Re: ਕਰਨਲ ਨਿਸ਼ਾਨ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਾ ਫ਼ਤਹਿ॥
ਮੈਂ ਸ਼ੁਰੂ ’ਚ ਹੀ ਬੇਨਤੀ ਕਰ ਦਿਆਂ ਕਿ ਭਾਵੇਂ ਇਸ ਪੱਤਰ ਵਿੱਚ ਦੋ ਵਿਦਵਾਨਾਂ ਦਾ ਸਿੱਧੇ ਰੂਪ ’ਚ ਨਾਮ ਲਿਆ ਗਿਆ ਹੈ ਪਰ ਇਹ ਜਵਾਬ ਉਨ੍ਹਾਂ ਲਈ ਨਹੀਂ ਜੋ ਕੁਝ ਸਿੱਖਣਾ ਨਹੀਂ ਚਾਹੁੰਦੇ ਬਲਕਿ ਉਨਾਂ ਸੱਜਨਾਂ ਲਈ ਹੈ ਜੋ ਕੁਝ ਸਿੱਖ ਕੇ ਸਹੀ ਗਲਤ ਦੀ ਚੋਣ ਕਰ ਸਕਣ। ਉਨ੍ਹਾਂ ਵਿਦਵਾਨਾਂ ਦੇ ਨਾਮ ਇਸ ਕਾਰਨ ਲਿਖਣ ਦੀ ਮਜ਼ਬੂਰੀ ਹੈ ਕਿਉਂਕਿ ਬਿਨਾਂ ਨਾਮ ਲਿਖਿਆਂ ਕਿਸੇ ਦੇ ਕੁਝ ਪੱਲੇ ਨਹੀਂ ਪੈਣਾਂ ਕਿ ਇਹ ਸਵਾਲ ਕਿਸ ਦੇ ਹਨ ਅਤੇ ਜਵਾਬ ਕਿਸ ਸਵਾਲ ਦਾ ਦਿੱਤਾ ਜਾ ਰਿਹਾ ਹੈ।
ਪਹਿਲੇ ਵਿਦਵਾਨ ਦਾ ਨਾਮ ਤਾਂ ਹੈ ਹਰਦੇਵ ਸਿੰਘ ਜੰਮੂ ਜਿਸ ਦੇ ਪੱਤਰਾਂ ’ਚ ਪਿਛਲੇ 7-8 ਸਾਲਾਂ ਤੋਂ ਇਹੀ ਪੜ੍ਹਨ ਨੂੰ ਮਿਲ ਰਿਹਾ ਹੈ ਕਿ ਪੁਰੇਵਾਲ ਉਸ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਰਿਹਾ। ਉਸ ਦੇ ਸਵਾਲ ਕੀ ਹਨ? ਇਹ ਸ਼ਾਇਦ ਉਸ ਨੂੰ ਖ਼ੁਦ ਆਪ ਨੂੰ ਵੀ ਨਹੀਂ ਪਤਾ। ਮੈਂ ਹਰਦੇਵ ਸਿੰਘ ਨੂੰ ਚੈਲੰਜ ਕਰਦਾ ਹਾਂ ਕਿ ਆਪਣੇ ਸਾਰੇ ਸਵਾਲ ਜਨਤਕ ਕਰੇ ਜਿਹੜੇ ਉਹ ਪੁੱਛਣਾ ਚਾਹੁੰਦਾ ਹੈ। ਉਸ ਮੁਤਾਬਿਕ ਨਾਨਕਸ਼ਾਹੀ ਕੈਲੰਡਰ ’ਚ ਜਿਹੜੀਆਂ ਤਾਰੀਖ਼ਾਂ ਸ: ਪਾਲ ਸਿੰਘ ਪੁਰੇਵਾਲ ਨੇ ਗਲਤ ਤਾਰੀਖ਼ਾਂ ਦਰਜ ਕੀਤੀਆਂ ਹਨ ਉਨ੍ਹਾਂ ਸਾਰੀਆਂ ਦਾ ਪੂਰਾ ਵੇਰਵਾ ਅਤੇ ਉਨ੍ਹਾਂ ਗਲਤ ਤਾਰੀਖ਼ਾਂ ਦੀ ਥਾਂ ਹਰਦੇਵ ਸਿੰਘ ਵੱਲੋਂ ਦੱਸੀਆਂ ਸਹੀ ਤਾਰੀਖ਼ਾਂ ਸਮੇਤ ਉਨ੍ਹਾਂ ਕੈਲਕੂਲੇਸ਼ਨਜ਼ ਅਤੇ ਫ਼ਾਰਮੂਲਿਆਂ ਦੇ ਜਿਨ੍ਹਾਂ ਨਾਲ ਉਸ ਨੇ ਸਹੀ ਤਾਰੀਖ਼ਾਂ ਕੱਢੀਆਂ ਹਨ ਉਹ ਦੱਸੀਆਂ ਜਾਣ ਤਾਂ ਮੈਂ ਇਸ ਦੇ ਸਾਰੇ ਜਵਾਬ ਦੇਣ ਲਈ ਤਿਆਰ ਹਾਂ ਬਸ਼ਰਤੇ ਕਿ ਇਸ ਨੂੰ ਵੀ ਇਸ ਵੱਲੋਂ ਠੀਕ ਦੱਸੀਆਂ ਜਾ ਰਹੀਆਂ ਤਾਰੀਖ਼ਾਂ ਸਬੰਧੀ ਸਵਾਲਾਂ ਦੇ ਜਵਾਬ ਦੇਣ ਪੈਣਗੇ। ਚੰਗੀ ਗੱਲ ਤਾਂ ਇਹ ਹੈ ਕਿ ਕਿਸੇ ਚੈਨਲ ’ਤੇ ਸਮਾਂ ਖ਼ਰਾਬ ਕਰਨ ਦੀ ਬਜਾਏ ਉਹ ਸਾਰੇ ਸਵਾਲ ਈ-ਮੇਲ ਰਾਹੀਂ ਭੇਜੇ ਜਿਨ੍ਹਾਂ ਦੇ ਜਵਾਬ ਦਿੱਤੇ ਜਾਣਗੇ ਕਿਉਂਕਿ ਇੱਥੇ ਇਸ ਦੇ ਜਵਾਬ ਮੰਗਣ ਦੇ ਹੱਕ ਨੂੰ ਕੋਈ ਮਾਰ ਨਹੀਂ ਸਕੇਗਾ ਘਰ ਬੈਠੇ ਨੂੰ ਪੂਰੀ ਅਜ਼ਾਦੀ ਹੈ ਜੋ ਮਰਜੀ ਅਤੇ ਜਦੋਂ ਮਰਜੀ ਇਹ ਸਵਾਲ ਪੁੱਛ ਸਕਦਾ ਹੈ। ਫਿਰ ਦੁਹਰਾ ਦੇਵਾਂ ਕਿ ਇਸ ਵੱਲੋਂ ਸੁਝਾਈਆਂ ਤਾਰੀਖ਼ਾਂ ਸਬੰਧੀ ਇਸ ਨੂੰ ਵੀ ਜਵਾਬ ਦੇਣੇ ਪੈਣਗੇ। ਪਰ ਜੇ ਇਸ ਨੂੰ ਕਿਸੇ ਚੈੱਨਲ ’ਤੇ ਆਪਣੀ ਫ਼ੋਟੋ ਵਿਖਾਉਣ ਦਾ ਹੀ ਸ਼ੌਕ ਹੈ ਤਾਂ ਉਹ ਵੀ ਪੂਰਾ ਕੀਤਾ ਜਾ ਸਕਦਾ ਹੈ ਬਸ਼ਰਤੇ ਕਿ ਐਂਕਰ ਦੋਵਾਂ ਦੀ ਸਹਿਮਤੀ ਵਾਲਾ ਹੋਵੇ ਜਾਂ ਦੋ ਐਂਕਰ ਇਕੱਠੇ ਬੈਠ ਸਕਦੇ ਹਨ ਇੱਕ ਇਸ ਦੀ ਮਰਜੀ ਦਾ ਅਤੇ ਦੂਸਰਾ ਮੇਰੀ ਮਰਜੀ ਦਾ।
ਜਿਸ ਤਰ੍ਹਾਂ ਹਰਦੇਵ ਸਿੰਘ ਜੰਮੂ ਜੀ ਸ: ਪੁਰੇਵਾਲ ਨੂੰ ਵਾਰ ਵਾਰ ਚੈਲੰਜ ਕਰ ਰਹੇ ਹਨ ਕਿ ਮੇਰੇ ਸਵਾਲਾਂ ਦਾ ਜਵਾਬ ਦਿੱਤਾ ਜਾਵੇ ਉਸ ਨੂੰ ਵੇਖ ਕੇ ਮੈਨੂੰ ਇੰਝ ਮਹਿਸੂਸ ਹੁੰਦੈ ਜਿਵੇਂ ਇੱਕ ਚੂਹਾ ਆਪਣੀਆਂ ਮੁੱਛਾਂ ਤਾਣ ਕੇ ਹਾਥੀ ਨੂੰ ਚੈਲੰਜ ਕਰ ਰਿਹਾ ਹੋਵੇ ਕਿ ਆ ਮੇਰੇ ਨਾਲ ਘੋਲ ਕਰ। ਕੀ ਤੁਸੀਂ ਸਮਝਦੇ ਹੋ ਕਿ ਇੱਥੇ ਹਾਥੀ ਚੂਹੇ ਦਾ ਚੈਲੰਜ ਪ੍ਰਵਾਨ ਕਰੇਗਾ ਕਿ ਆ ਤੈਨੂੰ ਪੈਰ ਥੱਲੇ ਮਸਲ ਕੇ ਵਿਖਾਵਾਂ ! ਨਹੀਂ ਹਾਥੀ ਐਸਾ ਕਦੀ ਨਹੀਂ ਕਰੇਗਾ ਬਲਕਿ ਚੂਹੇ ਦੀ ਮੂਰਖਤਾ ’ਤੇ ਹੱਸ ਕੇ ਲੰਘ ਜਾਵੇਗਾ ਤੇ ਚੂਹਾ ਹੋਰ ਖ਼ੁਸ਼ ਹੋਵੇਗਾ ਕਿ ਐਡਾ ਵੱਡਾ ਹਾਥੀ ਮੇਰਾ ਮੁਕਾਬਲਾ ਨਹੀਂ ਕਰ ਸਕਿਆ। ਇਸ ਤਰ੍ਹਾਂ ਦੋਵੇਂ ਆਪੋ ਆਪਣੇ ਥਾਂ ਖ਼ੁਸ਼ੀ ਮਾਣ ਰਹੇ ਹਨ। ਇੱਕ ਕਹਾਵਤ ਹੈ ਕਿ ਬੰਦੇ ਨੇ ਇੱਕ ਕਰੋੜ ਰੁਪਏ ਦੀ ਸ਼ਰਤ ਲਾ ਲਈ ਕਿ ਸਹੇ (ਖ਼ਰਗੋਸ਼) ਦੇ ਤਿੰਨ ਲੱਤਾਂ ਹੀ ਹੁੰਦੀਆਂ ਹਨ। ਜਦੋਂ ਉਸ ਨੂੰ ਸਮਝਾਇਆ ਜਾਣ ਲੱਗਾ ਕਿ ਕਮਲਿਆ ਲੱਤਾਂ ਚਾਰ ਹੀ ਹੁੰਦੀਆਂ ਹਨ ਤਿੰਨ ਨਹੀਂ, ਤੂ ਸ਼ਰਤ ਹਾਰ ਜਾਣਾ ਹੈ ਤਾਂ ਇਕ ਕਰੋੜ ਰੁਪਏ ਕਿੱਥੋਂ ਦੇਵੇਂਗਾ। ਹਰਦੇਵ ਸਿੰਘ ਵਰਗੇ ਨੇ ਕਿਹਾ ਸ਼ਰਤ ਤਾਂ ਹਾਰੂੰ ਜੇ ਮੈਂ ਮੰਨ ਗਿਆ। ਮੈਂ ਮੰਨਣਾ ਹੀ ਨਹੀਂ ਤਾਂ ਹਾਰਾਂਗਾ ਕਿਸ ਤਰ੍ਹਾਂ! ਹੁਣ ਜਿਸ ਨੇ ਨਾ ਮੰਨਣ ਦੀ ਸਹੁੰ ਖਾਧੀ ਹੋਵੇ ਉਸ ਨਾਲ ਪੁਰੇਵਾਲ ਕਿਉਂ ਮਗਜ਼ ਖਪਾਈ ਕਰੇ, ਉਸ ਨੇ ਹਰ ਬਿਹਤਰ ਅਤੇ ਸੁਖੈਣ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਸਮਝਣਾ ਸੀ ਉਹ ਸਮਝ ਗਏ ਜਿਨ੍ਹਾਂ ਨੇ ਸਮਝਣਾ ਹੀ ਨਹੀਂ ਉਨ੍ਹਾਂ ਨੂੰ ਸਮਝਾਉਣ ਦਾ ਪੁਰੇਵਾਲ ਨੇ ਠੇਕਾ ਲਿਆ ਹੈ। ਉਨ੍ਹਾਂ ਪਿਛਲੇ 23 ਸਾਲ ਤੋਂ ਸੁਰਜੀਤ ਸਿੰਘ ਨਿਸ਼ਾਨ ਨਾਲ ਸਿਰ ਖਪਾਈ ਕੀਤੀ; 5K ਚੈੱਨਲ ’ਤੇ ਨਿਸ਼ਾਨ ਜੀ ਮੰਨ ਗਏ ਤਾਂ ਉਸ ਦਾ ਪੜ੍ਹਾਇਆ ਹੋਇਆ ਹਰਦੇਵ ਸਿੰਘ ਉੱਠ ਖੜ੍ਹਾ ਹੋਇਆ ਕਿ ਮੈਂ ਨਹੀਂ ਮੰਨਦਾ। ਜੇ ਕਦੀ ਹਰਦੇਵ ਸਿੰਘ ਨੂੰ ਮੰਨਣਾ ਪੈ ਗਿਆ ਤਾਂ ਹੋਰ ਬਹੁਤੇਰੀ ਲੰਬੀ ਲਾਈਨ ਹੈ।
ਦੂਸਰਾ ਵਿਦਵਾਨ ਹੈ ਡਾ: ਹਰਜਿੰਦਰ ਸਿੰਘ ਦਿਲਗੀਰ ਇਤਿਹਾਸਕਾਰ। ਇਸ ਇਤਿਹਾਸਕਰ ਨੇ ਵੀ ਜਵਾਬ ਅੱਜ ਤੱਕ ਕਿਸੇ ਦਾ ਨਹੀਂ ਦਿੱਤਾ ਤੇ ਨਾ ਹੀ ਦੇਣਾ ਹੈ। ਬੇਹੀ ਕੜ੍ਹੀ ਵਿਚ ਉਬਾਲ ਆਉਣ ਵਾਙ ਜਦੋਂ ਵੀਚਾਰ ਵਟਾਂਦਰਾ ਕਿਸੇ ਹੋਰ ਵਿਸ਼ੇ ’ਤੇ ਚੱਲ ਰਿਹਾ ਹੋਵੇ ਤਾਂ ਇਹ ਆਪਣੀ ਪੁਰਾਣੀ ਵੀਡੀਓ ਕੱਢ ਕੇ ਪਾ ਦਿੰਦੇ ਹਨ। ਵੀਡੀਓ ’ਚ ਜਿਸ ਤਰ੍ਹਾਂ ਬਿਨਾਂ ਬਰੇਕਾਂ ਤੋਂ ਅਤੇ ਬਿਨਾਂ ਕਿਸੇ ਹਵਾਲੇ ਤੋਂ ਹਾਈ ਸਪੀਡ ’ਤੇ ਬੋਲੀ ਤੁਰੇ ਜਾਂਦੇ ਹਨ ਉਹ ਘੱਟ ਤੋਂ ਘੱਟ ਇੱਕ ਇਤਿਹਾਸਕਾਰ ਲਈ ਤਾਂ ਬਿਲਕੁਲ ਹੀ ਸ਼ੋਭਦਾ ਨਹੀਂ ਕਿਉਂਕਿ ਇਤਿਹਾਸਕਾਰ ਜਾਣਦੇ ਹਨ ਕਿ ਬਿਨਾਂ ਕਿਸੇ ਹਵਾਲੇ ਦੇ ਲਿਖੀ ਕਿਸੇ ਵੀ ਲਿਖਤ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਪਰ ਇਹ ਜਾਣਦੇ ਹੋਏ ਵੀ ਦਿਲਗੀਰ ਜੀ ਲਗਾਤਰ ਲਿਖ ਅਤੇ ਬੋਲ ਰਹੇ ਹਨ:
ਦਿਲਗੀਰ ਜੀ ਦਾ ਇਤਰਾਜ਼ 1 : ਨਾਨਕਸ਼ਾਹੀ ਕੈਲੰਡਰ ਵਿਚ ਵੀ ਬਿਕਰਮੀ ਅਤੇ (ਭਾਰਤ ਸਰਕਾਰ ਦੇ) ਸਾਕਾ/ਸ਼ਕ ਸੰਮਤ ਦੇ ਬਾਰਾਂ ਮਹੀਨੇ ਚੇਤਰ ਤੋਂ ਫੱਗਣ ਤਕ ਹਨ। ਫਿਰ ਇਹ ਬਿਕਰਮੀ ਅਤੇ ਸਾਕਾ ਸੰਮਤ ਤੋਂ ਵਖਰਾ ਕਿਵੇਂ ਹੈ?
ਜਵਾਬ: ਦਿਲਗੀਰ ਜੀ ਜੇ ਕੋਈ ਕਹੇ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪ੍ਰਮਾਤਮਾ ਦੇ ਨਾਮ ਤਾਂ ਉਹੀ ਹਨ ਜੋ ਹਿੰਦੂ ਧਾਰਮਿਕ ਗ੍ਰੰਥਾਂ ’ਚ ਹਨ ਤਾਂ ਫਿਰ ਇਹ ਹਿੰਦੂ ਗ੍ਰੰਥਾਂ ਨਾਲੋਂ ਵੱਖਰਾ ਕਿਵੇਂ ਹੋਇਆ ਤਾਂ ਕੀ ਤੁਸੀਂ ਉਸ ਨਾਲ ਸਹਿਮਤ ਹੋਵੋਗੇ? ਜੇ ਤੁਸੀਂ ਬਿਕਰਮੀ ਅਤੇ ਸਾਕਾ ਸੰਮਤ ਦੇ ਮਹੀਨੇ ਚੇਤਰ ਤੋਂ ਫ਼ੱਗਣ ਦਾ ਨਾਨਕਸ਼ਾਹੀ ਕੈਲੰਡਰ ਦੇ ਮਹੀਨੇ ਚੇਤਰ ਤੋਂ ਫੱਗਣ ਤੱਕ ਦਾ ਫ਼ਰਕ ਨਹੀਂ ਸਮਝਦੇ ਤਾਂ ਤੁਸੀਂ ਰਾਮਾਇਣ ਵਿੱਚ ਆਏ ਸ਼ਬਦ ‘ਰਾਮ’ ਅਤੇ ਗੁਰੂ ਗ੍ਰੰਥ ਸਾਹਿਬ ਜੀ ’ਚ ਆਏ ਸ਼ਬਦ ‘ਰਾਮ’ ਦਾ ਫ਼ਰਕ ਵੀ ਨਹੀਂ ਸਮਝ ਸਕਦੇ। ਨਾਮ ਬਦਲਣ ਨਾਲ ਕਦੇ ਵੀ ਉਸ ਵਸਤੂ ਦੇ ਗੁਣ ਔਗੁਣ ਨਹੀਂ ਬਦਲ ਜਾਂਦੇ। ਦੂਸਰਾ ਤੁਸੀਂ ਇਹ ਵੀ ਵੱਡੇ ਭੁਲੇਖੇ ਵਿੱਚ ਹੋ ਕਿ ਬਿਕਰਮੀ ਕੈਲੰਡਰ ਦੇ ਮਹੀਨੇ ਚੇਤਰ ਤੋਂ ਫੱਗਣ ਤੱਕ ਹੁੰਦੇ ਹਨ; ਤੁਸੀਂ ਕਹਿੰਦੇ ਹੋ ਕਿ ਬਿਕਰਮੀ ਕੈਲੰਡਰ ਚੇਤਰ ਵਦੀ ੧ ਜਾਂ ਚੇਤਰ ੧ (ਗੱਲ ਇੱਕੋ ਹੈ ਜੋ ਮਰਜੀ ਕਹਿ ਲਓ) ਤੋਂ ਸ਼ੁਰੂ ਹੁੰਦਾ ਹੈ; ਵੀ ਸਿੱਧ ਕਰਦਾ ਹੈ ਕਿ ਬਿਕਰਮੀ ਕੈਲੰਡਰ ਸਬੰਧੀ ਤੁਹਾਡਾ ਗਿਆਨ ਕਿੰਨਾ ਅਧੂਰਾ ਹੈ। ਇਸ ਤੋਂ ਅੰਦਾਜ਼ਾ ਇਹੀ ਲਗਦਾ ਹੈ ਕਿ ਤੁਸੀਂ ਬਿਕ੍ਰਮੀ ਕੈਲੰਡਰ ਦੀ ਪੰਚਾਂਗ ਕਦੀ ਵੇਖੀ ਹੀ ਨਹੀਂ। ਜੇ ਵੇਖੀ ਹੁੰਦੀ ਤਾਂ ਤੁਹਾਨੂੰ ਜਰੂਰ ਸਮਝ ਆ ਜਾਂਦੀ ਕਿ ਬਿਕਰਮੀ ਸਾਲ ਚੇਤਰ ਵਦੀ ੧ ਜਾਂ ਚੇਤਰ ੧ ਤੋਂ ਨਹੀਂ ਬਲਿਕ ਚੰਦਰ ਸਾਲ ਚੇਤ ਸੁਦੀ ੧ ਅਤੇ ਸੂਰਜੀ ਸਾਲ ੧ ਵੈਸਾਖ ਤੋਂ ਸ਼ੁਰੂ ਹੁੰਦਾ ਹੈ। ਬਿਕਰਮੀ ਕੈਲੰਡਰ ਦੇ 12 ਮਹੀਨੇ ਚੇਤਰ ਤੋਂ ਫ਼ੱਗਣ ਨਹੀਂ ਬਲਕਿ ਵੈਸਾਖ ਤੋਂ ਚੇਤਰ ਤੱਕ ਹੁੰਦੇ ਹਨ। ਹਾਂ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਦੋਵੇਂ ਬਾਰਹ ਮਾਹਾ ਦੇ ਮਹੀਨੇ ਜਰੂਰ ਚੇਤਰ ਤੋਂ ਫੱਗਣ ਤੱਕ ਹੁੰਦੇ ਹਨ ਜਿੱਥੋਂ ਸੇਧ ਲੈ ਕੇ ਨਾਨਕਸ਼ਾਹੀ ਕੈਲੰਡਰ ’ਚ ਮਹੀਨੇ ਚੇਤਰ ਤੋਂ ਫੱਗਣ ਤੱਕ ਰੱਖੇ ਗਏ ਹਨ। ਜੇ ਨਾਮ ਬਦਲਣ ਨਾਲ ਹੀ ਵੱਖਰਾ ਕੈਲੰਡਰ ਬਣ ਜਾਂਦਾ ਤਾਂ ਤੁਹਾਡੇ ਵੱਲੋਂ ਗ੍ਰੈਗੋਰੀਅਨ ਕੈਲੰਡਰ ਦੇ ਮਹੀਨੇ ਜਨਵਰੀ ਫ਼ਰਵਰੀ ਦੇ ਨਾਮ ਬਦਲ ਕੇ ਨਾਨਕ ਮਾਹ, ਅੰਗਦ ਮਾਹ ਰੱਖਣ ਨਾਲ ਉਹ ਵੱਖਰਾ ਕੈਲੰਡਰ ਨਹੀਂ ਸੀ ਬਣ ਗਿਆ ਇਸੇ ਕਾਰਨ ਤੁਹਾਨੂੰ ਉਹ ਵਾਪਸ ਲੈਣਾ ਪਿਆ।
ਦਿਲਗੀਰ ਜੀ ਦਾ ਇਤਰਾਜ਼ 2 : ਇਹ [ਪੁਰੇਵਾਲ] ਕਹਿੰਦੇ ਗੁਰੂ ਕਾਲ ਸਮੇਂ ਜੂਲੀਅਨ ਕੈਲੰਡਰ ਚਲਦਾ ਹੀ ਨਹੀਂ ਸੀ, ਮੈਂ [ਦਿਲਗੀਰ] ਕਹਿੰਦੈ ਚਲਦਾ ਸੀ ਫਰਕ ਇਤਨਾ ਹੈ ਕਿ ਉਸ ਸਮੇਂ ਇਸ ਨੂੰ ਇੰਡਿਆ ਨਹੀਂ ਸੀ ਕਹਿੰਦੇ। ਜਿਥੇ ਈਸਟ ਇੰਡੀਆ ਕੰਪਨੀ ਦਾ ਰਾਜ ਸੀ ਉਸ ਨੂੰ ਇੰਡੀਆ ਕਹਿਣ ਲੱਗ ਪਏ ।
ਜਵਾਬ: ਜਿਸ ਬੰਦੇ ਨੂੰ ਇਹ ਨਹੀਂ ਪਤਾ ਕਿ ਈਸਟ ਇੰਡੀਆ ਕੰਪਨੀ ਗੁਰੂ ਕਾਲ ਦੌਰਾਨ ਭਾਰਤ ’ਚ ਆ ਗਈ ਸੀ ਜਾਂ ਨਹੀਂ ਕੀ ਉਸ ਨੂੰ ਇਤਿਹਾਸਕਾਰ ਕਿਹਾ ਜਾ ਸਕਦਾ ਹੈ? ਇਤਿਹਾਸਕਾਰ ਜੀਉਂ ਤੁਸੀਂ 10 ਭਾਗਾਂ ਵਿੱਚ ਇਤਿਹਾਸ ਲਿਖਿਆ ਹੈ ਤੁਸੀਂ ਉਸ ਸਮੇਂ ਦੀਆਂ ਜਨਮ ਸਾਖੀਆਂ, ਭੱਟ ਬਹੀਆਂ, ਗੁਰਸੋਭਾ, ਗੁਰਪਤਾਪ ਸੂਰਜ, ਪੰਥ ਪ੍ਰਕਾਸ਼, ਤਵਾਰੀਖ਼ ਗੁਰੂ ਖ਼ਾਲਸਾ ਆਦਿਕ ਜਿਹੜੇ ਜਿਹੜੇ ਵੀ ਪੁਰਾਤਨ ਸੋਮਿਆਂ ਤੋਂ ਤਾਰੀਖ਼ਾਂ ਲਿਖੀਆਂ ਹਨ ਕੀ ਉਨ੍ਹਾਂ ਵਿੱਚ ਜੂਲੀਅਨ ਦੀ ਤਾਰੀਖ਼ਾਂ ਦਰਜ ਹਨ? ਜੇ ਜੂਲੀਅਨ ਕੈਲੰਡਰ ਪ੍ਰਚਲਤ ਹੁੰਦਾ ਤਾਂ ਜਰੂਰ ਹੋਣੀਆਂ ਚਾਹੀਦੀਆਂ ਸਨ। ਤੁਸੀਂ ਜਿਨ੍ਹਾਂ ਕਿਤਾਬਾਂ ਦੀ ਗੱਲ ਕਰਦੇ ਹੋ ਉਹ ਅੰਗਰੇਜਾਂ ਵੱਲੋਂ ਪੰਜਾਬ ’ਤੇ ਕਬਜ਼ਾ ਕਰ ਲੈਣ ਪਿੱਛੋਂ ਖਾਸ ਕਰਕੇ ਸ: ਕਰਮ ਸਿੰਘ ਹਿਸਟੋਰੀਅਨ ਅਤੇ ਇਨ੍ਹਾਂ ਤੋਂ ਪਿੱਛੋਂ ਦੇ ਇਤਿਹਾਸਕਾਰਾਂ ਨੇ ਤਾਰੀਖ਼ਾਂ ਤਬਦੀਲ ਕਰ ਕਰ ਕੇ ਕੱਢੀਆਂ ਹਨ। ਜੇ ਇਨ੍ਹਾਂ ਇਤਿਹਾਸਕਾਰਾਂ ਨੇ ਸਵਾਮੀ ਕੰਨੂਪਿੱਲੇ ਦੀ ਜੰਤਰੀ ਜਾਂ ਕੈਂਬ੍ਰਿਜ ਯੂਨੀਵਰਸਟੀ ਵੱਲੋਂ ਤਿਆਰ ਕਰਵਾਈਆਂ ਕਲੈਂਡਰੀਕਲ ਟੈਬੂਲੇਸ਼ਨ ਦੀ ਸਹਾਇਤਾ ਨਾਲ ਪਿਛਲੀਆਂ ਤਾਰੀਖ਼ਾਂ ਤਬਦੀਲ ਕਰ ਕੇ ਲਿਖ ਦਿੱਤੀਆਂ ਤਾਂ ਇਸ ਦਾ ਕਦਾਚਿਤ ਭਾਵ ਨਹੀਂ ਕਿ ਗੁਰੂ ਸਾਹਿਬਾਨ ਸਮੇਂ ਜੂਲੀਅਨ ਕੈਲੰਡਰ ਲਾਗੂ ਸੀ।
ਦਿਲਗੀਰ ਜੀ ਦਾ ਇਤਰਾਜ਼ 3 : ਸਾਰੀ ਦੁਨੀਆਂ ’ਚ ਮੌਸਮ ਇੱਕੋ ਜਿਹਾ ਨਹੀਂ ਹੁੰਦਾ। ਜਦੋਂ ਪੰਜਾਬ ’ਚ “ਆਸਾੜ ਤਪੰਦਾ.....” ਹੁੰਦਾ ਹੈ ਉਸ ਸਮੇਂ ਆਸਟ੍ਰੇਲੀਆ ’ਚ ਠੰਡ ਪੈਂਦੀ ਹੈ।
ਜਵਾਬ : ਇਤਿਹਾਸਕਾਰ ਜੀ ਤੁਸੀਂ ਕਦੋਂ ਸਮਝਣ ਦੀ ਕੋਸ਼ਿਸ਼ ਕਰੋਗੇ ਕਿ ਗੁਰੂ ਸਾਹਿਬ ਜੀ ਨੇ ਗੁਰਬਾਣੀ ਪੰਜਾਬ ’ਚ ਉਚਾਰਣ ਕੀਤੀ ਸੀ ਜਾਂ ਆਸਟ੍ਰੇਲੀਆ ’ਚ। ਜਦੋਂ ਇਤਿਹਾਸ ਵਿੱਚ ਲਿਖਿਆ ਜਾਂਦਾ ਹੈ ਕਿ ਹਾੜ ਮਹੀਨੇ ਦੀ ਤਪਦੀ ਧੁੱਪ ’ਚ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ’ਤੇ ਬਿਠਾ ਕੇ ਉੱਪਰ ਗਰਮ ਰੇਤ ਪਾਈ ਤਾਂ ਉਸ ਵੇਲੇ ਪੰਜਾਬ ਦੇ ਹਾੜ ਦਾ ਮੌਸਮ ਵਰਨਣ ਹੈ ਜਾਂ ਆਸਟ੍ਰੇਲੀਆ ਦਾ? ਜਿਸ ਸਮੇਂ ਲਿਖਿਆ ਜਾਂਦਾ ਹੈ ਕਿ ਪੋਹ ਮਹੀਨੇ ਦੀ ਠੰਡ ’ਚ ਛੋਟੇ ਸਾਹਿਹਬਜ਼ਾਦਿਆਂ ਤੇ ਮਾਤਾ ਜੀ ਨੂੰ ਠੰਡੇ ਬੁਰਜ ’ਚ ਰੱਖ ਕੇ ਤਸੀਹੇ ਦਿੱਤੇ ਗਏ ਤਾਂ ਉਸ ਵੇਲੇ ਪੰਜਾਬ ਦੇ ਪੋਹ ਮਹੀਨੇ ਦਾ ਜ਼ਿਕਰ ਹੈ ਜਾਂ ਆਸਟ੍ਰੇਲੀਆ ਦੇ ਪੋਹ ਮਹੀਨੇ ਦਾ?
ਦਿਲਗੀਰ ਜੀ ਦਾ ਇਤਰਾਜ਼ 4 : ਹਿਜ਼ਰੀ ਕੈਲੰਡਰ ਦੇ ਹੁੰਦੇ ਹੀ 10 ਮਹੀਨੇ ਹਨ। ਉਨ੍ਹਾਂ ਦੇ ਦਿਹਾੜੇ 10 ਮਹੀਨਿਆਂ ਪਿੱਛੋਂ ਆਉਣ ਕਰ ਕੇ ਕਦੀ ਗਰਮੀ ’ਚ ਆ ਜਾਂਦੇ ਹਨ ਅਤੇ ਕਦੀ ਸਰਦੀ ’ਚ।
ਜਵਾਬ : ਜਾਪਦਾ ਹੈ ਦਿਲਗੀਰ ਨੇ ਕਦੀ ਹਿਜ਼ਰੀ ਕੈਲੰਡਰ ਵੇਖਿਆ ਤੱਕ ਨਹੀਂ। ਜੇ ਵੇਖਿਆ ਹੁੰਦਾ ਤਾਂ ਉਸ ਨੂੰ ਜਰੂਰ ਪਤਾ ਹੁੰਦਾ ਕਿ ਮਹੀਨੇ 10 ਨਹੀਂ 12 ਹੀ ਹੁੰਦੇ ਹਨ। ਖਾਲਸ ਚੰਦਰ ਕੈਲੰਡਰ ਹੋਣ ਕਰਕੇ ਸਾਲ 365 ਦਿਨਾਂ ਦਾ ਨਹੀਂ ਬਲਕਿ 354 ਦਿਨਾਂ ਦਾ ਹੁੰਦਾ ਹੈ। ਤੇ ਹਰ ਸਾਲ ਉਹੀ ਦਿਹਾੜੇ 11 ਦਿਨ ਪਹਿਲਾਂ ਆਉਂਦੇ ਰਹਿੰਦੇ ਹਨ।
ਦਿਲਗੀਰ ਜੀ ਦਾ ਇਤਰਾਜ਼ 5 : ਦੁਨੀਆਂ ਦੀ ਉਮਰ ਸੌ ਦੋ ਸੌ ਸਾਲ ਤੋਂ ਵੱਧ ਨਹੀਂ ਤੇ ਪੁਰੇਵਾਲ 3300 ਸਾਲ ਦੀਆਂ ਗੱਲਾਂ ਕਰੀ ਜਾਂਦੈ।
ਜਵਾਬ : ਦਿਲਗੀਰ ਜੀ ਇਹ ਭਵਿੱਖ ਬਾਣੀ ਤੁਸੀਂ ਕਿਸ ਅਧਾਰ ’ਤੇ ਕਰ ਰਹੇ ਹੋ।
ਦਿਲਗੀਰ ਜੀ ਦਾ ਇਤਰਾਜ਼ 6 : ਕਿਸੇ ਜ਼ਮਾਨੇ ’ਚ ਦਿਨ 24 ਘੰਟੇ ਦਾ ਨਹੀਂ ਸੀ ਹੁੰਦਾ 21 ਘੰਟੇ ਦਾ ਹੁੰਦਾ ਸੀ; ਸਾਲ 365 ਦਿਨ ਦਾ ਨਹੀਂ ਸੀ ਹੁੰਦਾ 410 ਦਿਨਾਂ ਦਾ ਹੁੰਦਾ ਸੀ। ਪੰਜ ਸੱਤ ਸੌ ਸਾਲ ਬਾਅਦ ਦਿਨ 26-30 ਘੰਟੇ ਦਾ ਹੋ ਜਾਵੇਗਾ ਤੇ ਸਾਲ 300-350 ਦਿਨ ਦਾ ਹੋ ਜਾਵੇਗਾ। ਕਾਰਣ ਇਹ ਹੈ ਕਿ ਧਰਤੀ ਦੀ ਸਪੀਡ ਘਟ ਰਹੀ ਹੈ ਤੇ ਉਸ ਦੇ ਹਿਸਾਬ ਨਾਲ ਦਿਨ ਅਤੇ ਸਾਲ ਦੀ ਲੰਬਾਈ ’ਚ ਵੀ ਫਰਕ ਪੈ ਰਿਹਾ ਹੈ।
ਜਵਾਬ : ਦਿਲਗੀਰ ਜੀ ਜਿੰਨੀ ਸਪੀਡ ਨਾਲ ਇਸ ਵੀਡੀਓ ’ਚ ਬਿਨਾਂ ਬਰੇਕਾਂ ਤੋਂ ਬੋਲ ਰਿਹਾ ਹੈ ਉਸ ਤੋਂ ਵੀ ਤੇਜ ਸਪੀਡ ਨਾਲ ਉਹ ਧਰਤੀ ਨੂੰ ਮਨੋਕਲਪਿਤ ਗਿਆਨ ਦੇ ਸਹਾਰੇ ਘੁਮਾ ਰਿਹਾ ਹੈ ਪਰ ਉਸ ਨੂੰ ਪਤਾ ਨਹੀਂ ਲੱਗ ਰਿਹਾ ਕਿ ਜਿਸ ਸਪੀਡ ਨਾਲ ਉਹ ਸਾਲ ਦੀ ਲੰਬਾਈ ਘਟਾ ਰਿਹਾ ਹੈ ਉਸ ਸਪੀਡ ਦਾ ਵੇਰਵਾ ਉਸ ਨੇ ਕਿਸ ਹਵਾਲੇ ਤੋਂ ਲਿਆ ਹੈ। ਦਿਲਗੀਰ ਜੀ ਨੇ ਤਾਂ ਸਮਝਣਾ ਹੀ ਨਹੀਂ ਅਤੇ ਨਾ ਹੀ ਉਸ ਦੀ ਸਮਝ ’ਚ ਆਉਣ ਵਾਲਾ ਇਹ ਵਿਸ਼ਾ ਹੈ। ਬਾਕੀ ਦੇ ਸਾਥੀਆਂ ਦੀ ਜਾਣਕਾਰੀ ਲਈ ਮੈਂ ਪੁਸਤਕ Eclipse written by Duncan Steel Forward by Paul Davies ਦੇ ਪੰਨਾ ਨੰ: 143 ਦੀ ਕਾਪੀ ਅਟੈਚ ਕਰ ਰਿਹਾ ਹਾਂ। ਮੇਰੇ ਸਾਥੀ ਵੇਖ ਸਕਦੇ ਹਨ ਕਿ ਇਸ ਪੁਸਤਕ ਵਿੱਚ ਲਿਖਿਆ ਹੈ ਕਿ 10 ਸਾਲਾਂ ਵਿੱਚ ਦਿਨ ਦੀ ਲੰਬਾਈ 0.17 ਮਿਲੀ ਸੈਕੰਡ ਵੱਧ ਪਾਈ ਗਈ। ਇਸ ਹਿਸਾਬ ਨਾਲ 1000 ਸਾਲ ’ਚ ਦਿਨ ਦੀ ਲੰਬਾਈ ਕੇਵਲ 17 ਮਿਲੀ ਸੈਕੰਡ ਵੱਧ ਜਾਵੇਗੀ। ਦੂਸਰੀ ਉਦਾਹਰਣ ਵਿਕੀਪੀਡੀਏ ਦੇ ਲਿੰਕ https://sh-ort.app/gbkkp ’ਤੇ ਜਾਉ ਤਾਂ ਉਸ ’ਤੇ ਇਸ ਤਰ੍ਹਾਂ ਲਿਖਿਆ ਹੈ : Calendar year
It has a cycle of 400 years (146,097 days). ... Aggravating this error, the length of the tropical year (measured in Terrestrial Time) is decreasing at a rate of approximately 0.53 s per century. Also, the mean solar day is getting longer at a rate of about 1.5 ms per century.
ਵਿਕੀਪੀਡੀਏ ’ਤੇ ਦਿੱਤੇ ਇਸ ਡਾਟੇ ਅਨਸਾਰ 100 ਸਾਲ ਵਿੱਚ ਦਿਨ ਦੀ ਲੰਬਾਈ 1.5 ਮਿਲੀ ਸੈਕਿੰਡ ਵੱਧ ਜਾਵੇਗੀ ਭਾਵ 1000 ਸਾਲ ਵਿੱਚ ਕੇਵਲ 15 ਮਿਲੀ ਸੈਕੰਡ ਵੱਧ ਹੋਵੇਗੀ। ਦਨਕਨ ਸਟੀਲ ਨਾਲ ਮੁਕਾਬਲਾ ਕਰ ਕੇ ਵੇਖਿਆ ਜਾਵੇ ਤਾਂ 1000 ਸਾਲ ਵਿੱਚ ਆਪਸ ਵਿੱਚ ਕੇਵਲ 2 ਮਿਲੀ ਸੈਕੰਡ ਦਾ ਫਰਕ ਹੈ ਇਸ ਲਈ ਦੋਵਾਂ ਵਿੱਚੋਂ ਕੋਈ ਇੱਕ ਜਾਂ ਦੋਵਾਂ ਦੀ ਔਸਤ 16 ਮਿਲੀ ਸੈਕੰਡ ਇੱਕ ਹਜਾਰ ਸਾਲ ’ਚ ਵੱਧ ਹੋਵੇਗੀ। ਸਾਲ ਦੀ ਲੰਬਾਈ ਸਬੰਧੀ ਇਸ ਤੋਂ ਪਹਿਲੀ ਲਾਈਨ ਵਿੱਚ ਲਿਖਿਆ ਹੈ ਕਿ ਸਾਲ ਦੀ ਲੰਬਾਈ 100 ਸਾਲ ਵਿੱਚ 0.53 ਸੈਕੰਡ ਘਟ ਜਾਵੇਗੀ ਜਿਸ ਦਾ ਭਾਵ ਹੈ ਕਿ ਦਸ ਹਜਾਰ ਸਾਲ ਵਿੱਚ ਕੇਵਲ 53 ਸੈਕੰਡ। ਮੈਨੂੰ ਤਾਂ ਦਿਲਗੀਰ ਸਾਹਿਬ ਜੀ ਨੇ ਜਵਾਬ ਦੇਣਾਂ ਹੀ ਨਹੀਂ ਇਸ ਲਈ ਗਰੁੱਪ ਦੇ ਬਾਕੀ ਦੇ ਸਾਥੀ ਉਨ੍ਹਾਂ ਤੋਂ ਜਰੂਰ ਪੁੱਛ ਲੈਣ ਕਿ ਦਿਨ ਦੀ ਲੰਬਾਈ 21 ਘੰਟੇ ਕਦੋਂ ਸੀ ਅਤੇ 30 ਘੰਟੇ ਕਦੋਂ ਹੋ ਜਾਵੇਗੀ? ਸਾਲ 410 ਦਿਨ ਦਾ ਕਦੋਂ ਸੀ ਅਤੇ 300 ਦਿਨਾਂ ਦਾ ਕਦੋਂ ਹੋ ਜਾਵੇਗਾ? ਮੈਨੂੰ ਪਤਾ ਹੈ ਕਿ ਉਸ ਨੇ ਕਿਸੇ ਨੂੰ ਵੀ ਕੋਈ ਜਵਾਬ ਨਾ ਦੇਣਾ ਹੈ ਅਤੇ ਨਾ ਹੀ ਜਵਾਬ ਦੇਣ ਦੀ ਉਸ ਵਿੱਚ ਸਮਰੱਥਾ ਹੈ ਕਿਉਂਕਿ ਉਹ ਤਾਂ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਸ ਦੀ ਭਵਿੱਖ ਬਾਣੀ ਕੋਈ ਨਹੀਂ ਕਰ ਸਕਦਾ ਹਾਂ ਭਾਰਤ ਦੇ ਬ੍ਰਹਮ ਗਿਆਨੀ, ਜੋਤਸ਼ੀ, ਬਾਬੇ, ਸੰਤ ਜਰੂਰ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਦੇ ਹੱਥਾਂ ’ਚ ਯਾਦੂ ਹੁੰਦੈ ਨ।
ਦਿਲਗੀਰ ਜੀ ਦਾ ਇਤਰਾਜ਼ 7 : ਦਿਲਗੀਰ ਜੀ ਨੇ ਕਿਹਾ ਕਿ ਗਲੋਬਲ ਵਾਰਮਿੰਗ ਨਾਲ ਮੌਸਮ ਤਾਂ ਬਦਲ ਹੀ ਰਹੇ ਹਨ ਹੁਣ ਤਾਂ ਮੋਗੇ ਅਤੇ ਲੁਧਿਆਣਾ ’ਚ ਵੀ ਬਰਫ਼ ਪੈਣ ਲੱਗ ਪਈ ਹੈ।
ਜਵਾਬ : ਦਿਲਗੀਰ ਜੀ ਦਾ ਇਹ ਕਥਨ ਜਨਰਲ ਨੌਲਜ਼ ਤੋਂ ਬਿਲਕੁਲ ਹੀ ਕੋਰੇ ਹੋਣ ਦਾ ਸਬੂਤ ਦਿੰਦਾ ਹੈ। ਇਹ ਸਭ ਨੂੰ ਪਤਾ ਹੈ ਕਿ ਗਲੋਬਲ ਵਾਰਮਿੰਗ ਨਾਲ ਪੰਜਾਬ ’ਚ ਬਰਫ਼ ਨਹੀਂ ਪੈਣੀ ਸਗੋਂ ਪਹਾੜਾਂ ਦੀਆਂ ਚੋਟੀਆਂ ਤੋਂ ਵੀ ਬਰਫ਼ ਪਿਘਲ ਜਾਣ ਦਾ ਖ਼ਤਰਾ ਬਣਿਆ ਹੋਇਆ ਹੈ ਜਿਸ ਨਾਲ ਮੈਦਾਨੀ ਇਲਾਕਿਆਂ ’ਚ ਹੜ੍ਹ ਅਤੇ ਸਮੁੰਦਰਾਂ ’ਚ ਪਾਣੀ ਦਾ ਲੈਵਲ ਵਧ ਸਕਦਾ ਹੈ ਜਿਸ ਨਾਲ ਸਮੁੰਦਰੀ ਤਟਾਂ ਦੇ ਨੇੜਲੇ ਨੀਵੇਂ ਇਲਾਕੇ ਪਾਣੀ ’ਚ ਡੁੱਬ ਸਕਦੇ ਹਨ।
ਡਾ: ਦਿਲਗੀਰ ਜੀ ਤੁਸੀਂ ਮੇਰੀ ਮੰਨਣੀ ਤਾਂ ਨਹੀਂ ਪਰ ਪੁਰਾਣਾ ਦੋਸਤ ਹੋਣ ਦੇ ਨਾਤੇ ਆਪ ਜੀ ਨੂੰ ਬੇਨਤੀ ਜਰੂਰ ਕਰਨਾ ਚਾਹਾਂਗਾ ਕਿ ਜਾਂ ਤਾਂ ਸੋਮੇ ਦੱਸੇ ਜਾਣ ਜਿਸ ਦੇ ਸਹਾਰੇ ਤੁਸੀ ਸਾਲ ਅਤੇ ਦਿਨਾਂ ਦੀ ਲੰਬਾਈ ਘਟਦੀ/ਵਧਦੀ ਦੱਸ ਰਹੇ ਹੋ; ਜੇ ਨਹੀਂ ਦੱਸ ਸਕਦੇ ਤਾਂ ਆਪਣੇ ਇਨ੍ਹਾਂ ਬਿਨਾਂ ਤੱਥਾਂ ਅਤੇ ਹਵਾਲਿਆਂ ਤੋਂ ਇਨ੍ਹਾਂ ਗਪੌੜਿਆਂ ਵਾਲੀਆਂ ਅਜਿਹੀਆਂ ਸਾਰੀਆਂ ਵੀਡੀਓ ਤੇ ਜਵਾਬ ਰੂਪੀ ਚਿੱਠੀਆਂ ਵਾਪਸ ਲੈ ਲਓ ਨਹੀਂ ਤਾਂ ਤੁਹਾਡੇ ਪਿੱਛੋਂ ਵੀ ਤੁਹਾਡੀ ਬਦਨਾਮੀ ਦਾ ਕਾਰਨ ਬਣਦੀਆਂ ਰਹਿਣਗੀਆਂ ਕਿ ਜਿਹੜਾ ਬੰਦਾ ਬਿਨਾਂ ਕਿਸੇ ਤੱਥਾਂ ਤੋਂ ਦੋ ਢਾਈ ਦਹਾਕੇ ਐਡੇ ਵੱਡੇ ਗਪੌੜੇ ਮਾਰ ਸਕਦਾ ਹੈ ਉਸ ਦੇ ਇਤਿਹਾਸਕ ਹਵਾਲਿਆਂ ਦਾ ਕੋਈ ਕੀ ਯਕੀਨ ਕਰੇਗਾ। ਅੱਗੇ ਮਰਜੀ ਤੁਹਾਡੀ ਹੈ।
ਇੱਕ ਗੱਲ ਹੋਰ ਹੈ ਕਿ ਦਿਲਗੀਰ ਵੱਲੋਂ ਸੁਝਾਈਆਂ ਗਈਆਂ ਗੁਰਪੁਰਬਾਂ ਦੀਆਂ ਤਾਰੀਖ਼ਾਂ ਕਰਨਲ ਸੁਰਜੀਤ ਸਿੰਘ ਨਿਸ਼ਾਨ ਤੇ ਸੰਤ ਸਮਾਜ ਸਮੇਤ ਉਨ੍ਹਾਂ ਦੇ ਸਮਰਥਕਾਂ ਨੂੰ ਕਦਾਚਿਤ ਮਨਜੂਰ ਨਹੀਂ ਅਤੇ ਕਰਨਲ ਨਿਸ਼ਾਨ ਵੱਲੋਂ ਆਪਣੇ ਗੁਰਪੁਰਬ ਦਰਪਣ ’ਚ ਦਿੱਤੀਆਂ ਤਾਰੀਖ਼ਾਂ ਡਾ: ਦਿਲਗੀਰ ਇੱਥੋਂ ਤੱਕ ਕਿ ਕਈ ਕੇਸਾਂ ਵਿੱਚ ਸੰਤ ਸਮਾਜ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਮਨਜੂਰ ਨਹੀਂ ਪਰ ਫਿਰ ਵੀ ਦੁਸ਼ਮਣ ਦਾ ਦੁਸ਼ਮਣ = ਮਿੱਤਰ ਦੀ ਕਹਾਵਤ ਵਾਂਙ ਔਖੇ ਵੇਲੇ ਇੱਕ ਦੂਜੇ ਦੀ ਮੱਦਦ ’ਚ ਡਟ ਕੇ ਖੜ੍ਹ ਜਾਂਦੇ ਹਨ। ਤੁਸੀਂ ਵੇਖ ਹੀ ਆਏ ਹੋ ਕਿ ਸਵਾਲ ਤਾਂ ਪੁੱਛੇ ਜਾ ਰਹੇ ਸਨ ਕਰਨਲ ਨਿਸ਼ਾਨ ਤੋਂ ਕਿ ਜਿਸ ਕੈਲੰਡਰ ਦੀ ੧ ਵੈਸਾਖ ਠੀਕ ਮੰਨਦੇ ਹੋ ਤਾਂ ਉਸੇ ਕੈਲੰਡਰ ਦੀ ੫ ਵੈਸਾਖ ਠੀਕ ਕਿਉਂ ਨਹੀਂ? ਜਦ ਉਹ ਸਵਾਲਾਂ ’ਚ ਘਿਰ ਗਿਆ ਤਾਂ ਆਪਣੇ ਮਿੱਤਰ ਦੀ ਮੱਦਦ ’ਚ ਹਰਦੇਵ ਸਿੰਘ ਜੰਮੂ ਨੇ ਆਪਣਾ ਪੁਰਾਣ ਰਾਗ ਅਲਾਪ ਲਿਆ ਕਿ ਪੁਰੇਵਾਲ ਉਸ ਦਾ ਜਵਾਬ ਦੇਣ ਤੋਂ ਭੱਜ ਰਿਹੈ ਅਤੇ ਦਿਲਗੀਰ ਜੀ ਨੇ ਪੁਰਾਣੀ ਵੀਡੀਓ ਪਾ ਦਿੱਤੀ। ਮਕਸਿਦ ਦੋਵਾਂ ਦਾ ਇੱਕੋ ਸੀ ਕਿ ਨਿਸ਼ਾਨ ਵੱਲੋਂ ਧਿਆਨ ਹਟਾ ਕੇ ਚਰਚਾ ਦੀ ਦਿਸ਼ਾ ਬਦਲੀ ਜਾਵੇ ਪਰ ਇਨ੍ਹਾਂ ਨੂੰ ਨਹੀਂ ਅਹਿਸਾਸ ਕਿ ਪੁਰਣੀ ਵੀਡੀਓ ਤੇ ਜਵਾਬ ਇਨ੍ਹਾਂ ਖ਼ੁਦ ਦੀ ਕਿੰਨੀ ਬੇਇਜ਼ਤੀ ਦਾ ਕਾਰਣ ਬਣ ਰਹੇ ਹਨ।
ਵਾਹਿਗੁਰੂ ਇਨ੍ਹਾਂ ਦੋਵਾਂ ਵਿਦਵਾਨਾਂ ਨੂੰ ਸੁਮੱਤ ਬਖ਼ਸ਼ੇ ਤਾ ਕਿ ਗਪੌੜ ਮਾਰਨ ਤੋਂ ਹਟ ਕੇ ਆਪਣੀ ਵਿਦਵਤਾ ਦਾ ਦੀਵਾਲਾ ਕਢਵਾਉਣ ਤੋਂ ਬਚ
ਸਤਿਕਾਰ ਸਹਿਤ
ਕਿਰਪਾਲ ਸਿੰਘ ਬਠਿੰਡਾ
ਜੂਨ 2021