ਸੰਵਿਧਾਨ ਅਤੇ ਲੋਕਾਂ ਨੂੰ ਧੋਖਾ ਦੇ ਰਿਹਾ ਬਾਦਲ ਦਲ
ਕਿਰਪਾਲ ਸਿੰਘ ਬਠਿੰਡਾ 98554-80797
ਸੰਨ 1920 ਵਿੱਚ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਜਿਸ ਦੇ ਜਿੰਮੇ ਸਿੱਖ ਧਰਮ ਦੇ ਸਿਧਾਂਤਾਂ ਅਤੇ ਸਿੱਖਾਂ ਦੀ ਭਲਾਈ ਲਈ ਕੰਮ ਕਰਨਾ ਸੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੇ ਗਏ ਸੰਘਰਸ਼ ਦੇ ਸਿੱਟੇ ਵਜੋਂ ਸਿੱਖ ਗੁਰਦੁਆਰਾ ਐਕਟ-1925 ਰਾਹੀਂ 1925 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਜਿਸ ਦੇ ਜਿੰਮੇ ਇਤਿਹਾਸਕ ਗੁਰਦੁਆਰਿਆਂ ’ਚ ਗੁਰਮਤਿ ਅਨੁਸਾਰੀ ਨਿੱਤ ਦੀ ਮਰਿਆਦਾ ਲਾਗੂ ਕਰਵਾਉਣਾ, ਪੁਰਾਤਨ ਅਮੁੱਲੇ ਸਿੱਖ ਇਤਿਹਾਸ ਦੀ ਸਾਂਭ-ਸੰਭਾਲ ਅਤੇ ਇਸ ਵਿੱਚ ਪੰਥ ਵਿਰੋਧੀਆਂ ਵੱਲੋਂ ਕੀਤੀ ਗਈ ਰਲਾਵਟ ਨੂੰ ਗੁਰਬਾਣੀ ਦੀ ਕਸਵੱਟੀ ’ਤੇ ਪਰਖ/ਸੋਧ ਕੇ ਦੁਬਾਰਾ ਲਿਖਵਾਉਣਾ, ਗੁਰਦੁਆਰਿਆਂ ਦੇ ਨਾਮ ਜਾਇਦਾਦਾਂ ਤੇ ਚੜ੍ਹਾਵੇ ਦੀ ਭੇਟਾ ਦਾ ਹਿਸਾਬ ਕਿਤਾਬ ਰੱਖਣਾ, ਗੁਰਦੁਆਰਾ ਫੰਡਾਂ ਨੂੰ ਸਿੱਖਾਂ ਅਤੇ ਮਨੁੱਖਤਾ ਦੀ ਭਲਾਈ ਲਈ ਖਰਚ ਕਰਨਾ ਅਤੇ ਯੋਗ ਪ੍ਰਬੰਧ ਕਰਨਾ ਹੈ।
ਪੀਪਲਜ਼ ਰੀਪ੍ਰੈਂਜਟੇਸ਼ਨ ਐਕਟ 1951 ਦੇ ਪਾਰਟ IV-A ਸੈਕਸ਼ਨ 29-ਏ ਦੀ ਸੋਧ ’ਤੇ ਅਮਲ ਕਰਦਿਆਂ ਕਮਿਸ਼ਨ ਕੋਲ ਕਿਸੇ ਵੀ ਸਿਆਸੀ ਪਾਰਟੀ ਦੀ ਰਜਿਸਟ੍ਰੇਸ਼ਨ ਕਰਵਾਉਂਦੇ ਸਮੇਂ ਇਹ ਜਰੂਰੀ ਹੁੰਦਾ ਹੈ ਕਿ ਪਾਰਟੀ ਆਪਣੀ ਬਚਨ ਵੱਧਤਤਾ ਦੇਵੇ ਕਿ ਉਹ ਭਾਰਤ ਦੇ ਸੰਵਿਧਾਨ ਪ੍ਰਤੀ ਪ੍ਰਤੀਵੱਧ ਹੈ ਅਤੇ ਦੇਸ਼ ਦੀ ਪ੍ਰਭੂਸਤਾ, ਸਮਾਜਵਾਦ, ਧਰਮ ਨਿਰਪੱਖ ਅਤੇ ਲੋਕ ਤੰਤਰ ਦੇ ਸਿਧਾਂਤ ’ਤੇ ਪਹਿਰਾ ਦੇਵੇਗੀ। ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ 1920 ਵਾਲੇ ਆਪਣੇ ਸੰਵਿਧਾਨ ਵਿੱਚ ਬਿਨਾਂ ਸੋਧ ਕੀਤਿਆਂ ਇਹ ਝੂਠਾ ਬਿਆਨ ਦੇ ਕੇ ਆਪਣੇ ਆਪ ਨੂੰ 1989 ਵਿੱਚ ਚੋਣ ਕਮਿਸ਼ਨ ਕੋਲ ਸਿਆਸੀ ਪਾਰਟੀ ਰਜਿਸਟਰ ਕਰਵਾ ਲਿਆ ਜੋ ‘ਤੱਕੜੀ’ ਚੋਣ ਨਿਸ਼ਾਨ ’ਤੇ ਚੋਣਾਂ ਲੜਦਾ ਆ ਰਿਹਾ ਹੈ ਅਤੇ ਕਈ ਵਾਰ ਜਨਸੰਘ / ਭਾਜਪਾ ਨਾਲ ਗੱਠਜੋੜ ਕਰਕੇ ਪੰਜਾਬ ਵਿੱਚ ਆਪਣੀਆਂ ਸਰਕਾਰਾਂ ਬਣਾਈਆਂ; ਜਦੋਂ ਕਿ ਮਿਤੀ 3.3.2000 ਤੱਕ ਇਸ ਤਰ੍ਹਾਂ ਦਾ ਕੋਈ ਵੀ ਮਤਾ ਪਾਸ ਨਹੀਂ ਕੀਤਾ ਗਿਆ ਜਿਸ ਮੁਤਾਬਿਕ ਧਾਰਮਿਕ ਵਿਰਸੇ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਆਪ ਨੂੰ ਸਿਆਸੀ ਅਤੇ ਧਰਮ ਨਿਰਪੱਖ ਪਾਰਟੀ ਵਿੱਚ ਬਦਲਿਆ ਹੋਵੇ। ਦੂਸਰੇ ਪਾਸੇ ਮਿਤੀ 25.11.2003 ਨੂੰ ਪ੍ਰਧਾਨ
ਦੀ ਹੈਸੀਅਤ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਗੁਰਦੁਆਰਾ ਮੁੱਖ ਚੋਣ ਕਮਿਸ਼ਨਰ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਰਜਿਸਟਰ ਕਰਵਾ ਲਿਆ ਅਤੇ ਆਪਣੇ ਦਸਤਖਤਾਂ ਹੇਠ ਗੁਰਦੁਆਰਾ ਕਮਿਸ਼ਨ ਨੂੰ ਪਾਰਟੀ ਦਾ ਸੰਵਿਧਾਨ ਅਤੇ ਅਹੁੱਦੇਦਾਰਾਂ ਦੀ ਸੂਚੀ ਸੌਂਪੀ; ਜੋ ਕਿ ਇੱਕ ਹੋਰ ਸਬੂਤ ਹੈ ਕਿ 25.11.2003 ਤੱਕ ਸ਼੍ਰੋਮਣੀ ਅਕਾਲੀ ਦਲ ਧਰਮ ਨਿਰਪੱਖ ਸਿਆਸੀ ਪਾਰਟੀ ਨਹੀਂ ਬਲਕਿ ਧਾਰਮਿਕ ਖਾਸੇ ਵਾਲੀ ਪਾਰਟੀ ਸੀ।
ਇਸ ਦੇ ਬਹੁਤ ਪਿੱਛੋਂ 1.4.2004 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਕਮੇਟੀ ਦਾ ਗਠਨ ਕੀਤਾ ਜਿਸ ਦੇ ਜਿੰਮੇ 1920 ਵਾਲੇ ਸੰਵਿਧਾਨ ਦੀ ਘੋਖ ਕਰਕੇ ਧਰਮ ਨਿਰਪੱਖ ਸਿਆਸੀ ਪਾਰਟੀ ਦਾ ਸੰਵਿਧਾਨ ਤਿਆਰ ਕਰਨਾ ਸੀ। ਪਾਰਟੀ ਦਾ ਰਿਕਾਰਡ ਦਸਦਾ ਹੈ ਕਿ ਲੋੜੀਂਦੀ ਪ੍ਰੀਕ੍ਰਿਆ ਤੋਂ ਬਿਨਾ ਹੀ ਉਸ ਨੇ ਪ੍ਰਧਾਨ ਦੀ ਹੈਸੀਅਤ ਵਿੱਚ ਇਸ ਕਮੇਟੀ ਦੀ ਰਿਪੋਰਟ ਦੇ ਅਧਾਰ ’ਤੇ ਮਿਤੀ 13.6.2004 ਨੂੰ ਸੰਵਿਧਾਨ ਵਿੱਚ ਤਬਦੀਲੀ ਕਰਕੇ ਇੱਕ ਧਾਰਮਿਕ ਖਾਸੇ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਧਰਮ ਨਿਰਪੱਖ ਸਿਆਸੀ ਪਾਰਟੀ ਵਿੱਚ ਤਬਦੀਲ ਕਰ ਲਿਆ।
ਪਾਰਟੀ ਦੇ ਸੰਵਿਧਾਨ ਮੁਤਾਬਿਕ ਇਸ ਦੇ ਸੰਵਿਧਾਨ ਵਿੱਚ ਤਬਦੀਲੀ ਕਰਨ ਲਈ ਮਤਾ ਪਾਰਟੀ ਦੇ ਜਨਰਲ ਹਾਊਸ ਵਿੱਚ ਦੋ-ਤਿਹਾਈ ਬਹੁਮੱਤ ਨਾਲ ਪਾਸ ਕੀਤੇ ਜਾਣਾ ਸੀ ਪਰ ਪਾਰਟੀ ਦਾ ਰਿਕਾਰਡ ਦਸਦਾ ਹੈ ਕਿ ਨਾ ਤਾਂ ਇਸ ਤਰ੍ਹਾਂ ਦਾ ਕੋਈ ਮਤਾ ਕਾਰਵਾਈ ਰਜਿਸਟਰ ਵਿੱਚ ਦਰਜ ਹੈ ਅਤੇ ਨਾ ਹੀ ਅਜੇਹੇ ਮਤੇ ਨੂੰ 2/3 ਮੈਂਬਰਾਂ ਦੀ ਪ੍ਰਵਾਨਗੀ ਮਿਲੀ ਹੈ। ਪਾਰਟੀ ਰਿਕਾਰਡ ਮੁਤਾਬਿਕ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਦੀ ਹੈਸੀਅਤ ਵਿੱਚ ਭਾਰਤੀ ਚੋਣ ਕਮਿਸ਼ਨ ਨੂੰ ਪੱਤਰ ਨੰ: 4834ਐੱਸ.ਏ.ਡੀ./2008 ਮਿਤੀ 19.1.2008 (ਅਸਲੀ ਪੱਤਰ ਵਿੱਚ ਇਹ ਤਰੀਖ ਬਦਲ ਕੇ 19.2.2008 ਕੀਤੀ ਹੋਈ ਹੈ) ਰਾਹੀਂ ਜਾਣਕਾਰੀ ਦਿੱਤੀ ਕਿ ਪਾਰਟੀ ਦੇ ਸੰਵਿਧਾਨ ਵਿੱਚ ਮਿਤੀ 31.1.2008 ਨੂੰ ਸੋਧ ਕਰ ਲਈ ਗਈ ਹੈ। ਇਸੇ ਪੱਤਰ ਨਾਲ ਸੋਧੇ ਸੰਵਿਧਾਨ ਦੀ ਕਾਪੀ ਵੀ ਨੱਥੀ ਕੀਤੀ ਗਈ ਸੀ। ਇਸ ਤੋਂ ਸਪਸ਼ਟ ਹੈ ਕਿ ਸੁਖਬੀਰ ਸਿੰਘ ਬਾਦਲ ਇਸ ਤੱਥ ਤੋਂ ਭਲੀਭਾਂਤ ਜਾਣੂ ਸੀ ਕਿ ਪਾਰਟੀ ਸੰਵਿਧਾਨ ਵਿੱਚ 31.1.2008 ਤੱਕ ਲੋੜੀਂਦੀ ਸੋਧ ਨਹੀ ਕੀਤੀ ਗਈ ਸੀ ਅਤੇ ਉਸ ਸਮੇਂ ਤੱਕ ਪਾਰਟੀ ਚੋਣ ਕਮਿਸ਼ਨਾਂ ਨੂੰ ਦੋ ਆਪਾ ਵਿਰੋਧੀ ਜਾਹਲੀ ਸੰਵਿਧਾਨ ਅਤੇ ਗਲਤ ਜਾਣਕਾਰੀ ਦਿੰਦੀ ਆਈ ਹੈ ਜਦੋਂ ਕਿ ਸੰਵਿਧਾਨਿਕ ਸੰਸਥਾਵਾਂ ਨੂੰ ਗਲਤ ਜਾਣਕਾਰੀ ਦੇਣਾ ਕਾਨੂੰਨੀ ਤੌਰ ’ਤੇ ਜੁਰਮ ਹੈ।
ਗੁਰਦੁਆਰਾ ਚੋਣ ਕਮਿਸ਼ਨ ਡਾਇਰੈਕਟੋਰੇਟ ਦੇ ਸੀਨੀਅਰ ਸਹਾਇਕ ਡੀ.ਸੀ. ਸ਼ਰਮਾ ਨੇ ਅਦਾਲਤ ਵਿੱਚ ਦਿੱਤੀ ਗਵਾਹੀ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 1974 ਤੋਂ 1989 ਤੱਕ ਚੋਣ ਨਿਸ਼ਾਨ “ਤੱਕੜੀ” ’ਤੇ ਗੁਰਦੁਆਰਾ ਚੋਣਾਂ ਲੜੀਆਂ (ਇਸੇ ਚੋਣ ਨਿਸ਼ਾਨ ’ਤੇ ਇਹ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਸਿਆਸੀ ਚੋਣਾਂ ਵੀ ਲੜਦੇ ਰਹੇ ਹਨ); ਜਦੋਂ ਕਿ 1989 ਤੋਂ ਪਿੱਛੋਂ ਇਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਚੋਣ ਲੜਨ ਸਮੇਂ ਚੋਣ ਨਿਸ਼ਾਨ “ਟਰੈਕਟਰ” ਅਤੇ ਦਿੱਲੀ ਗੁਰਦੁਆਰਾ ਚੋਣਾਂ ਲਈ ਚੋਣ ਨਿਸ਼ਾਨ “ਬਾਲਟੀ” ਤਬਦੀਲ ਕਰਵਾ ਲਿਆ।
1989 ਵਿੱਚ ਭਾਰਤੀ ਚੋਣ ਕਮਿਸ਼ਨ ਅਤੇ 2003 ਵਿੱਚ ਗੁਰਦੁਆਰਾ ਮੁੱਖ ਚੋਣ ਕਮਿਸ਼ਨਰ ਨੂੰ ਸੌਂਪੇ ਗਏ ਦੋ ਵੱਖ ਵੱਖ ਸੰਵਿਧਾਨ ਸਿੱਧ ਕਰਦੇ ਹਨ ਕਿ ਇਹ ਜ਼ਾਹਲੀ ਸਨ ਜੋ ਕਿ ਭਾਰਤੀ ਚੋਣ ਕਮਿਸ਼ਨ, ਭਾਰਤੀ ਸੰਵਿਧਾਨ ਅਤੇ ਭਾਰਤੀ ਲੋਕਾਂ ਖਾਸ ਕਰਕੇ ਸਿੱਖਾਂ ਨਾਲ ਬਹੁਤ ਵੱਡਾ ਧੋਖਾ ਹੈ ਜਿਸ ਵਿਰੁੱਧ ਕਾਨੂੰਨੀ ਕਾਰਵਾਈ ਕਰਨੀ ਬਣਦੀ ਹੈ।
ਬਾਦਲ ਪ੍ਰਵਾਰ ਦੀ ਰਹਿਨੁਮਾਈ ਹੇਠ ਧਰਮ ਨਿਰਪੱਖ ਸਿਆਸੀ ਪਾਰਟੀ ਗੈਰ ਕਾਨੂੰਨੀ ਤੌਰ ’ਤੇ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ਼ ਹੈ ਜਿਸ ਕਾਰਨ ਸਿੱਖ ਸੰਸਥਾਵਾਂ ਖਾਸ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਾਦਲ ਪ੍ਰਵਾਰ ਨੇ ਆਪਣੀ ਨਿਜੀ ਸਿਆਸੀ ਹਿੱਤਾਂ ਦੀ ਪੂਰਤੀ ਲਈ ਦੁਰਉਪਜੋਗ ਕਰਕੇ ਇਨ੍ਹਾਂ ਸਬਉੱਚ ਸਿੱਖ ਸੰਸਥਾਵਾਂ ਦੇ ਮਾਨ ਸਨਮਾਨ ਨੂੰ ਮਿੱਟੀ ਵਿੱਚ ਰੋਲਿਆ; ਜਿਸ ਦੀਆਂ ਅਨੇਕਾਂ ਉਦਾਹਰਣਾਂ ਸਾਡੇ ਸਾਹਮਣੇ ਹਨ।
ਇਸ ਅਧਾਰ ’ਤੇ ਮਾਲਟਾ ਕਿਸ਼ਤੀ ਹਾਦਸਾ ਮਿਸ਼ਨ ਦੇ ਚੇਅਰਮੈਨ ਅਤੇ ਸਮਾਜ ਸੇਵੀ/ਸਿਆਸੀ ਕਾਰਕੁਨ ਸ:ਬਲਵੰਤ ਸਿੰਘ ਖੇੜਾ ਨੇ ਸੰਨ 2009 ਵਿੱਚ ਵਧੀਕ ਚੀਫ ਜੁਡੀਸ਼ਲ ਮੈਜਿਸਟ੍ਰੇਟ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਇੰਡੀਅਨ ਪੀਨਲ ਕੋਡ ਦੇ ਸੈਕਸ਼ਨ 120-ਬੀ ਨਾਲ ਪੜ੍ਹੀ ਜਾਣ ਵਾਲੀ ਧਾਰਾ 182,193, 199, 200, 420, 465, 466, 467, 468, 471 ਤਹਿਤ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸਾਬਕਾ ਉੱਪ ਮੁਖ ਮੰਤਰੀ ਪੰਜਾਬ, ਪ੍ਰਕਾਸ਼ ਸਿੰਘ ਬਾਦਲ ਸਾਬਕਾ ਪ੍ਰਧਾਨ (ਮੌਜੂਦਾ ਸਰਪ੍ਰਸਤ) ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ, ਦਲਜੀਤ ਸਿੰਘ ਚੀਮਾ ਸਕੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ ਸਮੇਤ ਸੁਖਦੇਵ ਸਿੰਘ ਢੀਂਡਸਾ, ਸੁਰਿੰਦਰ ਸਿੰਘ ਸ਼ਿੰਦਾ, ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਕਿਰਪਾਲ ਸਿੰਘ ਬਡੂੰਗਰ ਵਿਰੁੱਧ ਸ਼ਿਕਾਇਤ ਨੰ: 23 ਆਫ 2009 ਦਰਜ ਕਰਵਾਈ।
ਲੰਬੀ ਅਦਾਲਤੀ ਪ੍ਰੀਕ੍ਰਿਆ ਉਪ੍ਰੰਤ ਮਿਤੀ 4.11.2019 ਨੂੰ ਮੋਨਿਕਾ ਸ਼ਰਮਾ ਵਧੀਕ ਚੀਫ ਜੁਡੀਸ਼ਲ ਮੈਜਿਸਟ੍ਰੇਟ ਹੁਸ਼ਿਆਰਪੁਰ ਦੀ ਅਦਾਲਤ ਇਸ ਸਿੱਟੇ ’ਤੇ ਪਹੁੰਚੀ ਕਿ ਪਹਿਲੀ ਨਜ਼ਰੇ ਵੇਖਿਆਂ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਦਲਜੀਤ ਸਿੰਘ ਚੀਮਾ ਵਿਰੁੱਧ ਕਾਫੀ ਸਬੂਤ ਮਿਲਦੇ ਹਨ ਕਿ ਉਨ੍ਹਾਂ ਨੂੰ
ਇੰਡੀਅਨ ਪੀਨਲ ਕੋਡ ਦੇ ਸੈਕਸ਼ਨ 120-ਬੀ ਨਾਲ ਪੜ੍ਹੀ ਜਾਣ ਵਾਲੀ ਧਾਰਾ 420, 465, 466, 467, 468, 471 ਤਹਿਤ ਅਦਾਲਤ ਵਿੱਚ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਜਾਣ।
ਇਸ ਤੋਂ ਇਲਾਵਾ ਮਾਨਯੋਗ ਅਦਾਲਤ ਇਸ ਸਿੱਟੇ ’ਤੇ ਵੀ ਪਹੰਚੀ ਹੈ ਕਿ ਸੁਖਦੇਵ ਸਿੰਘ ਢੀਂਡਸਾ, ਸੁਰਿੰਦਰ ਸਿੰਘ ਸ਼ਿੰਦਾ, ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਕਿਰਪਾਲ ਸਿੰਘ ਬਡੂੰਗਰ ਵਿਰੁੱਧ ਜੁਬਾਨੀ ਗਵਾਹੀਆਂ ਅਤੇ ਡਾਕੂਮੈਂਟਰੀ ਤੱਥਾਂ ਦੇ ਅਧਾਰ ’ਤੇ ਕੋਈ ਵੀ ਦੋਸ਼ ਸਾਬਤ ਨਹੀਂ ਹੁੰਦੇ ਇਸ ਲਈ ਇਨ੍ਹਾਂ ਨੂੰ ਸੰਮਨ ਨਹੀਂ ਕੀਤਾ ਗਿਆ।
ਹੁਣ ਜਦੋਂ ਕਿ 14 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਤੋਂ ਵੱਖ ਹੋਏ ਧੜੇ ਟਕਸਾਲੀ ਅਕਾਲੀ ਦਲ ਵੱਲੋਂ ਸੁਖਦੇਵ ਸਿੰਘ ਢੀਂਡਸਾ ਦੀ ਆਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਾ 99ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਤਾਂ ਦੋਵਾਂ ਹੀ ਧਿਰਾਂ ਦੇ ਸੁਹਿਰਦ ਮੈਂਬਰਾਂ ਦਾ ਫਰਜ ਬਣਦਾ ਹੈ ਕਿ ਇਸ ਮੌਕੇ ਆਪਣੇ ਆਗੂਆਂ ਵੱਲੋਂ ਕੀਤੀ ਇਸ ਧੋਖਾਧੜੀ ਦਾ ਪਾਰਟੀ ਪੱਧਰ ’ਤੇ ਪਰਦਾਫਾਸ਼ ਕਰਨ ਅਤੇ ਕੌਮ ਤੇ ਸੰਵਿਧਾਨ ਨਾਲ ਧੋਖਾਧੜੀ ਕਰਨ ਦੇ ਜਿੰਮੇਵਾਰ ਮੁੱਖ ਆਗੂਆਂ ਨੂੰ ਉਨ੍ਹਾਂ ਦੇ ਅਹੁੱਦਿਆਂ ਤੋਂ ਵੱਖ ਕਰਨ ਤੋਂ ਇਲਾਵਾ ਪਾਰਟੀ ਵਿੱਚੋਂ ਬਾਹਰ ਕੱਢਣ ਦਾ ਹੌਸਲਾ ਕਰਕੇ ਕੌਮ ਅੱਗੇ ਸੁਰਖੁਰੂ ਹੋਣ ਕਿਉਂਕਿ ਧੋਖਾਧੜੀ ਕਰਨ ਸਮੇਂ ਇਹ ਦੋਵੇਂ ਹੀ ਧੜੇ ਬਾਦਲਾਂ ਦੀ ਅਗਵਾਈ ਹੇਠ ਇਕੱਠੇ ਸਨ।
ਕਿਰਪਾਲ ਸਿੰਘ ਬਠਿੰਡਾ
ਸੰਵਿਧਾਨ ਅਤੇ ਲੋਕਾਂ ਨੂੰ ਧੋਖਾ ਦੇ ਰਿਹਾ ਬਾਦਲ ਦਲ
Page Visitors: 2493