ਅਪਣੀ ਹੋਮ ਲੈੰਡ, ਅਪਣਾਂ ਘਰ 'ਤੇ ਅਪਣਾਂ ਪਰਿਵਾਰ ।
ਮਨੁਖ ਨੂੰ ਕੁਦਰਤ ਦੀ ਇਹ ਦੇਣ ਹੈ ਕਿ , ਕੋਈ ਵੀ ਮਨੁਖ ਜਦੋਂ ਆਰਥਿਕ ਅਤੇ ਸਮਾਜਿਕ ਪੱਖੋਂ ਸਮਰੱਥ ਹੋ ਜਾਂਦਾ ਹੈ , ਤਾਂ ਉਸ ਦੀ ਪਹਿਲੀ ਖੁਹਾਇਸ਼ ਹੂੰਦੀ ਹੈ ਕਿ ਉਸ ਦਾ ਇਕ "ਅਪਣਾਂ ਘਰ" ਹੋਵੇ । ਵੱਡਾ ਨਾਂ ਸਹੀ , ਭਾਵੇ ਛੋਟਾ ਜਿਹਾ ਹੀ ਹੋਵੇ। ਜਿਸਨੂੰ ਉਹ ਕਹਿ ਸਕੇ ਕਿ ਇਹ "ਮੇਰਾ ਘਰ" ਹੈ। ਜਿਸ ਵਿੱਚ ਉਸ ਦਾ ਹੀ ਕਾਇਦਾ ਅਤੇ ਕਾਨੂੰਨ ਚੱਲੇ । ਕਿਰਾਏ ਦਾ ਬੰਗਲਾ ਭਾਵੇ ਕਿੱਨਾਂ ਹੀ ਵਡਾ ਅਤੇ ਖੂਬਸੂਰਤ ਕਿਉ ਨਾਂ ਹੋਵੇ, ਉਸ ਵਿਚ ਉਸਦੀ ਤਸੱਲੀ ਨਹੀ ਹੂੰਦੀ । ਉਸਨੂੰ ਤਾਂ ਉਸ ਘਰ ਦੀ ਦਰਕਾਰ ਹੂੰਦੀ ਹੈ, ਜਿਸ ਘਰ ਦੀ ਇਕ ਇਕ ਚੀਜ ਤੇ ਉਸਦੀ ਪ੍ਰਭੂਸੱਤਾ ਹੋਵੇ। ਉਸਦੀ ਜਮੀਨ ਤੋਂ ਲੈ ਕੇ ਉਸ ਵਿੱਚ ਰਹਿਣ ਵਾਲੇ, ਸਾਰੇ ਉਸਦੇ ਅਪਣੇ ਹੋਣ। ਅਪਣੇ ਘਰ ਦਾ ਸੁਫਨਾਂ ਹਰ ਮਨੁਖ ਜਰੂਰ ਵੇਖਦਾ ਹੈ।
ਇਸ ਲਈ ਉਹ ਅਪਣੀ ਸਾਰੀ ਉਮਰ ਦੀ ਜੋੜੀ ਹੋਈ ਕਮਾਈ ਦਾ ਇਕ ਬਹੁਤ ਵੱਡਾ ਹਿੱਸਾ , ਉਸ ਦੀ ਉਸਾਰੀ ਲਈ ਖਰਚ ਕਰਨ ਲਈ ਤਿਆਰ ਹੋ ਜਾਂਦਾ ਹੈ । ਉਸ ਘਰ ਦੀ ਉਸਾਰੀ ਲਈ ਜਮੀਨ ਦਾ ਇਕ ਟੁਕੜਾ ਹਾਸਿਲ ਕਰਨਾਂ,ਉਸ ਦਾ ਪਹਿਲਾ ਉਪਰਾਲਾ ਹੂੰਦਾ ਹੈ । ਇਹ ਹੀ ਹੂੰਦੀ ਹੈ ਉਸ ਦੇ ਸੁਫਨਿਆ ਦਾ ਘਰ ਸਿਰਜਨ ਲਈ , ਉਸ ਦੀ ਅਪਣੀ "ਹੋਮ ਲੈਂਡ" । ਜਿਸ ਦਿਨ ਉਹ ਅਪਣੇ ਸੁਫਨਿਆਂ ਦੇ ਘਰ ਦੀ ਉਸਾਰੀ ਲਈ ਜਮੀਨ ਦਾ ਟੁਕੜਾ ਹਾਸਿਲ ਕਰ ਲੈਂਦਾ ਹੈ। ਉਸ ਦਿਨ ਉਹ ਇਕ ਅਜੀਬ ਜਹੀ ਸ਼ਾਂਤੀ ਅਤੇ ਖੁਸ਼ੀ ਮਹਸੂਸ ਕਰਦਾ ਹੈ। ਭਾਵੇ ਹੱਲੀ ਉਸ ਉਪਰ ਉਸਦੇ ਸੁਫਨਿਆਂ ਦਾ ਘਰ ਨਾਂ ਵੀ ਬਣਿਆ ਹੋਵੇ ।ਇਹੋ ਜਹੀ ਖੁਸ਼ੀ ਤੁਸੀ ਉਸ ਬੰਦੇ ਤੇ ਵੇਖ ਸਕਦੇ ਹੋ ,ਜੋ ਮਕਾਨ ਬਨਾਉਣ ਲਈ ਇਕ "ਪਲਾਟ" ਖਰੀਦ ਕੇ ਅਪਣੇ ਪਰਿਵਾਰ ਵਿਚ ਆਂਉਦਾ ਹੈ।
ਸਾਰੀ ਉਮਰ ਦੀ ਖੂਨ ਪਸੀਨੇ ਨਾਲ, ਕਤਰਾ ਕਤਰਾ ਕਰ ਕੇ ਜੋੜੀ ਹੋਈ ਪੂੰਜੀ ਦਾ ਇਕ ਬਹੁਤ ਵੱਡਾ ਹਿੱਸਾ ਖਰਚ ਕਰਕੇ ਵੀ , ਉਹ ਬਹੁਤ ਖੁਸ਼ ਹੂੰਦਾ ਹੈ , ਕਿਉਕਿ ਉਸਦੇ ਬਦਲੇ ਅੱਜ ਉਸ ਕੋਲ, ਅਪਣੇ ਸੁਫਨਿਆਂ ਦੇ ਘਰ ਲਈ ਹੂੰਦੀ ਹੈ, ਅਪਣੀ ਮਲਕੀਅਤ ਵਾਲੀ , ਅਪਣੀ "ਹੋਮ ਲੈਂਡ" । ਇਸ ਖੁਸ਼ੀ ਦਾ ਕਾਰਣ ਇਹ ਹੂੰਦਾ ਹੈ ਕਿ , ਅਪਣੀ ਵਖਰੀ ਹੋਂਦ, ਅਡਰੀ ਪਛਾਣ , ਅਪਣੀ ਵਖਰੀ ਪ੍ਰਭੂਸੱਤਾ ਅਤੇ ਆਪਣਿਆਂ ਦੇ ਸਾਥ ਦੀ ਨਿੱਘ ਮਾਨਣ ਦਾ ਸੁਖ । ਮਨੁਖ ਵਿੱਚ ਇਹ ,ਇਕ ਕੁਦਰਤੀ ਗੁਣ ਹੂੰਦਾ ਹੈ । ਅਪਣੀ "ਹੋਮ ਲੈਂਡ" ਨੂੰ ਪਾ ਕੇ ਉਹ ਦੂਜਿਆਂ ਦੀ ਪ੍ਰਭੂਸੱਤਾ, ਰੋਕ ਟੋਕ ਅਤੇ ਦੂਜਿਆ ਦੇ ਬਣਾਏ ਕਾਇਦੇ ,ਕਾਨੂੰਨਾਂ ਤੋਂ ਅਜਾਦ ਹੋ ਜਾਂਦਾ ਹੈ। ਉਹ ਅਪਣੇ ਆਪ ਨੂੰ ਬਹੁਤ ਹਲਕਾ ਅਤੇ ਆਜਾਦ ਮਹਿਸੂਸ ਕਰਦਾ ਹੈ।
ਲੇਕਿਨ ਇਸ ਘਰ ਨੂੰ ਬਨਾਉਣ ਤੋਂ ਪਹਿਲਾਂ, ਉਹ ਅਪਣੇ ਪਰਿਵਾਰ ਦੇ ਜੀਆਂ ਬਾਰੇ ਵੀ ਬਹੁਤ ਕੁਝ ਸੋਚਦਾ ਹੈ, ਜਿਨ੍ਹਾ ਲਈ ਉਹ ਇਹ ਘਰ ਬਨਾਉਣ ਜਾ ਰਿਹਾ ਹੂੰਦਾ ਹੈ । ਇਕ "ਹੋਮ ਲੈੰਡ" ਨੂੰ ਹਾਸਿਲ ਕਰ ਲੈਣ , ਉਸ ਤੇ ਇਕ ਮਕਾਨ ਦੀ ਉਸਾਰੀ ਕਰ ਲੈਣ ਨਾਲ ਹੀ ਉਸ ਦੇ ਸਾਰੇ ਟੀਚੇ ਪੂਰੇ ਨਹੀ ਹੋ ਜਾਂਦੇ । ਉਸ ਹੋਮ ਲੈੰਡ ਤੇ ਉਹ ਨਾਂ ਕੇਵਲ ਇਕ ਮਕਾਨ ਬਨਾਉਣ ਜਾ ਰਿਹਾ ਹੂੰਦਾ ਹੈ , ਬਲਕਿ ਉਹ ਅਪਣੇ ਅਤੇ ਆਪਣਿਆਂ ਲਈ ਇਕ ਘਰ ਬਨਾਉਣ ਜਾ ਰਿਹਾ ਹੂੰਦਾ ਹੈ। "ਮਕਾਨ" ਅਤੇ " ਘਰ" ਵਿੱਚ ਬਹੁਤ ਵੱਡਾ ਫਰਕ ਹੂੰਦਾ ਹੈ। ਇਕ ਮਕਾਨ ਨਾਲ ਘਰ ਨਹੀ ਬਣਦਾ ਜਦਕਿ ਘਰ ਉਸ ਮਕਾਨ ਵਿਚ ਰਹਿਣ ਵਾਲੇ ਜੀਆਂ ਨਾਲ ਬਣਦਾ ਹੈ।ਜੇ ਉਹ ਜੀਅ ਹੀ ਖੁਸ਼ਹਾਲ ਨਾਂ ਹੋਣ ,ਬਦਹਾਲ ਹੋਣ ਤਾਂ ਉਹ ਘਰ ਕਿਸ ਕਮ ਦਾ ?
ਜਮੀਨ ਹਾਸਿਲ ਕਰ ਲੈਣਾਂ, ਉਸ ਉਤੇ ਇਕ ਮਕਾਨ ਦੀ ਉਸਾਰੀ ਵੀ ਕਰ ਲੈਣਾਂ ਹੀ ਅਪਣੇ ਆਪ ਵਿੱਚ ਮੁਕੱਮਲ ਨਹੀ ਹੂੰਦਾ। ਉਸ ਮਕਾਨ ਨੂੰ ਘਰ ਦਾ ਰੂਪ ਦੇਣ ਲਈ ਇਕ 'ਪਰਿਵਾਰ' ਦੀ ਜਰੂਰਤ ਹੂੰਦੀ ਹੈ। ਮਕਾਨ ਕਿਨ੍ਹਾਂ ਹੀ ਚੰਗਾ ਕਿਉ ਨਾਂ ਹੋਵੇ , ਉਸ ਵਿੱਚ ਰਹਿਣ ਵਾਲਿਆਂ ਨਾਲ ਹੀ ਤਾਂ ਉਹ ਘਰ ਬਣਦਾ ਹੈ। ਪਰਿਵਾਰ ਵੀ ਇਹੋ ਜਹਿਆ, ਜਿਸਦੇ ਸਾਰੇ ਹੀ ਜੀਅ, ਖੁਸ਼ਹਾਲ ਹੋਣ । ਇਕ ਸੋਚ ਵਾਲੇ, ਸਭਿਆਚਰਕ ਕਰਣੀ ਵਾਲੇ, ਮਜਬੂਤ ਏਕੇ ਅਤੇ ਆਪਸੀ ਸੂਝਬੂਝ ਦੇ ਧਾਰਣੀ ਅਤੇ ਏਡੂਕੇਟੇਡ ਹੋਣ। ਇਕ ਦੂਜੇ ਦੇ ਸੁੱਖ ਦੁਖ ਨੂੰ ਅਪਣਾਂ ਸੁੱਖ ਅਤੇ ਦੁੱਖ ਸਮਝਣ। ਜੇ ਉਸ ਦੇ ਪਰਿਵਾਰ ਦਾ ਹਰ ਬੰਦਾ ਇਹੋ ਜਹਿਆ ਹੋਵੇ , ਤਾਂ ਹੀ ਉਸ ਦਾ ਉਸਾਰਿਆ ਘਰ ਇਕ "ਆਦਰਸ਼ ਘਰ" ਬਣਦਾ ਹੈ।
ਜਿਸ ਘਰ ਦੇ ਜੀਅ ਨਸ਼ਿਆਂ ਵਿਚ ਗਲਤਾਨ ਹੋਣ, ਪਤਿਤ ਹੋ ਕੇ ਅਪਣੇ ਘਰ ਦੀ ਮਰਿਯਾਦਾ ਅਤੇ ਰਹਿਣੀ ਨੂੰ ਹੀ ਭੁਲ ਚੁਕੇ ਹੋਣ । ਅਪਣੇ ਪੁਰਖਿਆ ਦੇ ਅਮੀਰ ਇਤਿਹਾਸ ਤੋਂ ਹੀ ਵਾਕਿਫ ਨਾਂ ਹੋਣ।ਅਪਣੇ ਘਰ ਵਿੱਚ ਬੋਲੀ ਜਾਂਣ ਵਾਲੀ ਬੋਲੀ ਅਤੇ ਭਾਸ਼ਾ ਤੋਂ ਮਹਿਰੂਮ ਹੋਣ ।ਉਹ ਬੰਦਾ ਇਹ ਸੋਚਦਾ ਹੈ , ਕਿ ਮੈਂ ਇਹ ਘਰ ਕਿਸ ਲਈ ਬਨਾਉਣਾਂ ਹੈ ? ਹਰ ਮਨੁਖ ਦਾ ਅਪਣਾਂ ਇਕ ਘਰ ਹੋਣ ਦਾ ਸੁਫਨਾਂ ਹੋਣ ਦੇ ਬਾਵਜੂਦ ਵੀ ਐਸਾ ਮਨੁਖ ਅਪਣਾਂ ਘਰ ਬਨਾਉਣ ਦੀ ਸੋਚਦਾ ਵੀ ਨਹੀ। । ਉਸ ਦਾ ਇਕੋ ਇਕ ਕਾਰਣ ਇਹ ਕਿ ਜੇ ਉਸ ਘਰ ਵਿੱਚ ਵੀ ਦੁਖ, ਕਲਿਹ ਤੇ ਲੜਾਈ ਹੋਣੀ ਹੈ। ਅਪਣੇ ਹੀ ਬਜੁਰਗਾਂ ਅਤੇ ਪੁਰਖਿਆਂ ਦਾ ਸਤਕਾਰ ਨਹੀ ਹੋਣਾਂ , ਉਨਾਂ ਦੀ ਤਾਂ ਕਿਸੇ ਮਨਣੀ ਹੀ ਨਹੀ । ਉਹ ਅਪਣਾਂ ਘਰ ਵੀ ਨਰਕ ਬਣ ਜਾਂਣਾਂ ਹੈ। ਉਸ ਨੂੰ ਸੰਭਾਲਣ ਦੀ ਗਲ ਤਾਂ ਬਹੁਤ ਦੂਰ ਦੀ ਹੈ ।
ਜੇ ਉਸ "ਘਰ" ਵਿਚ ਰਹਿਣ ਵਾਲੇ ਜੀਅ ਐਸੇ ਹੀ ਹੋਣ, ਤਾਂ ਇੱਨ੍ਹੀ ਮੇਹਨਤ ਨਾਲ ਬਣਾਇਆ ਉਹ ਘਰ ਵੀ ਇਕ ਦਿਨ ਉਸ ਤੋਂ ਖੁਸ ਜਾਣਾਂ ਹੈ। ਜਿਸ ਘਰ ਦੇ ਜੀਆਂ ਵਿਚ ਏਕਾ ਨਹੀ , ਅਤੇ ਉਹ ਸਮਝਦਾਰ ਨਹੀ ਹੂੰਦੇ , ਨਸ਼ਿਆਂ ਅਤੇ ਬੁਰਾਈਆਂ ਦੇ ਸ਼ਿਕਾਰ ਹੂੰਦੇ ਹਨ, ਉਨਾਂ ਨੂੰ ਆਂਡੀ ਗੁਆਂਡੀ ਬਹੁਤ ਹੀ ਛੇਤੀ ਵਰਗਲਾ ਲੈੰਦੇ ਹਨ। ਬਹੁਤ ਛੇਤੀ ਉਹ ਘਰ ਵਿੱਕ ਜਾਂਦਾ ਹੈ, ਜਾਂ ਵੰਡਿਆ ਜਾਂਦਾ ਹੈ । "ਅਪਣੇ ਘਰ" ਦਾ ਸੁਫਨਾਂ ਵੇਖਣ ਵਾਲਾ ਉਹ ਮਨੁਖ ਇਕ ਦਿਨ ਅਪਣੀ ਹੋਮ ਲੈੰਡ ਤੋਂ ਸਖਣਾਂ ਹੋ ਜਾਂਦਾ ਹੈ।
ਵੀਰੋ ! ਸਾਡੀ ਕੌਮ ਦਾ ਵੀ ਇਹ ਹੀ ਹਾਲ ਹੈ। ਵੀਰ ਅਜਮੇਰ ਸਿੰਘ ਦੀ ਲਿਖੀ ਪੁਸਤਕ "ਕਿਸ ਬਿਧ ਰੁਲੀ ਪਾਤਸ਼ਾਹੀ" ਪੜ੍ਹ ਕੇ ਅੱਖਾਂ ਭਰ ਜਾਂਦੀਆਂ ਨੇ ਅਤੇ ਮਨ ਵਿੱਚ ਇਕ ਅਜੀਬ ਜਿਹਾ ਦਰਦ ਉਠਦਾ ਹੈ। ਅਪਣੇ ਪੁਰਖਿਆਂ ਦੀ ਬਣਾਈ , ਅਪਣੀ "ਹੋਮ ਲੈੰਡ" , ਜੋ ਜਿਸ ਦੀਆਂ ਹੱਦਾਂ ਅਫਗਾਨਿਸਤਾਨ ਤੋਂ ਲੈ ਕੇ ਦਿੱਲੀ ਤਕ ਫੈਲੀਆਂ ਸਨ , , ਕਾਸ਼ ! ਅਸੀ ਉਸ ਨੂੰ ਹੀ ਸੰਭਾਲ ਸਕੇ ਹੂੰਦੇ ।ਮੁੜ ਸਾਨੂੰ ਅਪਣੀ "ਹੋਮ ਲੈੰਡ" ਦੀ ਜਰੂਰਤ ਹੀ ਮਹਿਸੂਸ ਨਾਂ ਹੂੰਦੀ । ਜੱਸਾ ਸਿੰਘ ਆਲਹੂਵਾਲੀਆ ਵਰਗੇ ਯੋਧਿਆਂ ਦਾ ਬਣਾਇਆ "ਖਾਲਸਾ ਰਾਜ" ਅਸੀ ਸੰਭਾਲ ਨਾਂ ਸਕੇ ।ਸਾਡੇ ਵਿਚੋ ਹੀ "ਆਲਾ ਸਿੰਘ" ਵਰਗੇ ਸਿਆਸਤ ਦਾਨ ਪੈਦਾ ਹੋ ਗਏ। ਜਿਨ੍ਹਾਂ ਨੇ ਅਪਣੀ ਹੋਮ ਲੈੰਡ ਹੋਣ ਦੇ ਬਾਵਜੂਦ ਵੀ ਅਪਣੀ ਕੁਰਸੀ ਦੀ ਫਿਕਰ ਕੀਤੀ , ਲੇਕਿਨ ਉਸ ਰਾਜ ਨੂੰ ਕੌਮ ਦੀ ਹੋਮ ਲੈੰਡ ਬਨਾਉਣ ਲਈ ਕਿਸੇ ਨੇ ਵੀ ਪਰਵਾਹ ਨਹੀ ਕੀਤੀ। ਗੱਦਾਰ ਸਿਆਸਤ ਦਾਨਾਂ ਨੂੰ ਅਸੀ ਅਪਣੀ ਕੌਮ ਦਾ ਰਹਿਬਰ ਸਮਝਿਆ । ਕੌਮ ਦੀ ਬੇੜੀ ਦੀ ਪਤਵਾਰ ਉਨਾਂ ਗੱਦਾਰ ਮੱਲਾਹਾਂ ਦੇ ਹੱਥ ਫੜਾ ਦਿਤੀ, ਜੋ ਪਹਿਲਾਂ ਹੀ ਉਸ ਨੂੰ ਡੋਬਣ ਦੀ ਫਿਰਾਕ ਵਿੱਚ ਸਨ।
ਕੌਮ ਦੇ ਫਿਕਰ ਮੰਦੋ ਅਤੇ ਪੰਥ ਦਰਦੀ ਵੀਰੋ ! ਕਿਤੇ ਇਹ ਨਾਂ ਸਮਝਿਆ ਜੇ ਕਿ ਮੇਂ ਤੁਹਾਡੀ ਕਿਸੇ ਸੋਚ ਦਾ ਵਿਰੋਧੀ ਹਾਂ। ਮੈਂ ਤਾਂ ਇਸ ਲੇਖ ਵਿੱਚ ਪਹਿਲਾਂ ਹੀ ਕਹਿ ਕੇ ਆਇਆ ਹਾਂ ਕਿ , ਇਹ ਕੁਦਰਤ ਦਾ ਨਿਯਮ ਹੈ ਕਿ ਹਰ ਮਨੁਖ ਅਪਣੀ ਵਖਰੀ ਹੋਂਦ ਅਤੇ ਅਪਣੀ ਸੁਰਖਿਆ ਲਈ ਅਪਣਾਂ ਨਿਜੀ ਘਰ ਬਨਾਉਣ ਦਾ ਸੁਫਨਾਂ ਵੇਖਦਾ ਆਇਆ ਹੈ। ਉਹ ਸੁਫਨਾਂ ਹੀ ਕਿਉ , ਉਸ ਸੁਫਨੇ ਨੂੰ ਸਕਾਰ ਵੀ ਕਰਦਾ ਆਇਆ ਹੈ । ਲੇਕਿਨ ਇਸ ਘਰ ਨੂੰ ਬਨਾਉਣ ਦੇ ਨਾਲ ਹੀ ਨਾਲ ਉਸ ਵਿੱਚ ਵਸਣ ਵਾਲੇ ਘਰ ਦੇ ਜੀਆਂ ਬਾਰੇ ਵੀ ਸੋਚਣਾਂ ਬਹੁਤ ਜਰੂਰੀ ਹੈ । ਜਿਨਾਂ ਲਈ ਤੁਸੀ ਇਹ ਘਰ ਬਨਾਉਣ ਦੀ ਸੋਚ ਰਹੇ ਹੋ । ਉਸ ਘਰ ਵਿੱਚ ਕਿਸਨੂੰ ਵਸਾਉਗੇ ? ਜਮੀਨ ਵੀ ਹਾਸਿਲ ਕਰ ਲਉਗੇ , ਮਕਾਨ ਵੀ ਉਸਾਰ ਲਵੋਗੇ, ਲੇਕਿਨ ਉਸਨੂੰ "ਘਰ" ਕੇੜ੍ਹੇ ਜੀਆਂ ਨਾਲ ਬਣਾਉਗੇ ?
ਕਿਸੇ ਵੀ ਕੌਮ ਦਾ ਇਕ ਬਹੁਤ ਜਰੂਰੀ ਅੰਗ ਉਸਦਾ ਨੌਜੁਆਨ ਤਬਕਾ ਹੂੰਦਾ ਹੈ ।ਹਜਾਰਾਂ ਹੀ ਨੌਜੁਆਨ ਝੂਠੇ ਪੁਲਿਸ ਮੁਕਾਬਲਿਆ ਵਿੱਚ ਮਾਰ ਕੇ ਸਾਡੀਆ ਜੜਾ ਤੇ ਕੁਹਾੜਾ ਚਲਾਇਆ ਗਇਆ । ਬਚਿਆਂ ਖੁਚਿਆਂ ਦੀ ਜਵਾਨੀ, ਜੇਲਾਂ ਦੀਆਂ ਕਾਲ ਕੋਠਰੀਆ ਦੀ ਭੇਟ ਚੜ੍ਹ ਗਈ । ਸਾਡੀ ਕੌਮ ਦੇ ਅਜੋਕੇ ਗੱਦਾਰ ਸਿਆਸਤ ਦਾਨਾਂ ਨੇ , ਕੌਮ ਦੇ ਉਨਾਂ ਪੁੱਤਾਂ ਬਾਰੇ ਨਾਂ ਸੋਚ ਕੇ , ਅਪਣੇ ਜੱਮੇ ਪੁੱਤਾ ਨੂੰ ਰਾਜ ਗੱਦੀਆਂ ਦੁਆਣ ਲਈ , ਕੌਮ ਦੇ ਅਮੀਰ ਵਿਰਸੇ ਨੂੰ, ਬਿਪਰ ਦੇ ਹੱਥਾ ਵਿਚ ਫੜਾ ਦਿਤਾ । ਇਕ ਸੋਚੀ ਸਮਝੀ ਸਾਜਿਸ਼ ਦੇ ਅਧੀਨ , ਨਸ਼ਿਆਂ ਨਾਲ ਸਾਡਾ ਨੌਜੁਆਨ , ਨੀਮ ਪਾਗਲ ਬਣਾਂ ਦਿਤਾ ਗਇਆ ਹੈ । ਉਸ ਵਿੱਚ ਭਲਾ ਬੁਰਾ ਸੋਚਣ ਦੀ ਤਾਕਤ ਹੀ ਨਹੀ ਰਹੀ। ਮੈਂ ਆਪ "ਸਿਫਤੀ ਦੇ ਉਸ ਘਰ" ਵਿੱਚ ਨਿੱਕੇ ਨਿੱਕੇ ਚਾਹ ਦੇ ਢਾਬਿਆਂ ਤੇ , ਸ਼ਿਖਰ ਦੁਪਿਹਰੇ ,ਅਫਿਮ ਅਤੇ ਸਮੈਕ ਵਿਕਦੀ ਵੇਖੀ ਹੈ। ਇੱਨੇ ਨੌਜੁਆਨ ਮੈਂ ਗੁਰਦੁਆਰਿਆ ਵਿੱਚ ਨਹੀ ਵੇਖੇ, ਜਿਨੇ ਸ਼ਰਾਬ ਦੇ ਠੇਕਿਆ, ਪੱਬਾਂ ਅਤੇ ਲਚਰ ਗਇਕਾਂ ਦੇ ਪ੍ਰੋਗ੍ਰਾਮਾਂ ਵਿਚ ਰੁਲਦੇ ਵੇਖੇ ਹਨ। ਸਾਡੇ ਨੌ ਜੁਆਨਾਂ ਦਾ "ਰੋਲ ਮਾਡਲ" ਹੁਣ ਬਾਬਾ ਦੀਪ ਸਿੰਘ ਸ਼ਹੀਦ , ਬੋਤਾ ਸਿੰਘ, ਗਰਜਾ ਸਿੰਘ ਅਤੇ ਮਹਿਤਾਬ ਸਿੰਘ ਵਰਗੇ ਸਿੱਖ ਨਹੀ ਹਨ। ਉਨਾਂ ਦੇ ਰੋਲ ਮਾਡਲ ਤਾਂ ਹੁਣ ਪਤਿਤ ਬਹਿਰੂਪੀਏ ਹਨੀ ਸਿੰਘ ਵਰਗੇ ਲਚਰ ਗਾਇਕ ਹਨ।
ਗੁਰੂ ਗ੍ਰੰਥ ਸਾਹਿਬ ਜੀ ਉਹ ਵੱਡਾ ਦ੍ਰਖਤ ਹੈ, ਜਿਸਦੀ ਛਾਂ ਥੱਲੇ ਅਸੀ ਸਿੱਖੀ ਦੀ ਨਿਘ ਮਾਣਦੇ ਰਹੇ । ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲੀ ਸੇਧ ਕਰਕੇ ਹੀ ਸ਼ਾਡੇ ਪੂਰਵਜ ਅਣਖ ਅਤੇ ਸਵੈਮਾਨ ਲਈ ਸ਼ਹੀਦ ਹੋਣ ਨੂੰ ਤਿਆਰ ਹੋ ਜਾਂਦੇ। ਉਸ ਨਾਲੋਂ ਸਾਡੇ ਪਰਿਵਾਰ ਨੂੰ ਇਕ ਸਾਜਿਸ਼ ਦੇ ਤਹਿਤ , ਹੌਲੀ ਹੌਲੀ ਤੋੜ ਦਿਤਾ ਗਇਆ ਹੈ। ਅੱਜ ਸਾਡੇ ਸਿਰ ਤੇ ਇਕ ਕੱਚਾ ਅਤੇ ਵਡੇ ਵਡੇ ਛੇਕਾਂ ਵਾਲਾ ਛੱਤ, "ਅਖੌਤੀ ਦਸਮ ਗ੍ਰੰਥ" ਦੇ ਰੂਪ ਵਿਚ ਛਾਅ ਦਿਤਾ ਗਇਆ ਹੈ। ਜੋ ਕਦੀ ਵੀ ਸਾਡੇ ਪਰਿਵਾਰ ਦੇ ਉੱਤੇ ਡਿਗ ਕੇ ਉਸ ਦੀ ਜਾਂਨ ਲੈ ਸਕਦਾ ਹੈ। ਬਿਪਰਵਾਦ ਅਤੇ ਪਤਿਤ ਪੁਣੇ ਦੀ ਅੱਗ ਵਿਚ ਸਾਡਾ ਪਰਿਵਾਰ ਸੱੜ ਰਿਹਾ ਹੈ। ਉਸਦੀ ਨਿਰਾਲੀ ਅਤੇ ਵਿਲੱਖਣ ਪਛਾਣ ਦੀ ਨਿਸ਼ਾਨੀ , ਗੁਰੂ ਦੇ ਬਖਸ਼ੇ ਕੇਸ਼ ਉਸ ਤੋਂ ਖੋਹ ਲਏ ਗਏ ਨੇ। ਬਿਹਾਰ ਦੇ ਭਈਆਂ ਅਤੇ ਗੁਰੂ ਦੇ ਸਿੱਖਾਂ ਵਿਚ ਪਛਾਣ ਕਰ ਪਾਣਾਂ ਵੀ ਮੁਸ਼ਕਿਲ ਹੋ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਅਤੇ ਅਪਣੇ ਅਮੀਰ ਵਿਰਸੇ ਦਾ ਸਾਹਿਤ ਖਰੀਦ ਕੇ ਪੜ੍ਹਨ ਵਾਲਾ ਕੋਈ ਨਹੀ ।ਚੰਡੀ ਕੀ ਵਾਰ, ਪੂਰਨਮਾਸੀ ਦੇ ਵਰਤ ਦੀ ਕਥਾ, ਕਰਵਾ ਚੌਥ ਦੀ ਕਥਾ , ਸੋਮਵਾਰ ਦਾ ਵਰਤ , ਸ਼ਨਿਸ਼ਚਰ ਦੀ ਕਥਾ ਵਰਗੀਆਂ ਪੁਸਤਕਾਂ ਹੀ ਸਾਡਾ ਪਰਿਵਾਰ ਖਰੀਦ ਦਾ ਅਤੇ ਪੜ੍ਹਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਨੂੰ ਸਾਡਾ ਪਰਿਵਾਰ ਜਾਂਣਦਾ ਨਹੀ, ਕਿ ਉਹ ਕੀ ਬਲਾ ਹੈ ? ਜਿਸਨੂੰ ਲਿਖਣ ਲਈ ਉਸ ਮਹਾਨ ਸਿੱਖ ਵਿਦਵਾਨ ਨੇ ਅਪਣੇ ਜੀਵਨ ਦੇ 27 ਕੀਮਤੀ ਵਰ੍ਹੇ ਕੌਮ ਦੇ ਲੇਖੇ ਲਾਅ ਦਿਤੇ ਸਨ।
ਅੱਜ ਤੋਂ ਵੀਹ ਵਰ੍ਹੇ ਪਹਿਲਾਂ ਸਾਡੇ ਘਰ ਵਿੱਚ ਕਿਸੇ ਨੂੰ ਹਿੰਦੀ ਪੜ੍ਹਨੀ ਨਹੀ ਸੀ ਆਂਉਦੀ । ਘਰਾਂ ਵਿੱਚ ਹਿੰਦੀ ਦੀਆਂ ਅਖਬਾਰਾਂ ਮੁਫਤ ਵਿਚ ਸੁਟ ਸੁਟ ਕੇ ਜਾਂਦੇ ਸਨ । ਅੱਜ ਉਥੇ ਹਿੰਦੀ ਦੀਆਂ ਵੀਹ ਅਖਬਾਰਾਂ ਘਰਾਂ ਵਿੱਚ ਪੜ੍ਹੀਆਂ ਜਾਂਦੀਆਂ ਨੇ।ਸਾਡੀ ਮਾਂ ਬੋਲੀ ਨੂੰ ਹੌਲੀ ਹੌਲੀ ਮਾਰ ਕੇ ਬਿਪਰ ਦੀ ਬੋਲੀ ਬੁਲਵਾਈ ਤੇ ਪੜ੍ਹਾਈ ਜਾ ਰਹੀ ਹੈ । ਪ੍ਰਵਾਸੀ ਮਜਦੂਰ ਸਾਡੇ ਪਰਿਵਾਰਾਂ ਦੀਆਂ ਜਮੀਨਾਂ , ਘਰ , ਕਾਰੋਬਾਰ ਖਰੀਦ ਰਹੇ ਨੇ, 'ਤੇ ਅਸੀ ਵੀਜੇ ਲੁਆ ਲੁਆ ਕੇ ਛੋਟੀਆਂ ਛੋਟੀਆਂ ਨੌਕਰੀਆਂ ਲਈ ਬਾਹਰ ਭਜੇ ਜਾ ਰਹੇ ਹਾਂ । ਸਾਡਾ ਪਰਿਵਾਰ ਅਪਣੀਆਂ ਜਮੀਨਾਂ ਵੇਚ ਵੇਚ ਕੇ ਵੀਜੇ ਹੀ ਇਕੱਠੇ ਕਰਦਾ ਰਿਹਾ।ਨਾਂ ਲੈੰਡ ਰਹੀ ਤੇ ਨਾਂ ਹੋਮ ਰਿਹਾ ਸਾਡੇ ਕੋਲ ।