" ਨਾਮ ਸਿਮਰਨ ਕੀ ਅਤੇ ਕਿਵੇਂ ? ”-
ਭਾਈ ਕਾਨ੍ਹ ਸਿੰਘ ਨਾਭਾ ਨੇ ‘ਨਾਮ’ ਦੇ ਅਰਥ ਲਿਖੇ ਹਨ- “ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ ਜਿਸ ਕਰਕੇ ਅਰਥ ਜਾਣਿਆ ਜਾਏ।ਗੁਰਬਾਣੀ ਵਿੱਚ ‘ਨਾਮ’ ਕਰਤਾਰ ਅਤੇ ਉਸ ਦਾ ਹੁਕਮ ਬੋਧਕ ਵੀ ਆਇਆ ਹੈ”।
ਪਰਮਾਤਮਾ ਨੂੰ ਕਿਸੇ ਨੇ ਸਥਾਪਤ ਨਹੀਂ ਕੀਤਾ ਜਿਸ ਨੇ ਕਿ ਉਸ ਦਾ ਕੋਈ ਨਾਮ ਰੱਖਿਆ ਹੋਵੇ । ਅਤੇ ਉਹ ਖੁਦ ਵੀ ਨਿਰਾਕਾਰ ਹੈ, ਇਸ ਲਈ ਕਿਸੇ ਭੌਤਿਕ ਤਰੀਕੇ ਨਾਲ ਉਹ ਖੁਦ ਵੀ ਨਹੀਂ ਦੱਸ ਸਕਦਾ ਕਿ ਉਸ ਦਾ ਅਸਲੀ ਨਾਮ ਕੀ ਹੈ । ਸੋ ਉਸ ਦੇ ਗੁਣਾਂ ਦੇ ਆਧਾਰ ਤੇ ਉਪਾਸ਼ਕਾਂ ਦੁਆਰਾ ਉਸ ਦੇ ਵੱਖ ਵੱਖ ਨਾਮ ਰੱਖ ਲਏ ਗਏ । ਕਿਉਂਕਿ ਉਸ ਦਾ ਅਸਲੀ ਕੋਈ ਨਾਮ ਨਹੀਂ ਹੈ, ਇਸ ਲਈ ਉਸ ਦੇ ਗੁਣਾਂ ਦੇ ਆਧਾਰ ਤੋ ਜੋ ਵੀ ਨਾਮ ਪ੍ਰਚੱਲਤ ਹੋ ਗਏ ਗੁਰੂ ਸਾਹਿਬਾਂ ਨੇ ਉਨ੍ਹਾਂ ਸਾਰੇ ਨਾਵਾਂ ਨੂੰ ਸਵਿਕਾਰ ਕੀਤਾ ਹੈ । ਪਰ ਇਸ ਸ਼ਰਤ ਨਾਲ ਕਿ ਨਾਮ ਚਾਹੇ ਕੋਈ ਵੀ ਹੋਵੇ ਪਰ ਉਹ ਨਾਮ ਕਿਸੇ ਸਰੀਰ-ਧਾਰੀ ਦੇਵੀ ਦੇਵਤੇ ਲਈ ਨਹੀਂ ਬਲਕਿ ਨਿਰਾਕਾਰ, ਵਿਆਪਕ, ਇਕ ਪਰਮਾਤਮਾ ਦੇ ਭਾਵ ਵਿੱਚ ਵਰਤਿਆ ਹੋਵੇ ।
ਨਾਮ ਜਪਣਾ ਕਿਉਂ ਹੈ?:-
ਗੁਰਮਤਿ ਅਨੁਸਾਰ ਮਨੁੱਖਾ ਜੀਵਨ ਦਾ ਮਕਸਦ ਅਤੇ ਆਖਰੀ ਮੰਜਿਲ ਪ੍ਰਭੂ ਵਿੱਚ ਅਭੇਦ ਹੋਣਾ ਹੈ । ਪ੍ਰਭੂ ਵਿੱਚ ਅਭੇਦ ਤਾਂ ਹੀ ਹੋਇਆ ਜਾ ਸਕਦਾ ਹੈ ਜੇ ਮਨੁੱਖ ਆਪਣੇ ਸੁਭਾਵ ਨੂੰ ਉਸ ਦੇ ਸੁਭਾਵ ਵਰਗਾ ਬਣਾ ਲਵੇ । ਉਸ ਵਰਗਾ ਸੁਭਾਵ ਕਿਵੇਂ ਹੋ ਸਕਦਾ ਹੈ ? ਜਿਸ ਦੇ ਨਾਮ ਅਤੇ ਗੁਣਾਂ ਦਾ ਵਖਿਆਨ ਹਰ ਵਕਤ ਕਰਦੇ ਰਹੀਏ। ਉੱਠਦਿਆਂ ਬੈਠਦਿਆਂ ਹਰ ਵੇਲੇ ਜਿਸ ਦਾ ਧਿਆਨ ਮਨ ਵਿੱਚ ਬਣਿਆ ਰਹੇ । ਗੱਲਾਂ ਬਾਤਾਂ ਵਿੱਚ ਵੀ ਹਰ ਵੇਲੇ ਜਿਸ ਦਾ ਜਿਕਰ ਕਰਦੇ ਰਹੀਏ, ਹੌਲੀ ਹੌਲੀ ਸਾਡਾ ਸੁਭਾਵ ਉਸੇ ਵਰਗਾ ਹੋਣਾ ਸ਼ੁਰੂ ਹੋ ਜਾਂਦਾ ਹੈ ।
ਪਰ ਗੁਰਮਤਿ ਵਿੱਚ ਪ੍ਰਭੂ ਨਾਲ ਆਪਣਾ ਸੁਭਾਵ ਮਿਲਾਣ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ ਹਉਮੈ ਦੀ ਦੱਸੀ ਗਈ ਹੈ । ਪ੍ਰਭੂ ਨੇ ਜੀਵ ਨੂੰ ਪੈਦਾ ਕੀਤਾ ਅਤੇ ਉਸ ਦੇ ਅੰਦਰ ਖੁਦ ਨਿਵਾਸ ਕਰਦਾ ਹੈ । ਪਰ ਇਹ ਉਸ ਦੀ ਖੇਡ ਹੈ ਕਿ ਉਸ ਨੇ ਜੀਵ ਦੇ ਨਾਲ ਹਉਮੈ ਦਾ ਰੋਗ ਵੀ ਲਗਾ ਦਿੱਤਾ ਹੈ । ਆਪਣੇ ਅਤੇ ਜੀਵ ਦੇ ਵਿਚਾਲੇ ਹਉਮੈ ਦਾ ਇਕ ਪਤਲਾ ਜਿਹਾ ਪੜਦਾ ਵੀ ਪਾ ਦਿੱਤਾ ਹੈ । ਪਹਿਲਾਂ ਇਸ ਹਉਮੈ ਨੂੰ ਵੀ ਸਮਝਣ ਦੀ ਜਰੂਰਤ ਹੈ ਕਿ ਇਹ ਹੈ ਕੀ । ਹਉਮੈ ਹੈ, ਪ੍ਰਭੂ ਨਾਲੋਂ ਆਪਣੇ ਆਪ ਨੂੰ ਵੱਖਰੀ ਹਸਤੀ ਸਮਝਣਾ।ਆਪਣੀ ਇਸ ਵੱਖਰੀ ਹਸਤੀ ਸਮਝਣ ਕਰਕੇ ਮਨੁੱਖ ਆਪਣਾ ਇੱਕ ਵੱਖਰਾ ਸੰਸਾਰ ਰਚ ਲੈਂਦਾ ਹੈ । ਦੁਨੀਆਂ ਦੀ ਹਰ ਸ਼ੈਅ ਆਪਣੀ ਅਤੇ ਆਪਣੇ ਪਰਿਵਾਰ ਦੀ ਬਨਾਣ ਵਿੱਚ ਰੁੱਝ ਜਾਂਦਾ ਹੈ । ਹਰ ਸ਼ੈਅ ਆਪਣੀ ਬਨਾਣ ਦੀ ਧੁਨ ਵਿੱਚ ਇਹ ਲੋਭ ਲਾਲਚ ਅਤੇ ਹੋਰ ਵਿਕਾਰਾਂ ਵਿੱਚ ਫਸਦਾ ਜਾਂਦਾ ਹੈ । ਇਨ੍ਹਾਂ ਵਿਕਾਰਾਂ ਵਿੱਚ ਫਸਕੇ, ਪ੍ਰਭੂ ਨਾਲੋਂ ਆਪਣੀ ਵੱਖਰੀ ਹੋਂਦ ਅਰਥਾਤ ‘ਹਉਮੈ’ ਦੀ ਕੰਧ ਢਾਉਣ ਦੀ ਬਜਾਏ ਹੋਰ ਕਰੜੀ ਕਰੀ ਜਾਂਦਾ ਹੈ।
“ਧਨ ਪਿਰ ਕਾ ਇਕ ਹੀ ਸੰਗਿ ਵਾਸਾ ਵਿਚਿ ਹਉਮੈ ਭੀਤਿ ਕਰਾਰੀ॥” (ਪ-1263)
“ਹਉਮੈ ਨਾਵੈ ਨਾਲ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥
ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ ॥1॥
ਹਰਿ ਚੇਤਿ ਮਨ ਮੇਰੇ ਤੂ ਗੁਰ ਕਾ ਸਬਦੁ ਕਮਾਇ ॥
ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ ॥ ਰਹਾਉ ॥
ਹਉਮੈ ਸਭੁ ਸਰੀਰ ਹੈ ਹਉਮੈ ਓਪਤਿ ਹੋਇ ॥
ਹਉਮੈ ਵਡਾ ਗੁਬਾਰੁ ਹੈ ਹਉਮੈ ਵਿਚਿ ਬੁਝਿ ਨ ਸਕੈ ਕੋਇ ॥2॥
ਹਉਮੈ ਵਿਚਿ ਭਗਤਿ ਨ ਹੋਵਈ ਹੁਕਮੁ ਨ ਬੁਝਿਆ ਜਾਇ ॥
ਹਉਮੈ ਵਿਚਿ ਜੀਉ ਬੰਧੁ ਹੈ ਨਾਮੁ ਨ ਵਸੈ ਮਨਿ ਆਇ ॥3॥” (ਪ-560)
ਕੀ ਇਹ ਹਉਮੈ ਦੀ ਕੰਧ ਟੁੱਟ ਸਕਦੀ ਹੈ?ਜੇ ਟੁੱਟ ਸਕਦੀ ਹੈ ਤਾਂ ਕਿਵੇਂ ?
“ਹਉਮੈ ਦੀਰਘ ਰੋਗ ਹੈ ਦਾਰੂ ਭੀ ਇਸੁ ਮਾਹਿ ॥
ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥
ਨਾਨਕ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ॥” (466)
ਹੁਉਮੈ ਦਾ ਰੋਗ ਭਿਆਨਕ ਰੋਗ ਹੈ ਜੋ ਮਨੁੱਖ ਨਾਲ ਚੁੰਬੜਿਆ ਹੋਇਆ ਹੈ । ਪਰ ਇਹ ਰੋਗ ਲਾ-ਇਲਾਜ ਨਹੀਂ ਇਸ ਦਾ ਇਲਾਜ ਵੀ ਹੈ । ਇਲਾਜ ਹੈ ਆਪਣੇ ਮਨ ਦੀ ਮੱਤ ਤਿਆਗ ਕੇ ਗੁਰੂ ਦੇ ਹੁਕਮ ਵਿੱਚ ਚੱਲਣਾ, ਉਸ ਦੀ ਕਿਰਪਾ ਦਾ ਪਾਤਰ ਬਣਨਾ ।
“ਨਾਨਕ ਸਤਿਗੁਰਿ ਮਿਲਿਐ ਹਉਮੈ ਗਈ ਤਾ ਸਚੁ ਵਸਿਆ ਮਨਿ ਆਇ ॥
ਸਚੁ ਕਮਾਵੈ ਸਚਿ ਰਹੈ ਸਚੇ ਸੇਵਿ ਸਮਾਇ ॥” (ਪ-560)
“ਹਉ ਹਉ ਮੈ ਮੈ ਵਿਚਹੁ ਖੋਵੈ ॥ ਦੂਜਾ ਮੇਟੈ ਏਕੋ ਹੋਵੈ ॥
ਜਗੁ ਕਰੜਾ ਮਨਮੁਖੁ ਗਾਵਾਰ ॥ ਸਬਦੁ ਕਮਾਈਐ ਖਾਈਐ ਸਾਰੁ ॥
ਅੰਤਰਿ ਬਾਹਰਿ ਏਕੋ ਜਾਣੈ ॥ ਨਾਨਕ ਅਗਨਿ ਮਰੈ ਸਤਿਗੁਰ ਕੈ ਭਾਣੈ ॥” (ਪ-943)
ਅਰਥ- (ਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਹ) ਮਨ ਵਿੱਚੋਂ ਖ਼ੁਦਗਰਜੀ ਦੂਰ ਕਰਦਾ ਹੈ, ਵਿਤਕਰਾ ਮਿਟਾ ਦੇਂਦਾ ਹੈ, (ਸਭ ਨਾਲ) ਸਾਂਝ ਬਣਾਂਦਾ ਹੈ । (ਪਰ) ਜੋ ਮੂਰਖ ਮਨੁੱਖ ਮਨ ਦੇ ਪੱਛੇ ਤੁਰਦਾ ਹੈ ਉਹਦੇ ਲਈ ਜਗਤ ਕਰੜਾ ਹੈ (ਭਾਵ ਜੀਵਨ ਦੁਖਾਂ ਦੀ ਖਾਣ ਹੈ) । ਇਹ (ਜਗਤ ਦਾ ਦੁਖਦਾਈ-ਪਣ ਰੂਪ) ਲੋਹਾ ਤਦੋਂ ਹੀ ਖਾਧਾ ਜਾ ਸਕਦਾ ਹੈ ਜੇ ਸਤਿਗੁਰੂ ਦਾ ਸ਼ਬਦ ਕਮਾਈਏ (ਭਾਵ, ਗੁਰੂ ਦੇ ਹੁਕਮ ਵਿੱਚ ਤੁਰੀਏ) । ਹੇ ਨਾਨਕ ! ਜੋ ਮਨੁੱਖ (ਆਪਣੇ) ਅੰਦਰ ਤੇ ਬਾਹਰ (ਸਾਰੇ ਜਗਤ ਵਿੱਚ) ਇਕ ਪ੍ਰਭੂ ਨੂੰ (ਮੌਜੂਦ) ਸਮਝਦਾ ਹੈ ਉਸ ਦੀ ਤ੍ਰਿਸ਼ਨਾ ਦੀ ਅੱਗ ਸਤਿਗੁਰੂ ਦੀ ਰਜਾ ਵਿੱਚ ਤੁਰਿਆਂ ਮਿਟ ਜਾਂਦੀ ਹੈ ।
“ਏਕ ਸਬਦੁ ਜਿਤੁ ਕਥਾ ਵੀਚਾਰੀ ॥ ਗੁਰਮੁਖਿ ਹਉਮੈ ਅਗਨਿ ਨਿਵਾਰੀ ॥” (ਪ-943)
ਕੇਵਲ ਇਕ ਗੁਰੂ ਦਾ ਸ਼ਬਦ ਹੀ ਹੈ ਜਿਸ ਦੀ ਰਾਹੀਂ ਪ੍ਰਭੂ ਦੇ ਗੁਣ ਵਿਚਾਰੇ ਜਾ ਸਕਦੇ ਹਨ, (ਇਸ ਸ਼ਬਦ ਦੀ ਰਾਹੀਂ ਹੀ) ਗੁਰਮੁਖ ਮਨੁੱਖ ਨੇ ਹਉਮੈ (ਖ਼ੁਦਗ਼ਰਜੀ ਦੀ) ਅੱਗ (ਆਪਣੇ ਅੰਦਰੋਂ) ਦੂਰ ਕੀਤੀ ਹੈ ।
“ਪੂਰੇ ਗੁਰ ਤੇ ਨਾਮੁ ਪਾਇਆ ਜਾਇ ॥ ਸਚੈ ਸਬਦਿ ਸਚਿ ਸਮਾਇ ॥ 1॥
ਏ ਮਨ ਨਾਮੁ ਨਿਧਾਨੁ ਤੂ ਪਾਇ ॥ ਆਪਣੇ ਗੁਰ ਕੀ ਮੰਨਿ ਲੈ ਰਜਾਇ ॥ 1॥ ਰਹਾਉ ॥
ਗੁਰ ਕੈ ਸਬਦਿ ਵਿਚਹੁ ਮੈਲੁ ਗਵਾਇ ॥ ਨਿਰਮਲੁ ਨਾਮੁ ਵਸੈ ਮਨਿ ਆਇ ॥ 2॥
ਭਰਮੇ ਭੂਲਾ ਫਿਰੈ ਸੰਸਾਰੁ ॥ ਮਰਿ ਜਨਮੈ ਜਮੁ ਕਰੈ ਖੁਆਰੁ ॥ 3॥
ਨਾਨਕ ਸੇ ਵਡਭਾਗੀ ਜਿਨ ਹਰਿ ਨਾਮੁ ਧਿਆਇਆ ॥ ਗੁਰ ਪਰਸਾਦੀ ਮੰਨਿ ਵਸਾਇਆ ॥” (ਪ-560)
ਸੋ ਗੁਰੂ ਦੇ ਦੱਸੇ ਰਾਹ ਤੇ ਤੁਰਨ ਨਾਲ ਹਉਮੈ ਦੀ ਕੰਧ ਢੈਅ ਜਾਂਦੀ ਹੈ ।
“ਗੁਨ ਗਾਵਤ ਤੇਰੀ ਉਤਰਸਿ ਮੈਲੇ ॥ ਬਿਨਸਿ ਜਾਇ ਹਉਮੈ ਬਿਖੁ ਫੈਲ ॥
ਹੋਹਿ ਅਚਿੰਤੁ ਬਸੈ ਸੁਖ ਨਾਲਿ ॥ ਸਾਸਿ ਗ੍ਰਾਸਿ ਹਰਿ ਨਾਮੁ ਸਮਾਲਿ ॥” (ਪ-289)
ਗੁਰੂ ਤੋਂ ਸੇਧ ਮਿਲਦੀ ਹੈ ਕਿ ਪ੍ਰਭੂ ਦੇ ਗੁਣ ਗਾਣ ਨਾਲ ਮਨ ਤੋਂ ਸਾਰੀਆਂ ਮੈਲਾਂ ਦੂਰ ਹੋ ਜਾਂਦੀਆਂ ਹਨ ਅਤੇ ਨਾਮ ਜਪਣ ਦੇ ਕਾਬਲ ਹੋ ਜਾਂਦਾ ਹੈ ।
ਨਾਮ ਕਿਵੇਂ ਜਪਣਾ ਹੈ-
“ਜਪਹੁ ਤ ਏਕੋ ਨਾਮਾ ॥ ਅਵਰਿ ਨਿਰਾਰਥ ਕਾਮਾ ॥
…ਰਸਨਾ ਨਾਮੁ ਜਪਹੁ ਤਥੁ ਮਥੀਐ ਇਨ ਬਿਧਿ ਅੰਮ੍ਰਿਤ ਪਾਵਹੁ ॥” (ਪ-728)
ਬੋਲਹੁ ਭਈਆ ਸਦ ਰਾਮ ਰਾਮੁ ਰਾਮੁ ਰਵਿ ਰਹਿਆ ਸਰਬਗੇ ॥” (ਪ-1202)
“ਹਰਿ ਹਰਿ ਮੁਖ ਤੇ ਬੋਲਣਾ ਮਨਿ ਵੁਠੈ ਸੁਖੁ ਹੋਇ ॥
ਨਾਨਕ ਸਭ ਮਹਿ ਰਵਿ ਰਹਿਆ ਥਾਨ ਥਨੰਤਰਿ ਸੋਇ ॥” (ਪ-260)
ਪਰ ਅਸਲ ਵਿੱਚ ਨਾਮ ਜੀਭ ਨਾਲ ਉਚਾਰੇ ਜਾਣ ਤੱਕ ਹੀ ਸੀਮਿਤ ਵਿਸ਼ਾ ਨਹੀਂ ਹੈ । ਇਹ ਮਨ, ਹਿਰਦੇ ਵਿੱਚ ਵਸਾਣ ਦਾ ਵਿਸ਼ਾ ਹੈ । ਪਰ ਨਾਮ ਨੂੰ ਹਿਰਦੇ ਵਿੱਚ ਵਸਾਣ ਲਈ ਵੀ ਪਹਿਲਾਂ ਜੀਭ ਨਾਲ ਹੀ ਉਚਾਰਣਾ ਪਏਗਾ ।
“ਅਖਰੀ ਨਾਮੁ ਅਖਰੀ ਸਾਲਾਹ ॥ ਅਖਰੀ ਗਿਆਨੁ ਗੀਤ ਗੁਣ ਗਾਹ ॥”
ਸੋ ਨਾਮ ਜੀਭ ਨਾਲ ਉਚਾਰਣਾ ਹੈ ਪਰ ਸਿਰਫ ਉਚਾਰੀ ਜਾਣ ਦਾ ਕੋਈ ਲਾਭ ਨਹੀਂ । ਅਸੀਂ ਮੂਹੋਂ ਜੋ ਉਚਾਰ ਰਹੇ ਹਾਂ ਉਸ ਦਾ ਭਾਵ ਹਿਰਦੇ ਵਿੱਚ ਵਸਾਣਾ ਹੈ ।
“ਰਾਮ ਰਾਮ ਸਭ ਕੋ ਕਹੈ ਕਹਿਐ ਰਾਮੁ ਨ ਹੋਇ ॥
ਗੁਰ ਪਰਸਾਦੀ ਰਾਮੁ ਮਨਿ ਵਸੈ ਤਾਂ ਫਲੁ ਪਾਵੈ ਕੋਇ ॥
ਅੰਤਰਿ ਗੋਬਿੰਦ ਜਿਸੁ ਲਾਗੈ ਪ੍ਰੀਤਿ ॥
ਹਰਿ ਤਿਸੁ ਕਦੇ ਨ ਵੀਸਰੈ ਹਰਿ ਹਰਿ ਕਰਹਿ ਸਦਾ ਮਨਿ ਚੀਤਿ ॥” (ਪ-
ਜਸਬੀਰ ਸਿੰਘ ਵਿਰਦੀ
" ਨਾਮ ਸਿਮਰਨ ਕੀ ਅਤੇ ਕਿਵੇਂ ? ”-
Page Visitors: 3112