ਗੁਰਬਚਨ ਸਿੰਘ ਦਾ ਚਮਤਕਾਰੀ "ਪਾਤਸ਼ਾਹੀ ਜਾਮਾ"
ਜਿਸਨੂੰ ਪਹਿਣ ਕੇ ਕੋਈ ਵੀ ਮਨੁਖ ਸਿੱਧਾ ਮੁਕਤੀ ਪ੍ਰਾਪਤ ਕਰ ਸਕਦਾ ਹੈ।
ਕਲ ਫੇਸਬੁਕ ਤੇ ਇਕ ਵੀਰ ਨੇ ਭਾਈ ਬਲਵੰਤ ਸਿੰਘ ਰਾਜੋਆਣਾਂ ਜੀ ਦੀ ਇਕ ਤਸਵੀਰ ਵਾਲੀ ਪੋਸਟ ਪਾਈ , ਜਿਸ ਵਿੱਚ ਉਹ ਇਕ "ਭਗਵੇ ਰੰਗ ਦਾ ਸ਼ਨੀਲ ਦਾ ਚੋਲਾ" ਪਾ ਕੇ ਅਪਣੀ ਪੇਸ਼ੀ ਵਿੱਚ ਜਾ ਰਹੇ ਸੀ। ਮੈਂ ਉਸ ਵੀਰ ਕੋਲੋਂ ਸੁਭਾਵਿਕ ਹੀ ਇਹ ਸਵਾਲ ਪੁਛ ਲਿਆ ਕਿ, ਇਹ "ਭਗਵਾ ਚੋਲਾ , ਸਾਧਾਂ ਵਾਲਾ" ਕਿਉ ਪਾ ਲਿਆ , ਭਾਈ ਰਾਜੋਆਣਾਂ" ਨੇ ?
ਉਸ ਵੀਰ ਨੇ ਜਵਾਬ ਦੇਂਦਿਆ ਅਤੇ ਭਾਈ ਰਾਜੋਆਣਾਂ ਜੀ ਦੇ ਕਿਸੇ ਖੱਤ ਦਾ ਹਵਾਲਾ ਦੇਂਦਿਆਂ , ਜਵਾਬ ਦਿੱਤਾ , ਜੋ ਇਸ ਲੇਖ ਨਾਲ ਭੇਜ ਰਿਹਾ ਹਾਂ । ਉਸ ਵੀਰ ਦੇ ਜਵਾਬ ਜਵਾਬ ਤੋਂ ਇਹ ਜਾਨਕਾਰੀ ਮਿਲੀ ਕਿ ਇਹ "ਭਗਵਾ ਚੋਲਾ" ਨਹੀ । ਇਹ ਤਾਂ "ਪਾਤਸ਼ਾਹੀ ਜਾਮਾਂ " ਹੈ, ਅਤੇ ਇਹ "ਪਾਤਸ਼ਾਹੀ ਜਾਮਾਂ " ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਗੁਰਬਚਨ ਸਿੰਘ ਨੇ,ਅਪਣੇ ਹੱਥੀਂ ਉਨਾਂ ਨੂੰ, ਜੇਲ ਵਿਚ ਅਪਣੇ ਸਾਥੀਆਂ ਨਾਲ ਜਾ ਕੇ ਆਪ ਬਖਸ਼ਿਆ ਹੈ । (ਭਾਈ ਰਾਜੋਆਣਾਂ ਦੇ ਖੱਤ ਦੇ ਉਨਾਂ ਅੰਸ਼ਾਂ ਵਿੱਚ ਵੀ ਇਸ ਗਲ ਨੂੰ ਤਸਦੀਕ ਕੀਤਾ ਗਇਆ ਹੈ ।) ਗੁਰਬਚਨ ਸਿੰਘ ਦਾ ਇਹ ਜੱਥਾ , ਦਰਬਾਰ ਸਾਹਿਬ ਦੇ ਸਰੋਵਰ ਵਿਚੋਂ ਕੇਨੀਆਂ ਭਰ ਕੇ ਭਾਈ ਰਾਜੋਆਨਾਂ ਲਈ ਜੱਲ ਵੀ ਲੈ ਗਏ ਸਨ, ਤਾਂਕਿ ਭਾਈ ਰਾਜੋਆਨਾਂ ਇਸ਼ਨਾਨ ਕਰਕੇ ਸ਼ੁਧ ਹੋ ਜਾਂਣ ਅਤੇ ਇਹ "ਪਾਤਸ਼ਾਹੀ ਜਾਮਾਂ" ਪਾ ਕੇ "ਪਾਤਸ਼ਾਹੀ ਸਰੂਪ" ਧਾਰ ਕੇ ਸ਼ਹਾਦਤ ਦਾ ਜਾਮ ਪੀ ਜਾਂਣ।
ਸ਼੍ਰੋਮਣੀ ਕਮੇਟੀ ਤੋਂ ਤਨਖਾਹ ਲੈਣ ਵਾਲੇ ਅਕਾਲ ਤਖਤ ਦੇ ਮੁਲਾਜਿਮ ਗੁਰਬਚਨ ਸਿੰਘ ਵਲੋਂ ਭਾਈ ਰਾਜੋਆਨਾਂ ਜੀ ਨੂੰ ਭਗਵੇ ਰੰਗ ਦਾ ਇਹ ਅਖੌਤੀ "ਪਾਤਸ਼ਾਹੀ ਜਾਮਾਂ" ਦੇ ਕੇ ਸ਼ਹਾਦਤ ਦਾ ਜਾਮ ਪੀ ਜਾਂਣ ਲਈ ਤਿਆਰ ਕਰਨ ਦੀਆਂ ਗਲਾਂ ਸੁਣ ਕੇ ਬਹੁਤ ਹੈਰਾਨਗੀ ਹੋਈ, ਅਤੇ ਕਈ ਪ੍ਰਕਾਰ ਦੇ ਸਵਾਲ ਅਤੇ ਸ਼ੰਕਿਆਂ ਨੇ ਮੰਨ ਵਿੱਚ ਜਨਮ ਲੈ ਲਿਆ , ਜਿਨਾਂ ਦੀ ਸਾਂਝ , ਦਾਸ ਪਾਠਕਾਂ ਨਾਲ ਕਰਨਾਂ ਚਾਂਉਦਾ ਹੈ।
1- ਕੀ ਗੁਰਬਚਨ ਸਿੰਘ ਕੋਲ ਐਸੀ ਕੋਈ ਚਮਤਕਾਰੀ ਸ਼ਕਤੀ ਹੈ , ਜਿਸ ਨਾਲ ਉਹ ਕਿਸੇ ਨੂੰ "ਪਾਤਸ਼ਾਹੀ ਵਾਲਾ ਜਾਮਾਂ " ਬਖਸ਼ ਸਕੇ ? ਜਾਂ ਐਸਾ "ਜਾਮਾਂ " ਪਵਾ ਦੇਵੇ, ਕਿ ਜਿਸ ਨਾਲ ਮਨੁਖ ਲਈ ਸਿਧਾ ਮੁਕਤੀ ਦਾ ਦਰਵਾਜਾ ਖੁਲ ਜਾਂਦਾ ਹੋਵੇ ?
2- ਕੀ ਗੁਰਬਚਨ ਸਿੰਘ ਕੌਮ ਦੀ ਕੋਈ ਬਹੁਤ ਵਡੀ , ਪਾਕ ਸਾਫ ਅਤੇ ਮੋਹਤਬਰ ਸ਼ਖਸ਼ਿਅਤ ਹੈ , ਜਿਸਨੂੰ ਭਾਈ ਰਾਜੋਆਨਾਂ ਜੀ ਨੇ ਅਪਣੀ ਵਸੀਅਤ ਦਾ ਮੁਖਤਾਰ ਨਾਮਾ ਦੇਣ ਦੇ ਕਾਬਿਲ ਸਮਝਿਆ ?
3-ਗੁਰਬਚਨ ਸਿੰਘ ਦੇ ਜਿਸ ਭਗਵੇ ਚੋਲੇ ਨੂੰ ਭਾਈ ਰਾਜੋਆਣਾਂ ਨੇ ਪਾਤਸ਼ਾਹੀ ਜਾਮਾਂ ਸਮਝ ਕੇ ਧਾਰਣ ਕੀਤਾ, ਕੀ ਉਸ ਨੂੰ "ਪਾਤਸ਼ਾਹੀ ਜਾਮਾਂ " ਕਹਿਣਾਂ, ਸਿਧਾਂਤਕ ਪੱਖੋ ਜਾਇਜ ਹੈ ? ਜਦ ਕੇ ਗੁਰਬਾਣੀ ਅਨੁਸਾਰ "ਪਾਤਸ਼ਾਹੀ" ਅਤੇ "ਪਾਤਸ਼ਾਹ" ਕੀ ਹੈ ਇਹ ਸਾਫ ਸਾਫ ਸੰਦੇਸ਼ ਮਿਲਦਾ ਹੈ।
ਏਕੋ ਅਮਰੁ ਏਕਾ ਪਤਿਸਾਹੀ ਜੁਗੁ ਜੁਗੁ ਸਿਰਿ ਕਾਰ ਬਣਾਈ ਹੇ ॥੧॥ ਅੰਕ 1046
ਨਾਨਕ ਹੋਰਿ ਪਤਿਸਾਹੀਆ ਕੂੜੀਆ ਨਾਮਿ ਰਤੇ ਪਾਤਿਸਾਹ ॥੧੧॥ ਅੰਕ 1413
ਸਚੁ ਪਾਤਿਸਾਹੀ ਅਮਰੁ ਸਚੁ ਸਚੇ ਸਚਾ ਥਾਨੁ ॥ ਅੰਕ 48
ਸਿੱਖੀ ਵਿੱਚ ਤਾਂ "ਪਾਤਸ਼ਾਹ" "ਇਕ" ਹੈ ਅਤੇ ਉਸ ਦੀ ਹੀ "ਪਾਤਸ਼ਾਹੀ" ਸਿੱਖ ਨੂੰ ਪਰਵਾਨ ਹੂੰਦੀ ਹੈ । " ਪਾਤਸ਼ਾਹੀਆ " ਵੰਡਣ ਵਾਲੇ ਤਾਂ ਸਾਰੇ ਝੂਠੇ ਅਤੇ ਕੂੜਿਆਰ ਹਨ , ਜੋ ਦੂਜਿਆਂ ਨੂੰ "ਪਾਤਸ਼ਾਹੀਆਂ" ਵੰਡਦੇ ਫਿਰਦੇ ਹਨ।
ਇਕ ਮਮੂਲੀ ਜਹੇ ਗ੍ਰੰਥੀ, ਜਿਸਦੀ ਪੰਥ ਵਿੱਚ ਕੋਈ ਕਦਰ ਨਹੀ, ਉਹ ਕਿਸੇ ਮਰਜੀਵੜੇ ਨੂੰ "ਪਾਤਸ਼ਾਹੀ ਜਾਮਾਂ" ਦੇਣ ਵਾਲਾ ਕੌਨ ਹੂੰਦਾ ਹੈ ? ਉਹ ਕਿਸ ਦੇ ਹੁਕਮ ਤੇ ਐਸਾ ਕਰਣ ਗਇਆ ਸੀ ?
4- ਇਸ ਪੋਸ਼ਾਕ ਨੂੰ "ਪਾਤਸ਼ਾਹੀ ਜਾਮਾਂ" ਨਾਮ ਕਿਸ ਨੇ ਅਤੇ ਕਿਉ ਦਿਤਾ ? ਕੀ ਸਿੱਖੀ ਵਿੱਚ ਇਹੋ ਜਿਹਾ "ਪਾਤਸ਼ਾਹੀ ਜਾਮਾਂ" ਅਤੇ "ਜੱਲ ਦੀ ਕੇਨਿਆਂ" ਭੈਂਟ ਕਰਨ ਦਾ ਕੋਈ ਸਥਾਨ ਹੈ, ਜਾਂ ਇਹ ਸਿੱਖ ਸਿਧਾਂਤਾਂ ਦੇ ਅਨੁਸਾਰ ਹੈ ?
5- ਅਗਲਾ ਸਵਾਲ ਇਹ ਹੈ ਕਿ ਅਕਾਲ ਤਖਤ ਦੇ ਹੇਡ ਗ੍ਰੰਥੀ ਦੀ ਡਿਉਟੀ ਤੇ ਤਨਖਾਹ ਲੈ ਕੇ ਕੰਮ ਕਰਨ ਵਾਲਾ ਮੁਲਾਜਿਮ ਕੀ ਆਪ ਅਕਾਲ ਤਖਤ ਨਹੀ ਬਣ ਬੈਠਾ ਹੈ ? ਜੋ ਉਹ ਕਰਦਾ ਅਤੇ ਕਹਿੰਦਾ ਹੈ ,ਭੋਲੇ ਭਾਲੇ ਸਿੱਖ ਉਸ ਨੂੰ ਹੀ "ਅਕਾਲ ਤਖਤ ਦਾ ਹੁਕਮ" ਸਮਝ ਕੇ ਮਣੀ ਜਾਂਦੇ ਨੇ, ਕੀ ਇਹ ਜਾਇਜ ਹੈ ?
6- ਜੇ ਅਕਾਲ ਤਖਤ ਦਾ ਹੇਡ ਗ੍ਰੰਥੀ ਭਾਈ ਰਾਜੋਆਣਾਂ ਨੂੰ ਅਪਣੇ ਸਾਥੀਆਂ ਨਾਲ ਜਾ ਕੇ "ਪਾਤਸ਼ਾਹੀ ਜਾਮਾਂ " ਨਾਮਕ ਪੌਸ਼ਾਕ ਭੈਂਟ ਕਰ ਸਕਦਾ ਹੈ, ਤਾਂ ਫਿਰ ਪੰਜਾਬ , ਦਿੱਲੀ ਅਤੇ ਰਾਜਸਥਾਨ ਦੀਆਂ ਜੇਲਾਂ ਵਿੱਚ 1984-85 ਤੋਂ ਅਪਣੀ ਜਿੰਦਗੀ ਗਾਲ ਰਹੇ ਅਨਗਿਣਤ ਮਰਜੀਵੜੇ ਸਿੱਖਾਂ ਨੂੰ ਵੀ ਗੁਰਬਚਨ ਸਿੰਘ ਇਹੋ ਜਹੇ "ਪਾਤਸ਼ਾਂਹੀ ਜਾਮੇਂ " ਦੇਣ ਕਿਉ ਨਹੀ ਗਇਆ ?
7- ਭਾਈ ਰਾਜੋਆਨਾਂ ਹੀ ਕਿਉ ? ਭਾਈ ਜਗਤਾਰ ਸਿੰਘ ਹਵਾਰਾ, ਭਾਈ ਭਿਉਰਾ, ਪ੍ਰੋਫੇਸਰ ਭੁੱਲਰ ਅਤੇ ਹੋਰ ਅਨਗਿਣਤ ਨੌਜੁਆਨ ਜਿਨਾਂ ਨੇ ਅਪਣੀ ਠਾਠਾਂ ਮਾਰਦੀ ਜਵਾਨੀ ਕੌਮ ਦੇ ਲੇਖੇ ਲਾਅ ਦਿੱਤੀ ਅਤੇ ਜੇਲਾਂ ਦੇ ਜੰਗਲਿਆਂ ਵਿੱਚ ਅਪਣੀ ਜਵਾਨੀ ਨੂੰ ਤਿਲ ਤਿਲ ਕਰਕੇ ਮੁਕਦਿਆ ਵੇਖਦੇ ਰਹੇ, ਉਨਾਂ ਨੂੰ ਅਤੇ ਉਨਾਂ ਦੇ ਰੁਲਦੇ ਪਰਿਵਾਰਾਂ ਦੀ ਸੁੱਧ , ਗੁਰਬਚਨ ਸਿੰਘ ਨੇ ਅੱਜ ਤਕ ਕਿਉ ਨਹੀ ਲਈ ?
8- ਜੇਲਾਂ ਵਿੱਚ ਬੰਦ ਇਨਾਂ ਕੌਮ ਦੇ ਹੀਰਿਆਂ ਨੂੰ , "ਫਖਰੇ ਕੌਮ" ਦਾ ਖਿਤਾਬ ਦੇਣ ਦੀ ਹਿੱਮਤ ਗੁਰਬਚਨ ਸਿੰਘ ਵਿੱਚ ਅੱਜ ਤਕ ਪੈਦਾ ਕਿਉ ਨਹੀ ਹੋਈ ?
9- ਜੇਲਾਂ ਵਿੱਚ ਬੰਦ, ਇਨਾਂ ਬੇਦੋਸੇ ਸਿੱਖਾਂ ਦੇ ਰੁਲਦੇ ਪਰਿਵਾਰਾਂ ਨੂੰ 900 ਕਰੋੜ ਦੇ ਬਜਟ ਵਿਚੋਂ ਕਿਨੀ ਕੂ ਸਹਾਇਤਾ ਦਿਤੀ ਗਈ ? ਇਸ ਲਈ ਗੁਰਬਚਨ ਸਿੰਘ ਨੇ ਸ਼੍ਰੌਮਣੀ ਕਮੇਟੀ ਲਈ ਕੋਈ ਹਿਦਾਇਤ ਅੱਜ ਤਕ ,ਜਾਰੀ ਕਿਉ ਨਹੀ ਕੀਤੀ ?
10-- ਕੀ ਗੁਰਬਚਨ ਸਿੰਘ, ਜੋ ਜਲ ਦੀਆਂ ਕੇਨੀਆਂ ਅਤੇ ਇਹ "ਅਖੌਤੀ ਪਾਤਸ਼ਾਹੀ ਜਾਮਾਂ" ਲੈ ਕੇ ਅਪਣੇ ਸਾਥੀਆਂ ਨਾਲ ਭਾਈ ਰਾਜੋਆਨਾਂ ਨੂੰ ਦੇਣ ਗਇਆ ਸੀ ,ਕੀ ਤੁਹਾਨੂੰ ਇਹ ਉਸ ਦੇ ਕਿਸੇ "ਆਕਾ" ਦਾ "ਰਾਜਨੀਤਿਕ ਸਟੰਟ" ਨਹੀ ਲਗਦਾ ?
ਵੀਰੋ ਇਹ ਸਾਰੇ ਸਵਾਲ ਹਨ, ਜਿਨਾਂ ਦਾ ਜਵਾਬ ਕੌਮ ਭਾਲ ਰਹੀ ਹੈ। ਹੋ ਸਕੇ ਤਾਂ ਇਨਾਂ ਸਵਾਲਾਂ ਦਾ ਜਵਾਬ ਜਰੂਰ ਤਲਾਸ਼ ਕਰੋ ।ਮੈਨੂੰ ਪਤਾ ਹੈ ਕਿ ਇਹ ਸਵਾਲ ਕਈਆਂ ਦੇ ਹਲਕ ਵਿੱਚ ਫੰਸ ਕੇ ਰਹਿ ਜਾਂਣੇ ਹਨ ,ਕਈਆਂ ਨੇ ਮੈਨੂੰ ਗਾਲ੍ਹਾਂ ਕਡ੍ਹਣੀਆਂ ਹਨ , ਲੇਕਿਨ "ਸੱਚ" ਤਾਂ "ਸੱਚ" ਹੈ , ਉਹ ਸਿਰ ਚੜ੍ਹ ਕੇ ਬੋਲਦਾ ਹੇ ,ਅਤੇ ਬੋਲਦਾ ਰਹੇਗਾ ।
ਇੰਦਰ ਜੀਤ ਸਿੰਘ, ਕਾਨਪੁਰ