ਭਾਰਤ ਸੁਲਤਾਨ ਜੋਹੋਰ ਹਾਕੀ ਕੱਪ ਦੇ ਫ਼ਾਈਨਲ ’ਚ ਪਹੁੰਚਿਆ
· ਕੋਰੀਆ ਨੂੰ 6/1 ਗੋਲਾਂ ਦੇ ਫ਼ਰਕ ਨਾਲ ਹਰਾਇਆ
ਫ਼ਿਨਲੈਂਡ 26 ਸਤੰਬਰ (ਵਿੱਕੀ ਮੋਗਾ/ਪੰਜਾਬ ਮੇਲ)- ਮਲੇਸ਼ੀਆ ਦੇ ਜੋਹੋਰ ਬਾਹਰੁ ’ਚ ਚੱਲ ਰਹੇ ਤੀਸਰੇ ਸੁਲਤਾਨ ਜੋਹੋਰ ਜੂਨੀਅਰ ਹਾਕੀ ਕੱਪ ’ਚ ਭਾਰਤ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜ਼ਾਰੀ ਰਖਦਿਆਂ ਕੋਰੀਆ ਨੂੰ 6-1 ਨਾਲ ਰੌਂਦ ਕੇ ਫ਼ਾਈਨਲ ’ਚ ਪਹੁੰਚ ਗਿਆ ਹੈ। ਇਸ ਟੂਰਨਾਮੈਂਟ ’ਚ ਭਾਰਤ ਦੀ ਇਹ ਲਗਾਤਾਰ ਚੌਥੀ ਜਿੱਤ ਸੀ। ਅੱਜ ਖੇਡੇ ਗਏ ਇਸ ਮੈਚ ਨੂੰ ਅਸਾਨੀ ਨਾਲ ਜਿੱਤ ਲਿਆ। ਭਾਰਤ ਵਲੋਂ 7ਵੇਂ ਮਿੰਟ ’ਚ ਅਮਿਤ ਰੋਹੀਦਾਸ ਨੇ ਪੇਨਲਟੀ ਕਾਰਨਰ ਰਾਹੀਂ ਗੋਲ ਕਰਕੇ ਖਾਤਾ ਖੋਲਿਆ, ਜਦਕਿ ਚਾਰ ਮਿੰਟ ਬਾਅਦ ਹੀ ਸਤਬੀਰ ਸਿੰਘ ਨੇ ਫ਼ੀਲਡ ਗੋਲ ਕਰਕੇ ਅੰਤਰ ਦੁੱਗਣਾ ਕਰ ਦਿੱਤਾ। ਭਾਰਤ ਵਲੋਂ ਤੀਸਰਾ ਗੋਲ 31ਵੇਂ ਮਿੰਟ ’ਚ ਤਲਵਿੰਦਰ ਸਿੰਘ ਨੇ ਕੀਤਾ। ਕੋਰੀਆ ਦੀ ਟੀਮ ਵਲੋਂ ਮੈਚ ਦਾ ਇਕਲੌਤਾ ਗੋਲ ਪੇਨਲਟੀ ਕਾਰਨਰ ਰਾਹੀਂ ਸੇਓਂਗ ਜੂ ਨੇ 34ਵੇਂ ਮਿੰਟ ਵਿਚ ਕੀਤਾ। ਅੱਧ ਸਮੇਂ ਤੱਕ ਭਾਰਤ 3-1 ਨਾਲ ਅੱਗੇ ਸੀ। ਮੈਚ ਦਾ ਦੂਸਰਾ ਅੱਧ ਦਾ ਸ਼ੁਰੂਆਤੀ ਹਿੱਸਾ ਥੋੜਾ ਸੁਸਤੀ ਨਾਲ ਖੇਡਿਆ ਗਿਆ ਪਰ ਜਦ ਹੀ ਮੈਚ ਦੇ 53ਵੇਂ ਮਿੰਟ ’ਚ ਕੋਰੀਆ ਨੇ ਭਾਰਤ ਦੇ ਗੋਲਾਂ ’ਤੇ ਲਗਾਤਾਰ ਦੋ ਤਿੰਨ ਹਮਲੇ ਕੀਤੇ ਤਾਂ ਭਾਰਤੀ ਟੀਮ ਇੱਕ ਵਾਰ ਫੇਰ ਹਰਕਤ ਵਿਚ ਆ ਗਈ ਤੇ 57ਵੇਂ ਮਿੰਟ ਵਿਚ ਸੁਖਮਨਜੀਤ ਦੁਆਰਾ ਦਿੱਤੇ ਗਏ ਸ਼ਾਨਦਾਰ ਪਾਸ ਨੂੰ ਟਿਰਕੀ ਨੇ ਗੋਲਾਂ ’ਚ ਪਹੁੰਚਾਉਣ ਦੀ ਕੋਈ ਗਲਤੀ ਨਹੀਂ ਕੀਤੀ ਅਤੇ 62ਵੇਂ ਮਿੰਟ ’ਚ ਰਮਨਦੀਪ ਸਿੰਘ ਨੇ ਇੱਕ ਹੋਰ ਫੀਲਡ ਗੋਲ ਕਰਕੇ ਭਾਰਤ ਨੂੰ 5-1 ਨਾਲ ਅੱਗੇ ਕਰ ਦਿੱਤਾ। ਭਾਰਤ ਵਲੋਂ ਮੈਚ ਦਾ ਅਖ਼ੀਰਲਾ ਗੋਲ 65ਵੇਂ ਮਿੰਟ ’ਚ ਯੂਸਫ਼ ਅਫਾਂਨ ਨੇ ਰਿਵਰਸ ਫਲਿਕ ਰਾਹੀਂ ਕਰਕੇ ਭਾਰਤ ਨੂੰ 6-1 ਨਾਲ ਜਿੱਤ ਦਿਵਾਈ। ਇਸ ਜਿੱਤ ਤੋਂ ਬਾਅਦ ਭਾਰਤ 12 ਅੰਕ ਹਾਸਿਲ ਕਰਕੇ ਫ਼ਾਈਨਲ ’ਚ ਪਹੁੰਚ ਗਿਆ ਹੈ। ਭਾਰਤ ਦਾ ਮੁਕਾਬਲਾ ਹੁਣ ਫ਼ਾਈਨਲ ’ਚ ਮੇਜ਼ਬਾਨ ਮਲੇਸ਼ੀਆ ਨਾਲ ਹੋਵੇਗਾ। ਹਾਲਾਂਕਿ ਅੱਜੇ ਭਾਰਤ ਦਾ ਆਖਰੀ ਲੀਗ ਮੁਕਾਬਲਾ ਮਲੇਸ਼ੀਆ ਨਾਲ ਬਾਕੀ ਹੈ ਪਰ ਹੁਣ ਉਹ ਸਿਰਫ ਮਾਤਰ ਅਭਿਆਸ ਮੈਚ ਹੀ ਰਹਿ ਗਿਆ ਹੈ। ਅੱਜ ਖੇਡੇ ਗਏ ਦੂਸਰੇ ਮੈਚਾਂ ’ਚ ਮੇਜ਼ਬਾਨ ਮਲੇਸ਼ੀਆ ਨੇ ਪਾਕਿਸਤਾਨ ਨੂੰ 4-2 ਨਾਲ ਹਰਾ ਕੇ ਫ਼ਾਈਨਲ ’ਚ ਆਪਣਾ ਸਥਾਨ ਪੱਕਾ ਕਰ ਲਿਆ ਹੈ, ਜਦਕਿ ਅਰਜਨਟੀਨਾ ਨੇ ਇੰਗਲੈਂਡ ਨੂੰ 3-0 ਨਾਲ ਹਰਾ ਦਿੱਤਾ।
ਪਾਨ ਅਮੈਰਕਿਨ ਹਾਕੀ ਕੱਪ ’ਚ ਅਰਜਨਟੀਨਾ ਨੇ ਗੁਯਾਨਾ ਨੂੰ 22-0 ਨਾਲ ਰੌਂਦਿਆ
ਫ਼ਿਨਲੈਂਡ, 26 ਸਤੰਬਰ (ਵਿੱਕੀ ਮੋਗਾ/ਪੰਜਾਬ ਮੇਲ)- ਅਰਜਨਟੀਨਾ ਦੇ ਮੇਂਨਡੋਜ਼ਾ ’ਚ ਚੱਲ ਰਹੇ ਪਾਨ ਅਮੈਰਕਿਨ ਹਾਕੀ ਕੱਪ 2013 ਦੇ ਮਹਿਲਾ ਵਰਗ ’ਚ ਆਖਰੀ ਲੀਗ ਮੈਚ ’ਚ ਅਰਜਨਟੀਨਾ ਨੇ ਗੁਯਾਨਾ ਨੂੰ 22-0 ਦੇ ਵੱਡੇ ਫ਼ਰਕ ਨਾਲ ਹਰਾਕੇ ਲਗਾਤਰ ਤੀਸਰੀ ਜਿੱਤ ਦਰਜ਼ ਕੀਤੀ। ਅੱਜ ਖੇਡੇ ਗਏ ਹੋਰ ਮੈਚਾਂ ’ਚ ਚਿੱਲੀ ਨੇ ਮੈਕਸੀਕੋ ਨੂੰ 9-0 ਨਾਲ, ਅਮਰੀਕਾ ਨੇ ਉਰੂਗੁਏ ਨੂੰ 6-1 ਨਾਲ ਅਤੇ ਕੈਨੇਡਾ ਨੇ ਟੋਬੇਗੋ ਟ੍ਰਿਨੀਡਾਡ ਨੂੰ 5-0 ਨਾਲ ਹਰਾਇਆ। ਹੁਣ ਸੈਮੀਫਾਈਨਲ ’ਚ ਅਰਜਨਟੀਨਾ ਦਾ ਮੁਕਾਬਲਾ ਚਿੱਲੀ ਨਾਲ ਅਤੇ ਕੈਨੇਡਾ ਦਾ ਮੁਕਾਬਲਾ ਅਮਰੀਕਾ ਨਾਲ ਹੋਵੇਗਾ।