(ਕੁ)ਸੋਧਿਆ ਕੈਲੰਡਰ ਪਿੰਡਾਂ ਦੇ ਗੁਰਦੁਆਰਿਆਂ ਤੇ ਸਾਧਾਂ ਦੇ ਡੇਰਿਆਂ ਵਿੱਚ ਡਾਲੀ ਰਾਹੀਂ ਗਜਾ ਕਰਕੇ ਲਿਆਂਦੀ ਗਈ ਦਾਲ ਵਰਗਾ
ਉਨ੍ਹਾਂ ਜਥੇਬੰਦੀਆਂ ਜਾਂ ਸੰਪ੍ਰਦਾਵਾਂ ਜਿਨ੍ਹਾਂ ਨੂੰ ਕੈਲੰਡਰ ਵਿਗਿਆਨ ਦੀ ਬਿਲਕੁਲ ਹੀ ਕੋਈ ਸੋਝੀ ਨਹੀਂ ਹੈ ਉਨ੍ਹਾਂ ਦੀ ਕਿਸੇ ਰਾਇ ਜਾਂ ਹੱਠ ਨੂੰ ਅਕਾਲ ਤਖ਼ਤ ਵੱਲੋਂ ਕੋਈ ਮਾਣਤਾ ਨਾ ਦਿੱਤੀ ਜਾਵੇ ਬਲਕਿ 2003 ਵਾਲਾ ਨਾਨਕਸ਼ਾਹੀ ਕੈਲੰਡਰ ਤੁਰੰਤ ਲਾਗੂ ਕੀਤਾ ਜਾਵੇ ਅਤੇ ਸ: ਪਾਲ ਸਿੰਘ ਪੁਰੇਵਾਲ ਤੇ ਉਨ੍ਹਾਂ ਦੇ ਪੱਧਰ ਦੇ ਹੋਰ ਵਿਦਵਾਨਾਂ ਦਾ ਇੱਕ ਪੈਨਲ ਬਣਾ ਕੇ ਉਸ ਵਿੱਚ ਤਿੰਨ ਦਿਹਾੜੇ – ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਬੰਦੀਛੋੜ ਦਿਵਸ ਅਤੇ ਹੋਲਾ ਮੁਹੱਲਾ ਜਿਹੜੇ ਉਸ ਸਮੇਂ ਡੇਰੇਦਾਰਾਂ ਤੇ ਸੰਪ੍ਰਦਾਵਾਂ ਦੇ ਦਬਾਅ ਕਾਰਣ ਚਲਦੀ ਪ੍ਰੰਪਰਾ ਮੁਤਾਬਕ ਬਿਕ੍ਰਮੀ ਚੰਦਰ ਸੂਰਜੀ ਸਾਲ ਅਨੁਸਾਰ ਹੀ ਰਹਿਣ ਦਿੱਤੇ ਗਏ ਸਨ; ਉਹ ਵੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਿਸਚਤ ਕੀਤੇ ਜਾਣ ਤਾਂ ਕਿ ਇਹ ਵੀ ਬਾਕੀ ਦਿਹਾੜਿਆਂ ਵਾਂਗ ਸਦਾ ਲਈ ਨਿਸਚਤ ਤਰੀਖਾਂ ਅਨੁਸਾਰ ਆਉਣ ਲੱਗ ਪੈਣ ਤੇ ਸਿੱਖ ਪੰਥ ਦਾ ਹਮੇਸ਼ਾਂ ਲਈ ਪੰਡਿਤਾਂ ਦੇ ਗੋਰਖ ਧੰਦੇ ਵਾਲੀਆਂ ਜੰਤਰੀਆਂ ਤੋਂ ਹਮੇਸ਼ਾਂ ਲਈ ਖਹਿੜਾ ਛੁੱਟ ਜਾਵੇ।
ਧੁੰਮਾ ਅਤੇ ਮੱਕੜ ਦੋ ਮੈਂਬਰੀ ਕਮੇਟੀ ਦੀ ਸਿਫਾਰਸ਼ ’ਤੇ ਸੋਧ ਦੇ ਨਾਮ ’ਤੇ ਵਿਗਾੜੇ ਗਏ ਕੈਲੰਡਰ ਨੂੰ ਗਹੁ ਨਾਲ ਵਾਚਿਆਂ ਮੈਨੂੰ ਇਹ ਪਿੰਡਾਂ ਦੇ ਗੁਰਦੁਆਰਿਆਂ ਤੇ ਸਾਧਾਂ ਦੇ ਡੇਰਿਆਂ ਵਿੱਚ ਗਜਾ ਕਰਕੇ ਲਿਆਂਦੀ ਗਈ ਦਾਲ ਵਰਗਾ ਲੱਗਿਆ। ਤੁਸੀਂ ਪੁੱਛੋਗੇ ਕਿ ਗਜਾ ਕਰਕੇ ਲਿਆਂਦੀ ਗਈ ਦਾਲ ਦਾ ਕੈਲੰਡਰ ਨਾਲ ਕੀ ਸਬੰਧ ਹੈ? ਪੰਜਾਬ ਦੇ ਪਿੰਡਾਂ ਵਿੱਚ ਰਹਿਣ ਵਾਲੇ ਸਾਰੇ ਹੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਡਾਲੀ ਵਾਲਾ ਦੋਵਾਂ ਹੱਥਾਂ ਵਿੱਚ ਬਾਲਟੀਆਂ ਫੜ ਕੇ ਤੇ ਗਲ ਵਿੱਚ ਬਗਲੀ ਲਮਕਾ ਕੇ ਘਰ-ਘਰ ’ਚ ਗਜਾ ਕਰਨ ਲਈ ਜਾਂਦਾ ਹੈ। ਹਰ ਘਰ ਵਿੱਚੋਂ ਇੱਕ-ਇੱਕ ਪ੍ਰਸ਼ਾਦਾ ਫੜ ਕੇ ਬਗਲੀ ਵਿੱਚ ਰੱਖ ਲੈਂਦਾ ਹੈ, ਦੁੱਧ ਦਾ ਇਕ ਗਲਾਸ ਇੱਕ ਬਾਲਟੀ ਵਿੱਚ ਅਤੇ ਦਾਲ ਦੀ ਇੱਕ ਕੜਛੀ ਦੂਜੀ ਬਾਲਟੀ ਵਿੱਚ ਪਵਾ ਲੈਂਦਾ ਹੈ। ਕਿਸੇ ਘਰ ਵਿੱਚ ਕੋਈ ਸਬਜੀ, ਕਿਸੇ 'ਚ ਕੋਈ ਦਾਲ, ਕਿਸੇ ਘਰ ਵਿੱਚ ਕੜ੍ਹੀ ਤੇ ਕਿਸੇ 'ਚ ਸਾਗ ਬਣਿਆ ਹੁੰਦਾ ਹੈ। ਡਾਲੀ ਵਾਲਾ ਵੀਚਾਰਾ ਇੰਨੇ ਭਾਂਡੇ ਤਾਂ ਚੁੱਕ ਨਹੀਂ ਸਕਦਾ ਇਸ ਲਈ ਸਭ ਨੂੰ ਇੱਕੇ ਬਾਲਟੀ ਵਿੱਚ ਪਵਾਈ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਭਾਰਤ ਵਿੱਚ ਪ੍ਰਚਲਤ ਵੱਖ ਵੱਖ ਕੈਲੰਡਰਾਂ ਵਿੱਚੋਂ ਥੋੜ੍ਹਾ ਥੋੜ੍ਹਾ ਲੈ ਕੇ ਇਸ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਦਾ ਹੁਲੀਆ ਗਜਾ ਕਰਕੇ ਲਿਆਂਦੀ ਦਾਲ ਵਰਗਾ ਬਣਾ ਦਿੱਤਾ ਹੈ। ਗੁਰੂਕਾਲ ਤੋਂ ਲੈ ਕੇ ਹੁਣ ਤੱਕ ਭਾਰਤ ਵਿੱਚ ਕਈ ਤਰ੍ਹਾਂ ਦੇ ਕੈਲੰਡਰ ਪ੍ਰਚਲਤ ਹਨ ਜਿਨ੍ਹਾਂ ਦਾ ਸੰਖੇਪ ਬਿਊਰਾ ਹੇਠ ਲਿਖੇ ਅਨੁਸਾਰ ਹੈ:-
ਧਰਤੀ ਸੂਰਜ ਦੇ ਦੁਆਲੇ ਚੱਕਰ ਕੱਟਦੀ ਹੈ ਤੇ ਔਸਤਨ 365.24219 ਦਿਨ ਭਾਵ 365 ਦਿਨ 5 ਘੰਟੇ 48 ਮਿੰਟ 45.2 ਸੈਕੰਡ ਵਿੱਚ ਪੂਰਾ ਚੱਕਰ ਕਟਦੀ ਹੈ; ਜਿਸ ਨੂੰ ਮੌਸਮੀ ਸਾਲ ਕਹਿੰਦੇ ਹਨ।
ਬਿਕ੍ਰਮੀ ਕੈਲੰਡਰ: ਗੁਰੂ ਕਾਲ ਵੇਲੇ ਸੂਰਜੀ ਸਿਧਾˆਤ ਦਾ ਇਹ ਕੈਲੰਡਰ ਲਾਗੂ ਸੀ ਜਿਸ ਮੁਤਾਬਿਕ ਸਾਲ ਦੀ ਲੰਬਾਈ 365.258756481 ਦਿਨ ਭਾਵ 365 ਦਿਨ 6 ਘੰਟੇ 12 ਮਿੰਟ 36.56 ਸੈਕੰਡ ਹੈ। ਸੂਰਜੀ ਸਿਾਂਧਤ ਦਾ ਇਹ ਬਿਕ੍ਰਮੀ ਸਾਲ ਮੌਸਮੀ ਸਾਲ ਨਾਲੋਂ ਤਕਰੀਬਨ 24 ਮਿੰਟ ਵੱਡਾ ਹੋਣ ਕਰਕੇ 60 ਸਾਲਾਂ ਵਿੱਚ ਲਗਪਗ ਇੱਕ ਦਿਨ ਅੱਗੇ ਹੋ ਜਾਂਦਾ ਹੈ।
1964 ਵਿੱਚ ਉਤਰੀ ਭਾਰਤ ਦੇ ਪੰਡਿਤਾਂ ਨੇ ਅੰਮ੍ਰਿਤਸਰ ਵਿੱਚ ਮੀਟਿੰਗ ਕਰਕੇ ਇਸ ਵਿੱਚ ਸੋਧ ਕਰਕੇ ਸਾਲ ਦੀ ਲੰਬਾਈ ਘਟਾ ਕੇ 365.256363 ਦਿਨ ਭਾਵ 365 ਦਿਨ 6 ਘੰਟੇ 9 ਮਿੰਟ 9.8 ਸੈਕੰਡ (ਲਗਪਗ) ਕਰ ਦਿੱਤੀ। ਹੁਣ ਇਹ ਮੌਸਮੀ ਸਾਲ ਤੋਂ ਲਗਪਗ 20 ਮਿੰਟ ਵੱਡਾ ਹੋਣ ਕਰਕੇ ਤਕਰੀਬਨ 72 ਸਾਲਾਂ ਵਿੱਚ ਇੱਕ ਦਿਨ ਅੱਗੇ ਹੋ ਜਾਂਦਾ ਹੈ। ਇਸ ਨੂੰ ਦ੍ਰਿਕਗਣਿਤ ਸਿਧਾਂਤ ਕਹਿੰਦੇ ਹਨ। ਦੱਖਣੀ ਭਾਰਤ ਦੇ ਪੰਡਿਤ ਵਿਦਵਾਨਾਂ ਨੇ ਇਸ ਸੋਧ ਨੂੰ ਨਹੀਂ ਮੰਨਿਆ ਇਸ ਲਈ ਦੱਖਣੀ ਭਾਰਤ ਵਿੱਚ ਸੂਰਜੀ ਸਿਧਾਂਤ ਅਤੇ ਉਤਰੀ ਭਾਰਤ ਵਿੱਚ ਦ੍ਰਿਕ ਸਿਧਾਂਤ ਵਾਲਾ ਬਿਕ੍ਰਮੀ ਕੈਲੰਡਰ ਲਾਗੂ ਹੈ। ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਵਿੱਚ ਜੋ ਸੋਧ ਕੀਤੀ ਗਈ ਹੈ ਉਹ 1964 ਵਿੱਚ ਸੋਧੇ ਹੋਏ ਦ੍ਰਿੱਕ ਸਿਧਾਂਤ ਵਾਲੇ ਬਿਕ੍ਰਮੀ ਕੈਲੰਡਰ ਅਨੁਸਾਰ ਕੀਤੀ ਗਈ ਹੈ।
ਚੰਦਰਮਾ ਧਰਤੀ ਦੁਆਲੇ ਇੱਕ ਚੱਕਰ ਲਗਪਗ 29.530587946 ਦਿਨ ਭਾਵ 29 ਦਿਨ 12 ਘੰਟੇ 44 ਮਿੰਟ 2.8 ਸੈਕੰਡ ਵਿੱਚ ਪੂਰਾ ਕਰਦਾ ਹੈ; ਜਿਸ ਨੂੰ ਇੱਕ ਚੰਦਰ ਮਹੀਨਾ ਕਿਹਾ ਜਾਂਦਾ ਹੈ। ਇਸ ਤਰ੍ਹਾਂ ਚੰਦਰ ਸਾਲ ਦੀ ਲੰਬਾਈ 29.530587946 ਗੁਣਾ 12 = 354.367055352 ਦਿਨ ਭਾਵ 354 ਦਿਨ 8 ਘੰਟੇ 48 ਮਿੰਟ 33.58 ਸੈਕੰਡ (ਲਗ ਪਗ) ਬਣਦੀ ਹੈ। ਚੰਦਰ ਸਾਲ ਸੂਰਜੀ ਸਾਲ ਨਾਲੋਂ ਲਗਪਗ 11 ਦਿਨ ਛੋਟਾ ਹੋਣ ਕਰਕੇ ਇੱਕ ਸਾਲ ਵਿੱਚ 11 ਦਿਨ, ਦੋ ਸਾਲਾਂ ਵਿੱਚ 22 ਦਿਨ ਤੇ ਤਿੰਨ ਸਾਲਾਂ ਵਿੱਚ 33 ਦਿਨ ਪਿੱਛੇ ਰਹਿ ਜਾਂਦਾ ਹੈ। ਇਸ ਨੂੰ ਸੂਰਜੀ ਸਾਲ ਦੇ ਬਰਾਬਰ ਰੱਖਣ ਲਈ ਹਰ ਦੂਜੇ ਜਾਂ ਤੀਜੇ ਸਾਲ ਇੱਕ ਮਹੀਨਾ ਵਾਧੂ ਜੋੜ ਦਿੱਤਾ ਜਾਂਦਾ ਹੈ ਭਾਵ ਇੱਕੋ ਨਾਮ ਦੇ ਦੋ ਮਹੀਨੇ ਆ ਜਾਂਦੇ ਹਨ। 13 ਮਹੀਨੇ ਵਾਲੇ ਸਾਲ ਵਿੱਚ ਲਗਪਗ 383.897643298 ਦਿਨ ਭਾਵ 383 ਦਿਨ 21 ਘੰਟੇ 32 ਮਿੰਟ 36.38 ਸੈਕੰਡ ਹੋ ਜਾਂਦੇ ਹਨ। ਇਸ ਵਾਧੂ ਮਹੀਨੇ ਨੂੰ ਲੌਂਦ ਦਾ ਮਹੀਨਾ ਜਾਂ ਮਲਮਾਸ ਕਹਿੰਦੇ ਹਨ ਤੇ ਪੰਡਿਤ ਲੋਕ ਇਸ ਨੂੰ ਅਸ਼ੁਭ ਜਾਣ ਕੇ ਇਸ ਮਹੀਨੇ ਵਿੱਚ ਕੋਈ ਵੀ ਧਾਰਮਕ ਦਿਹਾੜਾ ਨਹੀਂ ਮਨਾਉਂਦੇ। ਇਸ ਕਾਰਣ ਲੌਂਦ ਦੇ ਮਹੀਨੇ ਪਿੱਛੋਂ ਆਉਣ ਵਾਲੇ ਸਾਰੇ ਇਤਿਹਾਸਕ ਦਿਹਾੜੇ ਤਕਰੀਬਨ 18-19 ਦਿਨ ਪਛੜ ਕੇ ਆਉਂਦੇ ਹਨ। ਇਹੋ ਕਾਰਣ ਹੈ ਕਿ ਚੰਦਰ ਸੂਰਜੀ ਸਾਲ ਦੇ ਇਸ ਮਿਲਗੋਭੇ ਬਿਕ੍ਰਮੀ ਕੈਲੰਡਰ ਅਨੁਸਾਰ ਗੁਰਪੁਰਬ ਕਦੀ ਵੀ ਨਿਸਚਤ ਤਰੀਕਾਂ ਨੂੰ ਨਹੀਂ ਆਉਂਦੇ ਤੇ ਹਮੇਸ਼ਾਂ ਭੰਬਲਭੂਸਾ ਬਣਿਆ ਰਹਿੰਦਾ ਹੈ; ਜਿਸ ਦੀ ਪ੍ਰਤੱਖ ਮਿਸਾਲ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕਦੀ ਦਸੰਬਰ ਅਤੇ ਕਦੀ ਜਨਵਰੀ ਵਿੱਚ ਆ ਜਾਂਦਾ ਹੈ; ਕਿਸੇ ਸਾਲ ਵਿੱਚ ਜਨਵਰੀ ਤੇ ਫਿਰ ਦਸੰਬਰ ਮਹੀਨੇ ਵਿੱਚ, ਦੋ ਵਾਰੀ ਆ ਜਾਂਦਾ ਹੈ ਤੇ ਕਦੀ ਆਉਂਦਾ ਹੀ ਨਹੀਂ। ਇਸ ਮੁਸ਼ਕਲ ਨੂੰ ਹੱਲ ਕਰਨ ਲਈ ਹੀ ਪੰਥ ਨੇ ਬਹੁਤ ਲੰਬੀ ਸੋਚ ਵੀਚਾਰ ਪਿੱਛੋਂ ਸ: ਪਾਲ ਸਿੰਘ ਪੁਰੇਵਾਲ ਵੱਲੋਂ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ {ਕੁਝ ਸੋਧਾਂ (ਜਿਸ ਨੂੰ ਸੋਧਾਂ ਨਹੀਂ ਬਲਕਿ ਜਿਨ੍ਹਾਂ ਦੇ ਦਬਾਅ ਹੇਠ ਹੁਣ ਕਲੰਡਰ ਵਿਗਾੜਿਆ ਗਿਆ ਹੈ, ਉਨ੍ਹਾਂ ਦੇ ਹੀ ਦਬਾਅ ਹੇਠ ਵਿਗਾੜਿਆ ਗਿਆ ਸੀ) ਉਪ੍ਰੰਤ 2003 ਵਿੱਚ ਲਾਗੂ ਕੀਤਾ ਗਿਆ ਸੀ।
ਜੂਲੀਅਨ ਕੈਲੰਡਰ: ਇਹ ਵੀ ਸੂਰਜੀ ਕੈਲੰਡਰ ਹੈ ਤੇ ਇਸ ਦੇ ਸਾਲ ਦੀ ਲੰਬਾਈ 365.25 ਦਿਨ ਭਾਵ 365 ਦਿਨ 6 ਘੰਟੇ ਹੈ। ਇਹ ਸਾਲ ਮੌਸਮੀ ਸਾਲ ਤੋਂ ਸਵਾ ਗਿਆਰਾਂ ਮਿੰਟ ਵੱਡਾ ਹੋਣ ਕਰਕੇ 128 ਸਾਲ ਪਿੱਛੋਂ ਇਕ ਦਿਨ ਅੱਗੇ ਹੋ ਜਾਂਦਾ ਸੀ। ਅਕਤੂਬਰ 1582 ਵਿਚ ਇਸ ’ਚ ਸੋਧ ਕੀਤੀ ਗਈ ਸੀ। ਇਸ ਸੋਧ ਕਾਰਨ 4 ਅਕਤੂਬਰ ਪਿਛੋਂ ਸਿੱਧਾ ਹੀ 15 ਅਕਤੂਬਰ ਕਰ ਦਿੱਤਾ ਗਿਆ ਸੀ। ਭਾਵ 10 ਦਿਨ ਖਤਮ ਕਰ ਦਿੱਤੇ ਗਏ ਸਨ। ਇੰਗਲੈਂਡ ਨੇ ਇਹ ਸੋਧ ਸਤੰਬਰ 1752 ਵਿਚ ਲਾਗੂ ਕੀਤੀ ਸੀ। ਉਦੋਂ 2 ਸਤੰਬਰ ਪਿਛੋਂ 14 ਸਤੰਬਰ ਕਰ ਦਿੱਤੀ ਗਈ ਸੀ ਭਾਵ 11 ਦਿਨ ਖਤਮ ਕਰ ਦਿੱਤੇ ਗਏ ਸਨ। ਹੁਣ ਇਸ ਨੂੰ ਗਰੈਗੋਰੀਅਨ ਕੈਲੰਡਰ ਜਾˆ ਸੀ ਈ (ਕਾਮਨ ਏਰਾ) ਜਾਂ ਸਾਂਝਾ ਕੈਲੰਡਰ ਕਹਿੰਦੇ ਹਨ। ਇਸ ਦੇ ਸਾਲ ਦੀ ਲੰਬਾਈ 365.2425 ਦਿਨ ਭਾਵ 365 ਦਿਨ 5 ਘੰਟੇ 49 ਮਿੰਟ 12 ਸੈਕੰਡ (ਲਗ ਪਗ) ਹੈ ਤੇ ਅੱਜ ਕੱਲ ਦੁਨੀਆਂ ਦੇ ਹਰ ਹਿੱਸੇ ਵਿੱਚ ਪ੍ਰਚੱਲਤ ਹੈ।
2003 ਵਿੱਚ ਲਾਗੂ ਹੋਇਆ ਨਾਨਕਸ਼ਾਹੀ ਕੈਲੰਡਰ ਵੀ ਬਿਲਕੁਲ ਇਸ ਦੇ ਨਾਲ ਮਿਲਾ ਦਿੱਤਾ ਸੀ ਭਾਵ ਇਸ ਸਾਲ ਦੀ ਲੰਬਾਈ ਵੀ 365.2425 ਦਿਨ/ 365 ਦਿਨ 5 ਘੰਟੇ 49 ਮਿੰਟ 12 ਸੈਕੰਡ (ਲਗ ਪਗ) ਰੱਖੀ ਗਈ ਹੈ।
ਇਸ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਜਿੱਥੇ ਦੁਨੀਆਂ ਭਰ ਵਿੱਚ ਪ੍ਰਚੱਲਤ ਸਾਂਝੇ ਸਾਲ ਦੀ ਲੰਬਾਈ 365.2425 ਦਿਨ ਦੇ ਬਿਲਕੁਲ ਬਰਾਬਰ ਹੈ, ਜਿਸ ਕਾਰਣ ਇੱਕ ਵਾਰ ਨਿਸਚਤ ਕੀਤੀਆਂ ਤਰੀਖਾਂ ਰਹਿੰਦੀ ਦੁਨੀਆਂ ਤੱਕ ਹੀ ਪੱਕੀਆਂ ਉਨ੍ਹਾਂ ਹੀ ਤਰੀਖਾਂ ਨੂੰ ਆਉਂਦੀਆਂ ਰਹਿਣਗੀਆਂ; ਉਥੇ ਇਸ ਦੀ ਲੰਬਾਈ ਮੌਸਮੀ ਸਾਲ ਦੀ ਲੰਬਾਈ 365.24219 ਦੇ ਬਹੁਤ ਹੀ ਨੇੜੇ ਹੈ ਭਾਵ ਕੇਵਲ ਲਗਪਗ 26 ਸੈਕੰਡ ਵੱਧ ਹੋਣ ਕਰਕੇ ਮੌਸਮੀ ਸਾਲ ਤੋਂ ਇਹ ਲਗਪਗ 3300 ਸਾਲ ਪਿਛੋਂ ਸਿਰਫ ਇਕ ਦਿਨ ਅੱਗੇ ਹੋਵੇਗਾ। ਜਦੋਂ ਕਿ ਇਤਨੇ ਹੀ ਸਮੇਂ ਵਿੱਚ ਸੂਰਜੀ ਸਿਧਾਂਤ ਵਾਲਾ ਬਿਕ੍ਰਮੀ ਕੈਲੰਡਰ ਲਗਪਗ 55 ਦਿਨ ਅਤੇ ਦ੍ਰਿਕ ਗਣਿਤ ਸਿਧਾਂਤ ਵਾਲਾ ਬਿਕ੍ਰਮੀ ਕੈਲੰਡਰ 45 ਦਿਨ ਤੱਕ ਅੱਗੇ ਹੋ ਜਾਵੇਗਾ। ਬਿਕ੍ਰਮੀ ਕੈਲੰਡਰ ਦੇ ਸਾਲ ਦੇ ਮਹੀਨੇ ਦਾ ਅਰੰਭ ਸੰਗਰਾˆਦ ਵਾਲੇ ਦਿਨ, ਭਾਵ ਉਸ ਦਿਨ ਹੁੰਦਾ ਹੈ ਜਦੋਂ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਸੂਰਜ ਦਾ ਰਾਸ਼ੀ ਪ੍ਰਵੇਸ਼ ਹਰ ਸਾਲ ਬਦਲਾ ਰਹਿੰਦਾ ਹੈ ਜਿਸ ਕਾਰਨ ਇਸ ਕੈਲੰਡਰ ਦੀਆ ਸੰਗਰਾਂਦਾˆ ਵੀ ਹਰ ਸਾਲ ਬਦਲਦੀਆˆ ਰਹਿੰਦੀਆˆ ਹਨ। ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਦਿਨ ਦਾ ਅਰੰਭ ਸਵੇਰੇ ਸੂਰਜ ਚੜ੍ਹਨ ਵੇਲੇ ਹੁੰਦਾ ਹੈ। ਨਾਨਕਸ਼ਾਹੀ ਕੈਲੰਡਰ ਦੇ ਮਹੀਨੇ ਦੇ ਅਰੰਭ ਦੀਆਂ ਤਾਰੀਖਾਂ ਸਦਾ ਵਾਸਤੇ ਹੀ ਪੱਕੀਆਂ ਹਨ ਜਿਨ੍ਹਾਂ ਦਾ ਸੂਰਜ ਦੇ ਰਾਸ਼ੀ ਪ੍ਰਵੇਸ਼ ਨਾਲ ਕੋਈ ਸਬੰਧ ਨਹੀਂ ਹੈ। ਜਿਵੇਂ ਕਿ:-
ਚੇਤ = 14 ਮਾਰਚ, ਵੈਸਾਖ= 14 ਅਪ੍ਰੈਲ,
ਜੇਠ = 15 ਮਈ, ਹਾੜ= 15 ਜੂਨ,
ਸਾਵਣ= 16 ਜੁਲਾਈ, ਭਾਦੋਂ= 16 ਅਗਸਤ,
ਅੱਸੂ = 15 ਸਤੰਬਰ, ਕੱਤਕ= 15 ਅਕਤੂਬਰ,
ਮੱਘਰ = 14 ਨਵੰਬਰ, ਪੋਹ= 14 ਦਸੰਬਰ,
ਮਾਘ = 13 ਜਨਵਰੀ, ਫੱਗਣ= 12 ਫਰਵਰੀ।
ਨਾਨਕ ਸ਼ਾਹੀ ਕੈਲੰਡਰ ਦੇ ਦਿਨ ਦਾ ਅਰੰਭ ਰਾਤ 12 ਵਜੇ ਤੋਂ ਹੁੰਦਾ ਹੈ ਜਦੋਂ ਕਿ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਅਤੇ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਦਿਨ ਦਾ ਅਰੰਭ ਸੂਰਜ ਦੇ ਚੜ੍ਹਨ ਵੇਲੇ ਹੁੰਦਾ ਹੈ ਭਾਵ ਹਰ ਦਿਨ ਦਾ ਅਰੰਭ, ਹਰ ਰੋਜ ਵੱਖ-ਵੱਖ ਅਸਥਾਨਾˆ ਤੇ ਵੱਖ-ਵੱਖ ਸਮੇਂ ਹੁੰਦਾ ਹੈ।
ਨਾਨਕਸ਼ਾਹੀ ਕੈਲੰਡਰ, ਕਨੇਡਾ ਨਿਵਾਸੀ ਸਿੱਖ ਵਿਦਵਾਨ ਸ. ਪਾਲ ਸਿੰਘ ਪੁਰੇਵਾਲ ਜੀ ਨੇ ਬਹੁਤ ਹੀ ਮਿਹਨਤ ਨਾਲ ਬਣਾਇਆ ਸੀ ਅਤੇ ਲਗਪਗ 10 ਸਾਲ ਦੀ ਸੋਚ ਵਿਚਾਰ ਤੋਂ ਪਿਛੋਂ ਸ਼੍ਰੋਮਣੀ ਕਮੇਟੀ ਨੇ 2003 ’ਚ ਇਹ ਕੈਲੰਡਰ ਲਾਗੂ ਕੀਤਾ ਸੀ। ਸਿਵਾਏ ਉਨ੍ਹਾਂ ਡੇਰੇਦਾਰਾਂ ਦੇ, ਜਿਨ੍ਹਾਂ ਨੇ ਅੱਜ ਤੱਕ ਸਮੁਚੇ ਪੰਥ ਵੱਲੋਂ ਪ੍ਰਵਾਨਤ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਸਿੱਖ ਰਹਿਤ ਮਰਯਾਦਾ ਨਹੀਂ ਮੰਨੀ, ਬਾਕੀ ਦੇਸ਼-ਵਿਦੇਸ਼ ਦੀਆˆ ਸਮੂਹ ਸੰਗਤਾˆ ਨੇ ਇਸ ਨੂੰ ਖੁਸ਼ੀ–ਖੁਸ਼ੀ ਪ੍ਰਵਾਨ ਕਰ ਲਿਆ ਸੀ। ਪਰ ਕਿਉਂਕਿ ਇਹ ਕੈਲੰਡਰ ਹਿੰਦੂ ਪੰਡਿਤਾਂ ਦੇ ਬਿਕ੍ਰਮੀ ਕੈਲੰਡਰ ਤੋਂ ਬਿਲਕੁਲ ਵੱਖਰਾ ਹੋਣ ਕਰਕੇ ਸਿੱਖ ਕੌਮ ਨੂੰ ਹਿੰਦੂ ਕੌਮ ਨਾਲੋਂ ਵੱਖਰੀ ਤੇ ਅਜਾਦ ਹਸਤੀ ਸਿੱਧ ਕਰਦਾ ਸੀ ਇਸ ਲਈ ਇਹ ਕੈਲੰਡਰ ਆਰਐੱਸਐੱਸ ਨੂੰ ਪਹਿਲੇ ਹੀ ਦਿਨ ਤੋਂ ਅੱਖ ’ਚ ਕਣ ਵਾਂਗ ਰੜਕ ਰਿਹਾ ਸੀ ਤੇ ਇਸ ਨੂੰ ਖਤਮ ਕਰਨ ਦੇ ਮਨਸੂਬੇ ਘੜੇ ਜਾ ਰਹੇ ਸਨ। ਅਖੀਰ ਆਪਣੇ ਏਜੰਟ ਸੰਤ ਸਮਾਜ ਤੇ ਆਰਐੱਸਐੱਸ ਦੇ ਦਾਸਾਂ ਦੇ ਦਾਸ ਪ੍ਰਕਾਸ਼ ਸਿੰਘ ਬਾਦਲ ਦਾ ਗੱਠਜੋੜ ਕਰਵਾ ਕੇ ਇਸ ਨੂੰ ਖਤਮ ਕਰਨ ਦਾ ਮੁੱਢ ਬੰਨ੍ਹ ਦਿੱਤਾ। ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਲਈ ਧੁੰਮਾ ਤੇ ਮੱਕੜ ਦੀ ਦੋ ਮੈਂਬਰੀ ਕਮੇਟੀ ਬਣਾ ਲਈ ਗਈ। ਇਨ੍ਹਾਂ ਵੀਚਾਰਿਆਂ ਨੂੰ ਕੈਲੰਡਰ ਵਿਗਿਆਨ ਦੀ ਤਾਂ ਕੋਈ ਸਮਝ ਹੀ ਨਹੀਂ ਤੇ ਨਾ ਹੀ ਇਹ ਸੋਝੀ ਹੈ ਕਿ ਵੱਖ ਵੱਖ ਕੈਲੰਡਰਾਂ ਦੇ ਸਾਲ ਦੀ ਲੰਬਾਈ ਵੱਖ ਵੱਖ ਕਿਉਂ ਹੋ ਜਾਂਦੀ ਹੈ! ਇਨ੍ਹਾਂ ਦੇ ਗਿਆਨ ਦਾ ਪੱਧਰ ਤਾਂ ਡਾਲੀ ਕਰਨ ਵਾਲੇ ਸੇਵਾਦਾਰਾਂ ਦੇ ਪੱਧਰ ਦਾ ਹੀ ਕਿਉਂਕਿ ਇਹ ਵੀਚਾਰੇ ਵੀ ਤਾਂ ਡੇਰਿਆਂ ਤੇ ਗੁਰਦੁਆਰਿਆਂ ਵਿੱਚ ਡਾਲੀ ਦੀ ਸੇਵਾ ਕਰਦੇ ਕਰਦੇ ਹੀ ਸੇਵਾ ਦਾ ਫ਼ਲ ਪ੍ਰਾਪਤ ਕਰਕੇ ਇਸ ਮੁਕਾਮ ’ਤੇ ਪਹੁੰਚੇ ਹਨ। ਇਸ ਲਈ ਬਹੁਤੀ ਮਗਜ਼ ਖਪਾਈ ਕਰਨ ਦੀ ਥਾਂ ਇਨ੍ਹਾਂ ਨੇ ਕੈਲੰਡਰ ਸੋਧਣ ਲਈ ਡਾਲੀ ਵਾਲੀ ਬਾਲਟੀ ਫੜ ਲਈ ਤੇ ਸਾਰੇ ਕੈਲੰਡਰਾਂ ਵਿੱਚੋਂ ਥੋਹੜਾ ਥੋਹੜਾ ਇਕੱਠਾ ਕਰਕੇ ਉਸ ਵਿੱਚ ਪਾਉਂਦੇ ਗਏ ਤੇ ਅਖੀਰ ਤਿਆਰ ਹੋ ਗਿਆ ਧੁਮੱਕੜਸ਼ਾਹੀ ਕੈਲੰਡਰ ਜਿਸ ਨੂੰ ਨਾਨਕਸ਼ਾਹੀ ਕੈਲੰਡਰ ਦੇ ਕਪੜੇ ਪਵਾ ਕੇ ਸਿੱਖ ਕੌਮ ਨਾਲ ਧੋਖਾ ਕਰਨ ਲਈ ਕਹਿਣ ਲੱਗ ਪਏ ਕਿ ਇਹ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਹੈ ਤੇ ਜਿਹੜਾ ਇਸ ਨੂੰ ਨਹੀਂ ਮੰਨੇਗਾ ਉਹ ਪੰਥ ਦੋਖੀ ਹੋਵੇਗਾ। ਹੁਣ ਦਾਲ ਵਿੱਚੋਂ ਕੁਝ ਦਾਣੇ ਪਰਖਣ ਵਾਂਗ ਕੁਝ ਉਦਾਹਰਣਾਂ ਲੈ ਕੇ ਵੇਖੋ ਇਸ ਸੋਧੇ ਹੋਏ ਕੈਲੰਡਰ ਦਾ ਹਾਲ:-
ਧੁਮੱਕੜਸ਼ਾਹੀ ਕੈਲੰਡਰ 545 ’ਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਤਾਂ ਚੰਦਰ-ਸੂਰਜੀ ਮੁਤਾਬਕ ਹੈ ਪਰ ਜੋਤੀ ਜੋਤ ਦਿਹਾੜਾ 8 ਅੱਸੂ ਸੂਰਜੀ ਬਿਕ੍ਰਮੀ ਮੁਤਾਬਕ ਹੈ। ਨਾਨਕਸ਼ਾਹੀ ਕੈਲੰਡਰ ਅਨੁਸਾਰ 8 ਅੱਸੂ ਹਮੇਸ਼ਾਂ ਲਈ 22 ਸਤੰਬਰ ਨੂੰ ਹੀ ਆਉਣਾ ਸੀ। ਪਰ ਇਨ੍ਹਾਂ (ਡਾਲੀ) ਵਿਦਵਾਨਾਂ ਨੇ 22 ਸਤੰਬਰ ਤਾˆ ਨਾਨਕਸ਼ਾਹੀ ਵਾਲੀ ਲੈ ਲਈ ਪਰ ਮਹੀਨੇ ਦਾ ਅਰੰਭ (ਸੰਗਰਾਂਦ) ਸੂਰਜੀ ਬਿਕ੍ਰਮੀ ਦ੍ਰਿਕਗਿਣਤ ਮੁਤਾਬਕ ਹੋਣ ਕਰਕੇ ਇਸ ਸਾਲ ਇਹ ਦਿਹਾੜਾ 22 ਸਤੰਬਰ 7 ਅੱਸੂ ਨੂੰ ਆਵੇਗਾ ਅਤੇ ਅਗਲੇ ਸਾਲ 22 ਸਤੰਬਰ 6 ਅੱਸੂ ਨੂੰ ਹੋਵੇਗਾ। ਇਸ ਤੋਂ ਪਹਿਲਾਂ 2012 ਵਿੱਚ 7 ਅੱਸੂ ਅਤੇ 2011 ਵਿੱਚ 6 ਅੱਸੂ ਸੀ। ਜਦੋਂ ਕਿ ਇਤਿਹਾਸਿਕ ਤੌਰ ’ਤੇ ਇਹ ਦਿਹਾੜਾ ਅੱਸੂ ਵਦੀ 10, 8 ਅੱਸੂ ਸੰਬਤ 1596 ਮੁਤਾਬਕ 7 ਸਤੰਬਰ 1539 ਦਾ ਹੈ। ਸੋ ਧੁਮੱਕੜਸ਼ਾਹੀ ਕੈਲੰਡਰ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੇ ਦਿਹਾੜੇ ਦੀ ਨਿਸਚਤ ਕੀਤੀ ਤਰੀਖ 22 ਸਤੰਬਰ ਇਤਿਹਾਸ ਵਿੱਚ ਦਰਜ ਕਿਸੇ ਵੀ ਕੈਲੰਡਰ ਮੁਤਾਬਕ ਸਹੀ ਨਹੀਂ ਹੈ।
ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਜੋਤੀ ਜੋਤ ਦਿਹਾੜਾ ਚੰਦਰ-ਸੂਰਜੀ ਬਿਕ੍ਰਮੀ ਮੁਤਾਬਕ ਅਤੇ ਗੁਰਗੱਦੀ ਗੁਰਪੁਰਬ 24 ਨਵੰਬਰ, ਇਹ ਤਾਰੀਖ ਨਾਨਕਸ਼ਾਹੀ ਕੈਲੰਡਰ ਦੀ ਹੈ। ਸੰਗਰਾਂਦ ਸੂਰਜੀ ਬਿਕ੍ਰਮੀ ਦ੍ਰਿਕਗਿਣਤ ਵਾਲੀ ਹੋਣ ਕਰਕੇ ਇਸ ਸਾਲ ਇਹ ਦਿਹਾੜਾ 24 ਨਵੰਬਰ 9 ਮੱਘਰ ਨੂੰ ਆਵੇਗਾ। ਇਸ ਤੋਂ ਪਹਿਲਾਂ 2012 ਵਿੱਚ 24 ਨਵੰਬਰ, 10 ਮੱਘਰ ਅਤੇ 2011 ਵਿੱਚ 9 ਮੱਘਰ ਸੀ ਜਦੋਂ ਕਿ ਇਤਿਹਾਸਕ ਤੌਰ ’ਤੇ ਗੁਰਗੱਦੀ ਪੁਰਬ ਮੱਘਰ ਸੁਦੀ 5, 11 ਮੱਘਰ ਸੰਬਤ 1732, ਮੁਤਾਬਕ 11 ਨਵੰਬਰ 1675 ਹੈ। ਸੋ ਧੁਮੱਕੜਸ਼ਾਹੀ ਕੈਲੰਡਰ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਹਾੜੇ ਦੀ ਨਿਸਚਤ ਕੀਤੀ ਤਰੀਖ 24 ਨਵੰਬਰ ਇਤਿਹਾਸ ਵਿੱਚ ਦਰਜ ਕਿਸੇ ਵੀ ਕੈਲੰਡਰ ਮੁਤਾਬਕ ਸਹੀ ਨਹੀਂ ਹੈ।
ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਅਤੇ ਗੁਰਗੱਦੀ ਦਿਹਾੜੇ ਦੀ ਤਾਰੀਖ ਨਾਨਕ ਸ਼ਾਹੀ ਵਾਲੀ ਪਰ ਸ਼ਹੀਦੀ ਦਿਹਾੜਾ ਚੰਦਰ-ਸੂਰਜੀ ਬਿਕ੍ਰਮੀ ਮੁਤਾਬਕ। ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਹਾੜਾ ਜੇਠ ਸੁਦੀ 4 ਮੁਤਾਬਕ; 2013 ਵਿਚ 12 ਜੂਨ, 2014 ਵਿੱਚ 1 ਜੂਨ, 2015 ਵਿੱਚ 22 ਮਈ, 2016 ਵਿੱਚ 8 ਜੂਨ ਅਤੇ 2017 ਵਿੱਚ 29 ਮਈ ਨੂੰ ਆਵੇਗਾ। ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਹਰ ਸਾਲ 11 ਜੂਨ ਨੂੰ ਆਵੇਗਾ। 2012 ਵਿੱਚ ਜੇਠ ਸੁਦੀ 4 ਮੁਤਾਬਕ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਤਾˆ 25 ਮਈ ਨੂੰ ਸੀ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ 11 ਜੂਨ ਨੂੰ ਮਨਾਇਆ ਗਿਆ ਸੀ ਤਾˆ ਸਵਾਲ ਪੈਦਾ ਹੋਇਆ ਸੀ ਕਿ ਗੁਰੂ ਅਰਜਨ ਦੇਵ ਜੀ 25 ਮਈ ਨੂੰ ਸ਼ਹੀਦ ਹੋ ਗਏ ਸਨ, ਫਿਰ 11 ਜੂਨ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰਗੱਦੀ ਕਿਸ ਨੇ ਦਿੱਤੀ ਸੀ? ਅਤੇ 25 ਮਈ ਤੋਂ 11 ਜੂਨ ਦੇ ਦਰਮਿਆਨ 18 ਦਿਨ ਲਈ ਗੁਰਗੱਦੀ ’ਤੇ ਕੌਣ ਵਿਰਾਜਮਾਨ ਸੀ? ਇਸ ਸਵਾਲ ਦਾ ਜਵਾਬ ਅੱਜ ਤਾਈਂ ਨਹੀਂ ਆਇਆ। ਅਜੇਹੀ ਸਥਿਤੀ ਹੀ 2014, 15, 16 ਅਤੇ 17 ਵਿੱਚ ਵੀ ਹੋਵੇਗੀ। 6 ਜੂਨ 2013 ਨੂੰ ਟੀਵੀ84 ਚੈਨਲ ’ਤੇ ਫ਼ੋਨ ਰਾਹੀ ਇੰਟਰਵਿਊ ਦਿੰਦਿਆਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਬਹੁਤ ਹੀ ਤਰਕ ਪੂਰਬਕ ਸਵਾਲ ਕੀਤਾ ਸੀ ਕਿ ਇਤਿਹਾਸ ਵਿੱਚ ਦਰਜ ਹੈ ਕਿ ਗੁਰੂ ਅਰਜੁਨ ਸਹਿਬ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ 5 ਦਿਨ ਸਖਤ ਤਸੀਹੇ ਦਿੱਤੇ ਗਏ ਸਨ ਅਤੇ ਸਿੱਖ ਇਤਿਹਾਸ ਤੇ ਗੁਰਬਾਣੀ ਅਨੁਸਾਰ ਹਰ ਗੁਰੂ ਸਾਹਿਬ ਆਪਣੇ ਜਾਨਸ਼ੀਨ ਨੂੰ ਜਿਉਂਦੇ ਜੀਅ ਆਪਣੇ ਹੱਥੀਂ ਗੁਰਿਆਈ ਦਿੰਦੇ ਰਹੇ ਸਨ: 
ਕਿਰਪਾਲ ਸਿੰਘ ਬਠਿੰਡਾ
(ਕੁ)ਸੋਧਿਆ ਕੈਲੰਡਰ ਪਿੰਡਾਂ ਦੇ ਗੁਰਦੁਆਰਿਆਂ ਤੇ ਸਾਧਾਂ ਦੇ ਡੇਰਿਆਂ ਵਿੱਚ ਡਾਲੀ ਰਾਹੀਂ ਗਜਾ ਕਰਕੇ ਲਿਆਂਦੀ ਗਈ ਦਾਲ ਵਰਗਾ
Page Visitors: 2707