=ਪਾਪ ਕੀ ਜੰਞ=
ਲੇਖਕ-ਰਾਜਿੰਦਰ-ਸਿੰਘ
ਪੰਨੇ-336
ਪ੍ਰਕਾਸ਼ਕ-ਖਾਲਸਾ-ਵਿਰਾਸਤ-ਪਬਲੀਸ਼ਰਜ਼,ਚੰਡੀਗੜ੍ਹ।
ਇਤਿਹਾਸਕ ਨਾਵਲ ਲਿਖਣਾ ਬੜਾ ਕਠਿਨ ਕਾਰਜ ਹੈ ਕਿਉਂਕਿ ਜਦੋਂ ਇਤਿਹਾਸਕ ਘਟਨਾਵਾਂ ਵਾਪਰ ਰਹੀਆਂ ਹੁੰਦੀਆਂ ਹਨ ਤਾਂ ਉਨ੍ਹਾਂ ਦੇ ਚਸ਼ਮਦੀਦਾਂ ਕੋਲ ਉਨ੍ਹਾਂ ਨੂੰ ਦੇਖਣ/ਪਰਖਣ ਦੀ ਆਪਣੀ ਆਪਣੀ ਦ੍ਰਿਸ਼ਟੀ ਹੁੰਦੀ ਹੈ ਤੇ ਜਦੋਂ ਘਟਨਾਵਾਂ ਮੌਖਿਕ ਇਤਿਹਾਸ ਦਾ ਅੰਗ ਬਣਦੀਆਂ ਹਨ ਤਾਂ ਉਨ੍ਹਾਂ ਵਿਚ ਸੰਤੁਲਨ ਕਾਇਮ ਕਰਨਾ ਕਠਿਨ ਹੁੰਦਾ ਹੈ। ਜਦੋਂ ਇਹ ਲਿਖਤ ਇਤਿਹਾਸ ਦਾ ਅੰਗ ਬਣ ਜਾਂਦੀਆਂ ਤਾਂ ਜਾਂ ਤਾਂ ਇਨ੍ਹਾਂ ਨੂੰ ਚਮਕਾ ਦਿੱਤਾ ਜਾਂਦਾ ਹੈ ਜਾਂ ਫਿਰ ਧੁੰਦਲਾ ਕਰ ਦਿੱਤਾ ਜਾਂਦਾ ਹੈ। ਜਦੋਂ ਇਤਿਹਾਸ ਨੂੰ ਨਿਕਟ ਵਰਤਮਾਨ ਵਿਚੋਂ ਫੜਨਾ ਹੋਵੇ ਤਾਂ ਇਹ ਬਿਖੜੇ ਪੈਂਡੇ ਨੂੰ ਸਰ ਕਰਨ ਵਰਗਾ ਹੁੰਦਾ ਹੈ। 1984 ਦਾ ਸਾਕਾ ਸਿੱਖ ਅਵਾਮ ਲਈ ਇਕ ਅਜਿਹਾ ਨਸੀਰ ਬਣ ਗਿਆ ਜਿਸ ਨੂੰ ਦਰੁਸਤ ਹੁੰਦਿਆਂ ਸਦੀਆਂ ਲੱਗ ਜਾਣਗੀਆਂ। ਇਸ ਨੇ ਜਬਰੋ-ਜ਼ੁਲਮ ਦਾ ਇਕ ਨਵਾਂ ਬਾਬ ਲਿਖ ਦਿੱਤਾ ਹੈ। ਇਸ ਸਾਕੇ ਤੋਂ ਪਹਿਲਾਂ ਅਤੇ ਬਾਅਦ ਦੇ ਘਟਨਾਕ੍ਰਮ ਨੇ ਬਹੁਤ ਸਾਰੇ ਸੁਆਲ ਖੜ੍ਹੇ ਕੀਤੇ ਹਨ ਅਤੇ ਨਾਲ ਹੀ ਇਸ ਦੀਆਂ ਏਨੀਆਂ ਪਰਤਾਂ ਅਤੇ ਏਨੇ ਧੁੰਦਲਕੇ ਸਿਰਜ ਦਿੱਤੇ ਹਨ ਕਿ ਜਿਨ੍ਹਾਂ ਨਾਲ ਨਜਿੱਠਣ ਲਈ ਅਜੇ ਸਮਾਂ ਲੱਗੇਗਾ। ਇਥੇ ਇਹ ਗੱਲ ਵੀ ਅਜੇ ਪ੍ਰਸ਼ਨ ਚਿੰਨ੍ਹ ਬਣੀ ਹੋਈ ਹੈ ਕਿ ਕੁਝ ਧਿਰਾਂ ਨੇ ਸਿਆਸਤ ਖਾਤਰ ਸਿੱਖ ਅਵਾਮ ਦਾ ਜੋ ਨੁਕਸਾਨ ਕੀਤਾ ਉਨ੍ਹਾਂ ਦੇ ਕਾਰਿਆਂ ਨੂੰ ਜੱਗ ਜ਼ਾਹਿਰ ਹੋਣਾ ਚਾਹੀਦਾ ਹੈ।
ਹਥਲਾ ਨਾਵਲ ਅਜਿਹੇ ਹੀ ਸੁਆਲਾਂ ਦੇ ਸਨਮੁੱਖ ਹੈ। ਇਸ ਦਾ ਲੇਖਕ ਇਸ ਸਾਕੇ ਦੀਆਂ ਕਈ ਘਟਨਾਵਾਂ ਦਾ ਚਸ਼ਮਦੀਦ ਗਵਾਹ ਵੀ ਹੈ ਤੇ ਉਸ ਨੇ ਇਸ ਸਾਰੀ ਸਥਿਤੀ ਨੂੰ ਨੇੜਿਓਂ ਦੇਖਿਆ ਹੈ। ਸਿੱਖ ਇਤਿਹਾਸ ਸ਼ਹਾਦਤਾਂ ਨਾਲ ਭਰਿਆ ਪਿਆ ਹੈ। ਮੁੱਢ ਤੋਂ ਹੀ ਸਿੱਖ ਦ੍ਰਿਸ਼ਟੀ ਨੇ ਜਬਰ-ਜ਼ੁਲਮ ਖ਼ਿਲਾਫ਼ ਆਵਾਜ਼ ਉਠਾਈ ਹੈ। ਬਾਬਰ ਦੇ ਕੀਤੇ ਜ਼ੁਲਮਾਂ ਨੂੰ ਬਾਬਾ ਨਾਨਕ ਨੇ ਪਾਪ ਦੀ ਜੰਞ ਵਜੋਂ ਵੰਗਾਰਿਆ ਸੀ। ਇਹ ਵੰਗਾਰ ਅੱਜ ਵੀ ਓਨੀ ਹੀ ਤਾਕਤਵਰ ਤੇ ਇਤਿਹਾਸਕ ਮਹੱਤਤਾ ਵਾਲੀ ਹੈ।
1984 ਵਿਚ ਹਰਿਮੰਦਰ ਸਾਹਿਬ ’ਤੇ ਹੋਏ ਹਮਲੇ, ਇੰਦਰਾ ਦਾ ਕਤਲ ਤੇ ਉਸ ਤੋਂ ਬਾਅਦ ਹਿੰਦੋਸਤਾਨ ਵਿਚ ਨਿਹੱਥੇ ਸਿੱਖਾਂ ਦੀ ਨਸਲਕੁਸ਼ੀ ਨੇ ਹਿਟਲਰ ਦੀ ਯਾਦ ਤਾਜ਼ਾ ਕਰ ਦਿੱਤੀ। ਆਖਰ ਉਨ੍ਹਾਂ ਮਾਸੂਮ ਲੋਕਾਂ ਦਾ ਕੀ ਕਸੂਰ ਸੀ ? ਇਸ ਬਾਰੇ ਸਿਆਸਤ ਤੇ ਇਤਿਹਾਸ ਚੁੱਪ ਹੈ। ਜਦੋਂ ਕੌਮਾਂ ਸੰਤਾਪ ਭੋਗਦੀਆਂ ਹਨ ਤਾਂ ਨਿਸ਼ਚੇ ਹੀ ਉਨ੍ਹਾਂ ਵਿੱਚੋਂ ਕੁਕਨੂਸ ਵਾਂਗ ਨਵੀਂ ਸ਼ਕਤੀ ਦਾ ਉਦੈ ਹੁੰਦਾ ਹੈ ਤੇ ਉਹ ਫਿਰ ਚੜ੍ਹਦੀਆਂ ਕਲਾਂ ਵਿਚ ਜਾ ਕੇ ਨਵਾਂ ਇਤਿਹਾਸ ਸਿਰਜਦੀਆਂ ਹਨ।
ਇਸ ਨਾਵਲ ਵਿਚ ਸਿੱਖਾਂ ’ਤੇ ਢਾਹੇ ਗਏ ਜ਼ੁਲਮਾਂ ਦਾ ਬੜਾ ਮਾਰਮਿਕ ਬਿਆਨ ਦਰਜ ਹੈ। ਭਾਰਤੀ ਸਿਆਸਤ ਦੇ ਦੋਗਲੇ ਕਿਰਦਾਰ ਨੂੰ ਵੀ ਇਸ ਨਾਵਲ ਵਿਚ ਬਾਖੂਬੀ ਪੇਸ਼ ਕੀਤਾ ਹੈ ਕਿਉਂਕਿ ਸਿਆਸਤ ਨੇ ਹੀ ਸਿੱਖਾਂ ਦੀ ਨਸਲਕੁਸ਼ੀ ਦੀ ਬਿਸਾਤ ਵਿਛਾਈ ਸੀ ਤੇ ਫਿਰ ਆਪ ਹੀ ਇਸ ਨੂੰ ਲਪੇਟਣ ਲੱਗ ਪਈ। ਇਸ ਵਿਚ ਇਹਦਾ ਜ਼ਿਕਰ ਕਰਦਾ ਲੇਖਕ ਲਿਖਦਾ ਹੈ:-
‘‘ਸਰਦਾਰ ਸਾਬ੍ਹ, ਸਤਰ ਸਿਆਸਤ ਕਾ ਨਹੀਂ ਗਿਰਤਾ, ਇਨਸਾਨੋਂ ਕਾ ਗਿਰਤਾ ਹੈ, ਤੋ ਸਿਆਸਤ ਤੋ ਖੁਦ ਨੀਚੇ ਹੀ ਗਿਰ ਜਾਤੀ ਹੈ, ਯਹਾਂ ਇਨਸਾਨੋ ਕਾ ਸਤਰ ਬਹੁਤ ਗਿਰ ਗਿਆ ਹੈ। ਕੱਲ੍ਹ ਤਕ ਅੰਗਰੇਜ਼ੋਂ ਕੋ ਕਹਤੇ ਥੇ ਕਿ ‘ਫਾੜੋ ਔਰ ਰਾਜ ਕਰੋ ਕੀ ਨੀਤੀ’ ਪਰ ਚਲ ਰਹੇ ਹੈਂ, ਆਜ ਖੁਦ ਉਸੀ ਫਾੜੋ ਔਰ ਰਾਜ ਕਰੋ ਕੀ ਨੀਤੀ ਮੇਂ ਉਨ ਸੇ ਆਗੇ ਨਿਕਲ ਗਏ ਹੈਂ। ਇਤਨੇ ਜ਼ੁਲਮ ਤੋ ਅੰਗਰੇਜ਼ੋਂ ਨੇ ਆਪਣੇ ਦੋ ਸੌ ਸਾਲ ਕੇ ਰਾਜ ਮੇਂ ਅਪਨੇ ਗੁਲਾਮੋਂ ਪਰ ਨਹੀਂ ਕੀਏ ਜਿਤਨੇ ਇਨ ਅਹਿੰਸਾ ਕੇ ਪੁਜਾਰੀਓਂ ਨੇ 37 ਸਾਲ ਕੇ ਰਾਜ ਮੇਂ ਆਪਣੀ ਹੀ ਜਨਤਾ ਪਰ ਕਰ ਦੀਏਂ ਹੈਂ।’’
ਇਸ ਨਾਵਲ ਦੇ ਪਾਤਰ ਭਾਵੇਂ ਘੜੇ ਗਏ ਹਨ ਪਰ ਉਨ੍ਹਾਂ ਦੁਆਲੇ ਸੱਚੀਆਂ ਘਟਨਾਵਾਂ ਨੂੰ ਉਣਨ ਦਾ ਯਤਨ ਕੀਤਾ ਗਿਆ ਹੈ ਤਾਂ ਜੋ ਇਤਿਹਾਸ ਤੇ ਗਲਪ ਵਿਚਲੀ ਸੀਮਾ ਰੇਖਾ ਨਿਰਧਾਰਤ ਕੀਤੀ ਜਾ ਸਕੇ। ਇੰਜ ਇਹ ਨਾਵਲ ਸਮਕਾਲੀ ਇਤਿਹਾਸ ਨੂੰ ਫੜਨ ਅਤੇ ਪੇਸ਼ ਕਰਨ ਦਾ ਇਕ ਨਿਵੇਕਲਾ ਯਤਨ ਹੈ। ਆਉਣ ਵਾਲੀਆਂ ਪੀੜ੍ਹੀਆਂ ਨਿਸਚਿਤ ਹੀ ਇਸ ਇਤਿਹਾਸਕ ਨਾਵਲ ਨੂੰ ਪੜ੍ਹ ਕੇ ਸਿੱਖ ਸ਼ਹਾਦਤਾਂ ਨੂੰ ਨਮਨ ਹੋਇਆ ਕਰਨਗੀਆਂ। ਆਸ ਹੈ ਪੰਜਾਬੀ ਪਿਆਰੇ ਇਸ ਨਾਵਲ ਦਾ ਪਾਠ ਕਰਕੇ ਰਿਣ ਮੁਕਤ ਮਹਿਸੂਸ ਕਰਨਗੇ।
ਰੇਵਿਯੂ ਕਰ :- ਪਰਮਜੀਤ ਸਿੰਘ ਢੀਂਗਰਾ