ਕਈ ਫਰਜ਼ੀ ਅਤੇ ਕਈ ਗੁਰਮਤਿ ਵਿਰੋਧੀ ਅਨਸਰਾਂ ਨੂੰ ਸਿੱਖੀ ਦੇ ਵਿਹੜੇ ਵਿੱਚ ਦਿੱਤੀ ਜਾ ਰਹੀ ਮਾਨਤਾ ਖ਼ਤਰਨਾਕ ਹੈ ਭਾਗ-1
ਸੰਪਾਦਕ ਖ਼ਾਲਸਾ ਨਿਊਜ਼ 14.11.19
ਇਹ ਪੋਸਟ ਬਹੁਤਾਤ ਸਿੱਖ ਅਖਵਾਉਣ ਵਾਲਿਆਂ ਦੇ ਦਿਲ ਵਲੂੰਧਰੇਗਾ, ਪਰ ਸੱਚ ਕਦੀ ਨਹੀਂ ਛੁੱਪਦਾ।
ਦੇਖਤੇ ਹੈਂ ਇਸ ਸੱਚ ਸੇ ਕਿਤਨੇ ਘਾਇਲ ਹੋਤੇ ਹੈਂ,
ਛੋੜ ਦੀਆ ਹੈ ਯੇਹ ਤੋਪ ਕਾ ਗੋਲਾ ਖ਼ਾਲਸਾ ਨਿਊਜ਼ ਨੇ।
ਸਿੱਖੀ ਦੇ ਵਿਹੜੇ ਵਿੱਚ ਕਈ ਐਸੇ ਨਾਮ ਹਨ ਜਿਹੜੇ ਕਈ ਫਰਜ਼ੀ ਨਾਮ ਹਨ ਤੇ ਕਈ ਗੁਰਮਤਿ ਵਿਰੋਧੀ ਹਨ, ਪਰ ਬਹੁਤਾਤ ਸਿੱਖ ਉਨ੍ਹਾਂ ਨਾਵਾਂ ਨਾਲ ਐਸੇ ਚਿੰਬੜੇ ਹੋਏ ਹਨ, ਕਿ ਉਨ੍ਹਾਂ ਨੂੰ ਗੁਰਮਤਿ ਅਤੇ ਗੁਰੂ ਜਾਮਿਆਂ ਤੋਂ ਵੀ ਵੱਧ ਸਮਝਦੇ ਹਨ। ਐਸੇ ਨਾਮ ਹਨ: ਬਾਲਾ ਸੰਧੂ, ਸ਼੍ਰੀ ਚੰਦ, ਮੋਹਨ, ਰਜਨੀ, ਕੌਲਾਂ, ਵਡਭਾਗ ਸਿੰਘ ਆਦਿ
❌ ਬਾਲਾ
ਗੁਰੂ ਨਾਨਕ ਸਾਹਿਬ ਦੇ ਨਾਲ ਭਾਈ ਮਰਦਾਨਾ ਸੀ, ਪਰ ਗੁਰਮਤਿ ਅਤੇ ਗੁਰੂ ਵਿਰੋਧੀਆਂ ਨੇ ਮਰਦਾਨਾ ਜੋ ਕਿ ਨੀਵੀਂ ਜਾਤ ਤੇ ਮੁਸਲਮਾਨ ਸਮਝਿਆ ਜਾਂਦਾ ਸੀ, ਦੇ ਨਾਲ ਇਕ ਫਰਜ਼ੀ ਬਾਲਾ ਵੀ ਜੋੜ ਦਿੱਤਾ, ਜਿਸਦਾ ਨਾ ਤਾਂ ਕੋਈ ਇਤਿਹਾਸਿਕ ਮਹੱਤਵ ਸੀ, ਤੇ ਨਾ ਕੋਈ ਦੇਣ, ਬਸ ਗੁਰੂ ਸਾਹਿਬ ਨਾਲ ਇੱਕ ਮੁਸਲਮਾਨ ਸੀ, ਤੇ ਇੱਕ ਹਿੰਦੂ ਹੋਣਾ ਵੀ ਜ਼ਰੂਰੀ ਸਮਝਿਆ ਗਿਆ, ਇਸ ਲਈ ਇਹ ਫਰਜ਼ੀ ਬਾਲਾ ਕਥਿਤ ਇਤਿਹਾਸਕਾਰਾਂ ਵੱਲੋਂ ਘੜਿਆ ਗਿਆ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਾਈ ਮਰਦਾਨਾ ਜੀ ਦੇ ਤਿੰਨ ਸਲੋਕ ਹਨ। ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ ਜੀ ਅਨੁਸਾਰ ਭਾ: ਮਰਦਾਨਾ ਆਪਣੀ ਕਿਸੇ ਰਚਨਾ ਵਿਚ ਲਫ਼ਜ਼ 'ਨਾਨਕ' ਨਹੀਂ ਸੀ ਵਰਤ ਸਕਦੇ। ਸਲੋਕ ਮ: ੧ ਹੈ ਅਤੇ ਮਰਦਾਨੇ ਨੂੰ ਸੰਬੋਧਨ ਕੀਤਾ ਹੈ। ਤਿੰਨੇ ਹੀ ਸਲੋਕ ਮ: ੧ ਦੇ ਹਨ।
ਸਲੋਕੁ ਮਰਦਾਨਾ ੧ ॥
ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥
ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥
ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ ॥
ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ ॥
ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ ॥
ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ॥੧॥ {ਪੰਨਾ 553}
ਮਰਦਾਨਾ ੧ ॥
ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ ॥
ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ ॥
ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥
ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ ॥
ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ ॥੨॥ {ਪੰਨਾ 553}
ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ ॥
ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ ॥੩॥ {ਪੰਨਾ 553}
ਪਉੜੀ ॥
ਆਪੇ ਸੁਰਿ ਨਰ ਗਣ ਗੰਧਰਬਾ ਆਪੇ ਖਟ ਦਰਸਨ ਕੀ ਬਾਣੀ ॥
ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ ॥
ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ ॥
ਆਪੈ ਨਾਲਿ ਗੋਸਟਿ ਆਪਿ ਉਪਦੇਸੈ ਆਪੇ ਸੁਘੜੁ ਸਰੂਪੁ ਸਿਆਣੀ ॥
ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ ॥੧੨॥ {ਪੰਨਾ 553}
ਅਤੇ ਵਾਰਾਂ ਭਾਈ ਗੁਰਦਾਸ; ਵਾਰ ੧ ਪਉੜੀ ੩੫
ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕੀਆ ਅਸਥਾਨਾ।
ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ।
ਜੇ ਬਾਲਾ ਸੰਧੂ ਨਾਮ ਦਾ ਕੋਈ ਸ਼ਖਸ ਹੁੰਦਾ ਤਾਂ ਗੁਰੂ ਸਾਹਿਬ ਜਾਂ ਭਾਈ ਗੁਰਦਾਸ ਜੀ ਉਸ ਦਾ ਕੋਈ ਜ਼ਿਕਰ ਨਹੀਂ ਕਰਦੇ ?
ਜੇ ਭਾਈ ਮਰਦਾਨਾ ਜੀ ਦਾ ਜ਼ਿਕਰ ਹੋ ਸਕਦਾ ਹੈ, ਤਾਂ ਬਾਲੇ ਦਾ ਵੀ ਹੋ ਸਕਦਾ ਸੀ। ਬਾਕੀ ਰਹੀ ਬਾਲੇ ਵਾਲੀ ਜਨਮ ਸਾਖੀ ਦੀ ਗਲ, ਉਹ ਸਰਾਸਰ ਹੀ ਗੁਰਮਤਿ ਵਿਰੋਧੀ ਹੈ।
ਭਾਈ ਮਰਦਾਨਾ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੁਰੂ ਸਾਹਿਬ ਨਾਲ ਬਿਤਾ ਦਿੱਤੀ, ਉਨ੍ਹਾਂ ਨੂੰ ਸਿੱਖ ਕੌਮ ਨੇ ਵਿਸਾਰ ਦਿੱਤਾ, ਉਨ੍ਹਾਂ ਨੂੰ ਹਰ ਸਾਖੀ 'ਚ ਹਾਸੇ ਦਾ ਪਾਤਰ ਜਾਂ ਉਨ੍ਹਾਂ ਦਾ ਮੌਜੂ ਹੀ ਉੜਾਇਆ ਹੈ। ਸਿੱਖਾਂ ਨੂੰ ਬ੍ਰਾਹਮਣਵਾਦ ਦੀ ਚਾਲਾਂ ਤੋਂ ਸੁਚੇਤ ਹੋ ਕੇ ਚੱਲਣ ਦੀ ਜ਼ਰੂਰਤ ਹੈ। ਬਾਲਾ ਸੰਧੂ ਹੰਦਾਲੀਆਂ ਦਾ ਘੜਿਆ ਹੋਇਆ ਪਾਤਰ ਹੈ।
ਸਿੱਖ ਇਤਿਹਾਸ ਨੂੰ ਵਿਗਾੜਨ ਦੀ ਕੋਝੀ ਹਰਕਤ ਹੈ।
ਖ਼ਾਲਸਾ ਨਿਊਜ਼
ਕਈ ਫਰਜ਼ੀ ਅਤੇ ਕਈ ਗੁਰਮਤਿ ਵਿਰੋਧੀ ਅਨਸਰਾਂ ਨੂੰ ਸਿੱਖੀ ਦੇ ਵਿਹੜੇ ਵਿੱਚ ਦਿੱਤੀ ਜਾ ਰਹੀ ਮਾਨਤਾ ਖ਼ਤਰਨਾਕ ਹੈ ਭਾਗ-1
Page Visitors: 2427