ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਇੱਕ ਪਾਸੜ ਰੋਲ (ਭਾਗ-2)
ਕਿਰਪਾਲ ਸਿੰਘ ਬਠਿੰਡਾ 88378-13661
(ਸ) ਉੱਚੀ ਜਾਤ ਦਾ ਹੰਕਾਰ ਕਰਨ ਵਾਲੇ ਮਨੁੱਖ ਨੂੰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਮੂਰਖ ਕਿਹਾ ਹੈ:
“ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥”
(ਮਹਲਾ ੩/੧੧੨੮)
ਪਰ ਇਸ ਦੇ ਬਾਵਜੂਦ ਸਿੱਖ ਧਰਮ ਦਾ ਅਤੁੱਟ ਅੰਗ ਕਹਾਉਣ ਵਾਲੇ ਕੁਝ ਡੇਰਿਆਂ ’ਚ ਮੰਨੂੰ ਸਿਮ੍ਰਿਤੀ ਦੁਆਰਾ ਘੋਸ਼ਿਤ ਕੀਤੀਆਂ ਦਲਿਤ ਜਾਤੀਆਂ ਦੇ ਸਿੱਖਾਂ ਲਈ ਗੁਰੂ ਕੇ ਲੰਗਰਾਂ ’ਚ ਵੱਖਰੀਆਂ ਪੰਕਤੀਆਂ ਤੇ ਵੱਖਰੇ ਭਾਂਡੇ ਰੱਖੇ ਜਾਂਦੇ ਹਨ। ਉਨ੍ਹਾਂ ਨੂੰ ਗੁਰੂ ਗਰੰਥ ਸਾਹਿਬ ਜੀ ਦੀ ਤਾਬਿਆ ਬੈਠਣ ਤੇ ਪਾਠ ਕਰਨ ਦੀ ਮਨਾਹੀ ਹੈ। ਬਠਿੰਡਾ ਨੇੜੇ ਪਿੰਡ ਲਹਿਰਾ ਖਾਨਾ ’ਚ ਇੱਕ ਦਲਿਤ ਲੜਕੀ ਦੇ ਇੱਕ ਡੇਰੇ ਦੇ ਪ੍ਰਬੰਧ ਅਧੀਨ ਗੁਰਦੁਆਰੇ ’ਚ ਅਨੰਦ ਕਾਰਜ਼ ਕਰਨ ਤੋਂ ਨਾਹ ਕਰ ਦਿੱਤੀ।
ਉਸ ਵੇਲੇ ਪੰਜਾਬ ’ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਕਹਾਉਣ ਵਾਲੇ ਬਾਦਲ ਦਲ ਦੀ ਸਰਕਾਰ ਸੀ। ਕਿਸੇ ਦਲਿਤ ਨਾਲ ਜਾਤੀ ਦੇ ਆਧਾਰ ’ਤੇ ਅਜਿਹਾ ਵਿਤਕਰਾ ਕਰਨ ਦੀ ਨਾ ਗੁਰੂ ਗ੍ਰੰਥ ਸਾਹਿਬ ਇਜ਼ਾਜਤ ਦਿੰਦਾ ਹੈ ਅਤੇ ਨਾ ਹੀ ਦੇਸ਼ ਦਾ ਸੰਵਿਧਾਨ।
ਪੀੜਤ ਪਰਵਾਰ ਸਰਕਾਰੇ ਦਰਬਾਰੇ ਅਤੇ ਸ਼੍ਰੀ ਆਕਾਲ ਤਖ਼ਤ ਸਾਹਿਬ ’ਤੇ ਗੇੜੇ ਮਾਰਦਾ ਥੱਕ ਗਿਆ ਪਰ ਇਨਸਾਫ਼ ਦੇਣਾ ਤਾਂ ਇੱਕ ਪਾਸੇ ਰਿਹਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਨੰਦਗੜ੍ਹ ਤੋਂ ਬਿਨਾਂ ਕਿਸੇ ਹੋਰ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਅਕਾਲੀ ਮੰਤਰੀ, ਮੁੱਖ ਮੰਤਰੀ ਕਿਸੇ ਨੇ ਵੀ ਪੀੜਤ ਪਰਵਾਰ ਅਤੇ ਦਲਿਤ ਸਮਾਜ ਦੇ ਹੱਕ ਵਿੱਚ ਹਾਅ-ਦਾ-ਨਾਰ੍ਹਾ ਨਹੀਂ ਮਾਰਿਆ।
(ਹ) ਗੁਰੂ ਗੋਬਿੰਦ ਸਿੰਘ ਜੀ ਨੇ ੬ ਕੱਤਕ ਬਿਕ੍ਰਮੀ ਸੰਮਤ ੧੭੬੫ (1708 ਈ:) ਨੂੰ ਤਖ਼ਤ ਸ਼੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਸਮੂਹ ਸਿੱਖਾਂ ਨੂੰ ਹੁਕਮ ਕੀਤਾ:
‘ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨੀਓ ਗ੍ਰੰਥ’।
ਇਸੇ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਹੈ:
“ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ ॥੧॥ ਰਹਾਉ ॥” (ਮਹਲਾ ੧/੩੫੦),
“ਗੁਰੁ ਪੂਰਾ ਮੇਰਾ ਗੁਰੁ ਪੂਰਾ ॥” (ਮਹਲਾ ੫/੯੦੧)
ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਜਾ ਰਹੀ ਸਿੱਖ ਰਹਿਤ ਮਰਿਆਦਾ ’ਚ ਗੁਰਦੁਆਰੇ ਸਿਰਲੇਖ ਹੇਠ ਭੀ
ਇਸ ਤਰ੍ਹਾਂ ਅੰਕਤ ਹੈ :
ਮਦ (ਹ) ਗੁਰੂ ਗ੍ਰੰਥ ਸਾਹਿਬ ਜੀ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਪਰ ਬਦਕਿਸਮਤੀ ਨਾਲ ਉਸੇ ਤਖ਼ਤ ਸਾਹਿਬ ਸਮੇਤ ਹੋਰਨਾਂ ਕਈ ਸੰਪ੍ਰਦਾਵਾਂ ਦੇ ਸਥਾਨਾਂ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਬਿਲਕੁਲ ਉਸੇ ਮਰਿਆਦਾ ਨਾਲ ਪ੍ਰਕਾਸ਼ ਕਰਕੇ ਬਕਾਇਦਾ ਉਸ ’ਚੋਂ ਭੀ ਹੁਕਮਨਾਮੇ ਲਏ ਜਾਂਦੇ ਹਨ ਅਤੇ ਪ੍ਰਚਾਰ ਕੀਤਾ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਨੂੰ ਸੰਤ ਬਣਾਉਂਦਾ ਹੈ ਅਤੇ ਦਸਮ ਗ੍ਰੰਥ ਸਿਪਾਹੀ ਬਣਾਉਂਦਾ ਹੈ। ਮਿਸ਼ਨਰੀ ਵਿਚਾਰਧਾਰਾ ਵਾਲੇ ਪ੍ਰਚਾਰਕਾਂ ਦਾ ਮੰਨਣਾ ਹੈ ਕਿ ਐਸਾ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਗੁਰੂ, ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਦੀ ਭਾਰੀ ਉਲੰਘਨਾ ਅਤੇ ਆਪਣੇ ਗੁਰੂ ਨੂੰ ਅਧੂਰਾ ਸਿੱਧ ਕਰਨ ਦੇ ਤੁਲ ਹੈ।
6. ਸ਼੍ਰੋਮਣੀ ਕਮੇਟੀ ਅਤੇ ਪੰਥਕ ਵਿਦਵਾਨਾਂ ਦੇ ਡੇਢ ਦਹਾਕੇ ਦੇ ਲੰਬੇ ਵਿਚਾਰ ਵਟਾਂਦਰੇ ਪਿੱਛੋਂ 2003 ਦੀ ਵੈਸਾਖੀ ਵਾਲੇ ਦਿਨ ਦਮਦਮਾ ਸਾਹਿਬ ਵਿਖੇ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਐਲਾਨ ਕੀਤਾ ਅਤੇ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ। ਇਸ ਕੈਲੰਡਰ ਵਿੱਚ ਸਾਰੇ ਦਿਹਾੜੇ ਗੁਰੂ ਕਾਲ ਸਮੇਂ ਪ੍ਰਚਲਿਤ ਬਿਕ੍ਰਮੀ ਕੈਲੰਡਰ ਦੇ ਸੂਰਜੀ ਪ੍ਰਵਿਸ਼ਟਿਆਂ, ਜੋ ਪੁਰਾਤਨ ਸੋਮਿਆਂ ’ਚ ਦਰਜ ਤਾਰੀਖ਼ਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦੇ ਹਨ, ਮੁਤਾਬਕ ਨਿਸ਼ਚਿਤ ਕੀਤੇ ਗਏ।
ਹੋਰ ਤਸੱਲੀ ਵਾਲੀ ਗੱਲ ਇਹ ਹੈ ਕਿ ਹਰ ਸਾਲ ਸਾਰੇ ਗੁਰ ਪੁਰਬ ਅਤੇ ਹੋਰ ਦਿਹਾੜੇ 365/66 ਦਿਨਾਂ ਪਿੱਛੋਂ ਉਨ੍ਹਾਂ ਹੀ ਪ੍ਰਵਿਸ਼ਟਿਆਂ ਅਨੁਸਾਰ, ਸਾਰੀ ਦੁਨੀਆਂ ’ਚ ਪ੍ਰਚਲਿਤ ਸਾਂਝੇ ਕੈਲੰਡਰ ਦੀਆਂ ਉਨ੍ਹਾਂ ਹੀ ਤਾਰੀਖ਼ਾਂ ਨੂੰ ਆਉਂਦੇ ਰਹਿਣਗੇ, ਜਿਵੇਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ੨੩ ਪੋਹ/ 5 ਜਨਵਰੀ, ਹੋਲਾ ਮਹੱਲਾ ੧ ਚੇਤ/ 14 ਮਾਰਚ, ਵੈਸਾਖੀ ੧ ਵੈਸਾਖ/ 14 ਅਪ੍ਰੈਲ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ੨ ਹਾੜ/ 16 ਜੂਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ੧੧ ਮੱਘਰ/ 24 ਨਵੰਬਰ ਆਦਿਕ।
ਇਸ ਤਰ੍ਹਾਂ ਕਿਸੇ ਵੀ ਕੈਲੰਡਰ ਦੀ ਤਾਰੀਖ਼ ਯਾਦ ਰੱਖੀ ਜਾ ਸਕਦੀ ਹੈ। ਹਰ ਦਿਹਾੜੇ ਨਾਲ ਸਬੰਧਿਤ ਤਾਰੀਖ਼ ਅਗਾਂਹ ਭੀ ਉਸੇ ਹੀ ਰੁੱਤ ਵਿੱਚ ਆਵੇਗਾ ਜਿਸ ਵਿੱਚ ਅੱਜ ਕੱਲ੍ਹ ਆ ਰਿਹਾ ਹੈ। ਇਹ ਯਾਦ ਰੱਖਣੀਆਂ ਬਹੁਤ ਹੀ ਆਸਾਨ ਹਨ ਜਦੋਂ ਕਿ ਮੌਜੂਦਾ ਸਮੇਂ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਕੁਝ ਦਿਹਾੜੇ ਚੰਦਰਮਾਂ ਦੀਆਂ ਤਿਥਾਂ ਮੁਤਾਬਕ, ਕੁਝ ਸੂਰਜੀ ਪ੍ਰਵਿਸ਼ਟਿਆਂ ਮੁਤਾਬਕ ਅਤੇ ਕੁਝ ਸਾਂਝੇ ਕੈਲੰਡਰ ਦੀਆ ਤਾਰੀਖ਼ਾਂ ਮੁਤਾਬਕ ਨਿਸ਼ਚਿਤ ਕੀਤੇ ਜਾਣ ਕਾਰਨ ਹਮੇਸ਼ਾਂ ਰੋਲ ਘਚੋਲਾ ਤੇ ਦੁਬਿਧਾ ਬਣੀ ਰਹਿੰਦੀ ਹੈ ਕਿ ਕਿਹੜਾ ਦਿਹਾੜਾ ਕਦੋਂ ਆਵੇਗਾ ? ਬਿਕਰਮੀ ਕੈਲੰਡਰ ਦੇ ਮਹੀਨਿਆਂ ਦੀਆਂ ਤਾਂ ਰੁੱਤਾਂ ਦਾ ਸੰਬੰਧ ਵੀ ਅਸਲੀ ਰੁੱਤਾਂ ਨਾਲੋਂ ਬਹੁਤ ਤੇਜੀ ਨਾਲ ਦੂਰ ਹੋ ਰਿਹਾ ਹੈ ਜਿਸ ਕਾਰਨ ਅੱਜ ਕੱਲ੍ਹ ਗਰਮੀਆਂ ਦੀ ਰੁੱਤ ਵਿੱਚ ਆਉਣ ਵਾਲੇ ਦਿਹਾੜੇ 13000 ਸਾਲ ਬਾਅਦ ਅੱਜ ਨਾਲੋਂ 6 ਮਹੀਨੇ ਦੇ ਫ਼ਰਕ ਨਾਲ ਭਾਵ ਸਰਦ ਰੁੱਤ ’ਚ ਆਉਣਗੇ। ਇਸ ਦੇ ਬਾਵਜੂਦ ਡੇਰੇਵਾਦੀ ਸੋਚ ਵਾਲਿਆਂ ਦੀਆਂ ਵੋਟਾਂ ਦੇ ਲਾਲਚ ਅਧੀਨ ਉਪਰੋਂ ਆਏ ਹੁਕਮਾਂ ਅਨੁਸਾਰ ਅਕਾਲ ਤਖ਼ਤ ’ਤੇ ਬਿਰਾਜਮਾਨ ਜਥੇਦਾਰਾਂ ਅਤੇ ਉਸੇ ਸ਼੍ਰੋਮਣੀ ਕਮੇਟੀ ਨੇ 2010 ’ਚ ਆਪਣੇ ਫੈਸਲੇ ਉਲਟਾ ਕੇ ਮੁੜ ਮਿਲਗੋਭਾ ਬਿਕ੍ਰਮੀ ਕੈਲੰਡਰ ਕੌਮ ਦੇ ਸਿਰ ਥੋਪ ਦਿੱਤਾ ਹਾਲਾਂ ਕਿ ਉਨ੍ਹਾਂ ਪਾਸ ਇੱਕ ਦੀ ਬਜਾਏ ਤਿੰਨ ਤਿੰਨ ਕੈਲੰਡਰਾਂ ਅਨੁਸਾਰ ਦਿਹਾੜੇ ਨਿਸ਼ਚਿਤ ਕਰਨ ਦਾ ਆਧਾਰ ਗੁਰਬਾਣੀ ਜਾਂ ਸਿੱਖ ਇਤਿਹਾਸ ’ਚੋਂ ਇੱਕ ਵੀ ਨਹੀਂ ਮਿਲਦਾ।
(7) ਹੁਣ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਲਈ ਸਵਾਲ ਹਨ :
(ੳ) ਕੀ ਤੁਹਾਡੀਆਂ ਨਜ਼ਰਾਂ ’ਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਉਕਤ ਸਿੱਖੀ ਸਿਧਾਂਤਾਂ ਅਤੇ ਅਕਾਲ ਤਖ਼ਤ ਤੋਂ ਪ੍ਰਵਾਣਿਤ ਤੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਚਾਰ ਹਿੱਤ ਛਾਪੀ ਜਾ ਰਹੀ ਸਿੱਖ ਰਹਿਤ ਮਰਿਆਦਾ ਅਤੇ ਨਾਨਕਸ਼ਾਹੀ ਕੈਲੰਡਰ ਦੀ ਗੱਲ ਕਰਨਾ ਹੀ ਤਾਰਾਂ ਵਾਲਾ ਬੁਰਸ਼ ਹੈ ?
(ਅ) ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਕਿ ਸਿੱਖੀ ਦੇ ਨਿਰਮਲ ਸਿਧਾਂਤਾਂ ’ਤੇ ਜੰਮ ਰਹੀ ਧੂੜ ਇੰਨੀ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਕਿ :
“ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ ॥”
ਵਾਲੀ ਹਾਲਤ ਬਣ ਗਈ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਸਿੱਖੀ ਸਿਧਾਂਤਾਂ ’ਤੇ ਜੰਮ ਰਹੀ ਇਸ ਧੂੜ ਨੂੰ ਸਾਫ਼ ਕਰਨ ਲਈ ਜਲਦੀ ਤੋਂ ਜਲਦੀ ਉੱਦਮ ਕਰਨ, ਨਹੀਂ ਤਾਂ ਹਾਲਤ
“ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ ॥” (ਮਹਲਾ ੩/੬੫੧)
ਵਾਲੀ ਬਣ ਜਾਵੇਗੀ।
(ੲ) ਤੁਸੀਂ ਕਈ ਵਾਰ ਆਪਣੇ ਇਸ ਅਦੇਸ਼ ਨੂੰ ਦੁਹਰਾਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਸਿਆਸਤ ਲਈ ਨਾ ਵਰਤਿਆ ਜਾਵੇ। ਸਵਾਲ ਹੈ ਕਿ ਬਾਦਲ ਦਲ ਪਿਛਲੇ 37 ਸਾਲਾਂ ਤੋਂ 1984 ਦੀਆਂ ਮੰਦ ਘਟਨਾਵਾਂ ਨੂੰ ਹਰ ਚੋਣ ਦੌਰਾਨ ਆਪਣੀ ਸਿਆਸਤ ਲਈ ਉਛਾਲਦੇ ਆ ਰਹੇ ਹਨ ਤਾਂ ਹੁਣ 2015 ਦੀਆਂ ਘਟਨਾਵਾਂ ਨੂੰ ਵਿਰੋਧੀ ਧਿਰਾਂ ਵੱਲੋਂ ਵਰਤੇ ਜਾਣ ’ਤੇ ਇਤਰਾਜ਼ ਕਿਉਂ ? ਕੀ ਜਥੇਦਾਰ ਸਾਹਿਬ ਦਾ ਇਹ ਦੂਹਰਾ ਮਿਆਰ ਨਹੀਂ ?
(ਸ). ਸ਼੍ਰੀ ਖੱਟੜਾ ਜੀ ਦੇ ਜਿਸ ਬਿਆਨ ਦੇ ਆਧਾਰ ’ਤੇ ਤੁਸੀਂ ਭਾਈ ਰੁਪਿੰਦਰ ਸਿੰਘ ਵਿਰੁੱਧ ਧਾਰਾ 295ਏ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ ਉਸ ਬਿਆਨ ਨੂੰ ਉਨ੍ਹਾਂ ਨੇ ਸਬੂਤਾਂ ਸਹਿਤ ਝੂਠਾ ਸਿੱਧ ਕਰ ਕੇ ਖੱਟੜਾ ਜੀ ਨੂੰ ਚੈਲੰਜ ਕਰ ਦਿੱਤਾ ਹੈ ਕਿ ਜੇ ਉਹ ਆਪਣੇ ਬਿਆਨ ਨੂੰ ਸਹੀ ਸਿੱਧ ਕਰ ਦਿੰਦੇ ਹਨ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੇਫੇ ’ਚ ਟੰਗ ਕੇ ਲੈ ਗਿਆ ਅਤੇ ਖੱਟੜਾ ਜੀ ਨੇ ਮੇਰੇ ਘਰੋਂ ਬਹੁਤ ਹੀ ਭੈੜੀ ਹਾਲਤ ’ਚ ਆਂਡਿਆਂ ਵਾਲੀ ਟਰੇਅ ’ਚੋਂ ਬਰਾਮਦ ਕੀਤੇ ਹਨ ਤਾਂ ਮੈਂ ਆਪਣੀ ਧੌਣ ਕਟਵਾ ਦੇਵਾਂਗਾਂ ਜੇਕਰ ਨਹੀਂ ਕਰ ਸਕਦੇ ਤਾਂ ਅਕਾਲ ਤਖ਼ਤ ’ਤੇ ਬੋਲੇ ਗਏ ਝੂਠ ਦੇ ਦੋਸ਼ ਹੇਠ ਆਪਣੀ ਧੌਣ ਕਟਵਾਉਣਾ ਪ੍ਰਵਾਨ ਕਰਨ (ਸੁਣੋ ਇਹ ਵੀਡੀਓ)।
https://www.youtube.com/watch?v=AhgA0U_zZ_o ।
(ਚਲਦਾ)