ਭਾਰਤੀ ਹਾਈ ਕਮਿਸ਼ਨ ਦੇ ਮੁਲਾਜ਼ਮ ਦੇ ਮੁੰਡੇ ਨੂੰ ਕੈਨੇਡਾ ’ਚੋਂ ਕੱਢਣ ਦੀ ਹੋ ਰਹੀ ਹੈ ਤਿਆਰੀ
ਟੋਰਾਂਟੋ, 21 ਸਤੰਬਰ (ਪੰਜਾਬ ਮੇਲ)- ਦੋ ਦਹਾਕੇ ਪਹਿਲਾਂ ਕੈਨੇਡਾ ਵਿਚ ਭਾਰਤੀ ਰਾਜਦੂਤ ਦੇ ਘਰ ਕੰਮ ਕਰਨ ਆਏ ਮਾਪਿਆਂ ਦੇ ਕੈਨੇਡਾ ’ਚ ਜਨਮੇ 24 ਸਾਲਾ ਪੁੱਤਰ ਨੂੰ ਕੈਨੇਡਾ ’ਚੋਂ ਕੱਢਣ ਦੀ ਤਿਆਰੀ ਹੋ ਰਹੀ ਹੈ। ਦੀਪਨ ਬਦਲਾਕੋਟੀ ਦਾ ਕੇਸ ਕੁਝ ਸਾਲ ਪਹਿਲਾਂ ਉਦੋਂ ਚਰਚਾ ਵਿਚ ਆਇਆ ਜਦ ਉਹ ਡਰੱਗ ਅਤੇ ਹਥਿਆਰਾਂ ਦੇ ਕੇਸ ’ਚ ਫਸ ਗਿਆ ਅਤੇ ਤਿੰਨ ਸਾਲ ਜੇਲ੍ਹ ’ਚ ਰਿਹਾ।
ਇਮੀਗਰੇਸ਼ਨ ਮਹਿਕਮੇ ਨੇ ਉਦੋਂ ਦੀਪਨ ਨੂੰ ਫੌਰੀ ਡਿਪੋਰਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਇਸ ਮੁਲਕ ਦੀ ਧਰਤੀ ’ਤੇ ਜੰਮੇ ਹਰ ਬੱਚੇ ਨੂੰ ਆਪਣੇ ਆਪ ਕੈਨੇਡੀਅਨ ਨਾਗਰਿਕਤਾ ਮਿਲ ਜਾਂਦੀ ਹੈ, ਪਰ ਇਸ ਦੇ ਆਵਾਸ ਐਕਟ ’ਚ ਇਕ ਘੁੰਡੀ ਹੈ ਕਿ ਕੈਨੇਡਾ ਵਿਚ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਜਾਂ ਦੂਤਘਰਾਂ ਲਈ ਕੰਮ ਕਰਦੇ ਲੋਕਾਂ ਲਈ ਇਹ ਸਹੂਲਤ ਨਹੀਂ। ਦੀਪਨ ਦੇ ਮਾਂ ਬਾਪ 1985 ’ਚ ਤਤਕਾਲੀ ਰਾਜਦੂਤ ਦੇ ਘਰ, ਸਫਾਈ, ਬਾਗਬਾਨੀ ਅਤੇ ਖਾਣਾ ਪਕਾਉਣ ਲਈ ਓਟਾਵਾ ਵਿਚ ਆਏ ਸਨ। 1989 ’ਚ ਦੀਪਨ ਪੈਦਾ ਹੋਇਆ ਅਤੇ ਉਸ ਨੂੰ ਸੂਬਾਈ ਸਰਕਾਰ ਨੇ ਜਨਮ ਸਰਟੀਫਿਕੇਟ ਤੇ ਕੈਨੇਡੀਅਨ ਪਾਸਪੋਰਟ ਵੀ ਜਾਰੀ ਕੀਤਾ। ਦੀਪਨ ਦੀ ਹਾਲਤ ਹੁਣ ‘ਘਰ ਦਾ ਨਾ ਘਾਟ ਦਾ’ ਵਾਲੀ ਹੈ। ਉਸ ਦੇ ਮਾਂ ਬਾਪ ਅਤੇ ਛੋਟਾ ਭਰਾ ਕੈਨੇਡੀਅਨ ਨਾਗਰਿਕ ਹਨ। ਮੁਲਕ ਦੇ ਕੇਂਦਰੀ ਟ੍ਰਿਬਿਊਨਲ ਨੇ 2011 ’ਚ ਸੁਣਵਾਈ ਦੌਰਾਨ ਉਸ ਦਾ ਕੈਨੇਡਾ ਵਿਚ ਰਹਿਣਾ ਨਾਜਾਇਜ਼ ਕਰਾਰ ਦੇ ਦਿੱਤਾ ਅਤੇ ਦੂਜੇ ਪਾਸੇ ਭਾਰਤ ਸਰਕਾਰ ਉਸ ਨੂੰ ਭਾਰਤੀ ਨਾਗਰਿਕ ਮੰਨਣ ਤੋਂ ਇਨਕਾਰ ਕਰਦਿਆਂ ਪਾਸਪੋਰਟ ਜਾਰੀ ਨਹੀਂ ਕਰ ਰਹੀ। ਇੱਕ ਤਾਜ਼ੇ ਘਟਨਾਕ੍ਰਮ ਵਿਚ ਬੀਤੇ ਦਿਨੀਂ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਜੇ.ਐਸ. ਛਤਵਾਲ ਨੇ ਬਿਆਨ ਜਾਰੀ ਕੀਤਾ ਹੈ ਕਿ ਦੀਪਨ ਦੇ ਜੰਮਣ ਤੋਂ ਚਾਰ ਮਹੀਨੇ ਪਹਿਲਾਂ ਉਸ ਦੇ ਮਾਪੇ ਉਨ੍ਹਾਂ ਘਰ ਕੰਮ ਕਰਨਾ ਛੱਡ ਗਏ ਸਨ।
ਦੀਪਨ ਨੇ ਕਿਹਾ ਕਿ ਕੈਨੇਡਾ ਸਰਕਾਰ ਜੋ ਕਰ ਰਹੀ ਹੈ, ਗਲਤ ਹੈ। ਪਹਿਲਾਂ ਉਸ ਨੂੰ ਕੈਨੇਡੀਅਨ ਨਾਗਰਿਕ ਮੰਨ ਕੇ ਪਾਸਪੋਰਟ ਜਾਰੀ ਕਰ ਦਿੱਤਾ ਅਤੇ ਹੁਣ ਕਿਹਾ ਜਾ ਰਿਹਾ ਹੈ ਕਿ ਇਹ ਗ਼ਲਤੀ ਨਾਲ ਜਾਰੀ ਹੋ ਗਿਆ। ਉਸ ਦੇ ਵਕੀਲ ਪੀਟਰ ਸਟੀਡਾ ਅਨੁਸਾਰ ਆਵਾਸ ਮੰਤਰੀ ਨੂੰ ਦਖਲ ਦੇ ਕੇ ਨੌਜਵਾਨ ਦੀ ਨਾਗਰਿਕਤਾ ਬਹਾਲ ਕਰਨੀ ਚਾਹੀਦੀ ਹੈ। ਆਵਾਸ ਮੰਤਰੀ ਦੇ ਬੁਲਾਰੇ ਨੇ ਆਖਿਆ ਕਿ ਅਪਰਾਧ ’ਚ ਦੋਸ਼ੀ ਵਿਅਕਤੀ ਕਦੇ ਵੀ ਕੈਨੇਡੀਅਨ ਨਾਗਰਿਕ ਨਹੀਂ ਸੀ ਅਤੇ ਜੇ ਉਸ ਨੂੰ ਕੈਨੇਡਾ ’ਚੋਂ ਕੱਢੇ ਜਾਣ ਦਾ ਭੋਰਾ ਡਰ ਹੁੰਦਾ ਤਾਂ ਉਹ ਅਪਰਾਧ ਵਾਲੇ ਰਾਹ ਨਾ ਪੈਂਦਾ। ਇਸ ਦੇ ਕੇਸ ਦਾ ਅੰਜਾਮ ਤਾਂ ਪਤਾ ਨਹੀਂ ਕੀ ਹੋਵੇਗਾ, ਜੇ ਕੈਨੇਡੀਅਨ ਸਰਕਾਰ ਨੇ ਦੀਪਨ ਨੂੰ ਜੇਲ੍ਹ ’ਚੋਂ ਕੱਢ ਕੇ ਭਾਰਤ ਦੇ ਜਹਾਜ਼ ਚੜ੍ਹਾ ਦਿੱਤਾ ਤਾਂ ਉਥੇ ਉਸ ਦਾ ਨਾ ਕੋਈ ਘਰ ਬਾਰ ਹੈ ਤੇ ਨਾ ਕੋਈ ਦੋਸਤ-ਮਿੱਤਰ ।