ਸੂਝਵਾਨ ਪ੍ਰਚਾਰਕਾਂ ਲਈ 6 ਜੂਨ ਫਿਰ ਬਣੀ ਦੁਬਿਧਾ-
ਉਹ ਕਥਾ ਕਰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੀ ਜਾਂ ਉਨ੍ਹਾਂ ਦੇ ਢਾਹੇ ਗਏ ਅਕਾਲ ਤਖ਼ਤ ਦੀ:
ਕਿਰਪਾਲ ਸਿੰਘ
ਬੀਤੇ ਦਿਨ 4 ਜੂਨ ਨੂੰ ਇਸ ਸਾਲ 22 ਜੇਠ ਅਤੇ ਪਿਛਲੇ ਸਾਲ 21 ਜੇਠ ਕਹਿਣ ਵਾਲੇ ਪ੍ਰਚਾਰਕਾਂ/ਕਥਾਵਾਚਕਾਂ ਦੀ ਹੋਈ ਅਲੋਚਨਾ ਨੇ ਕੁਝ ਸੂਝਵਾਨ ਪ੍ਰਚਾਰਕਾਂ/ਕਥਾਵਾਚਕਾਂ ਲਈ 6 ਜੂਨ ਫਿਰ ਬਿਪਤਾ ਬਣੀ ਹੋਈ ਹੈ। ਉਨ੍ਹਾਂ ਦੀ ਬਿਪਤਾ ਦਾ ਕਾਰਨ ਇਹ ਹੈ ਕਿ ਇੱਕ ਪਾਸੇ ਤਾਂ ਸਿੱਖ ਸੰਗਤਾਂ 1984 ਤੋਂ ਹੀ ਹਰ ਸਾਲ 6 ਜੂਨ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਥਾਪਿਤ ਕੀਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਭਾਰਤੀ ਫੌਜਾਂ ਵੱਲੋਂ ਢਹਿਢੇਰੀ ਕੀਤੇ ਜਾਣ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਸ਼ਹੀਦੀ ਦਿਹਾੜਾ ਮਨਾਉਂਦੀਆਂ ਆ ਰਹੀਆਂ ਹਨ। ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਅਨੁਸਾਰ ਇਸ ਸਾਲ 6 ਜੂਨ ਨੂੰ ਹੀ ਉਸੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ।
ਸੂਝਵਾਨ ਕਥਾਵਾਚਕਾਂ/ਪ੍ਰਚਾਰਕਾਂ ਦੀ ਦੁਬਿਧਾ ਇਹ ਹੈ ਕਿ ਉਸ ਦਿਨ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸੰਗਤਾਂ ਨੂੰ ਵਧਾਈ ਦੇਣ ਜਾਂ ਉਸੇ ਗੁਰੂ ਸਾਹਿਬ ਜੀ ਦੇ ਸਥਾਪਿਤ ਕੀਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਭਾਰਤੀ ਫੌਜਾਂ ਵੱਲੋਂ ਤਹਿਸ਼ ਨਹਿਸ਼ ਕੀਤੇ ਜਾਣ ’ਤੇ ਭਾਰਤ ਸਰਕਾਰ ਵਿਰੁਧ ਰੋਸ ਪ੍ਰਗਟ ਕਰਨ। ਇੱਥੇ ਸੂਝਵਾਨ ਸ਼ਬਦ ਇਸ ਕਾਰਨ ਵਰਤਿਆ ਹੈ ਕਿਉਂਕਿ ਜਿਨ੍ਹਾਂ ਪ੍ਰਚਾਰਕਾਂ ਅਤੇ ਪ੍ਰਬੰਧਕਾਂ ਨੂੰ ਕੋਈ ਸੂਝ ਹੀ ਨਹੀਂ ਕਿ ਕਿਹੜਾ ਦਿਨ ਕਦੋਂ ਆਉਣਾ ਹੈ, ਉਨ੍ਹਾਂ ’ਤੇ ਕਬੀਰ ਸਾਹਿਬ ਜੀ ਦੇ ਸਲੋਕ ਨੰਬਰ 181 ਦੀ ਪਹਿਲੀ ਤੁਕ
“ਕਬੀਰ ਜਿਨਹੁ ਕਿਛੂ ਜਾਨਿਆ ਨਹੀ ਤਿਨ ਸੁਖ ਨੀਦ ਬਿਹਾਇ ॥”
ਪੂਰੀ ਢੁਕਦੀ ਹੈ ਕਿਉਂਕਿ ਉਨ੍ਹਾਂ ਨੂੰ ਆਪ ਨੂੰ ਤਾਂ ਕੋਈ ਸੋਝੀ ਨਹੀਂ ਜਿਵੇਂ ਮਾਲਕਾਂ ਦਾ ਹੁਕਮ ਆ ਜਾਵੇ ਉਹੋ ਹੀ ਵਜਾ ਕੇ ਉਨ੍ਹਾਂ ਦੀ ਖੁਸ਼ੀ ਹਾਸਲ ਕਰਨ ਤੱਕ ਸੀਮਤ ਹੁੰਦੇ ਹਨ। ਪਰ ਜਿਨ੍ਹਾਂ ਨੂੰ ਇਹ ਸਮਝ ਆ ਜਾਵੇ ਕਿ 1984 ਤੋਂ ਲੈ ਕਿ ਅੱਜ ਤੱਕ ਕਦੀ ਐਸਾ ਹੋਇਆ ਹੀ ਨਹੀਂ ਕਿ ਇਹ ਦੋਵੇਂ ਦਿਹਾੜੇ ਇੱਕੇ ਤਰੀਖ ਨੂੰ ਆਏ ਹੋਣ ਤਾਂ ਹੁਣ ਕਿਸ ਤਰ੍ਹਾਂ ਆ ਗਏ; ਇਸ ਸਬੰਧੀ ਉਹ ਸੰਗਤਾਂ ਨੂੰ ਕੀ ਜਵਾਬ ਦੇਣਗੇ? ਉਨ੍ਹਾਂ ਪ੍ਰਚਾਰਕਾਂ/ਕਥਾਵਾਚਕਾਂ ਨੂੰ ਕਬੀਰ ਸਾਹਿਬ ਜੀ ਦੇ ਉਸੇ ਸਲੋਕ ਦੀ ਦੂਸਰੀ ਤੁਕ
“ਹਮਹੁ ਜੁ ਬੂਝਾ ਬੂਝਨਾ ਪੂਰੀ ਪਰੀ ਬਲਾਇ ॥੧੮੧॥”
ਸਤਾ ਰਹੀ ਹੈ ਕਿ ਇਸ ਬਲਾ ਨੂੰ ਹੁਣ ਕਿਵੇਂ ਗਲੋਂ ਲਾਹਿਆ ਜਾਵੇ। ਕੈਲੰਡਰ ਦੀ ਇਸ ਦੁਬਿਧਾ ਦਾ ਮੁੱਖ ਕਾਰਨ ਇਹ ਹੈ ਕਿ ਸ਼੍ਰੋਮਣੀ ਕਮੇਟੀ ਗੁਰੂ ਸਾਹਿਬਾਨ ਜੀ ਦੇ ਪੁਰਬ ਤਾਂ ਬਿਕ੍ਰਮੀ ਕੈਲੰਡਰ ਦੇ ਚੰਦਰ ਸਾਲ ਦੀਆਂ ਸੁਦੀਆਂ/ਵਦੀਆਂ ਦੇ ਹਿਸਾਬ ਮਨਾਉਂਦੀ ਹੈ ਜਿਸ ਦੇ ਸਾਲ ਦੀ ਲੰਬਾਈ ਸੂਰਜੀ ਸਾਲ ਨਾਲੋਂ 11 ਦਿਨ ਘੱਟ ਹੋਣ ਕਰਕੇ ਪਿਛਲੇ ਸਾਲ ਨਾਲੋਂ ਉਹੀ ਦਿਹਾੜੇ 11 ਦਿਨ ਪਹਿਲਾਂ ਆ ਜਾਂਦੇ ਹਨ ਅਤੇ ਦੋ ਜਾਂ ਤਿੰਨ ਸਾਲਾਂ ਪਿੱਛੋਂ ਇਕ ਫਾਲਤੂ ਮਹੀਨਾ ਜੋੜ ਦਿੱਤੇ ਜਾਣ ਕਰਕੇ ਉਹੀ ਦਿਹਾੜੇ 18 ਜਾਂ 19 ਦਿਨ ਪਿੱਛੋਂ ਆਉਂਦੇ ਹਨ।
ਅੰਗਰੇਜਾਂ ਵੱਲੋਂ 1850 ਤੋਂ ਪੰਜਾਬ ’ਤੇ ਕਬਜਾ ਕਰਨ ਤੋਂ ਪਹਿਲਾਂ ਦੇ ਸਾਰੇ ਦਿਹਾੜੇ ਬਿਕ੍ਰਮੀ ਸਾਲ ਜਿਸ ਦੀ ਲੰਬਾਈ 365.25636 ਦਿਨ ਹੈ; ਦੀਆਂ ਸੂਰਜੀ ਸੰਗਰਾਂਦਾਂ ਦੇ ਹਿਸਾਬ ਮਨਾਏ ਜਾਂਦੇ ਹਨ ਅਤੇ 1850 ਤੋਂ ਬਾਅਦ ਦੇ ਸਾਰੇ ਇਤਿਹਾਸਕ ਦਿਹਾੜੇ ਈਸਵੀ ਕੈਲੰਡਰ ਦੀਆਂ ਤਰੀਖਾਂ ਅਨੁਸਾਰ ਮਨਾਏ ਜਾਂਦੇ ਹਨ ਜਿਸ ਦੇ ਸਾਲ ਦੀ ਲੰਬਾਈ 365.24219 ਦਿਨ ਹੈ। ਦੋਵੇਂ ਕੈਲੰਡਰ ਸੂਰਜੀ ਹੋਣ ਦੇ ਬਾਵਜੂਦ ਇਨ੍ਹਾਂ ਦੇ ਸਾਲਾਂ ਦੀ ਲੰਬਾਈ ਵਿੱਚ ਫਰਕ ਹੋਣ ਕਰਕੇ ਇਨ੍ਹਾਂ ਦਾ ਸਬੰਧ ਵੀ ਆਪਸ ਵਿੱਚ ਟੁੱਟ ਰਿਹਾ ਹੈ। ਸ਼੍ਰੋਮਣੀ ਕਮੇਟੀ ਜਦ ਤੱਕ ਤਿੰਨਾਂ ਕੈਲੰਡਰ ’ਤੇ ਸਵਾਰ ਹੋਣ ਦੀ ਬਜਾਏ ਕੇਵਲ ਇੱਕ ਨਾਨਕਸ਼ਾਹੀ ਕੈਲੰਡਰ ਨਹੀਂ ਅਪਣਾਉਂਦੀ ਉਸ ਸਮੇਂ ਤੱਕ ਹਰ ਮਹੱਤਵਪੂਰਨ ਦਿਹਾੜਿਆਂ ਦਾ ਅੱਗੇ ਪਿੱਛੇ ਹੋਣਾ ਜਾਰੀ ਰਹੇਗਾ। ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਦੇ ਬਹੁਤ ਹੀ ਨੇੜੇ ਅਤੇ ਸਾਰੀ ਦੁਨੀਆਂ ਵਿੱਚ ਪ੍ਰਚਲਤ ਈਸਵੀ ਸਾਲ ਦੇ ਬਿਲਕੁਲ ਬਰਾਬਰ ਹੋਣ ਕਰਕੇ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਪ੍ਰਬੰਧਕਾਂ ਨੂੰ ਇਹ ਗੱਲ ਪ੍ਰਚਾਰਕਾਂ ਨੇ ਹੀ ਸਮਝਾਉਣੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਧਰੇ ਨਹੀਂ ਲਿਖਿਆ ਕਿ ਕੁਝ ਦਿਨ ਚੰਦਰ ਸਾਲ ਅਤੇ ਕੁਝ ਦਿਨ ਸੂਰਜੀ ਸਾਲ ਮੁਤਾਬਿਕ ਮਨਾਏ ਜਾਣ। ਪਰ ਵੇਖਦੇ ਹਾਂ ਕਿ ਕਿਹੜਾ ਪ੍ਰਚਾਰਕ/ਕਥਾਵਾਚਕ ਕਬੀਰ ਸਾਹਿਬ ਜੀ ਦੇ ਸਲੋਕ ਨੰਬਰ 180
“ਜਹ ਅਨਭਉ ਤਹ ਭੈ ਨਹੀ ਜਹ ਭਉ ਤਹ ਹਰਿ ਨਾਹਿ ॥
ਕਹਿਓ ਕਬੀਰ ਬਿਚਾਰਿ ਕੈ ਸੰਤ ਸੁਨਹੁ ਮਨ ਮਾਹਿ ॥੧੮੦॥”
ਤੋਂ ਸੇਧ ਲੈ ਕੇ ਸਟੇਜਾਂ ’ਤੇ ਸੱਚ ਬੋਲ ਸਕਦਾ ਹੈ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਹਮੇਸ਼ਾਂ ਇੱਕ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ ਤਾਂ ਸਾਨੂੰ ਵੀ ਤਿੰਨ-ਤਿੰਨ ਕੈਲੰਡਰਾਂ ਦਾ ਖਹਿੜਾ ਛੱਡ ਕੇ ਕੇਵਲ ਇੱਕ ਨਾਨਕਸ਼ਾਹੀ ਕੈਲੰਡਰ ਹੀ ਅਪਨਾਉਣਾ ਚਾਹੀਦਾ ਹੈ
ਕਿਰਪਾਲ ਸਿੰਘ ਬਠਿੰਡਾ
ਸੂਝਵਾਨ ਪ੍ਰਚਾਰਕਾਂ ਲਈ 6 ਜੂਨ ਫਿਰ ਬਣੀ ਦੁਬਿਧਾ-
Page Visitors: 2485