ਵਿਦਿਆ ਵੀਚਾਰੀ ਤਾਂ ਪਰਉਪਕਾਰੀ
'ਵਿਦਿਆ ਵੀਚਾਰੀ ਤਾਂ ਪਰਉਪਕਾਰੀ' ਦਾ ਕਥਨ ਤਾਂ ਹੁਣ ਬੇ-ਮਾਇਨਾ ਜਿਹਾ ਹੋ ਗਿਆ। ਵਪਾਰ ਬਣਾ ਧਰਿਆ ਸਰਕਾਰ ਨੇ ਧਨਾਢ ਲੋਕਾਂ ਨਾਲ ਮਿਲ ਕੇ ਇਸ ਕਿੱਤੇ ਨੂੰ। ਕੋਈ ਸਮਾਂ ਸੀ ਜਦੋਂ ਪੜ੍ਹ-ਲਿਖ ਕੇ ਲੋਕ ਤਰੱਕੀ ਕਰਦੇ ਸਨ ਪਰ ਹੁਣ ਤਰੱਕੀ ਕਰਕੇ ਸਕੂਲ ਖੋਲ੍ਹਦੇ ਹਨ 'ਤੇ ਫਿਰ ਵੱਧ ਫੀਸਾਂ 'ਤੇ ਘੱਟ ਸਹੂਲਤਾਂ, ਬੇਰੁਜ਼ਗਾਰੀ ਦੀ ਚੱਕੀ 'ਚ ਪਿਸ ਰਹੀ ਭੀੜ ਦਾ ਸ਼ੋਸ਼ਣ....ਇਹੀ ਸਭ ਤਾਂ ਹੈ ਇਸ ਪਾਸੇ ਹੁਣ...!
ਦੁਕਾਨਾਂ ਵਾਂਗ ਸਕੂਲ ਖੁੱਲ੍ਹੇ ਨੇ, ਕੋਈ ਨਹੀਂ ਪੁੱਛਦਾ। ਬਹੁਤੇ ਸਕੂਲਾਂ ਕੋਲ ਸਿਹਤ ਪੱਖੋਂ ਜ਼ਰੂਰੀ ਸ਼ਰਤਾਂ ਦਾ ਵੀ ਹੀਲਾ ਨਹੀਂ, ਤੰਗ ਕਮਰੇ, ਇੱਕ ਪੱਖਾ, ਖਰਾਬ ਪਾਣੀ ਠੰਡਾ ਕਰਨ ਵਾਲੇ ਕੂਲਰ, ਫਿਲਟਰ ਦੀਆਂ ਤਾਂ ਬੱਸ ਸਕੀਮਾਂ ਈ ਨੇ ਕੰਧ ਦੀ ਮਿਣਤੀ ਕਰਦੀਆਂ, ਖੇਡ ਮੈਦਾਨ ਤਾਂ 'ਬਣਾਉਣਾ ਸੀ' 'ਚ ਬਦਲ ਗਿਆ, ਬਿਜਲੀ ਗੁੱਲ ਹੋਣ 'ਤੇ (ਜੋ ਕਿ ਪਿੰਡਾਂ ਵਿੱਚ ਆਮ ਵਰਤਾਰਾ) ਤਾਂ ਬੱਚੇ ਤੌਲੀਏ ਨਾਲ ਪੂਝਣ ਵਾਲਾ ਹਾਲ ਹੋ ਜਾਂਦਾ, ਪਸੀਨਾ ਪਾਣੀ ਵਾਂਗ ਨਿਕਲਦਾ.....ਪਰ ਸਾਰੇ ਚੁੱਪ ਨੇ, ਸਰਕਾਰ ਵੀ 'ਤੇ ਮਾਪੇ ਵੀ, ਮੀਡੀਆ ਮਸ਼ਰੂਫ ਆ 'ਮਸਾਲੇਦਾਰ' ਖ਼ਬਰਾਂ ਲੱਭਣ 'ਚ......ਪਰ ਜੇ ਕਦੇ ਕਿਸੇ ਅਧਿਆਪਕ ਨੇ ਗਲਤੀ ਕਾਰਨ ਮਾਰ ਦਿੱਤਾ ਜਾਂ ਕੁੱਝ ਕਹਿ ਦਿੱਤਾ ਤਾਂ ਪਰਲੋ ਆ ਜਾਂਦੀ ਆ...ਜਿਸ ਵਿੱਚ ਸਹੀ ਹੋਣ 'ਤੇ ਅਧਿਆਪਕ ਨੂੰ ਹੀ 'ਬਲੀ ਦਾ ਬੱਕਰਾ' ਬਣਨਾ ਪੈਂਦਾ।
ਹੁਣ 'ਸਿੱਖਣ ਲਈ ਆਉ, ਸੇਵਾ ਲਈ ਜਾਉ' ਨੂੰ ਕੋਈ ਨਹੀਂ ਸਮਝਦਾ, ਬੱਚੇ ਤਾਂ ਸਿਖਾਉਣ ਵਾਲੇ ਦੀ ‘ਸੇਵਾ’ ਕਰਨ ਲੱਗੇ ਢਿੱਲ ਨਹੀਂ ਕਰਦੇ... ਮੈਨੂੰ ਅੱਜ ਈ ਪਤਾ ਲੱਗਾ ਕਿ ਇੱਕ ਵਾਰ ਇੱਕ ਅਧਿਆਪਕ ਨੇ ਬੱਚੇ ਨੂੰ 'ਵਾਲਾਂ ਦੇ ਡਿਜ਼ਾਇਨ' ਨੂੰ ਸਹੀ ਕਰਨ ਲਈ ਕਹਿ ਦਿੱਤਾ 'ਤੇ ਅਗਲੇ ਨੇ ਲਾਮ-ਲਸ਼ਕਰ ਲੈ ਕੇ ਧਾਵਾ ਬੋਲ ਦਿੱਤਾ।
ਜਿੱਥੇ ਅਧਿਆਪਕ ਕਦੇ 'ਗੁਰੂ' ਹੁੰਦਾ ਸੀ ਹੁਣ ਇਹ 'ਗੁਲਾਮਾਂ' ਵਾਂਗ ਹੈ, ਸਰਕਾਰੀ ਸਕੂਲਾਂ ਵਿੱਚ ਬੱਚੇ ਨੂੰ ਕੁੱਝ ਕਿਹਾ ਤਾਂ ਮੀਡੀਆਂ ਆਲੇ ਇੱਜ਼ਤ ਨੂੰ ਤਾਰ-ਤਾਰ ਕਰਨ ਲੱਗੇ ਸੰਕੋਚ ਨਹੀਂ ਕਰਦੇ 'ਤੇ ਜੇ ਨਿੱਜੀ ਸਕੂਲ ਵਿੱਚ ਕੁੱਝ ਕਿਹਾ ਤਾਂ ਮੀਡੀਆ ਤਾਂ ਹੈ ਈ ਮਾਪੇ ਵੀ 'ਪਾਕਿਸਤਾਨੀ' ਸਮਝ ਕੇ ਪੇਸ਼ ਆਉਂਦੇ ਆ 'ਤੇ 'ਮਾਲਕਾਂ' ਨੇ ਤਾਂ ਬੱਚੇ ਸੰਭਾਲਣੇ ਆ, ਪੜ੍ਹਾਉਣ ਵਾਲੇ ਤਾਂ ਬਹੁਤ ਤੁਰੇ ਫਿਰਦੇ ਆ ਘੱਟਾ ਛਾਣਦੇ। ਮਾਪੇ-ਅਧਿਆਪਕ ਮਿਲਣੀ ‘ਤੇ ਮਾਪੇ ਆ ਕੇ ਕਹਿਣਗੇ, “ਜੀ ਬੱਸ ਪੜ੍ਹਨ ਲਾ ਦਿਉ, ਜੇ ਨਹੀਂ ਸਮਝਦਾ ਤਾਂ ਖੜਕਾਉ, ਅਸੀਂ ਨੀ ਕੁੱਝ ਕਹਿੰਦੇ ਸਾਡੇ ਵੱਲੋਂ ਖੁੱਲ੍ਹੀ ਛੁੱਟੀ ਆ। ਸਾਡੀ ਨੀ ਮੰਨਦੇ ਬੱਚੇ, ਸਾਰਾ ਦਿਨ ਟੀ.ਵੀ. ਮੂਹਰੇ ਬੈਠੇ ਰਹਿੰਦੇ ਆ, ਇਹਨਾਂ ਨੂੰ ਕਹੋ ਟੀ.ਵੀ. ਘੱਟ ਦੇਖਣ”, ‘ਤੇ ਜਦੋਂ ਅਧਿਆਪਕ ਇਸ ਫੁਰਮਾਨ ‘ਤੇ ਅਮਲ ਕਰਦਾ ਤਾਂ ‘ਕੁੜਿੱਕੀ ‘ਚ ਲੱਤ’ ਫਸਾ ਬਹਿੰਦਾ।
ਇੱਕ ਪੱਖ ਇਹ ਵੀ ਹੈ ਕਿ ਹੁਣ ਅਧਿਆਪਕ ਵੀ 'ਗੁਰੂ' ਵਾਂਗ ਪੇਸ਼ ਨਹੀਂ ਆਉਂਦੇ, ਸ਼ਰਾਬ ਪੀ ਕੇ ਸਕੂਲ ਵੜਨ ਵਾਲਾ ਕਾਹਦਾ ਗੁਰੂ...? ਕਈ ਐਸੇ ਹਨ ਕਿ ਗੱਲਾਂ-ਬਾਤਾਂ ਨਾਲ ਈ ਘਰ ਪੂਰਾ ਕਰ ਜਾਂਦੇ ਆ, ਕਲਾਸ ਵਿੱਚ ਘੱਟ 'ਤੇ 'ਸੁੱਖ-ਦੁੱਖ' ਸਾਂਝੇ ਕਰਨ 'ਚ ਵੱਧ ਮਤਲਬ ਕਿ ਆਪਸ ਵਿੱਚ ਗੱਲਾਂ-ਬਾਤਾਂ 'ਤੇ ਜ਼ਰੂਰਤ ਨਾਲੋਂ ਵੱਧ ਸਮਾਂ ਦੇਣ ਵਾਲੇ ਵੀ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਦੇ ਆ। ਆਪਸੀ ਵੀਚਾਰਾਂ ਦੀ ਸਾਂਝ ਵੀ ਜ਼ਰੂਰੀ ਆ, ਸੁੱਖ-ਦੁੱਖ ਵੰਡਣੇ-ਵੰਡਾਉਣੇ ਵੀ ਜ਼ਰੂਰੀ ਆ ਪਰ ਇੱਕ ਸੀਮਾ ਵਿੱਚ।
ਸਰਕਾਰੀ ਸਕੂਲਾਂ ਵਿੱਚ ਅੱਜ ਦੇ ਸਮੇਂ ਪੜ੍ਹਾਈ ਬਿਹਤਰ ਆ ਕੁੱਝ ਪਹਿਲਾਂ ਨਾਲੋਂ ਪਰ ਸਹੂਲਤਾਂ ਘੱਟ ਨੇ, ਅਧਿਆਪਕਾਂ ਦੀ ਤਨਖਾਹ ਤਾਂ ਬਹੁਤ ਆ ਪਰ ਬਾਕੀ ਸਹੂਲਤਾਂ ਘੱਟ ਨੇ। ਅਧਿਆਪਕਾਂ ਦੀ ਘਾਟ ਵੱਲ ਧਿਆਨ ਬਹੁਤ ਘੱਟ ਆ ਪਰ ਸਰਕਾਰ ਕਹਿੰਦੀ ਆ ਕਿ ਗਲੀਆਂ ‘ਚ ਫਿਰਦੇ ਬੱਚੇ ਸਕੂਲ ਵਾੜ ਦੇਣੇ ਆਂ। ਸਰਕਾਰ ਵੀ ਹੁਣ ਤਾਂ ਮੁਫਤ ਵਿੱਦਿਆ ਤੋਂ ਹੱਥ ਖਿਸਕਾਉਂਦੀ ਨਜ਼ਰ ਆ ਰਹੀ ਆ ‘ਤੇ ਨਿੱਜੀ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਣਾ ‘ਖਾਲਾ ਜੀ ਦਾ ਵਾੜਾ ਨਹੀਂ’, ਆਮ ਬੰਦੇ ਲਈ ਬਹੁਤ ਮੁਸ਼ਕਿਲ ਆ। ਅੱਜ ਅੱਤ ਦੀ ਗਰੀਬੀ ਵਿੱਚ 2000 ਰੁ: ਪ੍ਰਤੀ ਮਹੀਨਾ 'ਤੇ ਕਿਹੜੇ ਖੇਤਰ ਵਿੱਚ ਕੰਮ ਕਰਨ ਵਾਲਾ ਮਿਲਦਾ....? ਪਰ ਨਿੱਜੀ ਖੇਤਰ ਵਿੱਚ ਪੜ੍ਹਾਉਣ ਵਾਲੇ ਮਿਲਦੇ ਆ 'ਤੇ ਜਾਂ ਗ੍ਰੰਥੀ... ਅਧਿਆਪਕ ਨੇ ਦੁਨਿਆਵੀ ਸਿੱਖਿਆ ਦੇਣੀ ਆ 'ਤੇ ਗ੍ਰੰਥੀ ਸਿੰਘਾਂ ਨੇ ਧਾਰਮਿਕ ਤੌਰ 'ਤੇ ਸੁਚੱਜੀ ਸੇਧ ਦੇਣੀ ਆ। ਵਿਕਾਸਸ਼ੀਲ ਦੇਸ਼ ਦੀ ਨੀਂਹ ਮਜ਼ਬੂਤ ਕਰਨ ਵਾਲੇ ਤੰਗੀ-ਤੁਰਸ਼ੀ ਨਾਲ ਘੁਲਦੇ ਆ, ਜਿਸਦੇ ਦਿਮਾਗ ਵਿੱਚ ਘਰ ਦੇ ਖਰਚੇ ਨੂੰ ਚਲਾਉਣ ਦਾ ਫਿਕਰ ਲਹੂ ਨਾਲੋਂ ਵੱਧ ਫੈਲਦਾ, ਉਹਦਾ ਪੜ੍ਹਾਉਣ ਵਿੱਚ ਕਿੰਨਾ ਧਿਆਨ ਲੱਗੂ....? ਐਨਾ ਤਾਂ ਸਾਰੇ ਸਮਝ ਈ ਸਕਦੇ ਆ। ਜਿਸਦੇ ਆਪਣੇ ਬੱਚਿਆਂ ਦੀ ਫੀਸ ਹੀ ਪੂਰੀ ਨਹੀਂ ਹੁੰਦੀ, ਉਹ ਦੂਜਿਆਂ ਦੇ ਕਿਵੇਂ ਕਮਾਉਣ ਲਾ ਦੂ...?
ਭੁੱਲ-ਚੁੱਕ ਦੀ ਖਿਮਾਂ।
ਸਤਿੰਦਰਜੀਤ ਸਿੰਘ।
ਸਤਿੰਦਰਜੀਤ ਸਿੰਘ
ਵਿਦਿਆ ਵੀਚਾਰੀ ਤਾਂ ਪਰਉਪਕਾਰੀ
Page Visitors: 6051