ਪੰਜਾਬ ਪੁਲਿਸ ਦੇ ਥਾਣੇਦਾਰ ਵੱਲੋਂ 83 ਨਿਰਦੋਸ਼ ਸਿੱਖਾਂ ਨੂੰ ਮਾਰਨ ਦਾ ਇੰਕਸ਼ਾਫ਼ ਕਰਨ ਤੇ ਸਿੱਖ ਆਗੂਆਂ ਵੱਲੋਂ ਸਖਤ ਪ੍ਰਤੀਕਰਮ
ਮਾਸੂਮ ਸਿੱਖਾਂ ਦੇ ਕਾਤਲਾਂ ਨੂੰ ਕਾਨੂੰਨੀ ਕਟਹਿਰੇ ‘ਚ ਖੜ੍ਹਾ ਕੀਤਾ ਜਾਵੇ-ਅਵਤਾਰ ਸਿੰਘ ਸੰਘੇੜਾ, ਜੋਗਾ ਸਿੰਘ
ਬ੍ਰਮਿੰਘਮ - ਪੰਜਾਬ ਵਿਚ ਅੱਸੀਵਿਆਂ ਤੇ 90ਵਿਆਂ ਦੇ ਬੀਤੇ ਦੋ ਤਿੰਨ ਦਹਾਕੇ ਸਿੱਖ ਭਾਈਚਾਰੇ ਲਈ ਕਾਲੇ ਦੌਰ ਵਜੋਂ ਜਾਣੇ ਜਾਂਦੇ ਹਨ, ਇਸ ਸਮੇਂ ਵਿਚ ਜਿੱਥੇ ਸਿੱਖ ਸੰਘਰਸ਼ ਨਾਲ ਸਬੰਧਿਤ ਸਿੱਖਾਂ ਦੇ ਸੁਰੱਖਿਆ ਫੋਰਸਾਂ ਨਾਲ ਅਨਗਿਣਤ ਮੁਕਾਬਲੇ ਹੋਏ ਤੇ ਜੂਨ 1984 ਦਾ ਸਾਕਾ ਸ੍ਰੀ ਅਕਾਲ ਤਖ਼ਤ ਅਤੇ 1988 ਦਾ ਕਾਲੀ ਗਰਜ ਸਾਕੇ ਵਾਪਰੇ ਉਥੇ ਅਨਗਿਣਤ ਸਿੱਖ ਬੱਚੇ, ਨੌਜਵਾਨ, ਬਜ਼ੁਰਗ ਤੇ ਬੀਬੀਆਂ ਮਾਰੇ ਗਏ ਜਿਹਨਾਂ ਦਾ ਕੋਈ ਕਸੂਰ ਨਹੀਂ ਸੀ । ਅਜਿਹੀ ਘਟਨਾ ਦਾ ਇਕ ਹੋਰ ਖੁਲਾਸਾ ਬੀਤੇ ਦਿਨੀਂ ਪੰਜਾਬ ਦੇ ਮੀਡੀਏ ਰਾਹੀਂ ਇਕ ਪੰਜਾਬ ਪੁਲਿਸ ਦੇ ਇਕ ਥਾਣੇਦਾਰ ਸੁਰਜੀਤ ਸਿੰਘ ਵੱਲੋਂ ਕੀਤਾ ਗਿਆ । ਇਸ ਬਾਰੇ ਯੂ ਕੇ ਦੇ ਨਾਮਵਰ ਸਿੱਖ ਆਗੂਆਂ ਕਾਰਸੇਵਾ ਕਮੇਟੀ ਸਿੱਖ ਗੁਰਧਾਮ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਸੰਘੇੜਾ ਅਤੇ ਜਨਰਲ ਸਕੱਤਰ ਭਾਈ ਜੋਗਾ ਸਿੰਘ ਨੇ ਪ੍ਰਤੀਕਰਮ ਪ੍ਰਗਟ ਕਰਦਿਆਂ ਹੈਰਾਨੀ ਜ਼ਾਹਿਰ ਕੀਤੀ ਕਿ ਏਨੀ ਵੱਡੀ ਘਟਨਾ ਦਾ ਖੁਲਾਸਾ ਹੋਇਆ ਹੈ ਤੇ ਪੰਜਾਬ ਤੇ ਭਾਰਤ ਦਾ ਮੀਡੀਆ ਬਿਲਕੁਲ ਚੁੱਪ ਬੈਠਾ ਹੈ, ਕਿਸੇ ਨੇ ਇਕ ਖ਼ਬਰ ਵੀ ਦੇਣ ਦੀ ਕੋਸ਼ਿਸ਼ ਨਹੀਂ ਕੀਤੀ, ਕੇਵਲ ਡੇਅ ਐਂਡ ਨਾਈਟ ਟੀ ਵੀ ਅਤੇ ਸੰਗਤ ਟੀ ਵੀ ਦੋ ਚੈਨਲਾਂ ਅਤੇ ਇਕ ਅਖ਼ਬਾਰ ਨੇ ਹੀ ਜੁਰਅਤ ਕੀਤੀ ਹੈ ਇਹ ਖ਼ਬਰ ਦੇਣ ਦੀ।ਬਾਕੀ ਦੇਸ਼ ਵਿਦੇਸ਼ ਦਾ ਸਾਰਾ ਮੀਡੀਆ ਅਤੇ ਵੱਖ ਵੱਖ ਸੰਸਥਾਵਾਂ ਦੇ ਆਗੂ ਵੀ ਇਸ ਪ੍ਰਤੀ ਮੂੰਹ ਨਹੀਂ ਖੋਹਲ ਸਕੇ ।
ਸੁਰਜੀਤ ਸਿੰਘ ਨੇ ਭਾਵੇਂ ਕਿਸੇ ਵੀ ਕਾਰਨ ਮੂੰਹ ਖੋਲ੍ਹਿਆ ਹੈ, ਪਰ ਸੱਚਾਈ ਤੋਂ ਪਰਦਾ ਜ਼ਰੂਰ ਉਠਿਆ ਹੈ, ਅਜਿਹੇ ਕਿੰਨੇ ਹੀ ਸੁਰਜੀਤ ਸਿੰਘ ਪੰਜਾਬ ਵਿਚ ਸਰਗਰਮ ਸਨ, ਜਿਹਨਾਂ ਨੇ ਮਨ ਆਏ ਢੰਗ ਨਾਲ ਸਿੱਖਾਂ ਦਾ ਕਤਲੇਆਮ ਕੀਤਾ ।ਉਕਤ ਸਿੱਖ ਆਗੂਆਂ ਨੇ ਪੰਜਾਬ, ਭਾਰਤ ਅਤੇ ਦੇਸ਼ ਵਿਦੇਸ਼ ਦੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਪੁਲਿਸ ਅਫ਼ਸਰਾਂ ਅਤੇ ਇਹਨਾਂ ਨੂੰ ਆਦੇਸ਼ ਤੇ ਹਦਾਇਤਾਂ ਦੇਣ ਵਾਲੇ ਉੱਚ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹੇ ਕਰਨਾ ਚਾਹੀਦਾ ਹੈ । ਇਹਨਾਂ ਦੀ ਉਚ ਜਾਂਚ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇ, ਇਸ ਕੰਮ ਵਿਚ ਯੂ ਕੇ ਦੀਆਂ ਸੰਗਤਾਂ ਤੁਹਾਡਾ ਸਾਥ ਦੇਣਗੀਆਂ । ਉਹਨਾਂ ਕਿਹਾ ਮਨੁੱਖੀ ਅਧਿਕਾਰਾਂ ਦੀਆਂ ਸੰਸਥਾਵਾਂ ਨੂੰ ਵੀ ਆਪਣੀ ਡਿਊਟੀ ਨਿਭਾਉਣੀ ਚਾਹੀਦੀ ਹੈ, ਜਿਹੜੇ ਸਿੱਖ ਮਾਰੇ ਗਏ ਹਨ, ਉਹਨਾਂ ਦੀ ਨਿਸ਼ਾਨ ਦੇਹੀ ਕਰਕੇ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਇਆ ਜਾਵੇ, ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਦੇ ਨਾਲ ਨਾਲ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ।