ਇੱਕ ਲੇਖ ਲਿਖਿਆ ਸੀ । ਲੇਖ ਵਿੱਚ ਸੱਜਣ ਜੀ ਨੇ ਲਫਜ਼ ਵਰਤੇ ਸਨ- “ਸਰੀਰ ਪੰਜ ਤੱਤਾਂ (ਮਿੱਟੀ, ਹਵਾ, ਅੱਗ, ਪਾਣੀ ਤੇ ਅਕਾਸ਼/ ਖਲਾਅ) ਦਾ ਸਮੂੰਹ ਹੈ”। ਲੇਕਿਨ ਅਜੋਕੇ ਕੁਝ ਜਿਆਦਾ ਪੜ੍ਹੇ ਲਿਖੇ ਇੱਕ ਵੀਰ ਜੀ ਨੂੰ ਇਹ ਗੱਲ ਹਜ਼ਮ ਨਹੀਂ ਹੋਈ।(ਹਜ਼ਮ ਨਹੀਂ ਹੋਈ ਜਾਂ, ਗੁਰਮਤਿ ਸੰਬੰਧੀ ਭੁਲੇਖਾ ਖੜ੍ਹਾ ਕਰਨ ਦਾ ਇਕ ਨਵਾਂ ਨੁਕਤਾ ਨਜ਼ਰ ਆ ਗਿਆ? ) ਇਨ੍ਹਾਂ ਵੀਰ ਜੀ ਨੇ ਸਵਾਲ ਖੜ੍ਹਾ ਕਰ ਦਿੱਤਾ- “ਇਹ ਖਲਾਅ” ਸਾਡੇ ਸਰੀਰ ਦਾ ਹਿੱਸਾ ਕਿਵੇਂ ਬਣ ਸਕਦਾ ਹੈ ?
ਲੇਖਕ ਜੀ ਨੇ ਜਵਾਬ ਦਿੱਤਾ ਕਿ ‘ਇਹ ਗੁਰਬਾਣੀ ਦਾ ਫੁਰਮਾਨ ਹੈ । ਗੁਰਬਾਣੀ ਵਿੱਚ ਅਨੇਕਾਂ ਥਾਵਾਂ ਤੇ
ਇਸ ਦਾ ਜ਼ਿਕਰ ਆਇਆ ਹੈ’ । ਅੱਗੋਂ ਵੀਰ ਜੀ ਕਹਿਣ ਲੱਗੇ “ਪੰਜ ਤੱਤਾਂ ਵਾਲਾ ਸਿਧਾਂਤ ਗੁਰਮਤਿ ਨਹੀਂ
ਹੈ । ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਪੰਜ ਤੱਤਾਂ ਦਾ ਜ਼ਿਕਰ ਆਇਆ ਹੈ ਉਹ ਤਾਂ ਇਹੀ ਹਨ-‘ਮਿੱਟੀ, ਹਵਾ, ਅੱਗ, ਪਾਣੀ ਤੇ ਅਕਾਸ਼/ ਖਲਾਅ’।ਪਰ ਗੁਰਬਾਣੀ ਵਿੱਚ ਪ੍ਰਗਟਾਏ ਸਾਰੇ ਸਿਧਾਂਤ ਗੁਰਮਤਿ ਨਹੀਂ ਹਨ । ਕਈ ਸਿਧਾਂਤ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੀ ਗੱਲ ਲੋਕ-ਮੁਹਾਵਰੇ ਵਿੱਚ ਕਰਨ-ਹਿੱਤ ਪ੍ਰਗਟਾਏ ਨੇ”।
ਵਿਚਾਰ- ਜੇ ਮੰਨ ਲਿਆ ਜਾਵੇ ਕਿ ਪੰਜ ਤੱਤੀ ਸਰੀਰ ਦਾ ਸਿਧਾਂਤ ਗੁਰਮਤਿ ਨਹੀਂ ਤਾਂ ਸਵਾਲ ਪੈਦਾ ਹੁੰਦਾ ਹੈ ‘ਤਾਂ ਫੇਰ ਇਸ ਸੰਬੰਧੀ ਗੁਰਮਤਿ ਸਿਧਾਂਤ ਕੀ ਹੈ ? ’ ਜੇ ਗੁਰਬਾਣੀ ਵਿੱਚ ‘ਪੰਜ ਤੱਤਾਂ’ ਦਾ ਜ਼ਿਕਰ ਕੇਵਲ ਮੁਹਾਵਰੇ ਵਜੋਂ ਹੀ ਆਇਆ ਹੈ ਤਾਂ ਦੋ ਹੀ ਗੱਲਾਂ ਸੰਭਵ ਹਨ:
1- ਜਾਂ ਤਾਂ ਗੁਰਬਾਣੀ ਵਿੱਚ ਇਸ ਗੱਲ ਨੂੰ ਸਵਿਕਾਰ ਕਰਦੇ ਹੋਏ ਇਸ ਦਾ ਇਸਤੇਮਾਲ ਕੀਤਾ ਹੈ ।
2- ਜਾਂ ਇਸ ਦਾ ਖੰਡਣ ਕਰਦੇ ਹੋਏ ।
ਸਵਾਲ-ਕਰਤਾ ਅਨੁਸਾਰ, ਸਵਿਕਾਰ ਕਰਦੇ ਹੋਏ ਇਸਤੇਮਾਲ ਕੀਤਾ ਤਾਂ ਹੋ ਨਹੀਂ ਸਕਦਾ । ਅਤੇ ਜੇ ਗੁਰਮਤਿ ਇਸ ਸਿਧਾਂਤ ਦਾ ਖੰਡਣ ਕਰਦੀ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ- ਕੀ ਗੁਰਬਾਣੀ ਵਿੱਚ ਕਿਤੇ
ਵੀ ਇਸ ਗੱਲ ਦਾ ਖੰਡਣ ਕੀਤਾ ਹੈ ? ਜੇ ਖੰਡਣ ਕੀਤਾ ਮੰਨ ਵੀ ਲਈਏ ਤਾਂ, ਇਸ ਦੇ ਮੁਕਾਬਲੇ ਗੁਰਮਤਿ ਸਿਧਾਂਤ ਕੀ ਹੈ, ਇਸ ਦਾ ਜਿਕਰ ਗੁਰਬਾਣੀ ਵਿੱਚ ਮਿਲਣਾ ਚਾਹੀਦਾ ਹੈ । ਇਹ ਤਾਂ ਹੋ ਨਹੀਂ ਸਕਦਾ ਕਿ ਗੁਰੂ ਸਾਹਿਬ ਕਿਸੇ ਸਿਧਾਂਤ ਦਾ ਖੰਡਣ ਵੀ ਕਰਦੇ ਹਨ ਅਤੇ ਮੁਹਾਵਰੇ ਵਜੋਂ ਇਸ ਦੀ ਵਰਤੋਂ ਵੀ ਕਰਦੇ
ਹਨ । ਪਰ ਇਸ ਸੰਬੰਧੀ ਆਪਣਾ ਸਿਧਾਂਤ ਕਿਤੇ ਦੱਸਿਆ ਹੀ ਨਾ ਹੋਵੇ । ਦੋ ਆਪਾ ਵਿਰੋਧੀ ਗੱਲਾਂ ਕਿਵੇਂ ਸੰਭਵ ਹਨ । ਗੁਰਮਤਿ ਕਿਸੇ ਗੱਲ ਨੂੰ ਸਵਿਕਾਰ ਵੀ ਨਹੀਂ ਕਰਦੀ ਅਤੇ ਗੁਰਬਾਣੀ ਵਿੱਚ ਉਸਨੂੰ
ਵਰਤਿਆ ਵੀ ਗਿਆ ਹੈ ?
ਸਵਾਲ ਪੈਦਾ ਹੁੰਦਾ ਹੈ ਤਾਂ ਫੇਰ ਗੁਰਮਤਿ ਅਨੁਸਾਰ ਸਰੀਰ ਕਿੰਨੇ ਤੱਤਾਂ ਦਾ ਬਣਿਆ ਹੈ, ਅਤੇ ਉਹ ਤੱਤ ਕਿਹੜੇ-ਕਿਹੜੇ ਹਨ
ਇਹ ਗੱਲ ਆਮ ਹੀ ਦੇਖੀ ਗਈ ਹੈ ਕਿ ਇਨ੍ਹਾਂ ਅਜੋਕੇ ਵਿਦਵਾਨਾਂ ਨੂੰ ਗੁਰਮਤਿ ਦੀ ਜਿਹੜੀ ਗੱਲ ਮੁਆਫਕ ਨਹੀਂ ਬੈਠਦੀ, ਉਸ ਨੂੰ ਲੋਕ-ਬੋਲੀ, ਮੁਹਾਵਰਾ, ਪ੍ਰੋਢਾਵਾਦ ਜਾਂ ਕਹਾਵਤ ਆਦਿ ਨਾਮ ਦੇ ਦਿੱਤਾ ਜਾਂਦਾ ਹੈ । ਪਰ ਕਿਤੇ ਵੀ ਇਹ ਗੱਲ ਸਾਫ ਨਹੀਂ ਕਰਦੇ ਕਿ ਉਸ ਦੇ ਮੁਕਾਬਲੇ ਵਿੱਚ ਗੁਰਮਤਿ ਸਿਧਾਂਤ ਕੀ ਹੈ ? ਜੇ ਆਪਣਾ ਪੱਖ ਸਾਬਤ ਕਰਨ ਲਈ ਕੁਝ ਗੁਰਬਾਣੀ ਉਦਾਹਰਣਾ ਦੇ ਵੀ ਦਿੱਤੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਦੇ ਵੀ ਅਰਥ ਆਪਣੀ ਮਰਜੀ ਮੁਤਾਬਕ ਘੜ ਦਿੱਤੇ ਜਾਂਦੇ ਹਨ ।
ਅੱਜ ਹਰ ਗੁਰਮਤਿ ਪ੍ਰੇਮੀ ਵੀਰ ਨੂੰ ਖੁਦ ਸੁਚੇਤ ਹੋ ਕੇ ਗੁਰਬਾਣੀ ਨੂੰ ਸਮਝਣ ਤੇ ਵਿਚਾਰਨ ਦੀ ਜਰੂਰਤ ਹੈ । ਇਸ ਦੇ ਲਈ ਪ੍ਰੋ: ਸਾਹਿਬ ਸਿੰਘ ਜੀ ਦੇ ਦਰਪਣ ਦੀ ਸਹਾਇਤਾ ਲਈ ਜਾ ਸਕਦੀ ਹੈ, ਜੋ ਕਿ ਨੈਟ ਤੇ ਵੀ ਉਪਲਭਦ ਹੈ-
(www.gurugranthdarpan.org )
ਜਸਬੀਰ ਸਿੰਘ ਵਿਰਦੀ