ਅਕਾਲੀ ਦਲਾਂ ਨੇ ਸਿੱਖ ਮੁੱਦਿਆਂ ਤੋਂ ਕੀਤਾ ਕਿਨਾਰਾ?
ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨਗੀ ਦੇ ਅਹੁਦੇ ਲਈ ਸ. ਸੁਖਬੀਰ ਸਿੰਘ ਬਾਦਲ ਅਤੇ ਸਰਪ੍ਰਸਤ ਦੇ ਅਹੁਦੇ ਲਈ ਸ. ਪ੍ਰਕਾਸ਼ ਸਿੰਘ ਬਾਦਲ ਦੀ 'ਚੋਣ' ਕਰਨ, (ਕੁਝ ਰਾਜਸੀ ਸਜਣਾ ਅਨੁਸਾਰ 'ਚੋਣ' ਕਰਨ ਲਈ ਨਹੀਂ, ਸਗੋਂ ਉਨ੍ਹਾਂ ਦਾ ਕਾਰਜ-ਕਾਲ ਪੰਜ ਵਰ੍ਹਿਆਂ ਲਈ ਹੋਰ ਵਧਾਣ ਲਈ, ਕਿਉਂਕਿ ਜੇ ਚੋਣ ਕਰਨੀ ਹੁੰਦੀ ਤਾਂ ਪਹਿਲਾਂ ਪਿਛਲੀ ਵਰਕਿੰਗ ਕਮੇਟੀ ਭੰਗ ਕੀਤੀ ਜਾਂਦੀ, ਪਰ ਅਜਿਹਾ ਹੋਇਆ ਨਹੀਂ) ਦਲ ਕੇ ਪ੍ਰਧਾਨ ਵਲੋਂ ਨਾਮਜ਼ਦ ਪ੍ਰਤੀਨਿਧੀਆਂ ਦੀ ਜੋ ਬੈਠਕ ਅੰਮ੍ਰਿਤਸਰ ਵਿੱਖੇ ਹੋਈ, ਉਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਥਾਪਤ ਪਰੰਪਰਾਵਾਂ ਅਨੁਸਾਰ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਤੇ ਨਾ ਹੀ ਬੈਠਕ ਦੀ ਅਰੰਭਤਾ ਅਤੇ ਸਮਾਪਤੀ ਦੀ ਅਰਦਾਸ ਕੀਤੀ ਗਈ। ਇਥੋਂ ਤਕ ਕਿ ਇਸ ਬੈਠਕ ਵਿੱਚ ਪੰਥਕ ਮਸਲਿਆਂ ਦੇ ਸਬੰਧ ਵਿੱਚ ਵੀ ਕੋਈ ਵਿਚਾਰ-ਚਰਚਾ ਨਹੀਂ ਹੋਈ। ਕੁਝ ਸਮਾਂ ਪਹਿਲਾਂ ਗੋਆ ਵਿੱਚ ਅਤੇ ਉਸ ਤੋਂ ਪਹਿਲਾਂ ਸ਼ਿਮਲਾ ਵਿੱਚ ਦਲ ਦੀਆਂ ਹੋਈਆਂ ਚਿੰਤਨ ਬੈਠਕਾਂ ਵਿੱਚ ਵੀ ਇਸ ਸਥਾਪਤ ਪਰੰਪਰਾ ਦਾ ਪਾਲਣ ਨਹੀਂ ਸੀ ਕੀਤਾ ਗਿਆ। ਜਦੋਂ ਇਸ ਗਲ ਨੂੰ ਲੈ ਕੇ ਸਿੱਖ ਜਗਤ ਵਿੱਚ ਵਿਵਾਦ ਉਠਿਆ ਤਾਂ ਇਹ ਕਹਿ ਕੇ ਟਾਲ ਦਿੱਤਾ ਗਿਆ ਕਿ ਇਸਦਾ ਕਾਰਣ ਦਲ ਦੇ ਮੁੱਖੀਆਂ ਵਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਪੰਥਕ ਸਰੂਪ ਵਿਚੋਂ ਉਭਾਰ, ਕੌਮੀ ਪਾਰਟੀ ਵਜੋਂ ਸਥਾਪਤ ਦੇ ਉਦੇਸ਼ ਨਾਲ, ਉਸਨੂੰ ਗੁਰਦੁਆਰਿਆਂ ਵਿਚੋਂ ਬਾਹਰ ਕਢਣ ਦਾ ਫੈਸਲਾ ਕਰ ਲਿਆ ਜਾਣਾ ਹੈ।
ਵਰਨਣਯੋਗ ਗਲ ਇਹ ਵੀ ਹੈ ਕਿ ਦਲ ਨੂੰ ਗੁਰਦੁਆਰਿਆਂ ਵਿਚੋਂ ਬਾਹਰ ਕਰ ਲੈਣ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਵਲੋਂ ਬੀਤੇ ਦਿਨੀਂ ਹੀ ਦਿੱਲੀ ਗੁਰਦੁਆਰਾ ਕਮੇਟੀ ਪੁਰ ਕਬਜ਼ਾ ਕਰਨ ਲਈ ਸਾਰੀ ਤਾਕਤ ਝੌਂਕ ਦੇਣਾ ਅਤੇ ਲਗਭਗ ਦੋ ਵਰ੍ਹੇ ਪਹਿਲਾਂ, ਅਰਥਾਤ ਸ਼ਿਮਲਾ ਦੀ ਚਿੰਤਨ ਬੈਠਕ ਦੇ ਕੁਝ ਸਮੇਂ ਬਾਅਦ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਸਮੇਂ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਇਹ ਕਿਹਾ ਜਾਣਾ ਕਿ ਉਨ੍ਹਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਤਣਾ ਜਿਤਨਾ ਮਹਤੱਵਪੂਰਣ ਹੈ, ਉਤਨਾ ਮਹਤੱਵਪੂਰਣ ਪੰਜਾਬ ਵਿਧਾਨ ਸਭਾ ਜਾਂ ਲੋਕਸਭਾ ਦੀਆਂ ਚੋਣਾਂ ਜਿੱਤਣਾ ਨਹੀਂ। ਇਸਦਾ ਮਤਲਬ ਕੀ ਹੋ ਸਕਦਾ ਹੈ? ਸਮਝਣਾ ਕੋਈ ਮੁਸ਼ਕਿਲ ਨਹੀਂ!
ਗਲ ਕੀਤੀ ਜਾ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਕੌਮੀ ਸਰੂਪ ਦੇਣ ਲਈ ਉਸਦੇ ਮੁੱਖੀਆਂ ਦਾ ਦਲ ਦੇ ਬੁਨਿਆਦੀ ਉਦੇਸ਼, ਪੰਥਕ ਮਸਲਿਆਂ ਤੋਂ ਕਿਨਾਰਾ ਕਰ ਲਏ ਜਾਣ ਵਾਂਗ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵਲੋਂ ਵੀ ਆਪਣੇ ਆਪਨੂੰ 'ਖਾਲਿਸਤਾਨ' ਦੀ ਮੰਗ ਵਿੱਚ ਉਲਝਾ ਅਤੇ ਇਹ ਮੰਨ ਕੇ ਕਿ ਉਸ (ਖਾਲਿਸਤਾਨ) ਬਿਨਾ ਸਿੱਖਾਂ ਦਾ ਕੋਈ ਹੋਰ ਮਸਲਾ ਹੈ ਹੀ ਨਹੀਂ ਜਾਂ ਫਿਰ ਇਹ ਸਵੀਕਾਰ ਕਰ ਕਿ ਸਿੱਖਾਂ ਦੇ ਸਾਰੇ ਮਸਲੇ 'ਖਾਲਿਸਤਾਨ' ਨਾਲ ਹੀ ਜੁੜੇ ਹੋਏ ਹਨ, ਮੂਲ ਪੰਥਕ ਮਸਲਿਆਂ ਨੂੰ ਨਜ਼ਰ-ਅਦਾਜ਼ ਕਰ ਦਿੱਤਾ ਗਿਆ ਹੈ।
ਇਨ੍ਹਾਂ ਤੋਂ ਬਿਨਾਂ ਪੰਜਾਬ ਵਿੱਚ ਪੰਥਕ ਹੋਣ ਦੇ ਦਾਅਵੇਦਾਰ ਹੋਰ ਵੀ ਜਿਤਨੇ ਅਕਾਲੀ ਦਲ ਅਤੇ ਜਥੇਬੰਦੀਆਂ ਹਨ, ਉਨ੍ਹਾਂ ਦੇ ਮੁੱਖੀ ਅਧਾਰਹੀਨ ਅਤੇ ਪਿਟੇ ਹੋਏ ਮੋਹਰਿਆਂ ਦੀ ਸਥਿਤੀ ਵਿੱਚ ਹਨ, ਇਸ ਲਈ ਉਨ੍ਹਾਂ ਤੋਂ ਇਹ ਆਸ ਕਰਨਾ ਕਿ ਉਹ ਸਿੱਖ ਮਸਲਿਆਂ ਦੇ ਸਬੰਧ ਵਿੱਚ ਗੰਭੀਰ ਹੋ ਸਕਦੇ ਹਨ, 'ਖੁਸਰਿਆਂ ਕੋਲੋਂ ਮੁਰਾਦਾਂ' ਰਖਣ ਦੇ ਸਮਾਨ ਹੈ। ਉਨ੍ਹਾਂ ਸਾਹਮਣੇ ਤਾਂ ਇਕੋ-ਇੱਕ ਇਹੀ ਨਿਸ਼ਾਨਾ ਹੈ ਕਿ ਕਿਸੇ ਵੀ ਤਰ੍ਹਾਂ ਉਨ੍ਹਾਂ ਦੀ ਦੁਕਾਨਦਾਰੀ ਚਲਦੀ ਰਹਿ ਸਕੇ। ਸਿੱਖ ਮੁੱਦੇ ਜਾਣ ਖੂਹ ਵਿੱਚ!
ਗਲ ਸਰਨਾ ਅਕਾਲੀ ਦਲ ਦੀ : ਦਿੱਲੀ ਗੁਰਦੁਆਰਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ ) ਦੇ ਹੱਥੋਂ ਕਰਾਰੀ ਹਾਰ ਖਾਣ ਦੇ ਲਗਭਗ ੬ ਮਹੀਨਿਆਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁੱਖੀਆਂ ਵਲੋਂ ਉਨ੍ਹਾਂ ਸਿੱਖ ਮੁੱਦਿਆਂ, ਜਿਵੇਂ ਕਿ ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਕਾਇਮ ਰਖਣ ਦੇ ਨਾਲ ਹੀ ਪੰਜਾਬੋਂ ਬਾਹਰ ਵਸਦੇ ਸਿੱਖਾਂ ਦੀ ਆਜ਼ਾਦਾਨਾ ਰਾਜਸੀ ਸੋਚ ਅਤੇ ਸਥਾਨਕ ਰਾਜਸੀ ਹਾਲਾਤ ਅਨੁਸਾਰ ਆਪਣੇ ਫੈਸਲੇ ਆਪ ਕਰਨ ਦੇ ਉਨ੍ਹਾਂ ਦੇ ਅਧਿਕਾਰ ਦੀ ਰਖਿਆ ਕਰਨ ਆਦਿ ਨੂੰ ਸਾਹਮਣੇ ਰਖ ਦਲ ਦੀ ਸਥਾਪਨਾ ਕੀਤੀ ਗਈ ਸੀ, ਨੂੰ ਲੈ ਕੇ ਆਪਣੀਆਂ ਸਰਗਰਮੀਆਂ ਵਿੱਚ ਤੇਜ਼ੀ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ, ਤਾਂ ਜੋ ਆਮ ਸਿੱਖਾਂ ਵਿੱਚ ਇਹ ਸੰਦੇਸ਼ ਜਾ ਸਕੇ ਕਿ ਜਿਥੇ, ਦੂਸਰੇ ਅਕਾਲੀ ਦਲਾਂ ਅਤੇ 'ਪੰਥਕ' ਜਥੇਬੰਦੀਆਂ ਨੇ ਬੁਨਿਆਦੀ ਸਿੱਖ ਮੁੱਦਿਆਂ ਨਾਲੋਂ ਤੋੜ ਵਿਛੋੜਾ ਕਰ ਲਿਆ ਹੈ, ਉਥੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਿੱਖ ਮੁੱਦਿਆਂ ਪੁਰ ਅਧਾਰਤ ਆਪਣੇ ਉਦੇਸ਼ ਪ੍ਰਤੀ ਦ੍ਰਿੜ੍ਹਤਾ ਨਾਲ ਵਚਨਬੱਧ ਹੋ ਖੜਾ ਹੈ।
ਉਧਰ ਸ੍ਰੀ ਅਕਾਲ ਤਖਤ ਦਾ ਸਹਾਰਾ ਲੈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਕਰਾਰੀ ਹਾਰ ਦੇ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਕਬਜ਼ਾ ਤਾਂ ਕਰ ਲਿਆ, ਪ੍ਰੰਤੂ ਉਸਦੇ ਪ੍ਰਤੀਨਿਧੀ ੬ ਮਹੀਨਿਆਂ ਤੋਂ ਵੀ ਵੱਧ ਦਾ ਸਮਾਂ ਬੀਤ ਜਾਣ ਤੇ ਵੀ ਕੋਈ ਅਜਿਹਾ ਕੰਮ ਨਹੀਂ ਕਰ ਸਕੇ, ਜਿਸ ਨਾਲ ਉਹ ਦਿੱਲੀ ਦੇ ਸਿੱਖਾਂ ਨੂੰ ਇਹ ਪ੍ਰਭਾਵ ਦੇ ਸਕਦੇ ਕਿ ਗੁਰਦੁਆਰਾ ਚੋਣਾਂ ਵਿੱਚ ਉਨ੍ਹਾਂ ਵਲੋਂ ਬਾਦਲ ਅਕਾਲੀ ਦਲ ਦੇ ਹੱਕ ਵਿੱਚ ਜੋ ਫਤਵਾ ਦਿੱਤਾ ਗਿਆ, ਉਹ ਠੀਕ ਸੀ। ਅੱਜੇ ਤਕ ਉਨ੍ਹਾਂ ਦੀ ਜੋ ਕਾਰਗੁਜ਼ਾਰੀ ਸਾਹਮਣੇ ਆਈ ਹੈ, ਉਸ ਤੋਂ ਦਿੱਲੀ ਦੇ ਸਿੱਖਾਂ ਨੂੰ ਨਿਰਾਸ਼ਾ ਹੀ ਹੋਈ ਹੈ, ਜੇ ਉਨ੍ਹਾਂ ਦੀ ਇਹੀ ਨਿਰਾਸ਼ਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਤਾਕਤ ਅਤੇ ਸਫਲਤਾ ਦਾ ਆਧਾਰ ਬਣ ਜਾਏ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ।
ਇਸ ਵਿੱਚ ਕਿਸੇ ਤਰ੍ਹਾਂ ਦੀ ਸ਼ਕ ਦੀ ਗੁੰਜਾਇਸ਼ ਨਹੀਂ ਕਿ ਇਨ੍ਹਾਂ ਹਾਲਾਤ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਉਦੇਸ਼ ਪੂਰਾ ਹੋ ਸਕਦਾ ਹੈ ਅਤੇ ਬੀਤੇ ਸਮੇਂ ਵਿੱਚ ਹੋਈਆਂ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਹੋਈ ਹਾਰ ਵਿਚੋਂ ਉਹ ਉਭਰ ਸਕਦਾ ਹੈ, ਪ੍ਰੰਤੂ ਉਸਦੇ ਮੁਖੀਆਂ ਨੂੰ ਆਪਣੇ ਇਸ ਉਭਾਰ ਅਤੇ ਸਫਲਤਾ ਨੂੰ ਬਣਾਈ ਰਖਣ ਲਈ ਬਹੁਤ ਹੀ ਸਾਵਧਾਨੀ ਅਥੇ ਚੇਤੰਨਤਾ ਨਾਲ ਆਪਣੇ ਕਦਮ ਅਗੇ ਵਧਾਣੇ ਹੋਣਗੇ। ਇਥੇ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂ ਲਏ ਬਿਨਾਂ ਕਿਹਾ ਜਾ ਸਕਦਾ ਹੈ ਕਿ ਸ. ਪਰਮਜੀਤ ਸਿੰਘ ਸਰਨਾ ਨੂੰ ਆਪਣੇ ਅਤੇ ਆਪਣੇ ਸਥਾਨਕ ਸਾਥੀਆਂ ਦੀ ਸੋਚ ਅਤੇ ਉਨ੍ਹਾਂ ਦੇ ਸਾਥ ਪੁਰ ਵਿਸ਼ਵਾਸ ਰਖਣਾ ਹੋਵੇਗਾ। ਪੰਜਾਬ ਦੇ ਪਿਟੇ ਮੋਹਰਿਆਂ ਅਤੇ ਆਧਾਰਹੀਨ ਚਲੇ ਆ ਰਹੇ ਕਾਗਜ਼ੀ ਪਹਿਲਵਾਨ ਉਨ੍ਹਾਂ ਲਈ ਲਾਭਦਾਇਕ ਹੋਣ ਦੀ ਬਜਾਏ ਨੁਕਸਾਨਦੇਹ ਹੀ ਸਾਬਤ ਹੋ ਸਕਦੇ ਹਨ। ਇਸਦੇ ਨਾਲ ਹੀ ਉਨ੍ਹਾਂ ਨੂੰ ਆਪਣੀ ਬਾਦਲ-ਵਿਰੋਧੀ ਸੁਰ ਨੂੰ ਵੀ ਹਲਕਾ ਰਖ ਉਨ੍ਹਾਂ ਸਿੱਖ ਮੁੱਦਿਆਂ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ, ਜਿਨ੍ਹਾਂ ਦੇ ਆਧਾਰ ਤੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਸਥਾਪਨਾ ਕੀਤੀ ਹੈ।
ਇੱਕ ਸਾਰਥਕ ਕਦਮ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਗੁਰਲਾਡ ਸਿੰਘ ਨੇ ਆਪਣੇ ਚੋਣ ਹਲਕੇ, ਰਾਨੀਬਾਗ ਦੇ ਲਗਭਗ ੧੫੦੦ ਸਿੱਖਾਂ ਨੂੰ ਨਾਲ ਜੋੜ 'ਜਸਕਰਨ ਸਿੰਘ ਚੇਰਿਟੇਬਲ ਟ੍ਰਸਟ' ਦੀ ਸਥਾਪਨਾ ਕੀਤੀ ਹੈ, ਜਿਸ ਦਾ ਉਦੇਸ਼ ਸਮੇਂ-ਸਮੇਂ ਬੱਚੀਆਂ ਦੀ ਸ਼ਾਦੀ ਤੋਂ ਲੈ ਕੇ ਹਰ ਉਸ ਸਥਿਤੀ ਵਿੱਚ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰਨਾ ਹੈ, ਜਿਸਦਾ ਸਾਹਮਣਾ ਕਰਨਾ ਉਨ੍ਹਾਂ ਦੀ ਸਮਰਥਾ ਤੋਂ ਬਾਹਰ ਦੀ ਗਲ ਹੋਵੇ।
…ਅਤੇ ਅੰਤ ਵਿਚ : ਬੀਤੇ ਦਿਨੀਂ ਇਕ ਟਕਸਾਲੀ ਅਕਾਲੀ ਮੁੱਖੀ ਨਾਲ ਮੁਲਾਕਾਤ ਹੋਈ, ਅਕਾਲੀ ਦਲਾਂ ਦਾ ਜ਼ਿਕਰ ਛਿੜਦਿਆਂ ਹੀ ਉਨ੍ਹਾਂ ਬਹੁਤ ਦੁਖੀ ਲਹਿਜੇ ਵਿਚ ਇਹ ਕਹਿਣੋਂ ਸੰਕੋਚ ਨਹੀਂ ਕੀਤਾ ਕਿ ਅਜ ਕੋਈ ਵੀ ਅਜਿਹਾ ਅਕਾਲੀ ਦਲ ਨਹੀਂ, ਜੋ ਪੁਰਾਤਨ ਅਕਾਲੀਆਂ ਦੀਆਂ ਕੁਰਬਾਨੀਆਂ ਅਤੇ ਸਿੱਖੀ ਦੀਆਂ ਧਾਰਮਕ ਪਰੰਪਰਾਵਾਂ ਦਾ ਵਾਰਿਸ ਹੋਣ ਦਾ ਦਾਅਵਾ ਕਰ ਸਕੇ। ਸਾਰੇ ਅਕਾਲੀ ਦਲ ਹੀ ਨਿਜੀ ਦੁਕਾਨਾਂ ਤੇ ਪ੍ਰਾਈਵੇਟ ਲਿਮਟਿਡ ਕੰਪਨੀਆਂ ਬਣ ਗਏ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੁਕਾਨਾਂ ਤੇ ਪ੍ਰਾਈਵੇਟ ਕੰਪਨੀਆਂ ਦੇ ਦਰਵਾਜ਼ਿਆਂ ਤੇ ਲਗੇ ਫਟਿਆਂ ਤੇ 'ਸ਼੍ਰੋਮਣੀ ਅਕਾਲੀ ਦਲ' ਦੇ ਨਾਂ ਦੇ ਨਾਲ ਦੁਕਾਨਾਂ ਤੇ ਕੰਪਨੀਆਂ ਦੇ ਮਾਲਕਾਂ ਦੇ ਨਾਂ ਲਿਖੇ ਵੇਖ, ਉਨ੍ਹਾਂ ਸ਼ਹੀਦਾਂ ਦੀਆਂ ਆਤਮਾਵਾਂ ਜ਼ਰੂਰ ਹੀ ਕੁਰਲਾਂਦੀਆਂ ਹੋਣਗੀਆਂ, ਜਿਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਸੰਵਿਧਾਨ ਅਤੇ ਏਜੰਡੇ ਦਾ ਸਨਮਾਨ ਕਰਦਿਆਂ, ਇਸਦੇ ਝੰਡੇ ਹੇਠ ਲਗੇ ਮੋਰਚਿਆਂ ਵਿਚ ਵਧ-ਚੜ੍ਹ ਕੇ ਹਿਸਾ ਲਿਆ ਤੇ ਕੁਰਬਾਨੀਆਂ ਕੀਤੀਆਂ ਅਤੇ ਜਿਨ੍ਹਾਂ ਨੂੰ ਵਿਸ਼ਵਾਸ ਸੀ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਨਾਲ ਪੰਥਕ ਸ਼ਕਤੀ ਮਜ਼ਬੂਤ ਹੋਵੇਗੀ ਅਤੇ ਉਸਦੀ ਸਿੱਖੀ ਤੇ ਸਿੱਖਾਂ ਦਾ ਮਾਣ-ਸਤਿਕਾਰ ਵਧਾਣ ਵਿਚ ਪ੍ਰਮੁਖ ਭੂਮਿਕਾ ਹੋਵੇਗੀ। ਜਿਨ੍ਹਾਂ ਨੂੰ ਇਹ ਵਿਸ਼ਵਾਸ ਵੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਪ੍ਰਸਤੀ ਹੇਠ ਗੁਰਧਾਮਾਂ ਦੀ ਮਰਿਆਦਾ, ਪਰੰਪਰਾ ਅਤੇ ਪਵਿਤ੍ਰਤਾ ਕਾਇਮ ਰਹੇਗੀ। ਉਨ੍ਹਾਂ ਹੋਰ ਕਿਹਾ ਕਿ ਕੁਰਬਾਨੀਆਂ ਕਰਨ ਵਾਲਿਆਂ ਨੂੰ ਕਦੀ ਸੁਪਨੇ ਵਿਚ ਵੀ ਇਹ ਖਿਆਲ ਨਹੀਂ ਸੀ ਆਇਆ ਹੋਣਾ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਮੁਲ ਵਟ, ਅਖੌਤੀ ਅਕਾਲੀ ਆਗੂਆਂ ਵਲੋਂ ਆਪਣੀ ਰਾਜਸੀ ਸੱਤਾ ਦੀ ਲਾਲਸਾ ਨੂੰ ਪੂਰਿਆਂ ਕੀਤਾ ਜਾਂਦਾ ਰਹੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਨ੍ਹਾਂ ਮੰਤਵਾਂ ਤੇ ਆਦਰਸ਼ਾਂ ਵਲੋਂ ਮੂੰਹ ਮੋੜ ਲਿਆ ਜਾਇਗਾ, ਜਿਨ੍ਹਾਂ ਨੂੰ ਮੁਖ ਰਖ ਕੇ ਇਸਦੀ ਸਥਾਪਨਾ ਕੀਤੀ ਗਈ ਸੀ ਅਤੇ ਜਿਨ੍ਹਾਂ ਮੰਤਵਾਂ ਤੇ ਆਦਰਸ਼ਾਂ ਦੇ ਨਾਲ ਨਿਭਣ ਦੀ ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ ਸੀ।
ਜਸਵੰਤ ਸਿੰਘ ‘ਅਜੀਤ’
98689 17731