ਪਤਿਤ: ਅੰਦਰੋਂ ਜਾਂ ਬਾਹਰੋਂ...?-1
ਗੁਰੂ ਨਾਨਕ ਸਾਹਿਬ ‘ਸਿੱਖ ਧਰਮ’ ਦੀ ਬੁਨਿਆਦ ਰੱਖਣ ਵਾਲੇ ਮਹਾਨ ਕ੍ਰਾਂਤੀਕਾਰੀ ‘ਤੇ ਦੂਰਅੰਦੇਸ਼ ਜਗਤ ਰਹਿਬਰ ਸਨ, ਜਿੰਨ੍ਹਾਂ ਨੇ ਸਦੀਆਂ ਦੀ ਗੁਲਾਮ ਸੋਚ ਨੂੰ ਮੁੜ ਆਜ਼ਾਦ ਹੋਣ ਲਈ ਹਲੂਣਿਆ, ਉਸਨੂੰ ਵਿਕਾਸ ਵੱਲ ਤੋਰਿਆ, ਉਸ ਨੂੰ ‘ੴ’ ਦੇ ਸਿਧਾਂਤ ਦਾ ਪਾਠ ਪੜ੍ਹਾਇਆ ‘ਤੇ ਉਹਨਾਂ ਵੱਲੋਂ ਬਿਆਨ ਕੀਤੇ ਇਸ ਸਿਧਾਂਤ ਨੂੰ ਸਿੱਖ ਕੇ, ਸਮਝ ਕੇ, ਜੀਵਨ ਵਿੱਚ ਢਾਲਣ ਵਾਲਿਆਂ ਨੂੰ ‘ਸਿੱਖ’ ਹੋਣ ਦਾ ਮਾਣ ਮਿਲਿਆ। ‘ਸਿੱਖ’ ਦਾ ਮਤਲਬ ‘ਸਿੱਖਣ ਵਾਲਾ’ ਤੋਂ ਵੀ ਲਿਆ ਜਾਂਦਾ ਹੈ। ਗੁਰੂ ਸਾਹਿਬ ਨੇ ਜੋ ਵੀ ਕਦਮ ਸਮਾਜ ਸਾਹਮਣੇ ਉਠਾਏ ਜਾਂ ਇੰਝ ਕਹਿ ਲਈਏ ਕੇ ਜੋ ਵੀ ਸ਼ਬਦ, ਗੁਰੂ ਸਾਹਿਬ ਨੇ ਲੋਕਾਂ ਨੂੰ ਮੁਖਾਤਿਬ ਹੋ ਕੇ ਉਚਾਰੇ ਉਹ ਸਿੱਖਿਆ ਨਾਲ ਭਰਪੂਰ ਸਨ, ਉਹਨਾਂ ਪਿੱਛੇ ਕੰਮ ਕਰਦਾ ਕੋਈ ਨਾ ਕੋਈ ਠੋਸ ਕਾਰਨ ਜ਼ਰੂਰ ਸੀ, ਜਿਸਨੂੰ ਅੱਜ ਦੇ ਸਮੇਂ ਸਾਇੰਸ ਵੀ ਸਹੀ ਠਹਿਰਾ ਰਹੀ ਹੈ। ਗੁਰੂ ਸਾਹਿਬ ਵੱਲੋਂ ਉਚਾਰਨ ਕੀਤੀ ਬਾਣੀ ਸੰਸਾਰ ਲਈ ਪ੍ਰੇਰਨਾ ਸ੍ਰੋਤ ਹੈ, ਜੋ ਵੀ ਚਾਹੇ ਇਸ ਬਾਣੀ ਤੋਂ ਮਾਰਗਦਰਸ਼ਨ ਲੈ ਸਕਦਾ ਹੈ, ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਬਿਨ੍ਹਾਂ ਕਿਸੇ ਵਿਤਕਰੇ ਦੇ ‘ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥’ {ਪੰਨਾ 747} ਦੇ ਸਿਧਾਂਤ ਨੂੰ ਸਮਾਜ ਅੱਗੇ ਰੱਖਦਿਆਂ ਸਭ ਨੂੰ ਬਰਾਬਰ ਉਪਦੇਸ਼, ਸਿੱਖਿਆ ਦਿੱਤੀ ਹੈ ਕਿ:
‘ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ॥’ {ਪੰਨਾ 747}
ਗੁਰਬਾਣੀ ਵਿੱਚ ‘ਸਿੱਖ’ ਬਾਰੇ ਜੋ ਪ੍ਰੀਭਾਸ਼ਾ ਮਿਲਦੀ ਹੈ,ਉਸਦੇ ਜੀਵਨ ਬਾਰੇ ਜੋ ਪਤਾ ਲਗਦਾ ਹੈ, ਉਸ ਦੀ ਇੱਕ ਮਿਸਾਲ ਇਹ ਹੈ:
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ { ਮਃ ੪, ਪੰਨਾ 305}
ਅਰਥ:- ਜੋ ਮਨੁੱਖ ਸਤਿਗੁਰੂ ਦਾ (ਸੱਚਾ) ਸਿੱਖ ਅਖਵਾਂਦਾ ਹੈ (ਭਾਵ, ਜਿਸ ਨੂੰ ਲੋਕ ਸੱਚਾ ਸਿੱਖ
ਆਖਦੇ ਹਨ) ਉਹ ਰੋਜ਼ ਸਵੇਰੇ ਉੱਠ ਕੇ ਹਰਿ-ਨਾਮ ਦਾ ਸਿਮਰਨ ਕਰਦਾ ਹੈ, ਹਰ ਰੋਜ਼ ਸਵੇਰੇ ਉੱਦਮ ਕਰਦਾ ਹੈ, ਇਸ਼ਨਾਨ ਕਰਦਾ ਹੈ (ਤੇ ਫਿਰ ਨਾਮ-ਰੂਪ) ਅੰਮ੍ਰਿਤ ਦੇ ਸਰੋਵਰ ਵਿਚ ਟੁੱਭੀ ਲਾਉਂਦਾ ਹੈ, ਸਤਿਗੁਰੂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਨਾਮ ਦਾ ਜਾਪ ਜਪਦਾ ਹੈ ਤੇ (ਇਸ ਤਰ੍ਹਾਂ) ਉਸ ਦੇ ਸਾਰੇ ਪਾਪ-ਵਿਕਾਰ ਲਹਿ ਜਾਂਦੇ ਹਨ; ਫਿਰ ਦਿਨ ਚੜ੍ਹੇ ਸਤਿਗੁਰੂ ਦੀ ਬਾਣੀ ਦਾ ਕੀਰਤਨ ਕਰਦਾ ਹੈ ਤੇ (ਦਿਹਾੜੀ) ਬਹਿੰਦਿਆਂ ਉੱਠਦਿਆਂ (ਭਾਵ, ਕਾਰ-ਕਿਰਤ ਕਰਦਿਆਂ) ਪ੍ਰਭੂ ਦਾ ਨਾਮ ਸਿਮਰਦਾ ਹੈ । ਸਤਿਗੁਰੂ ਦੇ ਮਨ ਵਿਚ ਉਹ ਸਿੱਖ ਚੰਗਾ ਲੱਗਦਾ ਹੈ ਜੋ ਪਿਆਰੇ ਪ੍ਰਭੂ ਨੂੰ ਹਰ ਦਮ ਯਾਦ ਕਰਦਾ ਹੈ।
ਉਪਰੋਕਤ ਜੀਵਨ ਵਾਲੇ ਇਨਸਾਨ ਨੂੰ ਗੁਰੂ ਸਾਹਿਬ ਨੇ ‘ਸਿੱਖ’ ਕਿਹਾ ਹੈ। ਇਸ ਵਿੱਚ ਸਵੇਰੇ ਉੱਠ ਕੇ ‘ਹਰੀ’ ਭਾਵ ਪ੍ਰਮਾਤਮਾ ਦਾ ਨਾਮ ਜਪਣਾ ਇੱਕ ਸਿੱਖ ਦਾ ਗੁਣ ਦਰਸਾਇਆ ਹੈ ਪਰ ਕਿਤੇ ਵੀ ਨਾਮ ਜਪਣ ਲਈ ਕੋਈ ਸ਼ਰਤ ਨਹੀਂ ਰੱਖੀ, ਇਹ ਨਹੀਂ ਕਿਹਾ ਕਿ ਨਾਮ ਕਿਹੜੇ ਧਰਮ ਅਨੁਸਾਰ ਜਪਣਾ ਹੈ ਕਿਉਂਕਿ ਗੁਰੂ ਸਾਹਿਬ ‘ੴ’ ਦੇ ਧਾਰਨੀ ਸਨ ਪਰ ਸਮਾਜ ਨੇ ਵੰਡੀਆਂ ਪਾ ਲਈਆਂ ਕਿ ਆਹ ਸਿੱਖ, ਆਹ ਹਿੰਦੂ, ਆਹ ਮੁਸਲਮਾਨ, ਆਹ ਬੋਧੀ, ਆਹ ਜੈਨੀ, ਆਹ ਪਾਰਸੀ, ਆਹ ਇਸਾਈ ਆਦਿ। ਉਪਰੋਕਤ ਸ਼ਬਦ ਵਿੱਚ ਕਿਰਦਾਰ ਦੀ ਗੱਲ ਮੁੱਖ ਤੌਰ ‘ਤੇ ਕੀਤੀ ਗਈ ਹੈ ਕਿ ‘ਸਿੱਖ ਆਹ ਕੰਮ ਕਰਦਾ ਹੈ’ ਇਹ ਨਹੀਂ ਕਿਹਾ ਕਿ ‘ਸਿੱਖ ਇਸ ਤਰ੍ਹਾਂ ਦਾ ਦਿਸਦਾ ਹੈ’ ਪਰ ਘੜੰਮ ਚੌਧਰੀਆਂ ਨੇ ‘ਚਾਰਦੀਵਾਰੀ’ ਕਰ ਦਿੱਤੀ ਹਰ ਧਰਮ ਦੇ ਦੁਆਲੇ, ਸਿੱਖ ਉਹ ਹੈ ਜੋ ਕੇਸ-ਦਾਹੜੀ ਰੱਖੇ, ਹਿੰਦੂ ਬੋਦੀ ਰੱਖੇ, ਮੁਸਲਮਾਨ ਸੁੰਨਤ ਕਰਾਵੇ ਆਦਿ। ਆਪਾਂ ਗੱਲ ‘ਸਿੱਖ’ ‘ਤੇ ਹੀ ਕੇਂਦਰਿਤ ਰੱਖੀਏ। ਬਹੁਤ ਸਾਰੇ ਐਸੇ ਹਨ ਜੋ ਦਿੱਖ ਕਰਕੇ ‘ਸਿੱਖ’ ਲੱਗਦੇ ਹਨ, ਆਪਣੇ ਆਪ ਨੂੰ ‘ਖਾਲਸਾ’ ਅਖਵਾਉਂਦੇ ਹਨ ਪਰ ਨਿੱਜੀ ਜੀਵਨ ਵਿੱਚ ਗੁਰੂ ਸਾਹਿਬ ਵੱਲੋਂ ਵਰਜਿਤ ਕਰਮਕਾਂਡ ਵੀ ਪੂਰੀ ਸ਼ਿੱਦਤ ਨਾਲ ਕਰਦੇ ਹਨ। ਕਬਰਾਂ, ਮੜ੍ਹੀਆਂ, ਦੇਹਧਾਰੀ ਸਾਧਾਂ ਅੱਗੇ ਲਿਟਦੇ ਅਨੇਕਾਂ ਅੰਮ੍ਰਿਤਧਾਰੀ ਦੇਖੇ ਜਾ ਸਕਦੇ ਹਨ, ਇੱਥੇ ਹੀ ਬੱਸ ਨਹੀਂ ‘ਸ਼ਨੀ’ ਨਾਲ ਵੀ ਬੋਲ-ਚਾਲ ਚੰਗੀ ਰੱਖਦੇ ਹਨ, ਹੱਥਾਂ ‘ਚ ‘ਪੱਥਰ’ ਸਜਾਈ ਫਿਰਦੇ ਹਨ, ਮਨ ਵਿੱਚ ਲਾਲਸਾਵਾਂ ਨਾਲ ਭਰੇ ਹਨ, ਕੂੜ ਪ੍ਰਧਾਨ ਹੈ ਸੋਚ ਵਿੱਚ, ਪਰਾਈ ਇਸਤਰੀ ਵੱਲ ਵੀ ਗਲਤ ਭਾਵਨਾਵਾਂ ਨਾਲ ਤੱਕਦੇ ਹਨ ਪਰ ਹਨ ‘ਖਾਸਲੇ’, ‘ਅੰਮ੍ਰਿਤਧਾਰੀ’, ‘ਸਿੱਖ’, ਕੀ ਗੁਰੂ ਸਾਹਿਬ ਨੂੰ ਇਸ ਤਰ੍ਹਾਂ ਦੇ ਸਿੱਖ ਪ੍ਰਵਾਨ ਹੋ ਸਕਦੇ ਹਨ...? ਹਰਗਿਜ਼ ਨਹੀਂ, ਇਸ ਤਰ੍ਹਾਂ ਦੇ ਲੋਕਾਂ ਬਾਰੇ ਗੁਰੂ ਸਾਹਿਬ ਕਹਿੰਦੇ ਹਨ:
ਮਃ ੧ ॥ ਗਲੀ. ਅਸੀ ਚੰਗੀਆ ਆਚਾਰੀ ਬੁਰੀਆਹ॥
ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥
ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ॥
ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ॥
ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ॥
ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ ॥੨॥ {ਪੰਨਾ 85}
ਅਰਥ:- ਅਸੀ ਗੱਲਾਂ ਵਿਚ ਸੁਚੱਜੀਆਂ (ਹਾਂ, ਪਰ) ਆਚਰਨ ਦੀਆਂ ਮਾੜੀਆਂ ਹਾਂ, ਮਨੋਂ ਖੋਟੀਆਂ ਤੇ ਕਾਲੀਆਂ (ਹਾਂ, ਪਰ) ਬਾਹਰੋਂ ਸਾਫ਼ ਸੁਥਰੀਆਂ । (ਫਿਰ ਭੀ) ਅਸੀ ਰੀਸਾਂ ਉਹਨਾਂ ਦੀਆਂ ਕਰਦੀਆਂ ਹਾਂ ਜੋ ਸਾਵਧਾਨ ਹੋ ਕੇ ਖਸਮ ਦੇ ਪਿਆਰ ਵਿਚ ਭਿੱਜੀਆਂ ਹੋਈਆਂ ਹਨ ਤੇ ਆਨੰਦ ਵਿੱਚ ਰਲੀਆਂ ਮਾਣਦੀਆਂ ਹਨ, ਜੋ ਤਾਣ ਹੁੰਦਿਆਂ ਭੀ ਨਿਰਮਾਣ ਰਹਿੰਦੀਆਂ ਹਨ । ਹੇ ਨਾਨਕ! (ਸਾਡਾ) ਜਨਮ ਸਫਲ (ਤਾਂ ਹੀ ਹੋ ਸਕਦਾ ਹੈ) ਜੇ ਉਹਨਾਂ ਦੀ ਸੰਗਤਿ ਵਿਚ ਰਹੀਏ ।2।
ਇੱਥੇ ਫਿਰ ਪ੍ਰਭੂ ਨਾਲ ਇੱਕ-ਮਿੱਕ ਲੋਕਾਂ ਦੀ ਸੰਗਤ ਵਿੱਚ ਰਹਿ ਕੇ ਜਨਮ ਸਫਲ ਹੋਣ ਦੀ ਗੱਲ ਕੀਤੀ ਹੈ ਭਾਵ ਕਿ ਪ੍ਰਾਮਤਮਾ ਦਾ ਨਾਮ ਸਿਮਰਿਆਂ ਹੀ ਜਨਮ ਸਫਲ ਹੋਣਾ ਹੈ। ਜਿਹੜੇ ਵਿਖਾਵੇ ਮਾਤਰ ਧਾਰਮਿਕ ਰਸਮਾਂ ਕਰਨ ਵਾਲੇ ਹਨ, ਦਿਖਾਵੇ ਲਈ ਗਾਤਰਾ ਪਾ ਲੈਂਦੇ ਹਨ, ਦਾਹੜੀ-ਕੇਸ ਰੱਖੇ ਹਨ, ਨਿਤਨੇਮ ਕਰਨ ਦਾ ਦਾਅਵਾ ਵੀ ਕਰਦੇ ਹਨ, ਬਾਰੇ ਗੁਰਬਾਣੀ ਵਿੱਚ ਦਰਜ ਹੈ ਕਿ:
ਮੂੰਡੁ ਮੁਡਾਇ ਜਟਾ ਸਿਖ ਬਾਧੀ ਮੋਨਿ ਰਹੈ ਅਭਿਮਾਨਾ ॥
ਮਨੂਆ ਡੋਲੈ ਦਹ ਦਿਸ ਧਾਵੈ ਬਿਨੁ ਰਤ ਆਤਮ ਗਿਆਨਾ ॥
ਅੰਮ੍ਰਿਤੁ ਛੋਡਿ ਮਹਾ ਬਿਖੁ ਪੀਵੈ ਮਾਇਆ ਕਾ ਦੇਵਾਨਾ ॥
ਕਿਰਤੁ ਨ ਮਿਟਈ ਹੁਕਮੁ ਨ ਬੂਝੈ ਪਸੂਆ ਮਾਹਿ ਸਮਾਨਾ ॥੫॥ {ਪੰਨਾ 1013}
ਅਰਥ: ਕੋਈ ਸਿਰ ਮੁਨਾ ਲੈਂਦਾ ਹੈ, ਕੋਈ ਜਟਾਂ ਦਾ ਜੂੜਾ ਬੰਨ੍ਹ ਲੈਂਦਾ ਹੈ, ਤੇ ਮੋਨ ਧਾਰ ਕੇ ਬੈਠ ਜਾਂਦਾ ਹੈ (ਇਸ ਸਾਰੇ ਭੇਖ ਦਾ) ਮਾਣ (ਭੀ ਕਰਦਾ ਹੈ) ਪਰ ਆਤਮਿਕ ਤੌਰ ਤੇ ਪ੍ਰਭੂ ਨਾਲ ਡੂੰਘੀ ਸਾਂਝ ਦੇ ਰੰਗ ਵਿੱਚ ਰੰਗੇ ਜਾਣ ਤੋਂ ਬਿਨ੍ਹਾਂ ਉਸ ਦਾ ਮਨ ਡੋਲਦਾ ਰਹਿੰਦਾ ਹੈ, ਤੇ (ਮਾਇਆ ਦੀ ਤ੍ਰਿਸ਼ਨਾ ਵਿਚ ਹੀ) ਦਸੀਂ ਪਾਸੀਂ ਦੌੜਦਾ ਫਿਰਦਾ ਹੈ । (ਅੰਤਰ ਆਤਮੇ) ਮਾਇਆ ਦਾ ਪ੍ਰੇਮੀ (ਰਹਿਣ ਕਰਕੇ) ਪਰਮਾਤਮਾ ਦਾ ਨਾਮ-ਅੰਮ੍ਰਿਤ ਛੱਡ ਦੇਂਦਾ ਹੈ ਤੇ (ਤ੍ਰਿਸ਼ਨਾ ਦਾ ਉਹ) ਜ਼ਹਿਰ ਪੀਂਦਾ ਰਹਿੰਦਾ ਹੈ (ਜੋ ਇਸ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ) । (ਪਰ ਇਸ ਮਨਮੁਖ ਦੇ ਕੀਹ ਵੱਸ?) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਅੰਦਰੋਂ) ਮੁੱਕਦਾ ਨਹੀਂ, (ਉਹਨਾਂ ਸੰਸਕਾਰਾਂ ਦੇ ਅਸਰ ਹੇਠ ਜੀਵ) ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝ ਸਕਦਾ, (ਇਸ ਤਰ੍ਹਾਂ, ਤਿਆਗੀ ਬਣ ਕੇ ਭੀ) ਪਸ਼ੂ-ਸੁਭਾਵ ਵਿਚ ਟਿਕਿਆ ਰਹਿੰਦਾ ਹੈ ।5।
ਇੱਥੇ ਫਿਰ ਇਹ ਹੀ ਸਿੱਖਿਆ ਮਿਲਦੀ ਹੈ ਕਿ ਬਾਹਰੀ ਦਿੱਖ ਦਾ ਉਨਾਂ ਚਿਰ ਕੋਈ ਲਾਭ ਨਹੀਂ ਜਿੰਨਾ ਚਿਰ ਮਨ ਕਰਕੇ ਪ੍ਰਮਾਤਮਾ ਦੇ ਗੁਣ ਧਾਰਨ ਨਹੀਂ ਕੀਤੇ। ਜੇ ਮਨ ਵਿੱਚ ਵਿਕਾਰ ਹਨ ਪਰ ਬਾਹਰੀ ਤੌਰ ‘ਤੇ ਧਾਰਮਿਕ ਲਿਬਾਸ ਪੂਰਾ ਹੈ ਤਾਂ ਕੋਈ ਫਾਇਦਾ ਨਹੀਂ। ਮਨ ਦੀ ਦੁਬਿਧਾ ਦੂਰ ਕਰਨ ਲਈ ਉਸ ਪ੍ਰਮਾਤਮਾ ਨਾਲ ਦਿਲੀ ਸਾਂਝ ਪਾਉਣੀ ਪੈਂਦੀ ਹੈ, ਬਾਹਰੀ ਰੂਪ ਕਿਸੇ ਕੰਮ ਨਹੀਂ, ਇਸ ਬਾਰੇ ਕਬੀਰ ਜੀ ਸਮਝਾਉਂਦੇ ਹਨ ਕਿ:
ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ ॥
ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥੨੫॥ {ਪੰਨਾ 1365}
ਅਰਥ:- ਹੇ ਕਬੀਰ! (‘ਦੁਨੀਆ’ ਵਾਲਾ) ਹੋਰ ਸਹਿਮ ਤਦੋਂ ਹੀ ਦੂਰ ਹੁੰਦਾ ਹੈ ਜੇ ਇੱਕ ਪਰਮਾਤਮਾ ਨਾਲ ਪਿਆਰ ਪਾਇਆ ਜਾਏ । (ਜਦ ਤੱਕ ਪ੍ਰਭੂ ਨਾਲ ਪ੍ਰੀਤਿ ਨਹੀਂ ਜੋੜੀ ਜਾਂਦੀ, ‘ਦੁਨੀਆ’ ਵਾਲੀ ‘ਦੁਬਿਧਾ’ ਮਿਟ ਨਹੀਂ ਸਕਦੀ) ਚਾਹੇ (ਸੁਆਹ ਮਲ ਕੇ) ਲੰਮੀਆਂ ਜਟਾਂ ਰੱਖ ਲੈ, ਚਾਹੇ ਉੱਕਾ ਹੀ ਸਿਰ ਰੋਡ-ਮੋਡ ਕਰ ਲੈ (ਅਤੇ ਜੰਗਲਾਂ ਜਾਂ ਤੀਰਥਾਂ ਤੇ ਜਾ ਕੇ ਡੇਰਾ ਲਾ ਲੈ) ।25।
ਅੱਜ ਦੇ ਸਮੇਂ ਬਹੁਤ ਸਾਰੇ ਕੇਸ-ਦਾਹੜੀ ਰੱਖਣ ਵਾਲੇ, ਅੰਮ੍ਰਿਤਧਾਰੀ ਹਨ ਜੋ ਕਿਰਦਾਰ ਪੱਖੋਂ ਗਲਤ ਹਨ, ਖੁੰਭਾਂ ਵਾਂਘ ਉੱਗੇ ਡੇਰੇਦਾਰ ਵੀ ਦੇਖਣ ਨੂੰ ‘ਖਾਲਸੇ’ ਹਨ, ‘ਸਾਬਤ-ਸੂਰਤ ਸਿੱਖ’ ਹਨ ਪਰ ਅਨੇਕਾਂ ਹਨ ਜਿਹੜੇ ਬਲਾਤਕਾਰ ‘ਤੇ ਕਤਲ ਵਰਗੇ ਦੋਸ਼ਾਂ ਨਾਲ ਘਿਰੇ ਹਨ। ਇੱਕ ਪ੍ਰਸਿੱਧ ਸੰਤ ਬਾਰੇ ਪਿਛਲੇ ਸਮੇਂ ਡਾ:ਖਹਿਰਾ ਨਾਮੀ ਵਿਆਕਤੀ ਨੇ ਮੀਡੀਆ ਸਾਹਮਣੇ ਦੱਸਿਆ ਕਿ ਉਹ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਰਵਾ ਦਿੰਦਾ ਸੀ ਆਪਣੇ ‘ਬਚਨ’ ਪੂਰੇ ਕਰਨ ਲਈ, ਪਿਛਲੇ ਸਮੇਂ ਧਨਵੰਤ ਸਿੰਘ ਨਾਮੀ ‘ਸੰਤ’ ਨੂੰ ਵੀ ਬਲਤਾਕਾਰ ਦੇ ਦੋਸ਼ ਵਿੱਚ ਅਦਾਲਤ ਵੱਲੋਂ ਸਜ਼ਾ ਮਿਲਣ ਬਾਰੇ ਸੁਣਿਆ ਹੈ ਜਦਕਿ ਉਸ ਸਮੇਂ ਦੇ ‘ਜਥੇਦਾਰ’ ਹੁਣਾਂ ਉਸਨੂੰ ਬੇ-ਕਸੂਰ ਦੱਸਿਆ ਸੀ। ਕੀ ਇਸ ਤਰ੍ਹਾਂ ਸਾਬਤ-ਸੂਰਤ ‘ਜਥੇਦਾਰ’ ਵੀ ‘ਗੁਰੂ ਦੇ ਸਿੱਖ’ ਵਾਲੇ ਗੁਣ ਰੱਖਦੇ ਹਨ...? ਜਦਕਿ ਗਲਤ ਦਾ ਸਾਥ ਦੇਣਾ ਵੀ ਗਲਤ ਹੈ। ਦਲਜੀਤ ਸਿੰਘ ਸ਼ਿਕਾਗੋ ਨਾਮੀ ‘ਬਾਬਾ’ ਅਮਰੀਕਾ ਦੀ ਜੇਲ੍ਹ ਵਿੱਚ ਬੰਦ ਹੈ, ਉਹ ਵੀ ਸਾਬਤ-ਸੂਰਤ ਹੈ, ਅੰਮ੍ਰਿਤਧਾਰੀ ਹੈ, ਕੀ ਸਾਰੇ ਉਸਨੂੰ ‘ਗੁਰੂ ਦਾ ਸਿੱਖ’ ਮੰਨਦੇ ਹਨ...? ਪਿਛਲੇ ਦਿਨੀਂ ਕੱਟੜ ਸਿੱਖ ਅਖਵਾਉਣ ਵਾਲੇ ‘ਤੇ ਬਾਬਾ ਦੀਪ ਸਿੰਘ ਦੇ ਵਰੋਸਾਏ ਅਖਵਾਉਣ ਵਾਲੇ ਟਕਸਾਲੀ ਇੱਕ-ਦੂਜੇ ਨਾਲ ਲੜੇ ਉਹਨਾਂ ਦੀ ਲੜਾਈ ਗੁਰਬਾਣੀ ਦੇ ਕਿਹੜੇ ਸਿਧਾਂਤ ਨਾਲ ਮੇਲ ਖਾਂਦੀ ਸੀ...? ਕੀ ਇਹ ਮਹਿਜ਼ ‘ਚੌਧਰ ਦੀ ਭੁੱਖ’ ਕਾਰਨ ਨਹੀਂ ਹੋਇਆ...? ਗੱਦੀ ਲਈ ਲੜਨ ਵਾਲੇ ਕੀ ਇਹ ਸਾਰੇ ‘ਗੁਰੂ ਦੇ ਸਿੱਖ’ ਹਨ...?
-ਸਤਿੰਦਰਜੀਤ ਸਿੰਘ
ਸਤਿੰਦਰਜੀਤ ਸਿੰਘ
ਪਤਿਤ: ਅੰਦਰੋਂ ਜਾਂ ਬਾਹਰੋਂ...?-1
Page Visitors: 2835