ਫਿਜੀ ਦੀ ਬਦਲੀ ਫਿਜ਼ਾ ਕਾਰਨ ਇਸ ਮੁਲਕ ਨੂੰ ਭਾਰਤੀ ਕਹਿ ਰਹੇ ਨੇ ਅਲਵਿਦਾ
ਸਿੰਗਾਪੁਰ, 21 ਸਤੰਬਰ (ਪੰਜਾਬ ਮੇਲ)- ਫਿਜੀ ਦੀ ‘ਫ਼ਿਜ਼ਾ’ ਬਦਲਣ ਵਾਲੇ ਭਾਰਤੀਆਂ ਦਾ ਹੁਣ ਇਸ ਮੁਲਕ ਦੀ ਮਾੜੀ ਸਿਆਸੀ ਸਥਿਤੀ ਤੇ ਡਾਵਾਂਡੋਲ ਆਰਥਿਕਤਾ ਤੋਂ ਮੋਹ ਭੰਗ ਹੋ ਗਿਆ ਹੈ। ਇਸ ਕਾਰਨ ਵੱਧ ਤੋਂ ਵੱਧ ਭਾਰਤੀ ਇਸ ਮੁਲਕ ਨੂੰ ਅਲਵਿਦਾ ਆਖ ਰਹੇ ਹਨ।
ਆਸਟਰੇਲਿਆਈ ਨੈਸ਼ਨਲ ਯੂਨੀਵਰਸਿਟੀ ਵਿਚ ਪ੍ਰਸ਼ਾਂਤ ਤੇ ਏਸ਼ੀਆ ਇਤਿਹਾਸ ਦੇ ਪ੍ਰੋਫੈਸਰ ਬ੍ਰਿਜ ਲਾਲ ਦਾ ਕਹਿਣਾ ਹੈ ਕਿ ਭਾਰਤ ਤੋਂ ਮਜ਼ਦੂਰੀ ਕਰਨ ਲਈ ਸਦੀ ਪਹਿਲਾਂ ਆਏ ਲੋਕਾਂ ਨੇ ਫਿਜੀ ਦੇ ਗੰਨਾ ਸੈਕਟਰ ਵਿਚ ਕ੍ਰਾਂਤੀ ਲਿਆਂਦੀ। ਹੁਣ ਉਹੀ ਲੋਕ ਇਸ ਮੁਲਕ ਨੂੰ ਭਰੇ ਮਨ ਨਾਲ ਛੱਡਣ ਲਈ ਮਜਬੂਰ ਹਨ।
‘ਸਿੰਗਾਪੁਰ ਤੇ ਦੱਖਣ ਪੂਰਬੀ ਏਸ਼ੀਆ ਵਿਚ ਭਾਰਤੀ ਭਾਈਚਾਰਾ’ ਵਿਸ਼ੇ ’ਤੇ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਦਸ ਲੱਖ ਤੋਂ ਵੱਧ ਭਾਰਤੀ ਸਦੀ ਪਹਿਲਾਂ ਇਥੇ ਗੰਨੇ ਦੇ ਖੇਤਾਂ ਵਿਚ ਮਜ਼ਦੂਰ ਬਣ ਕੇ ਆਏ। ਉਨ੍ਹਾਂ ਨੇ ਆਪਣੀ ਮਿਹਨਤ ਤੇ ਇਮਾਨਦਾਰੀ ਨਾਲ ਇਸ ਮੁਲਕ ਦੀ ਨੁਹਾਰ ਬਦਲ ਦਿੱਤੀ।
ਇਸੇ ਵੇਲੇ ਦੇਸ਼ ਵਿਚ ਫੌਜ ਦੀ ਅਗਵਾਈ ਵਿਚ ਜੋ ਸਰਕਾਰ ਚੱਲ ਰਹੀ ਹੈ ਉਹ ਭਾਰਤੀਆਂ ਲਈ ਢੁੱਕਵੀਂ ਨਹੀਂ। 2009 ਤੋਂ ਚੱਲ ਰਹੀ ਇਸ ਸਰਕਾਰ ਦੇ 2014 ਵਿਚ ਹੋਣ ਵਾਲੀਆਂ ਚੋਣਾਂ ਦੌਰਾਨ ਬਦਲ ਦੀ ਆਸ ਨਹੀਂ ਕਿਉਂਕਿ ਫੌਜੀ ਸਰਕਾਰ ਕਦੇ ਨਹੀਂ ਚਾਹੇਗੀ ਕਿ ਉਥੇ ਜਮਹੂਰੀ ਸਰਕਾਰ ਬਣੇ। ਇਸ ਵੇਲੇ ਪੇਸ਼ੇਵਰ ਤੇ ਉ¤ਚ ਸਿੱਖਿਆ ਵਾਲੇ ਭਾਰਤੀ ਮੂਲ ਦੇ ਲੋਕ ਆਸਟਰੇਲੀਆ ਨਿਊਜ਼ੀਲੈਂਡ, ਅਮਰੀਕਾ ਤੇ ਕੈਨੇਡਾ ਜਾ ਰਹੇ ਹਨ, ਜਦਕਿ ਗੈਰ-ਹੁਨਰਮੰਦ ਲੋਕ ਹਾਸ਼ੀਏ ’ਤੇ ਆ ਗਏ ਹਨ।
ਦੇਸ਼ ਵਿਚ ਖੇਤੀ ਸੈਕਟਰ ਲਈ ਕੋਈ ਨੀਤੀ ਨਜ਼ਰ ਨਹੀਂ ਆ ਰਹੀ ਤੇ ਨਾ ਹੀ ਇਸ ਸੈਕਟਰ ਵਿਚ ਕਿਧਰੋਂ ਨਿਵੇਸ਼ ਹੋ ਰਿਹਾ ਹੈ। ਅਜਿਹਾ ਦੇਸ਼ ਦੀ ਬੇਯਕੀਨੀ ਵਾਲੇ ਸਿਆਸੀ ਹਾਲਾਤ ਕਾਰਨ ਹੈ। ਸ੍ਰੀ ਲਾਲ ਅਨੁਸਾਰ ਸਾਲ 1987 ਵਿਚ ਫਿਜੀ ਦੀ ਕੁੱਲ ਵਸੋਂ ਦਾ 50 ਫੀਸਦੀ ਭਾਰਤੀ ਮੂਲ ਦੇ ਲੋਕ ਸਨ ਤੇ ਇਸ ਵੇਲੇ ਇਹ ਗਿਣਤੀ 32 ਫੀਸਦ ਰਹਿ ਗਈ ਹੈ। ਦੇਸ ਦੀ ਕੁੱਲ ਆਬਾਦੀ 850000 ਹੈ, ਤੇ ਇਸ ਵਿਚੋਂ ਭਾਰਤੀ 350000 ਹਨ। ਇਸ ਮੁਲਕ ਵਿਚੋਂ ਭਾਰਤੀਆਂ ਦੀ ਨਿਕਾਸੀ ਲਗਾਤਾਰ ਜਾਰੀ ਹੈ ਤੇ ਆਉਂਦੇ ਕੁਝ ਸਾਲਾਂ ਵਿਚ ਫਿਜੀ ਅੰਦਰ ਭਾਰਤੀਆਂ ਦੀ ਗਿਣਤੀ ਹੋਰ ਘਟ ਜਾਵੇਗੀ।
ਉਨ੍ਹਾਂ ਦੱਸਿਆ ਕਿ ਫਿਜੀ ਤੋਂ ਇਕ ਲੱਖ ਭਾਰਤੀ ਮੂਲ ਦੇ ਲੋਕ ਆਸਟਰੇਲੀਆ ਤੇ ਨਿਊਜ਼ੀਲੈਂਡ ਚਲੇ ਗਏ, ਜਦਕਿ 80 ਹਜ਼ਾਰ ਅਮਰੀਕਾ ਤੇ ਕੈਨੇਡਾ। ਇਸ ਵੇਲੇ ਭਾਰਤੀ ਕਾਰੋਬਾਰੀ ਜੋ ਫਿਜੀ ਵਿਚ ਹਨ ਉਨ੍ਹਾਂ ਦੇ ਪਰਿਵਾਰ ਪਹਿਲਾਂ ਹੀ ਵਿਦੇਸ਼ ਵਿਚ ਵਸ ਗਏ ਹਨ।
ਵਿਸ਼ਵ ਬੈਂਕ ਦੇ ਅੰਕੜਿਆਂ ਅਨੁਸਾਰ ਫਿਜੀ ਦੀ ਅੱਧੀ ਦੇ ਕਰੀਬ ਆਬਾਦੀ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਹੈ। ਇਨ੍ਹਾਂ ਵਿਚ ਭਾਰਤੀਆਂ ਦੀ ਹਾਲਤ ਤਾਂ ਬੜੀ ਤਰਸਯੋਗ ਹੈ। ਫਿਜੀ ਵਿਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਨੂੰ ਆਸ ਹੈ ਕਿ ਉਨ੍ਹਾਂ ਦੇ ਰਿਸ਼ਤੇਦਾਰ ਜੋ ਵਿਦੇਸ਼ਾਂ ਵਿਚ ਵਸ ਗਏ ਹਨ, ਉਹ ਉਨ੍ਹਾਂ ਨੂੰ ਇਸ ਮੁਲਕ ਵਿਚੋਂ ਨਿਕਲ ਵਿਚ ਮਦਦ ਕਰਨਗੇ।