ਬ੍ਰੈਂਡਡ Branded
ਜਸਵਿੰਦਰ ਸਿੰਘ ਚਾਹਲ 98769 15035
ਦਾਦਾ ਜੀ, ਡੈਡੀ ਨੂੰ ਕਹਿ ਦਿਓ ਮੈਨੂੰ ਬ੍ਰੈਂਡਡ ਲਿਆ ਦੇਣਗੇ, ਪਤਾ ਸਾਡੀ ਕਲਾਸ ਦੇ ਨਾ ਸਾਰੇ ਬੱਚੇ ਬ੍ਰੈਂਡਡ ਹੀ ਪਾਉਂਦੇ ਆ...
ਬ੍ਰੈਂਡਡ !!!!!!!! ਇਹ ਕੀ ਸ਼ੈਅ ਆ ਪੁੱਤ ਓਏ ?? ਮੈਂ ਤਾਂ ਪਹਿਲੀ ਵਾਰੀ ਸੁਣੀ ਆ...
ਓ ਹੋ ਦਾਦਾ ਜੀ, ਤੁਸੀਂ ਤਾਂ ਜਮਾਂ ਈ ਦੇਸੀ ਓ ਸੱਚੀਂ, ਬ੍ਰੈਂਡਡ ਬਾਹਰਲੀਆਂ ਕੰਪਨੀਆਂ ਦੀਆਂ ਚੀਜ਼ਾਂ ਨੂੰ ਕਹਿੰਦੇ ਨੇ, ਨਾਇਕੀ ਦੇ ਬੂਟ, ਟੌਮੀ ਦੀ ਸ਼ਰਟ, ਅਰਮਾਨੀ ਐਨਕ, ਰੋਲੈਕਸ ਦੀ ਘੜੀ, ਇਹ ਚੀਜ਼ਾਂ ਮਹਿੰਗੀਆਂ ਹੁੰਦੀਆਂ ਨੇ ਦਾਦਾ ਜੀ, ਪਰ ਟੌਹਰ ਬਹੁਤ ਬਣਦੀ ਆ ਇਹਨਾਂ ਨਾਲ, ਤੇ ਰੋਅਬ ਪੈਂਦਾ, ਹੁਣ ਦੱਸੋ, ਲਾਉਂਗੇ ਫਿਰ ਸਿਫ਼ਾਰਸ਼ ਮੇਰੀ ਡੈਡੀ ਕੋਲੇ...
ਓਏ ਮਹਿੰਗੇ ਦੀ ਤਾਂ ਕੋਈ ਗੱਲ ਨੀ ਸ਼ੇਰਾ!! ਤੇਰੀ ਖੁਸ਼ੀ ਤੋਂ ਮਹਿੰਗਾ ਕੁੱਝ ਵੀ ਨਹੀਂ, ਔਖੇ-ਸੌਖੇ ਲਿਆ ਦੇਵਾਂਗੇ, ਪਰ ਇਕ ਗੱਲ ਕਹਾਂ ਸ਼ੇਰਾ, ਬਾਹਰਲੀਆਂ ਕੰਪਨੀਆਂ ਤੈਨੂੰ ਬਾਹਰੋਂ ਤਾਂ ਸੋਹਣਾ ਬਣਾ ਸਕਦੀਆਂ, ਪਰ ਅੰਦਰੋਂ ਨੀ, ਅੰਦਰੋਂ ਸੋਹਣਾ ਬਣਨ ਵਾਸਤੇ ਤੈਨੂੰ ਹੋਰ ਬ੍ਰਾਂਡ ਚਾਹੀਦੇ ਆ ਸ਼ੇਰਾ!! ਤੇ ਜਦੋਂ ਅੰਦਰੋਂ ਸੋਹਣਾ ਹੋ ਗਿਆ, ਫਿਰ ਬਾਹਰਲੀਆਂ ਕੰਪਨੀਆਂ ਦੀ ਲੋੜ ਈ ਨੀ ਪੈਣੀ ਪੁੱਤ, ਕਿਉਂਕਿ ਹੀਰੇ ਨੂੰ ਕਦੇ ਵੀ ਗਹਿਣਿਆਂ ਦੀ ਲੋੜ ਨੀ ਪੈਂਦੀ ਸ਼ੇਰਾ।
ਸਾਰੀ ਉਮਰ ਇਹ ਲੱਭਣ ‘ਚ ਹੀ ਲੰਘਾ ਦਿੰਦੇ ਕਿ ਲੱਭਣਾ ਕੀ ਆ?? ਜੇ ਲੱਭ ਜਾਵੇ ਤਾਂ ਇਹ ਨੀ ਲੱਭਦਾ ਕਿ ਇਸ ਦਾ ਕਰਨਾ ਕੀ ਆ।
ਦਾਦਾ ਜੀ ਇਹ ਕਿਹੜੇ ਬ੍ਰਾਂਡ ਨੇ??? ਮੈਂ ਤਾਂ ਕਦੇ ਸੁਣੇ ਨੀ, ਤਾਂ ਫਿਰ ਸੁਣ ਸ਼ੇਰਾ!!
ਮਨ ਨੀਵਾਂ ਹੋਵੇ, ਮੱਤ ਉੱਚੀ ਹੋਵੇ।
ਦਿਲ ‘ਚ ਦਲੇਰੀ, ਨੀਅਤ ਸੁੱਚੀ ਹੋਵੇ।
ਹਿੰਮਤ ਦੇ ਨਾਲ, ਕਿਰਤ ਗਹਿਣਾ ਹੋਵੇ।
ਸੋਚ ਦੀ ਉਡਾਰੀ ਨਾਲ, ਸਾਦਗੀ ‘ਚ ਰਹਿਣਾ ਹੋਵੇ।
ਬੋਝਾ ਭਾਵੇਂ ਖਾਲੀ, ਪਰ ਰੂਹ ਦਾ ਰੱਜ ਹੋਵੇ।
ਚਾਸ਼ਣੀ ਚ ਭਿੱਜ ਕੇ, ਬੋਲਣੇ ਦਾ ਚੱਜ ਹੋਵੇ।
ਚਿਹਰੇ ਦੀ ਚਮਕ ਨਾਲ, ਸੱਚ ਬੋਲਣ ਦੀ ਪਹਿਲ ਹੋਵੇ।
ਇਹ ਬ੍ਰਾਂਡ ਪਾ ਕੇ ਹੀ, ਸੋਹਣਾ ਲੱਗਦਾ ‘ਚਹਿਲ’ ਹੋਵੇ।
ਅੱਛਾ ਦਾਦਾ ਜੀ, ਇਹ ਬ੍ਰੈਂਡਡ ਤਾਂ ਫਿਰ ਸਸਤੇ ਈ ਹੋਣੇ ਆ ?
ਮਹਿੰਗੇ ਤਾਂ ਸ਼ੇਰਾ ਇਹ ਵੀ ਬਹੁਤ ਆ, ਇਹ ਵੀ ਪੈਦਾ ਕਰਨੇ ਜਣੇ ਖਣੇ ਦੇ ਵਸ ਦੀ ਗੱਲ ਨੀਂ, ਮਾਲਕ ਦੀ ਮੇਹਰ ਹੋਵੇ ਤਾਂ ਕਿਤੇ ਜਾ ਕੇ ਵਸਦੀਆਂ ਨੇ ਅੰਦਰ ਇਹ ਗੱਲਾਂ।
ਤੇਰੇ ਆਲ਼ੇ ਬਰਾਂਡ ਪਹਿਨਕੇ ਸ਼ੇਰਾ ਹੰਕਾਰ ਪੈਦਾ ਹੁੰਦੈ, ਤੇ ਹੰਕਾਰ ਕਿਸੇ ਨੂੰ ਝੁਕਾ ਕੇ ਖ਼ੁਸ਼ ਹੁੰਦੈ।
ਮੇਰੇ ਆਲੇ ਬਰਾਂਡ ਪਹਿਨਕੇ ਸ਼ੇਰਾ ਸੰਸਕਾਰ ਪੈਦਾ ਹੁੰਦੈ, ਤੇ ਸੰਸਕਾਰ ਆਪ ਝੁਕ ਕੇ ਖੁਸ਼ ਹੁੰਦੈ।
ਆਪ ਝੁੱਕ ਕੇ ਦੂਜਿਆਂ ਨੂੰ ਝੁਕਾਉਂਣ ਵਾਲੇ ਜ਼ਿੰਦਗੀ ਦੇ ਲਾੜੇ ਹੁੰਦੇ ਨੇ ਪੁੱਤ।
ਬ੍ਰਾਂਡ ਪਾਉਣੇ ਕੋਈ ਮਾੜੀ ਗੱਲ ਨੀ ਸ਼ੇਰਾ, ਵਰਤਣ ਹੰਢਾਉਣ ਨੂੰ ਜ਼ਰੂਰ ਪਾਉਂਣੇ ਚਾਹੀਦੇ ਆ, ਪਰ ਕਿਸੇ ‘ਤੇ ਰੋਅਬ ਮਾਰਨ ਲਈ ਨੀਂ ।
ਵਾਹ !!!! ਦਾਦਾ ਜੀ, ਤੁਸੀਂ ਤਾਂ ਸਿਰੇ ਲਾ ਦਿੱਤੀ ਗੱਲ, ਇਹ ਗੱਲਾਂ ਤਾਂ ਮੈਂ ਕਦੇ ਕਿਸੇ ਕਿਤਾਬ ਵਿੱਚ ਵੀ ਨਹੀਂ ਪੜ੍ਹੀਆਂ ।
ਤਾਹੀਂ ਤਾਂ ਕਹਿਨੇ ਆ ਸ਼ੇਰਾ! ਬੀ ਕਦੇ ਸਾਡੇ ਵਰਗੀਆਂ ਅਣਛਪੀਆਂ ਕਿਤਾਬਾਂ ਨੂੰ ਵੀ ਪੜ੍ਹ ਲਿਆ ਕਰੋ ।
ਲੈ ਫਿਰ ਮਾਰਾਂ ਪੈਡਲ, ਕਿਤੇ ਤੂੰ ਲੇਟ ਨਾ ਹੋ ਜੀ, ਛਪੀਆਂ ਕਿਤਾਬਾਂ ਪੜ੍ਹਨ ਤੋਂ ।