ਜਸਬੀਰ ਸਿੰਘ ਵਿਰਦੀ
- : ਮਨ ਅਤੇ ਦਿਮਾਗ਼ ਵਾਲੀ ਖੇਡ- 2:-
Page Visitors: 147
- : ਮਨ ਅਤੇ ਦਿਮਾਗ਼ ਵਾਲੀ ਖੇਡ- 2:-
ਮਨ ਅਤੇ ਦਿਮਾਗ਼ ਦਾ ਫਰਕ ਅਤੇ ਇਹਨਾ ਦੇ ਆਪਸੀ ਸਬੰਧ ਜਾਂ ਤਾਲ-ਮੇਲ ਬਾਰੇ ਜਾਣਨ ਤੋਂ ਪਹਿਲਾਂ, ਆਪਣੇ ਆਪ ਬਾਰੇ ਜਾਣਨਾ ਜਰੂਰੀ ਹੈ।ਇਹ ਜਾਣਨਾ ਜਰੂਰੀ ਹੈ ਕਿ ‘ਅਸੀਂ’, ਅਰਥਾਤ ਜਿਸ ਨੂੰ ਮਨੁੱਖ ਕਿਹਾ ਜਾਂਦਾ ਹੈ ਇਹ ਹੈ ਕੀ; ਸਭ ਤੋਂ ਪਹਿਲਾਂ ਹੈ ਸਾਡਾ ਆਪਣਾ ਆਪਾ ਜਾਂ ਅਸੀਂ ਖੁਦ।
ਆਮ ਤੌਰ ਤੇ ਸਵਾਲ ਕੀਤਾ ਜਾਂਦਾ ਹੈ ਕਿ, ਕੀ ਇਸ ਸਰੀਰ ਵਿੱਚ ਆਤਮਾ ਹੈ?
ਦਰ ਅਸਲ ਇਹ ਸਵਾਲ ਹੀ ਗ਼ਲਤ ਹੈ।ਕਿਉਂਕਿ ਜਿਸ ਨੂੰ ਆਮ ਲਫਜ਼ਾਂ ਵਿੱਚ ਆਤਮਾ ਕਿਹਾ ਜਾਂਦਾ ਹੈ, ਇਹ ਆਤਮ/ ਆਤਮਾ/ ਜੀਅ/ ਜੀਵ/ ਜਾਂ ਜੀਵਾਤਮਾ …, ਇਹੀ ਤਾਂ ਮੁਖ ਚੀਜ ਹੈ।ਇਹ ਅਸੀਂ ਖੁਦ ਹਾਂ।ਸੋ ਜਦੋਂ ਕੋਈ ਸਵਾਲ ਕਰਦਾ ਹੈ ਕਿ ਕੀ ਸਰੀਰ ਵਿੱਚ ਆਤਮਾ ਹੈ ਤਾਂ ਦਰਅਸਲ ਇਹ ਸਵਾਲ ਕਰ ਰਿਹਾ ਹੁੰਦਾ ਹੈ ਕਿ, ‘ਕੀ ਅਸੀਂ ਹਾਂ’?
ਸਾਨੂੰ ਅਰਥਾਤ ਸਾਡੇ ਆਪਣੇ ਆਪੇ ਨੂੰ ਜਾਂ ਸਾਡੀ ਆਤਮਾ ਨੂੰ ਇਹ ਭੌਤਿਕ ਸਰੀਰ, ਭੌਤਿਕ ਸੰਸਾਰ ਤੇ ਵਿਚਰਨ ਲਈ ਇੱਕ ਸਾਧਨ ਜਾਂ ਜਰੀਆ ਮਿਲਿਆ ਹੋਇਆ ਹੈ।ਅਸਲੀ ਚੀਜ ਤਾਂ ਸਾਡਾ ਨਿਰਾਕਾਰ ਆਪਾ ਜਾਂ ਆਤਮਾ ਹੀ ਹੈ।
ਦੂਸਰੀ ਚੀਜ ਹੈ, ਸਾਡਾ ‘ਮਨ’ ਇਸ ਦਾ ਵੀ ਕੋਈ ਭੌਤਿਕ ਵਜੂਦ ਨਹੀਂ ਹੈ।ਇਹ ਵਿਚਾਰਾਂ ਅਤੇ ਸੰਸਕਾਰਾਂ ਦਾ ਸਮੂੰਹ ਹੈ।ਇਸੇ ਨੂੰ ਧਾਰਮਿਕ ਦੁਨੀਆਂ ਵਿੱਚ, ਪੰਜਵਾਂ ਆਕਾਸ਼ੀ ਤੱਤ ਕਿਹਾ ਗਿਆ ਹੈ।ਇਹ ਮਨ(/ਪੰਜਵਾਂ ਅਕਾਸ਼ੀ ਤੱਤ) ਹੀ, ‘ਅਣ-ਦਿਸਦੇ’ ਅਤੇ ‘ਦਿਸਦੇ ਸੰਸਾਰ’ ਦਾ ਆਪਸੀ ਸਬੰਧ ਜੋੜਨ ਲਈ, ਵਿੱਚ ਵਿਚਾਲੇ ਕੜੀ ਦਾ ਕੰਮ ਕਰਦਾ ਹੈ।(ਦਿਮਾਗ਼ ਦੀ ਤਰ੍ਹਾਂ, ਮਨ ਦੇ ਵੀ ਅੱਗੋਂ ਹਿੱਸੇ ਹਨ; ਹਿਰਦਾ ਅਤੇ ਅੰਤਹਕਰਣ)।
ਜਿਸ ਤਰ੍ਹਾਂ ਕਿ ਇਸ ਤੋਂ ਪਹਿਲਾਂ ‘ਮਨ ਅਤੇ ਦਿਮਾਗ਼ ਵਾਲੀ ਖੇਡ- 1’ ਲੇਖ ਵਿੱਚ ਦੱਸਿਆ ਗਿਆ ਹੈ ਕਿ ਸਾਡਾ ਦਿਮਾਗ਼ ਓਦੋਂ ਹੀ ਕੰਮ ਕਰਨਾ ਸ਼ੁਰੂ ਕਰਦਾ ਹੈ ਜਦੋਂ ਇਸ ਵਿਚਲੀਆਂ ਨਿਊਰੋਨਜ਼ ਨੂੰ ਕਿਸੇ ਤਰੀਕੇ ਨਾਲ ਉਤੇਜਨਾ ਮਿਲਦੀ ਹੈ ਅਤੇ ਇਹ ਉਤੇਜਨਾ ਅਸੀਂ ਅਰਥਾਤ ਸਾਡਾ ਮਨ ਪੈਦਾ ਕਰਦਾ ਹੈ।
ਮਨ ਅਤੇ ਆਤਮਾ ਦਾ ਆਪਸੀ ਤਾਲ-ਮੇਲ ਕਿਵੇਂ ਕੰਮ ਕਰਦਾ ਹੈ ?
ਮਨ ਅਤੇ ਆਤਮਾ ਦਾ ਸਫਰ ਸਾਡੇ ਸੱਜੇ-ਖੱਬੇ ਕਦਮਾਂ ਦੀ ਤਰ੍ਹਾਂ ਚੱਲਦਾ ਹੈ।ਪਹਿਲਾਂ ਮਨ ਵਿੱਚ ਕੋਈ ਵਿਚਾਰ ਜਾਂ ਖਿਆਲ ਉਤਪੰਨ ਹੁੰਦਾ ਹੈ।ਉਹ ਵਿਚਾਰ ਜਾਂ ਖਿਆਲ, ਦਿਮਾਗ਼ ਦੀਆਂ ਨਿਉਰੋਨਜ਼ ਨੂੰ ਹਰਕਤ ਵਿੱਚ ਲਿਆਉਂਦਾ ਹੈ।ਮਨ ਵਿੱਚ ਉਪਜੇ ਨਵੇਂ ਵਿਚਾਰ ਅਤੇ ਦਿਮਾਗ਼ ਦੀ ਮੈਮਰੀ ਵਿੱਚ ਪਹਿਲਾਂ ਦੀ ਪਈ ਜਾਣਕਾਰੀ ਦੀ ਉਧੇੜ-ਬੁਣ ਸ਼ੁਰੂ ਹੋ ਜਾਂਦੀ ਹੈ।ਯਾਦ ਰਹੇ ਕਿ, ਦਿਮਾਗ਼ ਦਾ ਕੰਮ ਤਾਂ ਬਾਅਦ ਵਿੱਚ ਸ਼ੁਰੂ ਹੁੰਦਾ ਹੈ, ਪਹਿਲਾਂ ਕੋਈ ਵਿਚਾਰ ਹੁੰਦਾ ਹੈ ਜੋ ਕਿ (ਆਮ ਤੌਰ ਤੇ) ਪਹਿਲਾਂ ਤੋਂ ਦਿਮਾਗ਼ ਦੀ ਮੈਮਰੀ ਵਿੱਚ ਨਹੀਂ ਪਿਆ ਹੁੰਦਾ।ਇਹ ਵਿਚਾਰ ਨਿਊਰੋਨਜ਼ ਨੂੰ ਹਰਕਤ ਵਿੱਚ ਲਿਆਉਂਦਾ ਹੈ ਅਤੇ ਇਹ ‘ਵਿਚਾਰ’, ਦਿਮਾਗ਼ ਵਿਚਲੇ ਸੈੱਲਾਂ ਦੇ ਕਰੰਟ ਅਤੇ ਕੈਮੀਲਕ ਦੇ ਜਰੀਏ ਨਿਊਰੋਨਜ਼ ਦੇ ਮਾਧਿਅਮ ਨਾਲ, ਸਬੰਧਤ ਹਿੱਸੇ ਤੱਕ ਪਹੁੰਚਦਾ ਹੈ ਅਤੇ ਫੇਰ ਦਿਮਾਗ਼ ਦਾ ਕੰਮ ਸ਼ੁਰੂ ਹੁੰਦਾ ਹੈ। ਇਸ ਤਰ੍ਹਾਂ ਮਨ ਵਿੱਚਲੇ ਬਾਹਰੋਂ ਉਪਜੇ ਵਿਚਾਰ ਜਾਂ ਖਿਆਲ ਅਤੇ ਦਿਮਾਗ਼ ਦੀ ਮੈਮਰੀ ਵਿੱਚ ਪਹਿਲਾਂ ਤੋਂ ਪਈ ਜਾਣਕਾਰੀ ਦੀ ਉਧੇੜ-ਬੁਣ ਤੋਂ ਕੋਈ ਨਵੀਂ ਜਾਣਕਾਰੀ ਜਾਂ ਖੋਜ, ਉਪਜਕੇ ਸਾਮ੍ਹਣੇ ਆ ਜਾਂਦੀ ਹੈ।
ਇਸ ਤਰ੍ਹਾਂ ਮਨ ਵਿੱਚ ਉਪਜੇ ਨਵੇਂ ਵਿਚਾਰਾਂ ਵਾਲਾ ਪਹਿਲਾ ਕਦਮ ਅਤੇ, ਦਿਮਾਗ਼ ਦੀਆਂ ਗਤੀ ਵਿਧੀਆਂ ਵਾਲਾ ਦੂਸਰਾ ਕਦਮ, ਮਿਲਕੇ ਨਵੇਂ ਵਿਚਾਰ ਨੂੰ ਜਨਮ ਦਿੰਦੇ ਹਨ ਅਤੇ ਇਸੇ ਤਰ੍ਹਾਂ ਸੰਸਾਰ ਤੇ ਜੀਵਨ-ਸਫਰ ਵਿੱਚ ਛੋਟੀਆਂ-ਵੱਡੀਆਂ ਨਵੀਆਂ ਖੋਜਾਂ ਅਤੇ ਨਵੀਆਂ ਜਾਣਕਾਰੀਆਂ ਜੁੜੀ ਜਾਂਦੀਆਂ ਹਨ।
ਮਿਸਾਲ ਦੇ ਤੌਰ ਤੇ-ਦਰਖਤ ਤੋਂ ਸੇਬ ਡਿੱਗਦਾ ਹੈ। ਆਮ ਲੋਕਾਂ ਲਈ ਇਹ ਸਧਾਰਣ ਗੱਲ ਹੀ ਸੀ। ਪਰ ਨਿਊਟਨ ਜੋ ਕਿ ਪਹਿਲਾਂ ਤੋਂ ਵਿਗਿਆਨਕ ਖੇਤਰ ਵਿੱਚ
ਜਾਣਕਾਰੀ ਰੱਖਦਾ ਸੀ, ਉਸ ਦੇ ਲਈ ਇਹ ਗੱਲ ਸਧਾਰਣ ਨਾ ਰਹੀ ਜਦੋਂ ਉਸ ਦੇ ‘ਮਨ ਵਿੱਚ ਖਿਆਲ ਉਤਪੰਨ ਹੋਇਆ’ ਕਿ ਸੇਬ ਏਧਰ-ਓਧਰ ਜਾਂ ਉਪਰ ਜਾਣ ਦੀ ਬਜਾਏ ਹਮੇਸ਼ਾਂ ਧਰਤੀ ਵੱਲ ਹੀ ਕਿਉਂ ਆਉਂਦਾ/ਡਿੱਗਦਾ ਹੈ?
ਇਸ ਘਟਨਾ ਤੋਂ ਪਹਿਲਾਂ ਨਿਊਟਨ ਦੇ ਦਿਮਾਗ਼ ਦੀ ਮੈਮਰੀ ਵਿੱਚ ਗਰੈਵਟੀ ਬਾਰੇ ਕੋਈ ਗਿਆਨ ਜਾਂ ਜਾਣਕਾਰੀ ਨਹੀਂ ਸੀ ਪਈ।ਪਰ ਮਨ ਵਿੱਚ ਉਤਪੰਨ ਹੋਏ ਵਿਚਾਰਾਂ ਜਾਂ ਖਿਆਲਾਂ ਵਾਲੇ ਪਹਿਲੇ ਕਦਮ ਅਤੇ ਦਿਮਾਗ਼ ਦੀ ਮੈਮਰੀ ਵਿੱਚ ਪਹਿਲਾਂ ਤੋਂ ਪਏ ਗਿਆਨ ਵਾਲੇ ਦੂਜੇ ਕਦਮ, ਦੀ ਉਧੇੜ-ਬੁਣ ਦਾ ਸਦਕਾ ਗਰੈਵਟੀ ਨਾਂ ਦੀ ਨਵੀਂ ਖੋਜ ਜਾਂ ਜਾਣਕਾਰੀ ਦਾ ਜਨਮ ਹੋਇਆ।
ਸੋ ਸਾਰੇ ਸੰਸਾਰ ਦਾ ਜੀਵਨ-ਸਫਰ ਇਸੇ ਤਰ੍ਹਾਂ, ਮਨ ਦੇ ਪਹਿਲੇ ਕਦਮ ਅਤੇ ਦਿਮਾਗ਼ ਦੇ ਦੂਸਰੇ ਕਦਮ ਨਾਲ ਸਾਡੇ ਸੱਜੇ-ਖੱਬੇ ਕਦਮ ਦੀ ਤਰ੍ਹਾਂ ਚੱਲ ਰਿਹਾ ਹੈ।
ਚੱਲਦਾ- (ਮਨ ਅਤੇ ਦਿਮਾਗ਼ ਵਾਲੀ ਖੇਡ- 3) –
ਜਸਬੀਰ ਸਿੰਘ ਵਿਰਦੀ 07-02-2024