ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਤੇ ਜੋਤੀ-ਜੋਤ ਪੁਰਬ ਅਤੇ ਗੁਰੂ ਅੰਗਦ ਸਾਹਿਬ ਜੀ ਦਾ ਗੁਰਗੱਦੀ ਪੁਰਬ
ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਤੇ ਜੋਤੀ-ਜੋਤ ਪੁਰਬ ਅਤੇ ਗੁਰੂ ਅੰਗਦ ਸਾਹਿਬ ਜੀ ਦਾ ਗੁਰਗੱਦੀ ਪੁਰਬ
ਕਿਰਪਾਲ ਸਿੰਘ ਬਠਿੰਡਾ 88378-13661
ਸ. ਪਾਲ ਸਿੰਘ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਸਾਹਿਬਾਨ ਦੇ ਗੁਰਪੁਰਬ ਨਿਸ਼ਚਿਤ ਕਰਨ ਲਈ 34 ਪੁਰਾਤਨ ਅਤੇ ਨਵੀਨ ਲਿਖਾਰੀਆਂ ਦੀਆਂ ਪੁਸਤਕਾਂ ਵਿੱਚੋਂ ਤਾਰੀਖ਼ਾਂ ਨੋਟ ਕਰਕੇ ਇੱਕ ਸੂਚੀ ਬਣਾਈ ਅਤੇ 14 ਨਵੰਬਰ 1995 ਨੂੰ ਚੰਡੀਗੜ੍ਹ ਵਿਖੇ ਗੁਰੂ ਗੋਬਿੰਦ ਸਿੰਘ ਕਾਲਜ ਫ਼ਾਰ ਮੈੱਨ ਵਿੱਚ ਹੋਈ ਮੀਟਿੰਗ ’ਚ ਪੇਸ਼ ਕੀਤੀ। ਇਸ ਸੂਚੀ ਵਿੱਚੋਂ ਪ੍ਰਤੱਖ ਤੌਰ ’ਤੇ ਵੇਖਿਆ ਗਿਆ ਕਿ ਕੇਵਲ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਛੱਡ ਕੇ ਬਾਕੀ ਕਿਸੇ ਵੀ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜਿਆਂ ਵਿੱਚ ਇਕਸਾਰਤਾ ਨਹੀਂ ਸਗੋਂ ਮਤਭੇਦ ਹੀ ਹਨ ਭਾਵੇਂ ਕਿ ਜੋਤੀ-ਜੋਤ ਸਮਾਉਣ ਦੀਆਂ ਸਾਰੀਆਂ ਤਾਰੀਖ਼ਾਂ ਸੰਬੰਧੀ ਨਵੀਨ ਅਤੇ ਪੁਰਾਤਨ ਲਿਖਾਰੀਆਂ ਦੀ ਆਮ ਸਹਿਮਤੀ ਹੀ ਹੈ। ਇਸ ਦਾ ਕਾਰਨ ਇਹ ਹੈ ਕਿ ਜਨਮ ਵੇਲੇ ਕਿਸੇ ਨੂੰ ਨਹੀਂ ਪਤਾ ਹੁੰਦੈ ਕਿ ਇਸ ਬਾਲਕ ਨੇ ਵੱਡਾ ਹੋ ਕੇ ਗੁਰੂ ਬਣਨਾ ਹੈ ਅਤੇ ਇੰਨੇ ਮਹਾਨ ਰੁਤਬੇ ’ਤੇ ਪਹੁੰਚੇਗਾ, ਜਿਸ ਦੇ ਸਿਰ ਉੱਪਰ ਚਹੁੰ ਕੁੰਟਾਂ ਵਿੱਚ ਛਤਰ ਝੁਲੇਗਾ। ਇਸ ਲਈ ਉਨ੍ਹਾਂ ਦੇ ਜਨਮ ਦਿਨਾਂ ਦਾ ਕਿਸੇ ਨੇ ਬਹੁਤਾ ਰੀਕਾਰਡ ਨਹੀਂ ਰੱਖਿਆ ਪਰ ਜੋਤੀ-ਜੋਤ ਸਮਾਉਣ ਵੇਲੇ ਤਾਂ ਉਨ੍ਹਾਂ ਦੇ ਆਲੇ ਦੁਆਲੇ ਅਣਗਿਣਤ ਸਿੱਖ-ਸੇਵਕ ਹੋਣ ਕਰਕੇ ਉਨ੍ਹਾਂ ਦੇ ਜੋਤੀ-ਜੋਤ ਸਮਾਉਣ ਦੀ ਤਾਰੀਖ਼ ਸੰਬੰਧੀ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਿਹਾ ਤੇ ਤਾਰੀਖ਼ ਠੀਕ ਠੀਕ ਹੀ ਨੋਟ ਕੀਤੀ ਗਈ ਹੈ। ਇਸ ਲਈ ਗੁਰੂ ਸਾਹਿਬਾਨ ਦੇ ਜੋਤੀ-ਜੋਤ ਸਮਾਉਣ ਦੀ ਤਾਰੀਖ਼ ’ਚੋਂ ਉਨ੍ਹਾਂ ਦੀ ਕੁੱਲ ਸਰੀਰਕ ਉਮਰ ਜਾਂ ਗੁਰਿਆਈ ਦੇ ਕੁੱਲ ਸਮੇਂ ਨੂੰ ਘਟਾ ਕੇ ਪ੍ਰਕਾਸ਼ ਦਿਹਾੜਿਆਂ ਅਤੇ ਗੁਰਗੱਦੀ ’ਤੇ ਬਿਰਾਜਮਾਨ ਹੋਣ ਦੀਆਂ ਤਾਰੀਖ਼ਾਂ ਨਿਸ਼ਚਿਤ ਕੀਤੀਆਂ ਜਾਂਦੀਆਂ ਸਨ। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜੋਤੀ-ਜੋਤ ਸਮਾਉਣ ਅਤੇ ਗੁਰੂ ਅੰਗਦ ਸਾਹਿਬ ਜੀ ਦੇ ਗੁਰਗੱਦੀ ’ਤੇ ਬਿਰਾਜਮਾਨ ਹੋਣ ਦੀਆਂ ਤਾਰੀਖ਼ਾਂ ਸੰਬੰਧੀ ਸਿੱਖ ਇਤਿਹਾਸ ਵਿੱਚ ਵੱਡੇ ਭੁਲੇਖੇ ਹਨ। ਹਥਲੇ ਲੇਖ ਰਾਹੀਂ ਇਨ੍ਹਾਂ ਤਾਰੀਖ਼ਾਂ ਸੰਬੰਧੀ ਇਸ ਭੁਲੇਖੇ ਨੂੰ ਕੁੱਝ ਦੂਰ ਕਰਨ ਦਾ ਯਤਨ ਕੀਤਾ ਗਿਆ ਹੈ।
ਗੁਰੂ ਨਾਨਕ ਸਾਹਿਬ ਜੀ ਦਾ ਜੋਤੀ–ਜੋਤ ਪੁਰਬ : ਸ: ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤੀ ਸੂਚੀ ਵਿੱਚ ਤਕਰੀਬਨ ਸਾਰੇ ਹੀ ਲਿਖਾਰੀ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦੀ ਤਿੱਥ ਅੱਸੂ ਵਦੀ ੧੦ ਸੰਮਤ ੧੫੯੬ ਲਿਖਦੇ ਹਨ। ਕੇਵਲ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕਰਵਾਈ ਸ਼ੁੱਧ ਗੁਰਪ੍ਰਣਾਲੀ ਵਿੱਚ ਅੱਸੂ ਸੁਦੀ ੧੦, ਸੰਮਤ ੧੫੯੬, ੩ ਕੱਤਕ ਦਿਨ ਵੀਰਵਾਰ ਲਿਖਿਆ ਹੈ। ਗੁਰਪ੍ਰਣਾਲੀ ੭ ਅਤੇ ਮਹਿਮਾ ਪ੍ਰਕਾਸ਼ ਵਿੱਚ ਵਦੀ/ਸੁਦੀ ਦੋਵੇਂ ਹੀ ਲਿਖੀਆਂ ਪਈਆਂ ਹਨ। [ਇਹ ਦੱਸਣਯੋਗ ਹੈ ਕਿ ਅੱਸੂ ਵਦੀ ੧੦ ਸੰਮਤ ੧੫੯੬ ਨੂੰ ਦਿਨ ਐਤਵਾਰ ੮ ਅੱਸੂ; 7 ਸਤੰਬਰ 1539 ਬਣਦਾ ਹੈ ਅਤੇ ਅੱਸੂ ਸੁਦੀ ੧੦ ਸੰਮਤ ੧੫੯੬ ਨੂੰ 23 ਅੱਸੂ; 22 ਸਤੰਬਰ 1539 ਈ: ਜੂਲੀਅਨ ਬਣਦਾ ਹੈ।]
ਡਾ: ਹਰਜਿੰਦਰ ਸਿੰਘ ਦਿਲਗੀਰ ਨੇ ਆਪਣੀ ਪੁਸਤਕ ‘ਸਿੱਖ ਤਵਾਰੀਖ਼’ (ਭਾਗ ਪਹਿਲਾ) ਦੇ ਪੰਨਾ 177 ’ਤੇ ਤਾਂ ਗੁਰੂ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦੀ ਤਾਰੀਖ਼ 22 ਸਤੰਬਰ 1539 ਲਿਖੀ ਹੈ, ਜਿਸ ਦਿਨ ਅੱਸੂ ਸੁਦੀ ੧੦ ਸੰਮਤ ੧੫੯੬ ਬਣਦਾ ਹੈ ਪਰ ਆਪਣੀ ਦੂਜੀ ਪੁਸਤਕ ‘ਨਾਨਕਸ਼ਾਹੀ ਕੈਲੰਡਰ’ ਦੇ ਪੰਨਾ ਨੰ: 49 ’ਤੇ ਲਿਖ ਦਿੱਤਾ ਕਿ ਮਿਹਰਬਾਨ ਪ੍ਰਣਾਲੀ ਮੰਨਣ ਵਾਲਿਆਂ ਨੇ ਗੁਰੂ ਨਾਨਕ ਸਾਹਿਬ ਦਾ ਜੋਤੀ-ਜੋਤ ਸਮਾਉਣ ਦਾ ਦਿਨ ਵੀ ਗ਼ਲਤ ਲਿਖ ਦਿੱਤਾ, ਜੋ ਅਸਲ ਵਿੱਚ ਅੱਸੂ ਵਦੀ ੧੦ ਸੰਮਤ ੧੫੯੬ (7 ਸਤੰਬਰ 1539) ਹੈ ਪਰ ਮਿਹਰਵਾਨ ਨੇ ਇਸ ਨੂੰ ਅੱਸੂ ਸੁਦੀ ੧੦ ਯਾਨਿ 22 ਸਤੰਬਰ 1539 ਲਿਖ ਦਿੱਤਾ, ਜੋ ਅਸਲ ਵਿੱਚ ਮਾਤਾ ਸੁਲੱਖਣੀ ਦੇ ਚੜ੍ਹਾਈ ਕਰਨ ਦਾ ਦਿਨ ਹੈ। [ਇਸ ਦਾ ਭਾਵ ਹੈ ਕਿ ਡਾ: ਦਿਲਗੀਰ ਨੂੰ ਆਪਣੀ ਪੁਸਤਕ ‘ਸਿੱਖ ਤਵਾਰੀਖ਼’ ਵਿੱਚ ਲਿਖੀ ਤਾਰੀਖ਼ ਯਾਦ ਨਹੀਂ ਕਿ ਉਸ ਨੇ ਖ਼ੁਦ ਕਿੱਥੋਂ ਵੇਖ ਕੇ ਲਿਖੀ ਹੈ।]
‘ਸਿੱਖ ਤਵਾਰੀਖ਼’ (ਭਾਗ ਪਹਿਲਾ) ਦਾ ਪੰਨਾ 177 ਦੀ ਫੋਟੋ ਕਾਪੀ
——————————————————————–
ਡਾ: ਦਿਲਗੀਰ ਵੱਲੋਂ ਲਿਖੀ ਪੁਸਤਕ ‘ਨਾਨਕਸ਼ਾਹੀ ਕੈਲੰਡਰ’ ਦਾ ਪੰਨਾ 49 ਦੀ ਫੋਟੋ ਕਾਪੀ
ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕਾਰਵਾਈ ਸ਼ੁੱਧ ਗੁਰਪ੍ਰਣਾਲੀ ਤਾਂ ਸਿਰੇ ਤੋਂ ਗ਼ਲਤ ਹੈ ਕਿਉਂਕਿ ਇਸ ਵਿੱਚ ਅੱਸੂ ਸੁਦੀ ੧੦ ਸੰਮਤ ੧੫੯੫, ੩ ਕੱਤਕ ਲਿਖਿਆ ਹੋਣ ਕਰਕੇ ਜਿੱਥੇ ਇੱਕ ਸਾਲ ਦਾ ਫ਼ਰਕ ਹੈ, ਉੱਥੇ ਇਸ ਤਿੱਥ ਨੂੰ ਕੱਤਕ ਵੀ ੩ ਨਹੀਂ ਬਲਕਿ ੪ ਕੱਤਕ ਬਣਦਾ ਹੈ।
ਸ: ਕਰਮ ਸਿੰਘ ਹਿਸਟੋਰੀਅਨ ਨੇ ਅੱਸੂ ਵਦੀ ੧੦ ਦੀ ਬਜਾਏ ਅੱਸੂ ਸੁਦੀ ੧੦ ਨੂੰ ਸਹੀ ਮੰਨ ਕੇ ਆਪਣੀਆਂ ਤਾਰੀਖ਼ਾਂ ਕੱਢੀਆਂ ਹਨ, ਜਿਸ ਤੋਂ ਵੇਖ ਕੇ ਭਾਈ ਕਾਨ੍ਹ ਸਿੰਘ ਨਾਭਾ, ਡਾ: ਗੰਡਾ ਸਿੰਘ, ਗਿਆਨੀ ਸੋਹਣ ਸਿੰਘ ਸੀਤਲ, ਪ੍ਰੋ: ਸਾਹਿਬ ਸਿੰਘ ਆਦਿਕ ਲੇਖਕਾਂ ਨੇ ਵੀ ਅੱਸੂ ਸੁਦੀ ੧੦ ਦੇ ਹਿਸਾਬ ਹੀ ਆਪਣੀਆਂ ਤਾਰੀਖ਼ਾਂ ਲਿਖ ਦਿੱਤੀਆਂ, ਪਰ ਸੁਦੀ ਪੱਖ ਦੀ ਇਹ ਤਿੱਥ ਮੰਨਣਯੋਗ ਨਹੀਂ ਹੈ ਕਿਉਂਕਿ ਕਰਤਾਰਪੁਰੀ ਬੀੜ [ਕਰਤਾਰਪੁਰੀ ਬੀੜ ਦੇ ਦਰਸ਼ਨ- 1. ਭਾਈ ਕਾਨ੍ਹ ਸਿੰਘ ਨਾਭਾ, 2. ਭਾਈ ਜੋਧ ਸਿੰਘ] ਵਿੱਚ ਪਹਿਲੇ ਪੰਜ ਗੁਰੂ ਸਾਹਿਬਾਨ ਅਤੇ ਬਾਬਾ ਗੁਰਦਿੱਤਾ ਜੀ ਦੇ ਜੋਤੀ-ਜੋਤ ਸਮਾਉਣ ਦੀਆਂ ਤਿੱਥਾਂ ਅਤੇ ਸੰਮਤ ਦਿੱਤੇ ਹੋਏ ਹਨ। ਇਸ ਬੀੜ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦੀ ਤਿੱਥ ਅੱਸੂ ਵਦੀ ੧੦, ਸੰਮਤ ੧੫੯੬ ਲਿਖੀ ਹੋਈ ਹੈ। ਇਸ ਲਈ ਅੱਸੂ ਸੁਦੀ ੧੦ ਮੰਨਣਾ ਸਹੀ ਨਹੀਂ ਲੱਗਦਾ।
ਸ. ਪਾਲ ਸਿੰਘ ਪੁਰੇਵਾਲ ਨੇ ਜੋਤੀ ਜੋਤ ਸਮਾਉਣ ਦੀ ਤਾਰੀਖ਼ ਅੱਸੂ ਵਦੀ ੧੦ ਸੰਮਤ ੧੫੯੬ (ਜੋ ਕਰਤਾਰਪੁਰੀ ਬੀੜ ਵਿੱਚ ਦਰਜ ਹੈ) ਨੂੰ ਸਹੀ ਮੰਨ ਕੇ ਇਸ ਤਿੱਥ ਨੂੰ ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕਰਕੇ ੮ ਅੱਸੂ; ਨਾਨਕਸ਼ਾਹੀ ਸੰਮਤ 71; 7 ਸਤੰਬਰ 1539 ਲਿਖਿਆ ਹੈ। ਇਸ ਤਾਰੀਖ਼ ਨੂੰ ਸਭ ਤੋਂ ਵੱਧ ਭਰੋਸੇਯੋਗ ਮੰਨਿਆ ਜਾ ਸਕਦਾ ਹੈ ਕਿਉਂਕਿ ਇਹ ਤਾਰੀਖ਼ ਕਰਤਾਰਪੁਰੀ ਬੀੜ ਵਿੱਚ ਦਰਜ ਹੋਣ ਤੋਂ ਇਲਾਵਾ ਭਾਈ ਬਾਲੇ ਵਾਲੀ ਜਨਮ ਸਾਖੀ, ਗੁਰ ਬਿਲਾਸ ਪਾ: ੬, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਗੁਰ ਬੰਸਾਵਲੀ ੧, ਬੰਸਾਵਲੀ ਨਾਮਾ, ਗੁਰ ਪ੍ਰਣਾਲੀਆਂ ੧ ਤੋਂ ੬, ੯, ੧੦, ਗੁਰਵੰਸ ਦਰਪਣ ਪੱਤਰ, ਗੁਰਮਤਿ ਰਹਿਤ ਮਰਯਾਦਾ, ਗੁਰਬਾਣੀ ਪਾਠ ਦਰਸ਼ਨ, ਗਿਆਨੀ ਸਰਦੂਲ, ਡਾ: ਗੰਡਾ ਸਿੰਘ (ਉਰਦੂ ਜੰਤਰੀ) ਆਦਿਕ ਵਿਦਵਾਨਾਂ ਨਾਲ ਵੀ ਮੇਲ ਖਾਂਦੀ ਹੈ।
ਗੁਰੂ ਨਾਨਕ ਸਾਹਿਬ ਜੀ ਦੇ ਪ੍ਰਗਟ ਹੋਣ ਦੀ ਤਾਰੀਖ਼ : ਹੈਰਾਨੀ ਇਸ ਗੱਲ ਦੀ ਹੈ ਕਿ ਬਹੁਤੇ ਲਿਖਾਰੀ ਜਿਵੇਂ ਕਿ ਗੁਰ ਬੰਸਾਵਲੀ ੧, ਗੁਰ ਪ੍ਰਣਾਲੀ ੨, ਗੁਰ ਪ੍ਰਣਾਲੀ ੩, ਗੁਰ ਪ੍ਰਣਾਲੀ ੪, ਗੁਰ ਪ੍ਰਣਾਲੀ ੭, ਗੁਰ ਪ੍ਰਣਾਲੀ ੧੦, ਗਿਆਨੀ ਸਰਦੂਲ ਸਿੰਘ ਆਦਿਕ ਨੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਗਟ ਹੋਣ ਦੀ ਤਾਰੀਖ਼ ਕੱਤਕ ਸੁਦੀ ੧੫ ਸੰਮਤ ੧੫੨੬ ਅਤੇ ਜੋਤੀ-ਜੋਤ ਸਮਾਉਣ ਦੀ ਤਾਰੀਖ਼ ਅੱਸੂ ਵਦੀ ੧੦ ਸੰਮਤ ੧੫੯੬ ਲਿਖਣ ਉਪਰੰਤ ਵੀ ਉਨ੍ਹਾਂ ਦੀ ਕੁਲ ਸਰੀਰਕ ਆਯੂ 70 ਸਾਲ 5 ਮਹੀਨੇ 7 ਦਿਨ ਲਿਖੀ ਹੈ। ਜਦ ਇਹ ਸਵਾਲ ਉੱਠਣੇ ਸ਼ੁਰੂ ਹੋਏ ਕਿ ਜੇ ਇਹ ਦੋਵੇਂ ਤਾਰੀਖ਼ਾਂ ਸਹੀ ਹਨ ਤਾਂ ਗੁਰੂ ਸਾਹਿਬਾਨ ਜੀ ਦੀ ਉਮਰ 70 ਸਾਲ 5 ਮਹੀਨੇ 7 ਦਿਨ ਨਹੀਂ ਬਣਦੀ; ਤਾਂ ਕੁਝ ਲਿਖਾਰੀਆਂ ਜਿਵੇਂ ਕਿ ਗੁਰ ਪ੍ਰਣਾਲੀ ੫ ਅਤੇ ੬, ਗੁਰਵੰਸ ਦਰਪਣ ਪੱਤ੍ਰ, ਸੂਰਜ ਪ੍ਰਕਾਸ਼ (ਵਾਰਤਿਕ), ਗੁਰਮਤਿ ਰਹਿਤ ਮਰਯਾਦਾ, ਗੁਰਬਾਣੀ ਪਾਠ ਦਰਸ਼ਨ ਨੇ ਦੋਵਾਂ ਤਾਰੀਖ਼ਾਂ ਨੂੰ ਤਾਂ ਸਹੀ ਮੰਨਿਆ ਪਰ ਉਮਰ 69 ਸਾਲ 10 ਮਹੀਨੇ 10 ਦਿਨ ਲਿਖ ਦਿੱਤੀ।
ਸ. ਕਰਮ ਸਿੰਘ ਹਿਸਟੋਰੀਅਨ ਨੇ ਜੋਤੀ ਜੋਤ ਸਮਾਉਣ ਦੀ ਤਾਰੀਖ਼ ਅੱਸੂ ਵਦੀ ੧੦ ਦੀ ਥਾਂ ਅੱਸੂ ਸੁਦੀ ੧੦ ਨੂੰ ਸਹੀ ਮੰਨਿਆ ਤੇ ਇਸ ਵਿੱਚੋਂ ਗੁਰੂ ਸਾਹਿਬਾਨ ਜੀ ਦੀ ਕੁੱਲ ਉਮਰ 70 ਸਾਲ 5 ਮਹੀਨੇ 7 ਦਿਨ ਘਟਾ ਕੇ ਗੁਰੂ ਸਾਹਿਬ ਜੀ ਦੇ ਪ੍ਰਗਟ ਹੋਣ ਦੀ ਤਾਰੀਖ਼ ਵੈਸਾਖ ਸੁਦੀ ੩ ਸੰਮਤ ੧੫੨੬, ੨੦ ਵੈਸਾਖ, 15 ਅਪ੍ਰੈਲ 1469 ਬਣਾ ਲਈ। ਇਹ ਦੱਸਣਯੋਗ ਹੈ ਕਿ ਭਾਈ ਮਿਹਰਬਾਨ ਵਾਲੀ ਜਨਮ ਸਾਖੀ ਵਿੱਚ ਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਿੱਥ ਵੈਸਾਖ ਸੁਦੀ ੩ ਸੰਮਤ ੧੫੨੬ ਹੀ ਲਿਖੀ ਹੋਈ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਡਾ: ਸੁਖਦਿਆਲ ਸਿੰਘ ਦਾ ਬਾਬਾ ਆਦਮ ਹੀ ਨਿਰਾਲਾ ਹੈ। ਉਨ੍ਹਾਂ ਨੇ ਇੱਕ ਪੁਸਤਕ ‘ਸ਼੍ਰੋਮਣੀ ਸਿੱਖ ਇਤਿਹਾਸ: 1469-1708’ ਲਿਖੀ ਹੈ, ਜਿਸ ਵਿੱਚ ਬਾਬਰਬਾਣੀ ਦੇ ਸ਼ਬਦ ‘ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥’ ਦੇ ਹਵਾਲੇ ਨਾਲ ਉਸ ਪੁਸਤਕ ਦੇ ਪੰਨਾ ਨੰ: 40 ’ਤੇ ਲਿਖਿਆ ਹੈ ‘ਆਪ 69 ਸਾਲ 10 ਮਹੀਨੇ 10 ਦਿਨ ਦੀ ਉਮਰ ਬਤੀਤ ਕਰਕੇ ਅੱਸੂ ਵਦੀ ਦਸਮੀ ਸੰਮਤ ੧੫੯੭ ਮੁਤਾਬਕ 22 ਸਤੰਬਰ 1540 ਈ: ਵਿੱਚ ਜੋਤੀ-ਜੋਤ ਸਮਾ ਗਏ ਸਨ’।
ਇਸ ਲੇਖਕ ਦਾ ਮੰਨਣਾ ਹੈ ਕਿ ਇਸ ਸ਼ਬਦ ਵਿੱਚ ਸੰਨ 1521 ਵਿੱਚ ਬਾਬਰ ਵੱਲੋਂ ਸੈਦਪੁਰ ’ਤੇ ਕੀਤੇ ਹਮਲੇ ਅਤੇ 1540 ਵਿੱਚ ਸ਼ੇਰ ਸ਼ਾਹ ਸੂਰੀ ਵੱਲੋਂ ਬਾਬਰ ਦੇ ਪੁੱਤਰ ਹਮਾਯੂੰ ਨੂੰ ਭਜਾ ਦਿੱਤੇ ਜਾਣ ਤੱਕ ਦਾ ਹਾਲ; ਗੁਰੂ ਸਾਹਿਬਾਨ ਨੇ ਆਪਣੀ ਅੱਖੀਂ ਵੇਖ ਕੇ ਹੀ ਇਸ ਸ਼ਬਦ ’ਚ ਵਰਣਨ ਕੀਤਾ ਹੈ। ਸੰਨ 1540 ਈ: ਦੀ ਇਹ ਤਾਰੀਖ਼ ਹੇਠ ਲਿਖੇ ਕਾਰਨਾਂ ਕਰਕੇ ਮੰਨਣਯੋਗ ਨਹੀਂ :
1. ਪੰਨਾਂ 31 ’ਤੇ ਡਾ: ਸੁਖਦਿਆਲ ਸਿੰਘ ਲਿਖਦਾ ਹੈ ‘ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ, ਸੰਮਤ ੧੫੨੬ ਬਿਕ੍ਰਮੀ ਮੁਤਾਬਕ ਸੰਨ 1469 ਈ: ਵਿੱਚ ਹੋਇਆ’।
ਟਿੱਪਣੀ: (ੳ) ਕੱਤਕ ਦੀ ਪੂਰਨਮਾਸ਼ੀ ੧੫੨੬ ਤੋਂ ਅੱਸੂ ਵਦੀ ੧੦, ੧੫੯੭ ਤੱਕ ਗੁਰੂ ਜੀ ਦੀ ਉਮਰ 70 ਸਾਲ 10 ਮਹੀਨੇ 10 ਦਿਨ ਬਣਦੀ ਹੈ, ਨਾ ਕਿ 69 ਸਾਲ 10 ਮਹੀਨੇ 10 ਦਿਨ; ਜਿਵੇਂ ਕਿ ਡਾ: ਸੁਖਦਿਆਲ ਸਿੰਘ ਲਿਖਦਾ ਪਿਆ ਹੈ।
(ਅ) ਕੱਤਕ ਦੀ ਪੂਰਨਮਾਸ਼ੀ ਦੀ ਤਾਰੀਖ਼ ਮੰਨਣ ਵਾਲਿਆਂ ਦਾ ਮੂਲ ਸ੍ਰੋਤ ਭਾਈ ਬਾਲੇ ਵਾਲੀ ਜਨਮਸਾਖੀ ਹੈ। ਇਸ ਜਨਮ ਸਾਖੀ
ਦੀਆਂ ਪਹਿਲੀਆਂ 3 ਲਾਈਨਾਂ ਹੀ ਪੜ੍ਹੋ ਤਾਂ ਪਤਾ ਲੱਗ ਜਾਵੇਗਾ ਕਿ ਇਹ ਜਨਮਸਾਖੀ ਕਿੰਨੀ ਕੁ ਸਹੀ ਹੈ। ਇਸ ਜਨਮਸਾਖੀ ਦੀ ਸ਼ੁਰੂਆਤ ਇਸ ਤਰ੍ਹਾਂ ਹੈ: ‘੧ਓ ਸਤਿਗੁਰਪ੍ਰਸਾਦਿ॥ ਜਨਮ ਪੱਤਰੀ ਬਾਬੇ ਨਾਨਕ ਜੀ ਕੀ ਸੰਮਤ ਪੰਦ੍ਰਾ ਸੈ ਬਿਆਸੀ ੧੫੮੨ ਮਿਤੀ ਬੈਸਾਖ ਸੁਦੀ ੫ ਪੋਥੀ ਲਿਖੀ ਪੈੜੇ ਮੋਖੇ॥ ਸੁਲਤਾਨਪੁਰ ਦੇ ਖਤਰੇਟੇ ਗੁਰੂ ਅੰਗਦ ਜੀ ਲਿਖਾਈ ਪੈੜੇ ਮੋਖੇ ਲਿਖੀ।’
ਟਿੱਪਣੀ: ਭਾਈ ਲਹਿਣਾ ਜੀ; ਗੁਰੂ ਨਾਨਕ ਜੀ ਨੂੰ ਪਹਿਲੀ ਵਾਰ ਸੰਮਤ ੧੫੮੯ ਵਿੱਚ ਮਿਲਣ ਆਏ ਹਨ ਅਤੇ ੧੫੯੬ ਵਿੱਚ ਗੁਰਗੱਦੀ ’ਤੇ ਬਿਰਾਜਮਾਨ ਹੋਏ ਹਨ। ਡਾ: ਸੁਖਦਿਆਲ ਸਿੰਘ ਤਾਂ ੧੫੯੭ ਮੰਨਦਾ ਹੈ, ਇਸ ਲਈ ਜਦੋਂ ਭਾਈ ਲਹਿਣਾ ਜੀ ਦਾ ਗੁਰੂ ਨਾਨਕ ਸਾਹਿਬ ਜੀ ਨਾਲ ਕੋਈ ਮੇਲ ਹੀ ਨਹੀਂ ਸੀ ਹੋਇਆ ਅਤੇ ਨਾ ਹੀ ਉਨ੍ਹਾਂ ਦਾ ਨਾਮ ਕਿਸੇ ਨੇ ਗੁਰੂ ਅੰਗਦ ਜੀ ਰੱਖਿਆ ਸੀ ਤਾਂ ਗੁਰੂ ਨਾਨਕ ਜੀ ਨਾਲ ਪਹਿਲੀ ਮਿਲਣੀ ਤੋਂ 7 ਸਾਲ ਪਹਿਲਾਂ ਅਤੇ ਗੁਰੂ ਪਦਵੀ ਹਾਸਲ ਕਰਨ ਤੋਂ 14-15 ਸਾਲ ਪਹਿਲਾਂ (ਸੰਮਤ ੧੫੮੨ ’ਚ) ਹੀ ਗੁਰੂ ਅੰਗਦ ਜੀ ਨੇ ਭਾਈ ਬਾਲਾ ਜੀ ਤੋਂ ਪੁੱਛ ਕੇ ਭਾਈ ਪੈੜੇ ਤੋਂ ਜਨਮ ਸਾਖੀ ਕਿਵੇਂ ਲਿਖਵਾ ਦਿੱਤੀ ?
(ੲ) ਇਸੇ ਜਨਮਸਾਖੀ ਦੇ ਪੰਨਾ 3 ’ਤੇ ਇਸ ਤਰ੍ਹਾਂ ਲਿਖਿਆ ਹੋਇਆ ਹੈ: ‘ਬਾਲਾ ਸੰਧੂ ਜਟੇਟਾ ਗੁਰੂ ਅੰਗਦ ਜੀ ਦੇ ਦਰਸ਼ਨ ਨੂੰ ਆਇਆ ਗੁਰੂ ਅੰਗਦ ਜੀ ਛਪੇ ਰਹਦੇ ਸੇ॥ ਬਾਲੇ ਸੰਧੂ ਨੂੰ ਇਹ ਚਾਹ ਸੀ ਜੇ ਕਰ ਗੁਰੂ ਪ੍ਰਗਟ ਹੋਵੈ ਦਰਸਨ ਨੂ ਜਾਈਏ॥
ਤਾਂ ਬਾਲੇ ਸੁਣਿਆ ਜੋ ਗੁਰੂ ਨਾਨਕ ਜੀ ਗੁਰੂ ਅੰਗਦ ਜੀ ਨੂੰ ਗੁਰੂ ਥਾਪ ਗਏ ਹੈ ਪਰ ਨਹੀ ਜਾਣੀਦਾ ਜੋ ਕੇੜੇ ਥਾਵ ਛਪ ਬੈਠੇ ਹੈ ਫੇਰ ਖਬਰ ਸੁਣੀ ਜੁ ਖਡੂਰ ਖਹਰਿਆ ਦੀ ਵਿਚ ਬੈਠੇ ਹੈ ਏਹ ਸੁਣ ਕਰ ਬਾਲਾ ਗੁਰੂ ਅੰਗਦ ਜੀ ਦੇ ਦਰਸਨ ਨੂ ਆਇਆ॥ ਜੋ ਕੁਛ ਸਕਤ ਆਹੀ ਸੋ ਭੇਟ ਲੈ ਆਯਾ ਗੁਰੂ ਢੂਢ ਲਧੋਸੁ ਅਗੇ ਦੇਖੇ ਤਾ ਗੁਰੂ ਅੰਗਦ ਜੀ ਬੈਠੇ ਹੈ ਬਾਲੇ ਜਾਇ ਮਥਾ ਟੇਕਿਆ ਅਗੋ ਗੁਰੂ ਅੰਗਦ ਜੀ ਬੋਲੇ ਆਉ ਭਾਈ ਸਤ ਕਰਤਾਰ ਬੈਠੋ ਜੀ ਗੁਰੂ ਅੰਗਦ ਜੀ ਬਾਲੇ ਸੰਧੂ ਨੂੰ ਪੁੱਛਣ ਲੱਗੇ ਭਾਈ ਸਿੱਖਾ ਕਿਥੋਂ ਆਇਓ ਕਿਵਕਰ ਆਵਣਾ ਹੋਇਆ ਹੈ ਕਉਣ ਹੋਦੇ ਹੋ ਤਾ ਬਾਲੇ ਸੰਧੂ ਹਥ ਜੋੜ ਕਰ ਅਰਦਾਸ ਕੀਤੀ ਜੀ ਗੁਰੂ ਜੀ ਜਟੇਟਾ ਹਾਂ ਗੋਤ ਸੰਧੂ ਹੈ ਨਾਮ ਬਾਲਾ ਹੈ ਵਤਨ ਜਨਮ ਰਾਇਭੋਇ ਦੀ ਤਲਵੰਡੀ ਹੈ ਮੈ ਗੁਰੂ ਕੇ ਦਰਸਨ ਨੂ ਆਇਆ ਹਾਂ ਫੇਰ ਗੁਰੂ ਅੰਗਦ ਜੀ ਪੁਛਯਾ ਭਾਈ ਬਾਲਾ ਤੂ ਸਿਖ ਕਿਸ ਦਾ ਹੈਂ ਤੈਨੂੰ ਕੌਣ ਮਿਲਿਆ ਹੈ ਫੇਰ ਬਾਲਾ ਬੋਲਯਾ ਜੀ ਗੁਰੂ ਜੀ ਹਉਂ ਗੁਰੂ ਨਾਨਕ ਜੀ ਦਾ ਸਿੱਖ ਹਾਂ ਮੈਨੂ ਗੁਰੂ ਨਾਨਕ ਜੀ ਮਿਲਯਾ ਹੈ ਫੇਰ ਗੁਰੂ ਅੰਗਦ ਜੀ ਪੁਛਯਾ ਭਾਈ ਬਾਲਾ ਤੂ ਗੁਰੂ ਡਿਠਾ ਸੀ ਫੇਰ ਬਾਲੇ ਕਹਯਾ ਜੀ ਮੈਥੋਂ ੩ ਤ੍ਰੈ ਵਰੇ ਗੁਰੂ ਨਾਨਕ ਜੀ ਵਡੇ ਸੇ ਮੈ ਗੁਰੂ ਨਾਨਕ ਜੀ ਦੇ ਪਿਛੇ ਲਗਾ ਫਿਰਦਾ ਸਾਂ ਪਰ ਜੀ ਤਦ ਅਸਾਂ ਨੂੰ ਏਹ ਮਤ ਨਾ ਸੀ ਜੋ ਏਹ ਵਡਾ ਗੁਰੂ ਹੈ ਪਰ ਸਲਾਮੀ ਰਹਦੇ ਸੇ॥ ਏਹ ਗਲ ਜਾ ਭਾਈ ਬਾਲੇ ਆਖੀ ਤਾ ਗੁਰੂ ਅੰਗਦ ਜੀ ਦਾ ਬੈਰਾਗ ਛੁਟ ਗਇਆ।’
ਟਿੱਪਣੀ: ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਭਾਈ ਬਾਲਾ ਜੀ, ਜਿਸ ਨੇ ਚਾਰ ਉਦਾਸੀਆਂ ਦੌਰਾਨ ਗੁਰੂ ਜੀ ਦੇ ਨਾਲ ਐਨਾ ਲੰਬਾ ਸਾਥ ਨਿਭਾਇਆ ਹੋਵੇ, ਉਸ ਨੂੰ ਪਹਿਲਾਂ ਇਹ ਖ਼ਬਰ ਵੀ ਨਾ ਮਿਲੀ ਹੋਵੇ ਕਿ ਗੁਰੂ ਨਾਨਕ ਜੀ ਜੋਤੀ-ਜੋਤ ਸਮਾ ਚੁੱਕੇ ਹਨ ਤੇ ਹੁਣ ਗੁਰੂ ਅੰਗਦ ਜੀ ਗੁਰਗੱਦੀ ’ਤੇ ਬਿਰਾਜਮਾਨ ਹਨ। ਦੂਸਰੇ ਪਾਸੇ ਗੁਰੂ ਅੰਗਦ ਸਾਹਿਬ ਜੀ ਨੂੰ ਵੀ ਗੁਰੂ ਨਾਨਕ ਜੀ ਦੇ ਲੰਬਾ ਚਿਰ ਸਾਥੀ ਰਹੇ ਭਾਈ ਬਾਲਾ ਜੀ ਬਾਰੇ ਕੋਈ ਜਾਣਕਾਰੀ ਹੀ ਨਾ ਹੋਵੇ ਕਿ ਉਹ ਕੌਣ ਹੈ।
(ਸ) ਅੱਗੇ ਪੰਨਾ ੪ ’ਤੇ ਲਿਖਿਆ ਹੈ: ‘ਉਹ ਰਾਤ ਗੁਜਰੀ ਫਿਰ ਭਲਕ ਹੋਇਆ॥ ਤਾ ਫੇਰ ਗੁਰੂ ਅੰਗਦ ਜੀ ਆਖਿਆ ਭਾਈ
ਬਾਲੇ ਨੂ ਸਦੋ ਭਾਈ ਬਾਲਾ ਆਇ ਮਥਾ ਟੇਕਿਆ ਫਿਰ ਬਾਲੇ ਨੂੰ ਗੁਰੂ ਅੰਗਦ ਪੁਛਣ ਲਗੇ ਭਾਈ ਬਾਲਾ ਕੁਛ ਤੈਨੂ ਇਹ ਵੀ ਮਾਲੂਮ ਹੈ ਜੋ ਗੁਰੂ ਨਾਨਕ ਜਨਮੇ ਸੀ ਸੋ ਕਿਕੂ ਜਨਮੇ ਸੀ॥ ਬਾਲੇ ਕਹਿਆ ਜੀ ਇਹ ਮੈਨੂ ਮਾਲੂਮ ਨਹੀਂ ਪਰ ਜੀ ਇਤਨੀ ਮੈ ਸੁਣੀ ਹੈ ਜੀ ਲੋਕਾਂ ਦੇ ਮੂਹੋ ਜੋ ਹਰਦਿਆਲ ਮਿਸਰ ਆਖਦਾ ਹੈ ਜੋ ਭਾਈ ਏਨੇ ਮਹੂਰਤ ਤੇ ਤੈ ਸਤਾਈਏ ਨਛਤ੍ਰੇ ਅਤੇ ਕਤਕ ਦੀ ਪੂਰਨਮਾਸੀ ਸੰਸਾਰ ਤੇ ਕੋਈ ਨਹੀਂ ਜਨਮਿਆ ਏਹ ਕਾਲੂ ਬੇਦੀ ਦੇ ਘਰ ਕੋਈ ਅਵਤਾਰੀ ਜਨਮਿਆ ਹੈ॥’
ਟਿੱਪਣੀ: ਸਤਾਈਵਾਂ ਨਛੱਤਰ ਰੇਵਤੀ ਹੈ। ਸ੍ਵਾਮੀਕੰਨੂ ਪਿਲੇ ਦੀ 701 ਤੋਂ ਲੈ ਕੇ 2000 ਤੱਕ ਦੀ ਜੰਤਰੀ ਫਰੋਲ ਕੇ ਵੇਖੀ ਜਾ ਸਕਦੀ ਹੈ। ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ 27ਵਾਂ ਨਛੱਤਰ ਰੇਵਤੀ ਕਦੇ ਨਹੀਂ ਮਿਲੇਗਾ ਕਿਉਂਕਿ ਕੱਤਕ ਦੀ ਪੂਰਨਮਾਸ਼ੀ ਨੂੰ ਰੇਵਤੀ ਨਛੱਤਰ ਹੋ ਹੀ ਨਹੀਂ ਸਕਦਾ। ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਕੇਵਲ 4 ਨਛੱਤਰ ਅਸ਼ਵਨੀ, ਭਰਣੀ, ਕ੍ਰਿਤਿਕਾ ਅਤੇ ਰੋਹਿਣੀ ਵਿੱਚੋਂ ਕੋਈ ਇਕ ਨਛੱਤਰ ਹੀ ਹੋ ਸਕਦਾ ਹੈ। ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਜਦ 27ਵਾਂ ਨਛੱਤਰ ਹੋ ਹੀ ਨਹੀਂ ਸਕਦਾ ਤਾਂ ਇਹ ਗੱਲ ਠੀਕ ਹੀ ਲਿਖੀ ਹੈ ਕਿ ਕੱਤਕ ਦੀ ਪੂਰਨਮਾਸ਼ੀ ਨੂੰ ਏਸ ਨਛੱਤਰ ਵਿੱਚ ਕੋਈ ਬਾਲਕ ਨਹੀਂ ਜਨਮਿਆ, ਇਸ ਲਈ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਵੀ ਕੱਤਕ ਦੀ ਪੂਰਨਮਾਸ਼ੀ ਨੂੰ 27ਵੇਂ ਨਛੱਤਰ ਵਿੱਚ ਨਹੀਂ ਹੋਇਆ। ਇਸ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਇਹ ਜਨਮਸਾਖੀ ਜਾਅਲੀ ਹੈ। ਜਿਸ ਜਨਮਸਾਖੀ ਦੇ ਪਹਿਲੇ ਚਾਰ ਪੰਨੇ ਪੜ੍ਹਨ ਤੋਂ ਇਸ ਦੇ ਜਾਅਲੀ ਹੋਣ ਦੇ 3 ਸਬੂਤ ਮਿਲਦੇ ਹੋਣ ਅਤੇ 100 ਸਾਲ ਪਹਿਲਾਂ ਸ: ਕਰਮ ਸਿੰਘ ਹਿਸਟੋਰੀਅਨ ਵੱਲੋਂ ‘ਕੱਤਕ ਕਿ ਵੈਸਾਖ’ ਪੁਸਤਕ ਵਿੱਚ ਇਸ ਜਨਮਸਾਖੀ ਨੂੰ ਜਾਅਲੀ ਸਿੱਧ ਕੀਤੇ ਜਾਣ ਬਾਅਦ ਵੀ ਜੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਭਾਈ ਬਾਲੇ ਵਾਲੀ ਜਨਮਸਾਖੀ ਦੇ ਆਧਾਰ ’ਤੇ ਕੱਤਕ ਦੀ ਪੂਰਨਮਾਸ਼ੀ ਨੂੰ ਮੰਨਦੇ ਹੋਣ ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪ੍ਰਮਾਣਿਕ ਕਿਵੇਂ ਮੰਨਿਆ ਜਾ ਸਕਦਾ ਹੈ ਕਿਉਂਕਿ ਜਿੰਨੇ ਵੀ ਲੇਖਕਾਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕੱਤਕ ਦੀ ਪੂਰਨਮਾਸ਼ੀ ਲਿਖਿਆ ਹੈ, ਉਨ੍ਹਾਂ ਸਭਨਾਂ ਦਾ ਮੂਲ ਸ੍ਰੋਤ ਇਹ ਬਾਲੇ ਵਾਲੀ ਜਨਮਸਾਖੀ ਹੀ ਹੈ।
2. ਹੈਰਾਨੀ ਦੀ ਗੱਲ ਇਹ ਹੈ ਕਿ ਡਾ: ਸੁਖਦਿਆਲ ਸਿੰਘ ਆਪਣੀ ਇਕ ਹੋਰ ਪੁਸਤਕ ‘ਪੰਜਾਬ ਦਾ ਇਤਿਹਾਸ/ਗੁਰੂ-ਕਾਲ 1469-1708’ ਜਿਲਦ ਪੰਜਵੀਂ ਦੇ ਪੰਨਾ 48 ’ਤੇ ਇਉਂ ਵੀ ਲਿਖਦਾ ਹੈ : ‘ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਆਪਣਾ ਅਗਲਾ ਉੱਤਰਾਧਿਕਾਰੀ ਥਾਪਿਆ ਅਤੇ ਆਪ 69 ਸਾਲ 10 ਮਹੀਨੇ 10 ਦਿਨ ਦੀ ਉਮਰ ਬਤੀਤ ਕਰਕੇ ਅੱਸੂ ਵਦੀ ਦਸਮੀ ਸੰਮਤ ੧੫੯੬ ਬਿਕ੍ਰਮੀ ਮੁਤਾਬਕ 22 ਸਤੰਬਰ 1539 ਈ: ਵਿੱਚ ਜੋਤੀ–ਜੋਤ ਸਮਾ ਗਏ ਸਨ।’
ਟਿੱਪਣੀ: (ੳ). ਹੱਦ ਹੋ ਗਈ ਕਿ ਡਾ: ਸੁਖਦਿਆਲ ਸਿੰਘ ਮੁਤਾਬਕ ਸੰਮਤ ੧੫੯੬ ਬਿ: ਵਿੱਚ ਵੀ ਗੁਰੂ ਜੀ ਦੀ ਉਮਰ 69 ਸਾਲ 10 ਮਹੀਨੇ 10 ਦਿਨ ਅਤੇ ਅਗਲੇ ਸਾਲ ਸੰਮਤ ੧੫੯੭ ਵਿੱਚ ਵੀ 69 ਸਾਲ 10 ਮਹੀਨੇ 10 ਦਿਨ ਜਦੋਂ ਕਿ ਉਨ੍ਹਾਂ ਦੇ ਪ੍ਰਗਟ ਹੋਣ ਦੀ ਉਹੀ ਤਾਰੀਖ਼ ਕੱਤਕ ਦੀ ਪੂਰਨਮਾਸ਼ੀ ਸੰਮਤ ੧੫੯੬ ਹੀ ਮੰਨਦਾ ਹੈ।
(ਅ) ਡਾ: ਸੁਖਦਿਆਲ ਸਿੰਘ ਮੁਤਾਬਕ ਅੱਸੂ ਵਦੀ ਦਸਮੀ ਸੰਮਤ ੧੫੯੬ ਬਿ. ਨੂੰ ਵੀ 22 ਸਤੰਬਰ ਅਤੇ ਅੱਸੂ ਵਦੀ ਦਸਮੀ ਸੰਮਤ ੧੫੯੭ ਬਿ. ਨੂੰ ਵੀ 22 ਸਤੰਬਰ !! ਇਹ ਦੂਸਰੀ ਵੱਡੀ ਗ਼ਲਤੀ ਹੈ ਕਿਉਂਕਿ ਸਾਧਾਰਨ ਤੋਂ ਸਾਧਾਰਨ ਵਿਅਕਤੀ ਨੂੰ ਵੀ ਇਹ ਪਤਾ ਹੈ ਕਿ ਚੰਦਰ ਕੈਲੰਡਰ ਦੀ ਕੋਈ ਵੀ ਤਿੱਥ ਜਿਹੜੀ ਸੂਰਜੀ ਕੈਲੰਡਰ ਦੀ ਇਸ ਸਾਲ ਦੀ ਕਿਸੇ ਤਾਰੀਖ਼ ਨੂੰ ਆਈ ਹੋਵੇ ਉਹੀ ਤਿੱਥ ਅਗਲੇ ਸਾਲ ਉਸੇ ਤਾਰੀਖ਼ ਤੋਂ 10/12 ਦਿਨ ਪਹਿਲਾਂ ਜਾਂ ਕਈ ਵਾਰ ਦੋ ਤਿੰਨ ਸਾਲਾਂ ਪਿੱਛੋਂ 18/19 ਦਿਨ ਬਾਅਦ ਵਿੱਚ ਆਉਂਦੀ ਹੈ। ਕਿਸੇ ਯੂਨੀਵਰਸਿਟੀ ਦੇ ਵਿਭਾਗ ਦਾ ਮੁਖੀ ਇਸ ਤਰ੍ਹਾਂ ਦੀ ਗ਼ਲਤੀ ਕਰੇ ਕਿ ਅੱਸੂ ਵਦੀ ੧੦ ਲਗਾਤਾਰ ਦੋ ਸਾਲ (ਸੰਮਤ ੧੫੯੬ ਅਤੇ ੧੫੯੭) ਇਕ ਹੀ ਤਾਰੀਖ਼ 22 ਸਤੰਬਰ ਨੂੰ ਵਿਖਾ ਦੇਵੇ ਤਾਂ ਉਸ ਦੀਆਂ ਲਿਖਤਾਂ ’ਤੇ ਸਵਾਲੀਆ ਚਿੰਨ੍ਹ ਲੱਗਣਾ ਲਾਜ਼ਮੀ ਹੈ।
3. ਅੱਸੂ ਵਦੀ ੧੦ ਸੰਮਤ ੧੫੯੬ ਨੂੰ ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕਰਕੇ ਬਣਦਾ ਹੈ – ੮ ਅੱਸੂ, 7 ਸਤੰਬਰ 1539 ਈ: ਅਤੇ ਅੱਸੂ ਸੁਦੀ ੧੦, ੧੫੯੬ ਨੂੰ ਤਬਦੀਲ ਕਰਕੇ ਬਣਦਾ ਹੈ – ੨੩ ਅੱਸੂ, 22 ਸਤੰਬਰ 1539 ਈ:। ਇਸ ਵਿਦਵਾਨ ਨੇ ਅੱਸੂ ਵਦੀ ੧੦, ਸੰਮਤ ੧੫੯੬ ਤਾਂ ਉਹੀ ਤਾਰੀਖ਼ ਲੈ ਲਈ ਜਿਹੜੀ ਕਰਤਾਰਪੁਰੀ ਬੀੜ ਵਿੱਚ ਦਰਜ ਹੈ ਅਤੇ ਜਿਸ ਨੂੰ ਇਹ ਆਪ ਹੀ ਗ਼ਲਤ ਮੰਨ ਰਿਹਾ ਹੈ ਪਰ 22 ਸਤੰਬਰ 1539 ਈ. ਸ: ਕਰਮ ਸਿੰਘ ਹਿਸਟੋਰੀਅਨ ਜਾਂ ਉਸ ਤੋਂ ਨਕਲ ਕਰਨ ਵਾਲੇ ਕਿਸੇ ਵਿਦਵਾਨ ਦੀ ਪੁਸਤਕ ਵਿੱਚੋਂ ਲੈ ਲਈ ਜਿਹੜੀ ਅੱਸੂ ਸੁਦੀ ੧੦ ਦੇ ਹਿਸਾਬ ਨਾਲ 22 ਸਤੰਬਰ ਕੱਢੀ ਗਈ ਸੀ। ਹੋਰ ਮਾਰਕਾ ਮਾਰ ਦਿੱਤਾ ਕਿ ਆਪਣੀ ਦੂਸਰੀ ਪੁਸਤਕ ਵਿੱਚ ਆਪਣੀ ਹੀ ਤਾਰੀਖ਼ ਸੰਮਤ ੧੫੯੬ ਨੂੰ ਰੱਦ ਕਰਕੇ ਉਸ ਦੀ ਬਜਾਏ ੧੫੯੭ ਲਿਖ ਕੇ ਨਵੀਂ ਖੋਜ ਦੱਸ ਰਿਹਾ ਹੈ ਅਤੇ ਵਦੀ ੧੦ ਨੂੰ ਪਿਛਲੇ ਸਾਲ ਦੀ ਸਮਝ ਕੇ ਜੂਲੀਅਨ ਤਾਰੀਖ਼ 22 ਸਤੰਬਰ ਹੀ ਲਿਖੀ ਜਾ ਰਿਹਾ ਹੈ ਜਦੋਂ ਕਿ ਅੱਸੂ ਵਦੀ ੧੦ ਸੰਮਤ ੧੫੯੭ ਨੂੰ 27 ਅਗਸਤ 1540 ਸੀ।
4. ਗੁਰਬਾਣੀ ਵਿਆਕਰਣ ਦੇ ਨਿਯਮਾਂ ਦੀ ਸਮਝ ਰੱਖਣ ਵਾਲੇ ਵਿਅਕਤੀ ਜਾਣਦੇ ਹਨ ਕਿ ‘ਗਾਵੈ, ਵੇਖੈ, ਆਵਨਿ, ਆਖੈ’ ਆਦਿਕ ਕਿਰਿਆਵਾਚੀ ਸ਼ਬਦ ਵਰਤਮਾਨ ਕਾਲ ਸੂਚਕ ਹੁੰਦੇ ਹਨ ਅਤੇ ‘ਆਖੁ, ਕਰੇਗੁ, ਹੋਸੀ, ਸਮਾਲਸੀ, ਜਾਨਿ, ਉਠਸੀ, ਸੁਣਾਇਸੀ’ ਆਦਿਕ ਕਿਰਿਆਵਾਚੀ ਸ਼ਬਦ ਭਵਿਖਕਾਲ ਸੂਚਕ ਹੁੰਦੇ ਹਨ। ਇਸ ਨਿਯਮ ਅਨੁਸਾਰ; ਵੀਚਾਰ ਅਧੀਨ ਸ਼ਬਦ ਵਿੱਚ ਜਿੱਥੇ ਵਰਤਮਾਨ ਕਾਲ ਸੂਚਕ ਕਿਰਿਆਵਾਂ ਆਈਆਂ ਹਨ ਓਥੇ ਸੰਮਤ ੧੫੭੮ ਜਦੋਂ ਬਾਬਰ ਨੇ ਸੈਦਪੁਰ ’ਤੇ ਹਮਲਾ ਕੀਤਾ ਸੀ ਉਸੇ ਸਮੇਂ ਮੁਗਲ ਫ਼ੌਜਾਂ ਵੱਲੋਂ ਕੀਤੀ ਦੁਰਗਤੀ ਦਾ ਹਾਲ ਭਾਈ ਲਾਲੋ ਜੀ ਨੂੰ ਸੰਬੋਧਨ ਹੁੰਦੇ ਹੋਏ ਉਚਾਰਿਆ ਸ਼ਬਦ ‘‘ਆਵਨਿ ਅਠਤਰੈ’’ ਤੋਂ ਭਾਵ ਸੰਮਤ ੧੫੭੮ (ਸੰਨ 1521ਈ.) ਵਿੱਚ ਮੁਗਲ ਹਾਕਮ; ਹਿੰਦੋਸਤਾਨ ਵਿੱਚ ਆਉਂਦੇ ਹਨ, ਆਏ ਹਨ ਅਤੇ ‘‘ਜਾਨਿ ਸਤਾਨਵੈ’’ = ਸੰਮਤ ੧੫੯੭ (ਸੰਨ 1540 ਈ.) ਵਿੱਚ ਚਲੇ ਜਾਣਗੇ। ‘‘ਹੋਰੁ ਭੀ ਉਠਸੀ ਮਰਦ ਕਾ ਚੇਲਾ’’ ਭਾਵ ਕੋਈ ਹੋਰ ਵੀ ਸੂਰਮਾ ਉਠੇਗਾ (ਜਿਹੜਾ ਮੁਗਲਾਂ ਦੀ ਸੰਤਾਨ ਨੂੰ ਭਜਾ ਦੇਵੇਗਾ)।
ਨੋਟ : ਇੱਥੇ ਇਸ਼ਾਰਾ ਸ਼ੇਰ ਸ਼ਾਹ ਸੂਰੀ ਵੱਲ ਹੈ, ਜਿਸ ਨੇ ਸੰਮਤ ੧੫੯੭ ਵਿੱਚ ਬਾਬਰ ਦੇ ਪੁੱਤਰ ਹਮਾਯੂੰ ਨੂੰ ਹਿੰਦੁਸਤਾਨ ਵਿੱਚੋਂ ਮਾਰ ਭਜਾਇਆ ਸੀ ਤੇ ਆਪ ਇੱਥੋਂ ਦਾ ਰਾਜਾ ਬਣ ਗਿਆ।
ਇਸੇ ਤਰ੍ਹਾਂ ਬਾਕੀ ਦੇ ਸਾਰੇ ਸ਼ਬਦ ਵਿੱਚ ਵਰਤਮਾਨ ਕਾਲ ਅਤੇ ਭਵਿੱਖ ਕਾਲ ’ਚ ਨਾਲੋ ਨਾਲ ਗੱਲ ਕੀਤੀ ਗਈ ਹੈ ਪਰ ਇਸ ਵਿਦਵਾਨ ਲੇਖਕ (ਡਾ. ਸੁਖਦਿਆਲ ਸਿੰਘ) ਨੇ ਸਾਰੇ ਦੇ ਸਾਰੇ ਸ਼ਬਦ ਦੇ ਭੂਤ ਕਾਲ ਵਿੱਚ ਅਰਥ ਕਰਕੇ ਅਰਥਾਂ ਦੇ ਅਨਰਥ ਕਰ ਦਿੱਤੇ ਭਾਵ ਜੋ ਸ਼ਬਦ ਸੰਨ 1521 ’ਚ ਉਚਾਰਿਆ ਗਿਆ ਸੀ ਉਸ ਨੂੰ ਸੰਨ 1540 ’ਚ ਉਚਾਰਿਆ ਸਿੱਧ ਕੀਤਾ, ਇਸ ਨਾਲ ਜਿੱਥੇ ਗੁਰੂ ਨਾਨਕ ਜੀ 1539 ਈ. ’ਚ ਜੋਤੀ ਜੋਤ ਨਹੀਂ ਸਮਾਏ ਓਥੇ ਗੁਰੂ ਨਾਨਕ ਸਾਹਿਬ ਜੀ ਦੁਆਰਾ ਕੀਤੀ 19 ਸਾਲ ਪਹਿਲਾਂ ਭਵਿੱਖਬਾਣੀ ’ਤੇ ਵੀ ਸੰਦੇਹ ਜਤਾਇਆ ਗਿਆ ਹੈ। ਇਸ ਵਿਦਵਾਨ ਵੱਲੋਂ ਕੀਤੇ ਇਹ ਅਰਥ ਕਿਸੇ ਵੀ ਹੋਰ ਵਿਦਵਾਨ ਦੁਆਰਾ ਕੀਤੇ ਗੁਰਬਾਣੀ ਦੇ ਅਰਥਾਂ ਨਾਲ ਮੇਲ ਨਹੀਂ ਖਾਂਦੇ।
5. ਚਲੋ ਜੇ ਮੰਨ ਵੀ ਲਿਆ ਜਾਵੇ ਕਿ ਇਹ ਸ਼ਬਦ ਭਵਿੱਖਬਾਣੀ ਨਹੀਂ ਬਲਕਿ ਸੰਮਤ ੧੫੯੭ ਤੱਕ ਗੁਰੂ ਸਾਹਿਬ ਜੀ ਨੇ ਆਪਣੀ ਹੈਯਾਤੀ ਵਿੱਚ ਹੀ ਅੱਖੀਂ ਡਿੱਠਾ ਹਾਲ ਵਰਣਨ ਕੀਤਾ ਹੈ ਤਾਂ ਡਾ: ਸੁਖਦਿਆਲ ਸਿੰਘ ਨੇ ਕਿਵੇਂ ਮੰਨ ਲਿਆ ਕਿ ਗੁਰੂ ਨਾਨਕ ਜੀ ਸੰਮਤ ੧੫੯੭ ਵਿੱਚ ਵੀ ਅੱਸੂ ਵਦੀ ੧੦, ਸੰਮਤ ੧੫੯੭ ਨੂੰ ਹੀ ਜੋਤੀ-ਜੋਤ ਸਮਾਏ ਹਨ। ਇਸ ਤਾਰੀਖ਼ ਸੰਬੰਧੀ ਨਾ ਕੋਈ ਇਤਿਹਾਸਕ ਹਵਾਲਾ ਹੈ ਅਤੇ ਨਾ ਹੀ ਇਸ ਵੱਲੋਂ ਜਿਸ ਸ਼ਬਦ ਦਾ ਸਹਾਰਾ ਲੈ ਕੇ ਗੁਰੂ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦਾ ਸੰਮਤ ੧੫੯੬ ਦੀ ਬਜਾਏ ੧੫੯੭ ਲਿਖਿਆ ਹੈ; ਉਸ ਸ਼ਬਦ ਵਿੱਚੋਂ ਕੋਈ ਸੰਕੇਤ ਮਿਲਦਾ ਹੈ ਕਿ ਗੁਰੂ ਸਾਹਿਬ ਜੀ ਕਿਸ ਸੰਮਤ, ਮਹੀਨੇ ਜਾਂ ਤਿੱਥ ਨੂੰ ਜੋਤੀ-ਜੋਤ ਸਮਾਏ ਹਨ। ਕੋਈ ਹੋਰ ਇਤਿਹਾਸਕਾਰ; ਡਾ: ਸੁਖਦਿਆਲ ਸਿੰਘ ਵਾਙ ਆਪਣੇ ਹੀ ਮਨ ਦੀਆਂ ਮਿੱਥਾਂ ਨਾਲ ਗੁਰੂ ਸਾਹਿਬ ਜੀ ਦਾ ਜੋਤੀ-ਜੋਤ ਸਮਾਉਣਾ ਸੰਮਤ ੧੫੯੭ ਦੀ ਬਜਾਏ ੯੮ ਜਾਂ ੯੯ ਜਾਂ ੧੬੦੦ ਲਿਖੀ ਜਾਵੇ ਤਾਂ ਕੀ ਅਜਿਹੇ ਇਤਿਹਾਸਕਾਰ; ਪਹਿਲਾਂ ਤੋਂ ਹੀ ਗੁਰ ਇਤਿਹਾਸ ਦੀਆਂ ਤਾਰੀਖ਼ਾਂ ਸੰਬੰਧੀ ਬਣੀ ਅਨੇਕਤਾ ਨੂੰ ਹੋਰ ਨਹੀਂ ਵਧਾ ਰਹੇ ? ਕਿਸੇ ਡੇਰੇਦਾਰ ਵੱਲੋਂ ਮਨ ਦੀਆਂ ਉਡਾਰੀਆਂ ਲਾਉਂਦੇ ਹੋਏ ਇਸ ਤਰ੍ਹਾਂ ਦੀਆਂ ਤਾਰੀਖ਼ਾਂ ਲਿਖੀਆਂ ਜਾਣਾ ਤਾਂ ਹੋਰ ਗੱਲ ਹੈ ਪਰ ਯੂਨੀਵਰਸਿਟੀਆਂ ਦੇ ਪੀ. ਐੱਚ. ਡੀ ਵਿਦਵਾਨ; ਇਸ ਤਰ੍ਹਾਂ ਦੀਆਂ ਖ਼ਿਆਲੀ ਉਡਾਰੀਆਂ ਮਾਰਨ ਲੱਗ ਜਾਣ ਤਾਂ ਸਿੱਖ ਇਤਿਹਾਸ ਨੂੰ ਕੌਣ ਦਰੁਸਤ ਕਰੇਗਾ ?
ਉਪਰੋਕਤ ਸਾਰੇ ਤੱਥਾਂ ਨੂੰ ਵੇਖ ਕੇ ਪੰਜਾਬੀ ਦਾ ਮੁਹਾਵਰਾ ਚੇਤੇ ਆਉਂਦਾ ਹੈ ‘ਨਕਲ ਮਾਰਨ ਵਾਸਤੇ ਵੀ ਅਕਲ ਦੀ ਲੋੜ ਹੁੰਦੀ ਹੈ’, ਪਰ ਇਸ ਵਿਦਵਾਨ ਨੇ ਤਾਂ ਨਕਲ ਮਾਰਨ ਸਮੇਂ ਬਿਲਕੁਲ ਵੀ ਅਕਲ ਦੀ ਵਰਤੋਂ ਨਹੀਂ ਕੀਤੀ। ਯੂਨੀਵਰਸਿਟੀ ਦੇ ਇੱਕ ਵਿਭਾਗ ਦੇ ਮੁੱਖੀ ਪ੍ਰੋਫੈਸਰ ਵੱਲੋਂ ਕੀਤੀ ਇਹ ਨਵੀਂ ਖੋਜ ਸ਼ੱਕ ਪੈਦਾ ਕਰਦੀ ਹੈ ਕਿ ਇਸ ਯੂਨੀਵਰਸਿਟੀ ਨੇ ਅਜਿਹੇ ਮੁਖੀ ਪ੍ਰੋਫੈਸਰਾਂ ਦੀ ਦੇਖ-ਰੇਖ ਹੇਠ ਕਿਸ ਤਰ੍ਹਾਂ ਦੇ ਵਿਦਵਾਨ ਇਤਿਹਾਸਕਾਰ ਪੈਦਾ ਕੀਤੇ ਹੋਣਗੇ ? ਇਸ ਸਬੰਧੀ ਪੰਜਾਬੀ ਯੂਨੀਵਰਸਿਟੀ ਨੂੰ ਵੀ ਚਾਹੀਦਾ ਹੈ ਕਿ ਯੂਨੀਵਰਸਿਟੀ ਦੀ ਭਰੋਸੇਯੋਗਤਾ (Creditiablity) ਨੂੰ ਢਾਹ ਲਾ ਰਹੇ ਆਪਣੇ ਪ੍ਰੋਫੈਸਰਾਂ ਦੀਆਂ ਖੋਜਾਂ ਦਾ ਮੁੜ ਮੂਲਾਂਕਣ ਕਰੇ।
6. ਕੱਤਕ ਪੂਰਨਮਾਸ਼ੀ ਦਾ ਪੱਖ ਪੂਰਨ ਵਾਲੇ ਵਿਦਵਾਨ ਆਪਣੀ ਮਿੱਥ ਦੀ ਪ੍ਰੋੜ੍ਹਤਾ ਕਰਨ ਲਈ ਕਿਸ ਤਰ੍ਹਾਂ ਤੱਥਾਂ ਦੀ ਤੋੜ-ਮਰੋੜ ਕਰਦੇ ਹਨ ਉਸ ਦੀ ਇੱਕ ਉਦਾਹਰਨ ਕੇਸਰ ਸਿੰਘ ਛਿੱਬਰ ਦੇ ‘ਬੰਸਾਵਲੀ ਨਾਮਾ (ਰਚਨਾਂ 11 ਅਕਤੂਬਰ 1769 ਈ:)’ ਦਾ
ਹਵਾਲਾ ਹੈ : ‘ਸੰਮਤ ਪੰਦ੍ਰਾਂ ਸੈ ਛੱਬੀ ਭਏ। ਤਬ ਬਾਬਾ ਨਾਨਕ ਸਾਹਿਬ ਜੀ ਜਨਮ ਲੈ ਲਏ। ਮਾਹ ਕਾਤਕ ਦਿਨ ਚਉਦਾਂ ਚਾਰ। ਪੁੰਨਿਆਂ ਰਾਤਿ ਗੁਰੂ ਨਾਨਕ ਜੀ ਲੀਨਾ ਅਵਤਾਰ ।੧੨੦।’
ਗਿਆਨੀ ਈਸ਼ਰ ਸਿੰਘ ਨਾਰਾ ਆਪਣੀ ਪੁਸਤਕ ‘ਵਿਸਾਖ ਨਹੀਂ ਕੱਤਕ’ ਦੇ ਪੰਨਾ 222 ਵਿੱਚ ਇਸ ਦਾ ਹਵਾਲਾ ਇਸ ਤਰ੍ਹਾਂ ਦਿੰਦੇ ਹਨ – ‘ਮਹਾਂ ਕਾਰਤਕ ਦਿਨ ਚਾਰ। ਪੁੰਨਿਆਂ ਰਾਤ ਗੁਰੂ ਨਾਨਕ ਲੀਨਾ ਅਵਤਾਰ*’ ਅਤੇ *ਨੋਟ ਵਿੱਚ ਇਸ ਤਰ੍ਹਾਂ ਲਿਖਦੇ ਹਨ – ‘ਇਹ ਮਹਾਂ ਕਾਰਤਕ ਦਿਨ ਚਾਰ ਦਾ ਭਾਵ ਮਹਾਨਤਾ ਭਰਿਆ ਕਤਕ ਮਹੀਨਾ (ਚਾਰ) ਸ੍ਰੈਸ਼ਟ ਦਿਨ ਪੁੰਨਿਆ ਹੈ।’ ਸਿਤਮ
ਵਾਲੀ ਗੱਲ ਹੈ ਕਿ ਗਿਆਨੀ ਜੀ ਮੂਲ ਪਾਠ ਵਿੱਚੋਂ ‘ਚਉਦਾਂ’ ਹੜਪ ਕਰ ਗਏ ਹਨ ਅਤੇ ‘ਮਾਹ’ ਜਿਸ ਦਾ ਅਰਥ ਮਹੀਨਾਂ ਹੈ ਨੂੰ ‘ਮਹਾਂ’ ਵਿੱਚ ਬਦਲ ਦਿੱਤਾ ਗਿਆ। ਮੂਲ ਪਾਠ ਵਿੱਚ ‘ਮਾਹ ਕਾਤਕ ਦਿਨ ਚਉਦਾਂ ਚਾਰ’ ਦਾ ਅਰਥ ਹੈ : ਕੱਤਕ ਮਹੀਨਾ ਅਠਾਰਾਂ ਦਿਨ ਗਏ। ਇਨ੍ਹਾਂ ਵਿਦਵਾਨਾਂ ਨੇ ਇਹ ਵੀ ਚੈੱਕ ਨਹੀਂ ਕੀਤਾ ਕਿ ਜਿਸ ਕੇਸਰ ਸਿੰਘ ਛਿੱਬਰ ਦੀ ਲਿਖਤ ਉਹ ਵਰਤ ਰਹੇ ਹਨ ਉਹੀ ਸ਼ੱਕੀ ਹੈ ਕਿਉਂਕਿ ਕੱਤਕ ਪੂਰਨਮਾਸ਼ੀ ਸੰਮਤ 1526 ਬਿ: (ਸੰਨ 1469 ਈ.) ਨੂੰ 21 ਕੱਤਕ ਸੀ, ਜਦੋਂ ਕਿ ਛਿੱਬਰ ਦੀ ਲਿਖਤ ਵਿੱਚ ਪੂਰਨਮਾਸ਼ੀ ਅਤੇ 18 ਕੱਤਕ ਲਿਖਿਆ ਹੈ ਜੋ ਆਪਸ ਵਿੱਚ ਮੇਲ ਨਾ ਖਾਂਦੇ ਹੋਣ ਕਰਕੇ ਛਿੱਬਰ ਦੀ ਇਹ ਲਿਖਤ ਹੀ ਸ਼ੱਕੀ ਹੋ ਜਾਂਦੀ ਹੈ।
ਹੁਣ ਜ਼ਰਾ ਦੇਖੋ ਕਿ ਛਿੱਬਰ ਦਾ ਇਹੀ ਹਵਾਲਾ ਡਾ. ਹਰਜਿੰਦਰ ਸਿੰਘ ਦਿਲਗੀਰ ਆਪਣੇ ਲੇਖ ਵਿੱਚ ਇਸ ਤਰ੍ਹਾਂ ਦਿੰਦੇ ਹਨ – ‘ਸੰਮਤ ਪੰਦ੍ਰਾਂ ਸੈ ਛੱਬੀ ਭਏ। ਤਬ ਬਾਬਾ ਨਾਨਕ ਸਾਹਿਬ ਜੀ ਜਨਮ ਲੈ ਲਏ। ਮਹਾਂ ਕਾਰਤਕ ਪੁੰਨਿਆਂ ਰਾਤ ਗੁਰੂ ਨਾਨਕ ਲੀਨਾ ਅਵਤਾਰ ।’ ਡਾ. ਦਿਲਗੀਰ ਜੀ ਮੂਲ ਪਾਠ ਵਿੱਚੋਂ ‘ਦਿਨ ਚਉਦਾਂ ਚਾਰ’ ਉੱਡਾ ਗਏ ਹਨ ਕਿਉਂਕਿ ਸ਼ਾਇਦ ਉਨ੍ਹਾਂ ਨੂੰ ਪਤਾ ਸੀ ਕਿ 1526 ਬਿ. ਵਿੱਚ ਕੱਤਕ ਪੂਰਨਮਾਸ਼ੀ 18 ਕੱਤਕ ਨੂੰ ਨਹੀਂ ਸੀ। ਨਾਲ ਹੀ ‘ਮਾਹ’ ਨੂੰ ‘ਮਹਾਂ’ ਵਿੱਚ ਬਦਲ ਦਿੱਤਾ ਗਿਆ ਹੈ। ਕੀ ਇਹੀ ਹੈ ਖੋਜ ?
ਦੂਸਰੀ ਮਿਸਾਲ ਹੈ ਦੋਵਾਂ ਹੀ ਵਿਦਵਾਨਾਂ ਭਾਵ ਗਿਆਨੀ ਈਸ਼ਰ ਸਿੰਘ ਨਾਰਾ ਅਤੇ ਡਾ: ਹਰਜਿੰਦਰ ਸਿੰਘ ਦਿਲਗੀਰ ਨੇ ਸ਼੍ਰੀ ਬੀ. ਵੀ. ਰਮਨ ਦੀ ਲਿਖਤ ‘ਨੋਟੇਬਬਲ ਹਾਰੋਸਕੋਪ’ (Notable Horoscope) ’ਚ ਦਰਜ ਟੇਵਾ ਨੰ: 13 ਦਾ ਗਲਤ ਹਵਾਲਾ ਦਿੱਤਾ ਹੈ ਕਿ ਸ਼੍ਰੀ ਬੀ. ਵੀ. ਰਮਨ ਨੇ ਵੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕੱਤਕ ਸੁਦੀ ਪੂਰਨਮਾਸ਼ੀ ਸੰਮਤ ੧੫੨੬ (ਸੰਨ 1469) ਵਿੱਚ ਹੋਇਆ ਮੰਨਿਆ ਹੈ। ਇਨ੍ਹਾਂ ਵਿਦਵਾਨਾਂ ਨੇ ਇਸ ਟੇਵੇ ਦੇ ਉੱਪਰ ਲਿਖਿਆ ਨਹੀਂ ਪੜ੍ਹਿਆ ਕਿ ਇਹ ਟੇਵਾ ਸੰਨ 1469 ਦਾ ਨਹੀਂ ਬਲਕਿ 8 ਨਵੰਬਰ 1470 ਦਾ ਹੈ।
ਉਕਤ ਦੋਵੇਂ ਉਦਾਹਰਨਾਂ ਤੋਂ ਜਾਪਦਾ ਹੈ ਕਿ ਇਨ੍ਹਾਂ ਵਿਦਵਾਨਾਂ ਨੇ ਪਹਿਲਾਂ ਹੀ ਧਾਰ ਲਿਆ ਹੋਇਆ ਸੀ ਕਿ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਕੱਤਕ ਦੀ ਪੂਰਨਮਾਸ਼ੀ ਸਿੱਧ ਕਰਨਾ ਹੀ ਕਰਨਾ ਹੈ ਭਾਵੇਂ ਕਿ ਆਪਣੇ ਵੱਲੋਂ ਦਿੱਤੇ ਹਵਾਲੇ ਵਾਲੇ ਸਰੋਤ ਵਿੱਚ ਇਨ੍ਹਾਂ ਨੂੰ ਕਿੰਨਾ ਵੀ ਬਦਲਾਅ ਕਿਉਂ ਨਾ ਕਰਨਾ ਪਵੇ ਜਦ ਕਿ ਇਸ ਟੇਵੇ ਨੂੰ ਹੇਠ ਲਿਖੇ ਕੁਝ ਕਾਰਨਾਂ ਕਰਕੇ ਸਬੂਤ ਵਜੋਂ ਸਹੀ ਨਹੀਂ ਮੰਨਿਆ ਜਾ ਸਕਦਾ :
(ੳ) ਇਸ ਟੇਵੇ ਦੇ ਉੱਪਰ ਹੀ ਲਿਖਿਆ ਹੈ- *ਜਨਮ 8 ਨਵੰਬਰ 1470 (OS= Old Style ਭਾਵ ਜੂਲੀਅਨ) ਨੂੰ ਹੋਇਆ।
(ਅ) ਇਸ ਟੇਵੇ ਦੇ ਥੱਲੇ ਲਿਖਿਆ ਹੈ – *I am indebted to Mr. Nahar Singh Gyani of Gujjarwal, Ludhiana District, for the birth details of Guru Nanak. According to most reliable sources, the Guru was born on the Full Moon day of Karthika, Samvat 1526, Thursday at midnight, in the nakshatra of Krittika, Simha Lagna. ਭਾਵ ਮੈਂ, ਗੁੱਜਰਵਾਲ, ਜ਼ਿਲ੍ਹਾ ਲੁਧਿਆਣਾ ਦੇ ਨਾਹਰ ਸਿੰਘ ਗਿਆਨੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਗੁਰੂ ਨਾਨਕ ਦੇ ਜਨਮ ਦਿਨ ਦੇ ਵੇਰਵੇ ਦਿੱਤੇ। ਬਹੁਤ ਭਰੋਸੇਮੰਦ ਸੂਤਰਾਂ ਅਨੁਸਾਰ, ਗੁਰੂ ਜੀ ਦਾ ਜਨਮ, ਸੰਮਤ ੧੫੨੬ ਦੇ ਕੱਤਕ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ, ਵੀਰਵਾਰ ਅੱਧੀ ਰਾਤ ਨੂੰ, ਕ੍ਰਿਤਿਕਾ ਨਕਸ਼ਤਰ, ਸਿੰਘ ਲਗਨ ਦੇ ਵਿੱਚ ਹੋਇਆ ਸੀ।
ਉਕਤ ਨੋਟ ਨੂੰ ਪੜ੍ਹ ਕੇ ਕੋਈ ਵੀ ਵਿਦਵਾਨ ਇਸ ਟੇਵੇ ਨੂੰ ਸਬੂਤ ਵਜੋਂ ਨਹੀਂ ਵਰਤੇਗਾ ਕਿਉਂਕਿ ਇਸ ਦੇ ਲਿਖਾਰੀ ਨੇ ਤਾਂ ਸਾਫ਼ ਲਿਖ ਦਿੱਤਾ ਹੈ ਕਿ ਇਹ ਟੇਵਾ ਉਸ ਤਾਰੀਖ਼ ਦਾ ਬਣਾਇਆ ਹੈ ਜਿਸ ਦੇ ਵੇਰਵੇ ਮੈਨੂੰ ਗਿਆਨੀ ਨਾਹਰ ਸਿੰਘ ਵੱਲੋਂ ਦਿੱਤੇ ਗਏ ਸਨ। ਟੇਵਾ ਬਣਾਉਣ ਵਾਲੇ ਨੇ ਕੋਈ ਗਰੰਟੀ ਨਹੀਂ ਲਈ ਕਿ ਇਹ ਤਾਰੀਖ਼ਾਂ ਸਹੀ ਹਨ । ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਉਹ ਸੰਮਤ ੧੫੨੬ ਵੀ ਲਿਖ ਰਹੇ ਹਨ ਭਾਵ ਕਿ ਟੇਵਾ ਬਣਾਉਣ ਵਾਲੇ ਨੂੰ ਨਹੀਂ ਪਤਾ ਕਿ ਅਸਲੀ ਤਾਰੀਖ਼ ਕਿਹੜੀ ਹੈ। ਟੇਵਾ ਉਸ ਨੇ ਉਸੇ ਤਾਰੀਖ਼ ਦਾ ਬਣਾ ਦਿੱਤਾ ਜਿਹੜੀ ਉਸ ਨੂੰ ਗਿਆਨੀ ਨਾਹਰ ਸਿੰਘ ਵੱਲੋਂ ਦਿੱਤੀ ਗਈ ਸੀ। ਇਸ ਤਰ੍ਹਾਂ ਦੇ ਟੇਵੇ ਤਾਂ ਜਿਹੜੀ ਮਰਜ਼ੀ ਤਿੱਥ ਜਾਂ ਸੰਮਤ ਦੇ ਬਣਾ ਲਓ ਪਰ ਉਨ੍ਹਾਂ ਨੂੰ ਕਿਸੇ ਸਬੂਤ ਵਜੋਂ ਨਹੀਂ ਲਿਆ ਜਾ ਸਕਦਾ ਜਦੋਂ ਕਿ ਇਹ ਵਿਦਵਾਨ 8 ਨਵੰਬਰ 1470 ਦੀ ਤਾਰੀਖ਼ ਲਈ ਬਣਾਏ ਟੇਵੇ ਨੂੰ ਹੀ ਕੱਤਕ ਦੀ ਪੂਰਨਮਾਸ਼ੀ ਸੰਮਤ ੧੫੨੬ (22 ਸਤੰਬਰ 1469) ਦੀ ਤਾਰੀਖ਼ ਸਿੱਧ ਕਰਨ ਲਈ ਵਰਤ ਰਹੇ ਹਨ।
(ੲ). ਗਿਆਨੀ ਈਸ਼ਰ ਸਿੰਘ ਨਾਰਾ ਨੇ ਆਪਣੀ ਪੁਸਤਕ ‘ਵਿਸਾਖ ਨਹੀਂ ਕੱਤਕ’ ਦੇ ਪੰਨਾ ਨੰ: 129 ’ਤੇ ਕਿਸੇ ਹੋਰ ਪੰਡਿਤ ਵੱਲੋਂ ਬਣਾਇਆ ਟੇਵਾ (ਜਿਸ ਉੱਪਰ ਕਿਸੇ ਦਾ ਨਾਂ ਵੀ ਨਹੀਂ ਲਿਖਿਆ) ਵੀ ਸਬੂਤ ਵਜੋਂ ਦਿੱਤਾ ਹੈ। ਹਾਲਾਂਕਿ ਇਸ ਦੇ ਥੱਲੇ ਗਿਆਨੀ ਜੀ
ਨੇ ਖ਼ੁਦ ਹੀ ਲਿਖਿਆ ਹੈ ਕਿ ਮੈਂ ਇਸ ਦਾ ਨਾ ਖੰਡਨ ਕਰਦਾ ਹਾਂ, ਨਾ ਹੀ ਮੰਡਨ ਕਰਦਾ ਹਾਂ; ਪਰ ਥੋੜ੍ਹਾ ਅੱਗੇ ਜਾ ਕੇ ਪੰਨਾ 135 ’ਤੇ ਇਸੇ ਟੇਵੇ ਦਾ ਇਸ ਆਧਾਰ ’ਤੇ ਮੰਡਨ ਵੀ ਕਰ ਦਿੱਤਾ ਕਿ ਇਹ ਬੀ. ਵੀ. ਰਮਨ ਦੇ ਟੇਵੇ ਨਾਲ ਮੇਲ ਖਾਂਦਾ ਹੈ। ਜੇਕਰ ਟੇਵਿਆਂ ਬਾਰੇ ਜਾਣਕਾਰੀ ਰੱਖਣ ਵਾਲਾ ਵਿਅਕਤੀ ਦੋਵਾਂ ਟੇਵਿਆਂ ਨੂੰ ਬਰਾਬਰ-ਬਰਾਬਰ ਰੱਖ ਕੇ ਵੇਖੇ ਤਾਂ ਉਸ ਨੂੰ ਸਹਿਜੇ ਹੀ ਪਤਾ ਲੱਗ ਜਾਵੇਗਾ ਕਿ ਦੋਵਾਂ ਟੇਵਿਆਂ
ਦੇ ਸਮੇਂ ਵਿੱਚ ਘੱਟ ਤੋਂ ਘੱਟ 9.3 ਸਾਲ ਦਾ ਫ਼ਰਕ ਹੈ। ਕਾਰਨ ਇਹ ਹੈ ਕਿ ਰਾਹੂ ਅਤੇ ਕੇਤੂ ਆਪਸ ਵਿੱਚ 180° ਦੀ ਦੂਰੀ ’ਤੇ ਹਨ ਅਤੇ ਇਹ 6793.47 ਦਿਨ (18.6 ਸਾਲ) ਵਿੱਚ ਆਪਣਾ ਚੱਕਰ ਪੂਰਾ ਕਰਦੇ ਹਨ। ਇਸ ਹਿਸਾਬ ਨਾਲ 9.3 ਸਾਲਾਂ ਮਗਰੋਂ ਇਹ ਆਪਣੀ ਪੋਜੀਸ਼ਨ ਇੱਕ ਦੂਸਰੇ ਨਾਲ ਬਦਲ ਲੈਂਦੇ ਹਨ ਭਾਵ ਜਿਸ ਰਾਸ਼ੀ ਵਿੱਚ 9.3 ਸਾਲ ਪਹਿਲਾਂ ਰਾਹੂ ਸੀ, ਓਥੇ ਕੇਤੂ ਆ ਜਾਂਦਾ ਹੈ ਅਤੇ ਕੇਤੂ ਵਾਲੀ ਰਾਸ਼ੀ ਵਿੱਚ ਰਾਹੂ। 18.6 ਸਾਲਾਂ ਮਗਰੋਂ ਇਹ ਮੁੜ ਆਪਣੀ ਪਹਿਲੀ ਪੋਜੀਸ਼ਨ ਵਿੱਚ ਆ ਜਾਂਦੇ ਹਨ। ਹੁਣ ਦੋਵਾਂ ਟੇਵਿਆਂ ਨੂੰ ਨਾਲ-ਨਾਲ ਰੱਖ ਕੇ ਵੇਖੋ ਤਾਂ ਪਤਾ ਲੱਗ ਜਾਵੇਗਾ ਕਿ ਬੇਨਾਮੀ ਟੇਵੇ ਵਿੱਚ ‘ਰਾਹੂ’ ਚੌਥੀ ਰਾਸ਼ੀ ਵਿੱਚ ਅਤੇ ‘ਕੇਤੂ’ ਦਸਵੀਂ ਰਾਸ਼ੀ ਵਿੱਚ ਹੈ ਜਦਕਿ ਇਸ ਦੇ ਉਲ਼ਟ ਬੀ. ਵੀ ਰਮਨ ਵਾਲੇ ਟੇਵੇ ਵਿੱਚ ਰਾਹੂ ਦਸਵੀਂ ਰਾਸ਼ੀ ਅਤੇ ਕੇਤੂ ਚੌਥੀ ਰਾਸ਼ੀ ਵਿੱਚ ਹੈ। ਇਸ ਤੋਂ ਸਿੱਧਾ ਹੁੰਦਾ ਹੈ ਕਿ ਦੋਵਾਂ ਟੇਵਿਆਂ ਵਿੱਚ ਘੱਟ ਤੋਂ ਘੱਟ 9.3 ਸਾਲਾਂ ਦਾ ਫ਼ਰਕ ਹੈ, ਪਰ ਦੋਵੇਂ ਸਿੱਖ ਵਿਦਵਾਨਾਂ ਨੂੰ ‘ਕੱਤਕ ਦੀ ਪੂਰਨਮਾਸ਼ੀ’ ਵੇਖ ਕੇ ਹੀ ਇੰਨਾ ਚਾਅ ਚੜ੍ਹ ਗਿਆ ਕਿ ਇਨ੍ਹਾਂ ਨੇ ਨਾ ਹੀ ਟੇਵੇ ਉੱਪਰ ਲਿਖਿਆ ਸਾਲ (8 ਨਵੰਬਰ 1470) ਵੇਖਿਆ ਅਤੇ ਨਾ ਹੀ ਇਹ ਵਿਚਾਰਿਆ ਕਿ ਇਹ ਟੇਵਾ ਤਾਂ ਗਿਆਨੀ ਨਾਹਰ ਸਿੰਘ ਦੁਆਰਾ ਦਿੱਤੀ ਤਾਰੀਖ਼ ’ਤੇ ਆਧਾਰਿਤ ਹੀ ਬੀ. ਵੀ. ਰਮਨ ਨੇ ਬਣਾਇਆ ਹੈ, ਨਾ ਕਿ ਇਹ ਬੀ. ਵੀ. ਰਮਨ ਦੀ ਆਪਣੀ ਖੋਜ ਸੀ, ਪਰ ਗਿਆਨੀ ਈਸ਼ਰ ਸਿੰਘ ਨਾਰਾ ਅਤੇ ਡਾ: ਹਰਜਿੰਦਰ ਸਿੰਘ ਦਿਲਗੀਰ ਨੇ ਇਸ ਟੇਵੇ ਨੂੰ ਆਪਣੇ ਵੱਲੋਂ ਸਬੂਤ ਦੇ ਤੌਰ ’ਤੇ ਲੈ ਲਿਆ।
(ਸ). ਬੇਨਾਮੀ ਟੇਵੇ ਨੂੰ ਸਹੀ ਸਿੱਧ ਕਰਨ ਲਈ ਗਿਆਨੀ ਈਸ਼ਰ ਸਿੰਘ ਨਾਰਾ ਨੇ ਇੱਕ ਹੋਰ ਗ਼ਲਤ ਜਾਣਕਾਰੀ ਦਿੱਤੀ ਕਿ ‘500 ਸਾਲਾ ਜਨਮ ਸ਼ਤਾਬਦੀ ਹੁਣ ਠੀਕ ਉਸੇ ਟੇਵੇ (ਜਨਮ ਕੁੰਡਲੀ) ਦੇ ਮੁਤਾਬਕ (ਸੰਮਤ ੧੫੨੬ ਤੋਂ ਠੀਕ 500 ਸਾਲਾਂ ਬਾਅਦ) ਸੰਮਤ ੨੦੨੬ ਵਿੱਚ ਮੁੜ ੯ ਮੱਘਰ (23 ਨਵੰਬਰ 1969) ਨੂੰ ਆਈ ਹੈ। ਇਹ ਕਰਤਾਰ ਦੇ ਹੁਕਮ ਅੰਦਰ ਸੂਰਜ ਚੰਨ ਦੀ ਚਾਲ ਦਾ ਪੱਕਾ ਸਬੂਤ ਹੈ। ਗੁਰੂ ਨਾਨਕ ਵਾਕ ਹੈ – ‘‘ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥ ਕੋਹ ਕਰੋੜੀ ਚਲਤ ਨਾ ਅੰਤੁ॥’’ ਕਿੰਨੀ ਹੈਰਾਨੀ ਦੀ ਗੱਲ ਹੈ ਕਿ 500 ਸਾਲ ਪਹਿਲੇ ਲਿਖੇ ਟੇਵੇ ਨੂੰ ਸਹੀ ਸਾਬਤ ਕਰਨ ਵਾਸਤੇ ਸੰਮਤ ੧੫੨੬ ਵਿੱਚ ੯ ਮੱਘਰ ਦੇ ਦਿਨ ਨੂੰ ਕੱਤਕ ਦੀ ਪੂਰਨਮਾਸ਼ੀ ਆਈ ਹੈ।’
ਟਿੱਪਣੀ: (1). ਇਹ ਝੂਠ ਹੈ ਕਿ ਸੰਮਤ ੧੫੨੬ ਨੂੰ ਕੱਤਕ ਦੀ ਪੂਰਨਮਾਸ਼ੀ ੯ ਮੱਘਰ ਨੂੰ ਸੀ ਕਿਉਂਕਿ ਉਸ ਸਾਲ ਕੱਤਕ ਸੁਦੀ ਪੂਰਨਮਾਸ਼ੀ ਨੂੰ ੨੧ ਕੱਤਕ ਦਿਨ ਸ਼ੁੱਕਰਵਾਰ; 20 ਅਕਤੂਬਰ 1469 ਈ. ਸੀ। ਇਹ ਤਾਰੀਖ਼ ਸ੍ਵਾਮੀਕੰਨੂ ਪਿੱਲੇ ਦੀ ਜੰਤਰੀ ਜਾਂ ਸ: ਪਾਲ ਸਿੰਘ ਪੁਰੇਵਾਲ ਦੀ 500 ਸਾਲਾ ਜੰਤਰੀ ਵਿੱਚੋਂ ਵੇਖੀ ਜਾ ਸਕਦੀ ਹੈ ਜਾਂ ਇੰਡੀਅਨ ਕੈਲੰਡਰ ਵਿੱਚ ਦਿੱਤੇ ਟੇਬਲਜ਼ (Tables) ’ਚ ਦਰਜ ਡਾਟੇ (Data) ਦੀ ਸਹਾਇਤਾ ਨਾਲ ਗਣਿਤ (Calculate) ਕਰਕੇ ਚੈੱਕ ਕੀਤੀ ਜਾ ਸਕਦੀ ਹੈ।
(2). ਦੂਜੀ ਗਲਤ ਜਾਣਕਾਰੀ ਇਹ ਹੈ ਕਿ ‘ਗੁਰੂ ਨਾਨਕ ਦੇ ਵਾਕ ਅਨੁਸਾਰ 500 ਸਾਲ ਪਹਿਲੇ ਲਿਖੇ ਟੇਵੇ ਨੂੰ ਸੱਚਾ ਸਾਬਤ ਕਰਨ ਵਾਸਤੇ ਸੰਮਤ ੨੦੨੬ ਵਿੱਚ ੯ ਮੱਘਰ ਦੇ ਦਿਨ ਨੂੰ ਕੱਤਕ ਦੀ ਪੂਰਨਮਾਸ਼ੀ ਆਈ ਹੈ।’ ਇਹ ਠੀਕ ਹੈ ਕਿ ਸੰਮਤ ੨੦੨੬ ਵਿੱਚ ੯ ਮੱਘਰ ਨੂੰ ਕੱਤਕ ਦੀ ਪੂਰਨਮਾਸ਼ੀ ਆਈ ਸੀ, ਪਰ ਕਿਸੇ ਵੀ ਸਾਲ ਦੀ ਸੂਰਜੀ ਤਾਰੀਖ਼ (ਪ੍ਰਵਿਸ਼ਟੇ) ਨੂੰ ਜਿਹੜੀ ਤਿੱਥ ਆਉਂਦੀ ਹੈ, ਉਹੀ ਤਿੱਥ 500 ਸਾਲ ਪਹਿਲਾਂ ਉਸੇ ਪ੍ਰਵਿਸ਼ਟੇ ਨੂੰ 12+1 ਜਾਂ 12-1 ਤਿੱਥਾਂ ਦੇ ਅੰਤਰ ਨਾਲ ਹੁੰਦੀ ਹੈ। ਮਿਸਾਲ ਦੇ ਤੌਰ ’ਤੇ ੧ ਵੈਸਾਖ ੧੫੨੬/ 27 ਮਾਰਚ 1469 ਈ: ਜੂਲੀਅਨ ਨੂੰ ਚੇਤ ਸੁਦੀ ੧੫ (ਪੂਰਨਮਾਸ਼ੀ) ਸੀ ਅਤੇ 500 ਸਾਲਾਂ ਬਾਅਦ ਸੰਮਤ ੨੦੨੬/ ਸੰਨ 1969 ਈ: ਗ੍ਰੈਗੋਰੀਅਨ ਨੂੰ ੧ ਵੈਸਾਖ/ 13 ਅਪ੍ਰੈਲ ਵੈਸਾਖ ਵਦੀ ੧੨ ਸੀ ਭਾਵ ਪੂਰੀਆਂ ੧੨ ਤਿੱਥਾਂ ਦਾ ਅੰਤਰ ਸੀ। ਇਸੇ ਤਰ੍ਹਾਂ ਬਾਕੀ ਦੇ ਕਿਸੇ ਵੀ ਪ੍ਰਵਿਸ਼ਟੇ ਦੀ ਪਰਖ ਕੀਤੀ ਜਾ ਸਕਦੀ ਹੈ। ਗਿਆਨੀ ਈਸ਼ਰ ਸਿੰਘ ਨਾਰਾ ਜੀ ਜਿਸ ਨੂੰ ਕੈਲੰਡਰ ਬਾਰੇ ਕੋਈ ਗਿਆਨ ਨਹੀਂ ਹੈ, ਉਸ ਨੂੰ ਆਪਣੇ ਗਲਤ ਕਥਨ (ਕਿ 1469 ਵਿੱਚ ੯ ਮੱਘਰ ਨੂੰ ਕੱਤਕ ਦੀ ਪੂਰਨਮਾਸ਼ੀ ਸੀ ਅਤੇ ਕਰਤਾਰ ਦੇ ਹੁਕਮ ਅਨੁਸਾਰ 500 ਸਾਲਾ ਸ਼ਤਾਬਦੀ ਦੌਰਾਨ 1969 ਨੂੰ ਵੀ ਕੱਤਕ ਦੀ ਪੂਰਨਮਾਸ਼ੀ ੯ ਮੱਘਰ ਨੂੰ ਹੀ ਆਈ ਹੈ) ਨੂੰ ਸੱਚਾ ਸਿੱਧ ਕਰਨ ਲਈ ਬਿਨਾਂ ਮਤਲਬ ਕਰਤਾਰ ਦੇ ਹੁਕਮ ਅਤੇ ਗੁਰੂ ਵਾਕ (ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥..) ਦਾ ਹਵਾਲਾ ਨਹੀਂ ਦੇਣਾ ਚਾਹੀਦਾ ਸੀ ਕਿਉਂਕਿ ਇਸ ਗੁਰੂ ਵਾਕ ਵਿੱਚੋਂ ਕੋਈ ਸੰਕੇਤ ਨਹੀਂ ਮਿਲਦਾ ਕਿ 500 ਸਾਲ ਪਹਿਲਾਂ ਜਿਸ ਪ੍ਰਵਿਸ਼ਟੇ ਨੂੰ ਜਿਹੜੀ ਤਿੱਥ ਆਈ ਸੀ 500 ਸਾਲ ਬਾਅਦ ਉਸੇ ਪ੍ਰਵਿਸ਼ਟੇ ਨੂੰ ਉਹੀ ਤਿੱਥ ਹੋਵੇਗੀ।
(ਹ). ਖੋਜੀ ਵਿਦਵਾਨਾਂ ਦਾ ਪਹਿਲਾ ਕੰਮ ਹੁੰਦਾ ਹੈ ਕਿ ਉਹ ਇਤਿਹਾਸਕ ਸਰੋਤਾਂ ’ਚੋਂ ਤੱਥ ਇਕੱਤਰ ਕਰਨ, ਫਿਰ ਉਨ੍ਹਾਂ ਦੇ ਸਹੀ ਜਾਂ ਗ਼ਲਤ ਹੋਣ ਦੀ ਤਸਦੀਕ ਕਰਨ ਕਿ ਇਹ ਕੈਲੰਡਰ ਨਿਯਮਾਂ ਆਧਾਰਿਤ ਹਨ; ਸੋਮਿਆਂ ਵਿੱਚ ਦਿੱਤੀਆਂ ਤਾਰੀਖ਼ਾਂ ਦੇ ਹਿਸਾਬ ਗੁਰੂ ਸਾਹਿਬ ਜੀ ਦੀ ਕੁਲ ਉਮਰ ਜਾਂ ਗੁਰਿਆਈ ਦਾ ਸਮਾਂ ਪੂਰਾ ਬਣਦਾ ਹੈ, ਜਾਂ ਨਹੀਂ; ਫਿਰ ਇਨ੍ਹਾਂ ਸੋਮਿਆਂ ਵਿੱਚੋਂ ਸਭ ਤੋਂ ਵੱਧ ਭਰੋਸੇਯੋਗ ਤਾਰੀਖ਼ ਸੰਬੰਧੀ ਆਪਣਾ ਫ਼ੈਸਲਾ ਲੈਂਦੇ ਹਨ; ਜਿਵੇਂ ਕਿ ਸ: ਪਾਲ ਸਿੰਘ ਪੁਰੇਵਾਲ ਨੇ ਕੀਤਾ ਹੈ, ਪਰ ਇਹ ਵਿਦਵਾਨ, ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਫ਼ੈਸਲਾ ਪਹਿਲਾਂ ਹੀ ਕਰੀ ਬੈਠੇ ਹਨ ਅਤੇ ਸਬੂਤ ਬਾਅਦ ਵਿੱਚ ਇਕੱਠੇ ਕਰਦੇ ਪ੍ਰਤੀਤ ਹੁੰਦੇ ਹਨ । ਇੱਥੋਂ ਤੱਕ ਕਿ ਜੇ ਆਪਣੀ ਪਹਿਲਾਂ ਬਣਾਈ ਧਾਰਨਾ ਦੀ ਪੁਸ਼ਟੀ ਲਈ ਮੂਲ ਸਰੋਤਾਂ ’ਚੋਂ ਅੱਧ-ਪਚੱਧ ਲੈਣਾ ਪਵੇ ਜਾਂ ਉਨ੍ਹਾਂ ਨੂੰ ਕੁਝ ਬਦਲਣਾ ਵੀ ਪਵੇ ਤਾਂ ਉਸ ਤੋਂ ਵੀ ਕੋਈ ਗੁਰੇਜ਼ ਨਹੀਂ ਕਰਦੇ; ਜਿਵੇਂ ਕਿ ਇਨ੍ਹਾਂ ਦੋਵਾਂ ਵਿਦਵਾਨਾਂ ਨੇ ਕੇਸਰ ਸਿੰਘ ਛਿੱਬਰ ਦੀ ਲਿਖਤ ਵਿੱਚ ਕੀਤਾ ਹੈ ਅਤੇ ਸੰਨ 1470 ਦੇ ਟੇਵੇ ਨੂੰ 1469 ਦੀ ਕੱਤਕ ਸੁਦੀ ਪੂਰਨਮਾਸ਼ੀ ਸਿੱਧ ਕਰਨ ਲਈ ਵਰਤ ਲਿਆ। ਇਹ ਸਾਹਿਤਕ ਬੇਈਮਾਨੀ ਅਤੇ ਕੌਮ ਨਾਲ ਧੋਖਾ ਜਾਪਦਾ ਹੈ।
ਸ: ਪਾਲ ਸਿੰਘ ਪੁਰੇਵਾਲ ਨੇ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ਼ ਅੱਸੂ ਵਦੀ ੧੦ ਸੰਮਤ ੧੫੯੬ (ਜੋ ਕਿ ਕਰਤਾਰਪੁਰੀ ਬੀੜ ਵਿੱਚ ਦਰਜ ਹੈ) ਨੂੰ ਸਹੀ ਮੰਨ ਕੇ ਇਸ ਤਿੱਥ ਨੂੰ ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕਰਕੇ ੮ ਅੱਸੂ; ਨਾਨਕਸ਼ਾਹੀ ਸੰਮਤ 71; 7 ਸਤੰਬਰ 1539 ਲਿਖਿਆ ਹੈ। ਇਸ ਵਿੱਚੋਂ ਗੁਰੂ ਜੀ ਦੀ ਕੁਲ ਉਮਰ 70 ਸਾਲ 5 ਮਹੀਨੇ 7 ਦਿਨ ਘਟਾ ਕੇ ਪ੍ਰਕਾਸ਼ ਦਿਹਾੜਾ ਚੇਤ ਸੁਦੀ ਪੂਰਨਮਾਸ਼ੀ, ਬਿਕ੍ਰਮੀ ਸੰਮਤ ੧੫੨੬, ੧ ਵੈਸਾਖ, ਨਛੱਤਰ ਹਸਤ; ਨਾਨਕਸ਼ਾਹੀ ਸੰਮਤ 1; 27 ਮਾਰਚ 1469 ਜੂਲੀਅਨ ਲਿਖਿਆ ਹੈ। ਇਹ ਤਾਰੀਖ਼ ਕਈ ਪੱਖਾਂ ਤੋਂ ਵਾਚਿਆਂ ਬਾਕੀਆਂ ਨਾਲੋਂ ਵੱਧ ਭਰੋਸੇਯੋਗ ਅਤੇ ਦਰੁਸਤ ਜਾਪਦੀ ਹੈ। ਇਸ ਤਾਰੀਖ਼ ਵਿੱਚ ਹੇਠ ਲਿਖੀਆ ਖ਼ੂਬੀਆਂ ਹਨ ਜੋ ਹੋਰ ਕਿਸੇ ਲੇਖਕ ਦੀਆਂ ਤਾਰੀਖ਼ਾਂ ਵਿੱਚ ਨਹੀਂ ਹਨ :
- ਜੋਤੀ-ਜੋਤ ਸਮਾਉਣ ਦੀ ਤਿੱਥ/ਸੰਮਤ ਕਰਤਾਰਪੁਰੀ ਬੀੜ ਨਾਲ ਮੇਲ ਖਾਂਦੀ ਹੈ।
- ਪ੍ਰਕਾਸ਼ ਦਿਹਾੜੇ ਤੋਂ ਜੋਤੀ-ਜੋਤ ਸਮਾਉਣ ਤੱਕ ਸਤਿਗੁਰੂ ਜੀ ਦੀ ਕੁਲ ਸਰੀਰਕ ਆਯੂ 70 ਸਾਲ 5 ਮਹੀਨੇ 7 ਦਿਨ ਬਣਦੀ ਹੈ, ਜੋ ਇਤਿਹਾਸ ਤੱਥਾਂ ਨਾਲ ਮੇਲ ਖਾਂਦੀ ਹੈ।
- ਇਹ ਤਾਰੀਖ਼ ਕੈਲੰਡਰ ਵਿਗਿਆਨ ਦੀ ਕਸਵੱਟੀ ’ਤੇ ਪੂਰੀ ਉੱਤਰਦੀ ਹੈ ਜਦੋਂ ਕਿ ਸ: ਕਰਮ ਸਿੰਘ ਹਿਸਟੋਰੀਅਨ ਨੂੰ ਛੱਡ ਕੇ ਬਾਕੀ ਲੇਖਕਾਂ ਵਿੱਚੋਂ ਕਿਸੇ ਦੀਆਂ ਵੀ ਤਾਰੀਖ਼ਾਂ ਕੈਲੰਡਰ ਵਿਗਿਆਨ ਦੀ ਕਸੌਟੀ ’ਤੇ ਪੂਰੀਆਂ ਨਹੀਂ ਉੱਤਰਦੀਆਂ।
- ਗੁਰੂ ਅਮਰਦਾਸ ਜੀ ਵੱਲੋਂ ਗੋਇੰਦਵਾਲ ਵਿਖੇ ਹਰ ਸਾਲ ੧ ਵੈਸਾਖ ਨੂੰ ਵੈਸਾਖੀ ਦਾ ਉਤਸਵ ਮਨਾਉਣਾ ਸ਼ੁਰੂ ਕਰਨਾ ਅਤੇ ਸੰਮਤ ੧੭੫੬ (ਸੰਨ 1699) ਵਿੱਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਪ੍ਰਗਟ ਕਰਨ ਲਈ ੧ ਵੈਸਾਖ ਦੀ ਚੋਣ ਕਰਨੀ; ਇਸ ਸਚਾਈ ’ਤੇ ਮੋਹਰ ਲਾਉਂਦੀਆਂ ਹਨ ਭਾਵ ਤੀਸਰੇ ਅਤੇ ਦਸਵੇਂ ਪਾਤਸ਼ਾਹ ਨੇ ੧ ਵੈਸਾਖ ਨੂੰ ਮਹੱਤਵ ਇਸੇ ਕਾਰਨ ਦਿੱਤਾ ਹੈ ਕਿ ਇਸ ਦਿਨ ਰੱਬੀ ਨੂਰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ।
- ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੂਰਨਮਾਸ਼ੀ ਨੂੰ ਹੋਣ ਦੀ ਪ੍ਰਚਲਿਤ ਧਾਰਨਾ ਨੂੰ ਵੀ ਪੂਰਾ ਕਰਦਾ ਹੈ ਭਾਵੇਂ ਕਿ ਇਹ ਕੱਤਕ ਦੀ ਬਜਾਇ ਚੇਤ ਦੀ ਪੂਰਨਮਾਸ਼ੀ ਹੀ ਹੈ।
- ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ। ਜਿਉਕਰਿ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰੁ ਪਲੋਆ। … ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ। (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੭) ਪੰਕਤੀ ’ਚ ਦਰਜ ‘ਵਿਸੋਆ’ ਦਾ ਅਰਥ ਹੈ: ਵੈਸਾਖ ਮਹੀਨੇ ਦਾ ਪਹਿਲਾ ਦਿਨ = ੧ ਵੈਸਾਖ = ਵੈਸਾਖੀ ਭਾਵ ਕਿ ਭਾਈ ਸਾਹਿਬ ਜੀ ਵੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ੧ ਵੈਸਾਖ ਮੰਨਦੇ ਹਨ।
- ਜਨਮ ਸਾਖੀਆਂ, ਜੋ ਵੈਸਾਖ ਮਹੀਨੇ ਦੀ ਤਾਰੀਖ਼ ਦਿੰਦੀਆਂ ਹਨ : 1. ਭਾਈ ਮੇਹਰਬਾਨ ਵਾਲੀ ਜਨਮਸਾਖੀ, 2. ਭਾਈ ਮਨੀ ਸਿੰਘ ਦੀ ਗਿਆਨ ਰਤਨਾਵਲੀ, 3. ਬੀ-40 ਜਨਮ ਸਾਖੀ, 4. ਪੁਰਾਤਨ ਜਨਮਸਾਖੀ, 8. ਪੱਥਰ ਦੇ ਛਾਪੇ ਵਾਲੀ ਜਨਮਸਾਖੀ, ਜੋ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਆਰਕਾਈਵਜ਼ ਵਿਭਾਗ ਵਿੱਚ ਸਾਂਭੀ ਪਈ ਹੈ ਇਤਿਆਦਿਕ।
- ਪ੍ਰਸਿੱਧ ਲਿਖਾਰੀ ਅਤੇ ਵਿਦਵਾਨ, ਜੋ ਵੈਸਾਖ ਮਹੀਨੇ ਦੀ ਤਾਰੀਖ਼ ਨਾਲ ਸਹਿਮਤ ਹਨ : 1. ਸ. ਕਰਮ ਸਿੰਘ ਹਿਸਟੋਰੀਅਨ, 2. ਭਾਈ ਕਾਨ੍ਹ ਸਿੰਘ ਨਾਭਾ, 3. ਡਾ. ਗੰਡਾ ਸਿੰਘ, 4. ਪ੍ਰਿੰ. ਸਤਬੀਰ ਸਿੰਘ, 5. ਪ੍ਰੋ. ਸਾਹਿਬ ਸਿੰਘ, 6. ਡਾ. ਹਰੀ ਰਾਮ ਗੁਪਤਾ, 7. ਐਮ. ਏ. ਮੈਕਾਲਿਫ਼ ਆਦਿਕ।
- ਮੈਕਾਲਿਫ਼ ਅਨੁਸਾਰ ਸੰਨ 1816 ਤੱਕ ਗੁਰੂ ਨਾਨਕ ਜੀ ਦਾ ਗੁਰ ਪੁਰਬ; ਨਨਕਾਣਾ ਸਾਹਿਬ ਵਿਖੇ ਵੈਸਾਖ ਵਿੱਚ ਹੀ ਮਨਾਇਆ ਜਾਂਦਾ ਰਿਹਾ ਹੈ।
- ਸ: ਕਰਮ ਸਿੰਘ ਹਿਸਟੋਰੀਅਨ ਮੁਤਾਬਕ ਕੁਝ ਸਿੰਘ ਸਭਾਵਾਂ; ਜਿਵੇਂ ਕਿ ਸਿੰਘ ਸਭਾ ਭਸੌੜ, ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ੧ ਵੈਸਾਖ ਮੰਨਦੀਆਂ ਸਨ।
ਗੁਰੂ ਅੰਗਦ ਸਾਹਿਬ ਜੀ ਦਾ ਗੁਰਗੱਦੀ ਪੁਰਬ :
ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਜੋਤੀ-ਜੋਤ ਸਮਾਉਣ ਦੇ ਦਿਹਾੜੇ ਮਿਲਾਣ ਕਰਨ ’ਚ ਇਤਿਹਾਸਕਾਰਾਂ ’ਚ ਆਮ ਸਹਿਮਤੀ ਨਾ ਬਣ ਸਕੀ ਅਤੇ ਭਿੰਨ-ਭਿੰਨ ਤਾਰੀਖ਼ਾਂ ਪ੍ਰਚਲਿਤ ਹੋ ਗਈਆਂ, ਉਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਦੇ ਗੁਰਿਆਈ ਪੁਰਬ ਦਿਹਾੜੇ ’ਚ ਵੀ ਇਤਿਹਾਸਕਾਰਾਂ ਮੁਤਾਬਕ ਤਿੰਨ ਮਹੀਨਿਆਂ ਦਾ ਅੰਤਰ ਹੈ। ਸ: ਕਰਮ ਸਿੰਘ ਹਿਸਟੋਰੀਅਨ ਦੁਆਰਾ ਕੀਤੀ ਸਿੱਖ ਇਤਿਹਾਸ ਦੀ ਖੋਜ ਲਾਜਵਾਬ ਹੈ, ਪਰ ਉਨ੍ਹਾਂ ਦੀ ਅਚਾਨਕ ਹੋਈ ਮੌਤ ਕਾਰਨ ਬਹੁਤ ਕੁਝ, ਜੋ ਉਨ੍ਹਾਂ ਦੇ ਜ਼ਬਾਨੀ ਯਾਦ ਸੀ, ਨੂੰ ਲਿਖਤ ’ਚ ਨਹੀਂ ਲਿਆਂਦਾ ਜਾ ਸਕਿਆ। ਬਹੁਤਾ ਥੋੜ੍ਹਾ ਹਿੱਸਾ ਹੀ ਉਨ੍ਹਾਂ ਤੋਂ ਬਾਅਦ ’ਚ ਇੱਧਰੋਂ-ਓਧਰੋਂ ਇਕੱਠਾ ਕਰ ਛਾਪਿਆ ਗਿਆ। ਇਹ ਵੀ ਸੱਚ ਹੈ ਕਿ ਹਰ ਲਿਖਤ ’ਚ ਸੋਧ ਦੀ ਗੁਜਾਇਸ਼ ਬਣੀ ਰਹਿੰਦੀ ਹੈ। ਉਨ੍ਹਾਂ ਦੁਆਰਾ ਲਿਖੀ ਇੱਕ ਪੁਸਤਕ ‘ਗੁਰ ਪੁਰਬ ਨਿਰਣੈ’ ਵਿੱਚ ਕਵੀ ਸੰਤੋਖ ਸਿੰਘ ਦਾ ਹਵਾਲਾ ਮਿਲਦਾ ਹੈ ‘ਦਵਾਦਸ ਬਰਖ ਟਿਕੇ ਗੁਰਗਾਦੀ। ਖਸਟ ਮਾਸ ਨੌ ਦਿਨ ਐਹਲਾਦੀ।’ ਭਾਵ ਗੁਰੂ ਅੰਗਦ ਜੀ 12 ਬਰਸ 6 ਮਹੀਨੇ 9 ਦਿਨ ਗੁਰਗੱਦੀ ’ਤੇ ਬਿਰਾਜਮਾਨ ਰਹੇ।
ਸ: ਕਰਮ ਸਿੰਘ ਹਿਸਟੋਰੀਅਨ ਦੀ ਲਿਖਤ ‘ਗੁਰਪੁਰਬ ਨਿਰਣੈ’ ਵਿੱਚ ਸਤਿਗੁਰੂ ਜੀ ਦਾ ਗੁਰਗੱਦੀ ਪੁਰਬ ਨਿਸ਼ਚਿਤ ਕਰਨ ਲਈ ਉਕਤ ਲਿਖਤ ਮੁਤਾਬਕ ਉਨ੍ਹਾਂ ਦੇ ਜੋਤੀ-ਜੋਤ ਸਮਾਉਣ ਦੀ ਤਿੱਥ ਚੇਤ ਸੁਦੀ ੪, ੧੬੦੯ ’ਚੋਂ ਕੁਲ ਗੁਰਿਆਈ ਦਾ ਸਮਾਂ 12 ਸਾਲ 6 ਮਹੀਨੇ 9 ਦਿਨ ਘਟਾਉਣ ਦੀ ਬਜਾਏ ਗ਼ਲਤੀ ਨਾਲ 12 ਸਾਲ 9 ਮਹੀਨੇ 6 ਦਿਨ ਘਟਾ ਕੇ ਅੱਸੂ ਵਦੀ ੧੦ ਦੀ ਥਾਂ ਹਾੜ ਵਦੀ
੧੩ ਸੰਮਤ ੧੫੯੬, ੧੭ ਹਾੜ; 14 ਜੂਨ 1539 ਦੀ ਗ਼ਲਤ ਤਾਰੀਖ਼ ਲਿਖੀ ਮਿਲਦੀ ਹੈ। ਇਸ ਤੋਂ ਸੇਧ ਲੈ ਕੇ ਕੁਝ ਹੋਰ ਇਤਿਹਾਸਕਾਰ ਵੀ ਇਹੀ ਤਾਰੀਖ਼ ਲਿਖਦੇ ਆ ਰਹੇ ਹਨ ਭਾਵੇਂ ਕਿ ਇਹ ਸਹੀ ਨਹੀਂ ਜਾਪਦੀ ਕਿਉਂਕਿ ਇਹ ਤਾਰੀਖ਼ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ਼ (7 ਸਤੰਬਰ 1539 ਜਾਂ ਕੁਝ ਇਤਿਹਾਸਕਾਰਾਂ ਮੁਤਾਬਕ 22 ਸਤੰਬਰ 1539) ਤੋਂ ਤਕਰੀਬਨ 3 ਮਹੀਨੇ ਪਹਿਲਾਂ ਦੀ ਬਣਦੀ ਹੈ ਜਦ ਕਿ ਕੁਝ ਇਤਿਹਾਸਕਾਰਾਂ (ਜਿਵੇਂ ਕਿ ਗੁਰਵੰਸ ਦਰਪਣ ਪੱਤਰ, ਸੂਰਜ ਪ੍ਰਕਾਸ਼ ਵਾਰਤਿਕ, ਗੁਰਮਤਿ ਰਹਿਤ ਮਰਿਆਦਾ, ਗੁਰਬਾਣੀ ਪਾਠ ਦਰਸ਼ਨ ਆਦਿਕ) ਮੁਤਾਬਕ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦੀ ਤਿੱਥ ਅੱਸੂ ਵਦੀ ੧੦ ਸੰਮਤ ੧੫੯੬ ਅਤੇ ਗੁਰੂ ਅੰਗਦ ਸਾਹਿਬ ਜੀ ਦੀ ਗੁਰਗੱਦੀ ’ਤੇ ਬਿਰਾਜਮਾਨ ਹੋਣ ਦੀ ਤਿੱਥ ਅੱਸੂ ਵਦੀ ੫ ਲਿਖੀ ਹੋਣ ਕਾਰਨ ਇਹ ਅੰਤਰ 5 ਤਿੱਥਾਂ ਦਾ ਹੈ।
ਕੈਲੰਡਰ ਆਧਾਰਿਤ ਨਿਯਮਾਂ ਮੁਤਾਬਕ ਸਹੀ ਤਾਰੀਖ਼ : ਗੁਰੂ ਨਾਨਕ ਸਾਹਿਬ ਜੀ ਜੋਤੀ ਸਮਾਏ = ਅੱਸੂ ਵਦੀ ੧੦, ੧੫੯੬ ਅਤੇ 5 ਤਿੱਥਾਂ ਘਟਾ ਕੇ ਗੁਰੂ ਅੰਗਦ ਸਾਹਿਬ ਜੀ ਦੇ ਗੁਰਗੱਦੀ ’ਤੇ ਬਿਰਾਜਮਾਨ ਹੋਣ ਦੀ ਤਿੱਥ ਬਣਦੀ ਹੈ = ਅੱਸੂ ਵਦੀ ੫, ੧੫੯੬, ਇਸ ਨੂੰ ਬਾਕੀ ਦੀਆਂ ਪੱਧਤੀਆਂ ਵਿੱਚ ਤਬਦੀਲ ਕੀਤਿਆਂ = ਦਿਨ ਬੁੱਧਵਾਰ, ੪ ਅੱਸੂ ਸੰਮਤ ੧੫੯੬ ਬਿਕ੍ਰਮੀ, ਨਛੱਤਰ ਕ੍ਰਿਤਿਕਾ; ਨਾਨਕਸ਼ਾਹੀ ਸੰਮਤ 71; 3 ਸਤੰਬਰ 1539 ਈ.।
ਹਥਲੇ ਲੇਖ ਦੀ ਸਮੁੱਚੀ ਵੀਚਾਰ ’ਚ ਹੇਠ ਲਿਖੇ ਤੱਥ ਸਾਮ੍ਹਣੇ ਆਏ ਹਨ :
- ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ = ਚੇਤ ਸੁਦੀ ਪੂਰਨਮਾਸ਼ੀ ਬਿਕ੍ਰਮੀ ਸੰਮਤ ੧੫੨੬, ੧ ਵੈਸਾਖ, ਦਿਨ ਸੋਮਵਾਰ, ਨਛੱਤਰ ਹਸਤ; ਨਾਨਕਸ਼ਾਹੀ ਸੰਮਤ 1; 27 ਮਾਰਚ 1469 ਜੂਲੀਅਨ। ਨਾਨਕਸ਼ਾਹੀ ਕੈਲੰਡਰ ਅਨੁਸਾਰ ਇਹ ਦਿਹਾੜਾ ਹਰ ਸਾਲ ੧ ਵੈਸਾਖ/14 ਅਪ੍ਰੈਲ ਨੂੰ ਆਉਂਦਾ ਰਹੇਗਾ।
- ਗੂਰੂ ਨਾਨਕ ਸਾਹਿਬ ਜੀ ਦਾ ਜੋਤੀ–ਜੋਤ ਪੁਰਬ ਅੱਸੂ ਵਦੀ ੧੦, ਸੰਮਤ ੧੫੯੬, ੮ ਅੱਸੂ, ਦਿਨ ਐਤਵਾਰ, ਪੁਨਰਵਸੁ ਨਛੱਤਰ, ਨਾਨਕਸ਼ਾਹੀ ਸੰਮਤ 71; 7 ਸਤੰਬਰ 1539 ਜੂਲੀਅਨ। ਨਾਨਕਸ਼ਾਹੀ ਕੈਲੰਡਰ ਅਨੁਸਾਰ ਇਹ ਦਿਹਾੜਾ ਹਰ ਸਾਲ ੮ ਅੱਸੂ/22 ਸਤੰਬਰ ਨੂੰ ਆਏਗਾ।
- ਗੁਰੂ ਅੰਗਦ ਸਾਹਿਬ ਜੀ ਦਾ ਗੁਰਗੱਦੀ ਪੁਰਬ = ਅੱਸੂ ਵਦੀ ੫, ਸੰਮਤ ੧੫੯੬, ੪ ਅੱਸੂ; ਦਿਨ ਬੁੱਧਵਾਰ, ਨਛੱਤਰ ਕ੍ਰਿਤਿਕਾ; ਨਾਨਕਸ਼ਾਹੀ ਸੰਮਤ 71; 3 ਸਤੰਬਰ 1539 ਜੂਲੀਅਨ। ਨਾਨਕਸ਼ਾਹੀ ਕੈਲੰਡਰ ਅਨੁਸਾਰ ਇਹ ਦਿਹਾੜਾ ਹਰ ਸਾਲ ੪ ਅੱਸੂ/18 ਸਤੰਬਰ ਨੂੰ ਆਉਂਦਾ ਰਹੇਗਾ।