ਆਜ਼ਾਦੀ ਦੇ ਦਿਹਾੜੇ ’ਤੇ ਦਿੱਲੀ ਦੇ ਤਿਲਕ ਵਿਹਾਰ ’ਚ ਸਿੱਖਾਂ ’ਤੇ ਹਮਲਾ
* 84 ਕਾਂਡ ਵਰਗਾ ਦ੍ਰਿਸ਼ ਸਾਹਮਣੇ ਆਇਆ
* ਮਾਮੂਲੀ ਝਗੜੇ ਨੇ ਲਿਆ ਭਿਆਨਕ ਰੂਪ
ਨਵੀਂ ਦਿੱਲੀ, 15 ਅਗਸਤ (ਪੰਜਾਬ ਮੇਲ)- 15 ਅਗਸਤ ਭਾਰਤ ਦੀ ਆਜ਼ਾਦੀ ਦਿਵਸ ’ਤੇ ਦਿੱਲੀ ਦੇ ਤਿਲਕ ਵਿਹਾਰ ਵਿਖੇ ਸਿੱਖਾਂ ਨਾਲ ਇਕ ਵਾਰ ਫਿਰ 84 ਦੰਗਿਆਂ ਦਾ ਦ੍ਰਿਸ਼ ਦੁਹਰਾਇਆ ਗਿਆ। ਮਿਲੀ ਸੂਚਨਾ ਮੁਤਾਬਕ ਕੁਝ ਬੱਚਿਆਂ ਵਿਚ ਆਪਸੀ ਗੱਲ ’ਤੇ ਲੜਾਈ ਹੋਈ। ਬੱਚਿਆਂ ਦੀ ਇਹ ਲੜਾਈ ਇੰਨੀ ਵਧੀ ਕਿ ਇਹ ਇਕ ਫਿਰਕੂ ਰੂਪ ਧਾਰ ਗਈ। ਪੁਲਿਸ ਨੇ ਵੀ ਬਹੁ ਗਿਣਤੀ ਦਾ ਸਾਥ ਦਿੱਤਾ ਅਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਿੱਖਾਂ ਤੇ ਪਥਰਾਅ ਅਤੇ ਗੋਲੀਆਂ ਚਲਾਈਆਂ। ਇਸ ਘਟਨਾ ਵਿਚ 22 ਬੰਦੇ ਫੱਟੜ ਹੋਏ ਹਨ, ਜਿਨ੍ਹਾਂ ਵਿਚੋਂ 8 ਬੰਦਿਆਂ ਨੂੰ ਗੋਲੀਆਂ ਲੱਗੀ ਹੈ ਅਤੇ ਉਹ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਪੰਜਾਬ ਮੇਲ ਨਾਲ ਗੱਲਬਾਤ ਕਰਦਿਆਂ ਹੋਇਆਂ ਸਿੱਖਾਂ ਦੇ ਕੁਝ ਨੁਮਾਇੰਦਿਆਂ ਨੇ ਦੱਸਿਆ ਕਿ ਭਾਰਤ ਦੀ ਆਜ਼ਾਦੀ ਵਾਲੇ ਦਿਨ ਸਿੱਖਾਂ ਨੂੰ ਇਹ ਦਰਸਾਇਆ ਗਿਆ ਕਿ ਸਿੱਖ ਹਾਲੇ ਵੀ ਗੁਲਾਮ ਹਨ। ਸਾਡੇ ਸਾਹਮਣੇ ਪੁਲਿਸ ਨੇ ਗੋਲੀਆਂ ਚਲਾ ਕੇ ਸਿੱਖਾਂ ’ਚ ਭਾਂਜੜਾਂ ਪੁਆਈਆਂ ਹਨ। ਪੁਲਿਸ ਸਿੱਖਾਂ ਦੀ ਖਿਲਾਫ ਹੀ ਇਹ ਸਾਰੀ ਕਾਰਵਾਈ ਕਰ ਰਹੀ ਹੈ। ਸਿੱਖਾਂ ਦੇ ਘਰਾਂ ’ਤੇ ਪਥਰਾਅ ਕੀਤਾ ਗਿਆ ਤੇ ਉਨ੍ਹਾਂ ਦੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ। ਭਾਰੀ ਗਿਣਤੀ ’ਚ ਪੁਲਿਸ ਫੋਰਸ ਉਥੇ ਪਹੁੰਚੀ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਜਦੋਂ ਵੀ ਸਿੱਖ ਆਪਣੀ ਵਿਰੋਧ ਪ੍ਰਗਟ ਕਰਨ ਲਈ ਘਰਾਂ ਤੋਂ ਬਾਹਰ ਆਉਂਦੇ ਸਨ ਤਾਂ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਸੁੱਟ ਕੇ ਉਨ੍ਹਾਂ ਨੂੰ ਭਜਾ ਦਿੱਤਾ ਜਾਂਦਾ ਸੀ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ 84 ਦੇ ਦੰਗੇ ਦੁਹਰਾਏ ਜਾ ਰਹੇ ਹੋਣ। ਸਿੱਖ ਵਫਦ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਜਾਨ-ਮਾਲ ਨੂੰ ਖਤਰਾ ਹੈ ਅਤੇ ਤਿਲਕ ਵਿਹਾਰ ਵਿਚ ਇਸ ਵੇਲੇ ਜੰਗਲ ਰਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਤਿਆਰ ਬਰ ਤਿਆਰ ਹਾਂ। ਅਸੀਂ ਜਿੰਨੀ ਕੁ ਆਪਣੀ ਮਦਦ ਕਰ ਸਕਦੇ ਹਾਂ, ਕਰਾਂਗੇ। ਸਾਨੂੰ ਕਿਸੇ ’ਤੇ ਕੋਈ ਆਸ ਨਹੀਂ ਹੈ।
ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਅਤੇ ਮਨਜਿੰਦਰ ਸਿੰਘ ਸਿਰਸਾ ਨੇ ਸਿੱਖਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵੀ ਅਪੀਲ ਕੀਤੀ ਹੈ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ।
ਹਮਲੇ ਪਿੱਛੋ ਸਿੱਖਾਂ ਦੀ ਜਾਨ ਨੂੰ ਖਤਰਾ, ਪੁਲਿਸ ਦਾ ਰਵੱਈਆ ਪੱਖਪਾਤੀ
ਦਿੱਲੀ ’ਚ ਭਾਰਤ ਦੇ ਆਜ਼ਾਦੀ ਦਿਵਸ ’ਤੇ ਹੋਏ ਗੁਰਦੁਵਾਰਾ ਸਾਹਿਬ ’ਤੇ ਹਮਲੇ ਦੌਰਾਨ ਸਿੱਖਾਂ ਦੀ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਪੁਲਿਸ ਦਾ ਰਵੱਈਆ ਵੀ ਪੱਖਪਾਤੀ ਹੀ ਰਿਹਾ। ਕਿਉਂਕਿ ਪੁਲਿਸ ਨੇ ਸ਼ਰੇਆਮ ਗੁਰਦੁਵਾਰਾ ਸਾਹਿਬ ਦਾ ਬਚਾਅ ਕਰ ਰਹੇ ਸਿੱਖਾਂ ’ਤੇ ਫਾਇਰਿੰਗ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਸਿੱਖ ਔਰਤਾਂ ਗੁਰਦੁਆਰਾ ਸਾਹਿਬ ਵਿਖੇ ਸ਼ਰਨ ਲਈ ਬੈਠੀਆਂ ਹਨ। ਇਨ੍ਹਾਂ ਬੀਬੀਆਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵਲੋਂ ਉਨ੍ਹਾਂ ਨੂੰ ਗੁਰਦੁਵਾਰਾ ਸਾਹਿਬ ’ਚੋਂ ਨਿਕਲ ਜਾਣ ਲਈ ਭਾਰੀ ਦਬਾਅ ਬਣਾਇਆ ਜਾ ਰਿਹਾ ਹੈ, ਜਦਕਿ ਸਿੱਖਾਂ ’ਤੇ ਹਮਲਾ ਕਰਨ ਵਾਲੇ ਲੋਕ ਬਾਹਰ ਕਿਰਪਾਨਾਂ ਤੇ ਬਰਛਿਆਂ ਨਾਲ ਤਿਆਰ ਹੋਕੇ ਹਮਲਾ ਕਰਨ ਲਈ ਬੈਠੇ ਹਨ।