ਸਰਨਾਂ ਸਾਹਿਬ, ਹੁਣ ਤਾਂ ਇਨਾਂ "ਪੱਪੂਆਂ" ਦੀ ਕਚਹਿਰੀ ਵਿੱਚ
ਹਾਜਿਰ ਹੋਣਾਂ ਛੱਡ ਦਿਉ !
ਮੈਨੂੰ ਯਾਦ ਹੈ ਕਿ ਪਰਮ ਜੀਤ ਸਿੰਘ ਸਰਨਾਂ ਸਾਹਿਬ ਦੇ ਭਰਾ ਹਰਵਿੰਦਰ ਸਿੰਘ ਸਰਨਾਂ ਅਪਣੀ ਬੁਲਾਈ "ਸਿੱਖ ਕਨਵੇਂਸ਼ਨ" ਤੋਂ ਪਹਿਲਾਂ ਕਾਨਪੁਰ ਆਏ ਸਨ , ਤਾਂ ਉਨਾਂ ਨੇ ਮੰਚ ਤੇ ਖਲੋ ਕੇ ਇਹ ਕਹਿਆ ਸੀ, ਕਿ "ਪ੍ਰੋਫੇਸਰ ਦਰਸ਼ਨ ਸਿੰਘ ਜੀ, ਅਪਣੇ "ਅਹਿਮ" ਕਰਕੇ "ਸਕੱਤਰੇਤ" ਵਿੱਚ ਨਹੀ ਗਏ , ਸਾਨੂੰ ਤਾਂ ਕਈ ਵਾਰ ਬੁਲਾਵਾ ਆਇਆ, ਅਸੀ ਤਾਂ ਜਾ ਕੇ ਮਾਮਲਾ ਰਫਾ ਦਫਾ ਕਰ ਆਏ।" ਉਨਾਂ ਨੂੰ ਕਾਨਪੁਰ ਦੇ ਕਈ ਵੀਰਾਂ ਨੇ ਉਸੇ ਵੇਲੇ ਖਲੋ ਕੇ ਇਸ ਬਿਆਨ ਬਾਰੇ ਟੋਕਿਆ, ਅਤੇ ਕਹਿਆ ਕਿ "ਤੁਸੀ ਸਿਆਸੀ ਲੋਗ ਹੋ, ਸਿਧਾਂਤ ਦੀ ਗਲ, ਤੁਹਾਡੀ ਸਮਝ ਤੋਂ ਬਾਹਰ ਦੀ ਗਲ ਹੈ।"
ਸਰਨਾਂ ਸਾਹਿਬ, ਕਹਾਵਤ ਹੈ ਕਿ ਦੋ ਬੇੜੀਆਂ ਤੇ ਪੈਰ ਰੱਖਣ ਵਾਲਾ ਹਮੇਸ਼ਾਂ ਦਰਿਆ ਦੇ ਵਿੱਚ ਹੀ ਡਿਗਦਾ ਹੈ। ਤੁਸੀ ਇਕ ਪਾਸੇ ਤਾਂ ਬੁਰਛਾਗਰਦਾਂ ਅਤੇ ਕਾਲੀਆਂ ਦਾ ਵਿਰੋਧ ਕਰਦੇ ਰਹੇ, ਉਨਾਂ ਨੂੰ ਨਾਨਕ ਸ਼ਾਹੀ ਕੈਲੰਡਰ ਦਾ ਕਾਤਿਲ ਕਹਿੰਦੇ ਰਹੇ, ਦੂਜੇ ਪਾਸੇ ਉਨਾਂ ਕੈਲੰਡਰ ਦੇ ਕਾਤਿਲਾਂ ਕੋਲ ਜਾ ਕੇ ਪੇਸ਼ ਹੂੰਦੇ ਰਹੇ। ਇਸ ਦਾ ਅੰਜਾਮ ਤੁਸੀ ਹੱਡ ਹੰਢਾ ਕੇ ਵੇਖ ਲਿਆ ਹੈ।
ਤੁਹਾਡੇ ਸਮਰਥਕਾਂ ਵਿਚੋਂ ਕਿਸੇ ਇਕ ਨੇ ਤੁਹਾਨੂੰ ਇਹ ਸਲਾਹ ਨਹੀ ਦਿਤੀ ਕਿ, ਇਸ ਤਰ੍ਹਾਂ ਕਰਨ ਨਾਲ, ਜੋ ਬੰਦੇ ਅੱਖੋਂ ਉਹਲੇ, ਤੁਹਾਡੇ ਨਾਲ ਨਾਨਕ ਸ਼ਾਂਹੀ ਕੈਲੰਡਰ ਦੇ ਮੁੱਦੇ ਕਰਕੇ ਜੁੜੇ ਹੋਏ ਸਨ ਅਤੇ ਜਿਨਾਂ ਦੀ ਵਜਿਹ ਨਾਲ ਦਿੱਲੀ ਦੀ ਕੁਰਸੀ ਤੁਹਾਨੂੰ ਮਿਲੀ ਸੀ, ਉਹ ਵੀ ਤੁਹਾਡਾ ਸਾਥ ਛੱਡ ਜਾਂਣ ਗੇ ? ਉਹ ਹੀ ਹੋਇਆ , ਤੁਹਾਡਾ ਸਾਥ ਜਾਗਰੂਕ ਤਬਕਾ ਵੀ ਛੱਡ ਗਇਆ । ਬਹੁਤ ਅਫਸੋਸ ਹੈ ਕਿ ਤੁਸੀ ਇਨੇ ਵੱਡੇ ਵਾਪਾਰੀ ਅਤੇ ਸਿਆਸੀ ਹੋਣ ਦੇ ਬਾਵਜੂਦ, ਇਹ ਨਾਂ ਸਮਝ ਸਕੇ ਕਿ ਇਹ ਬੁਰਛਾਗਰਦ ਤੁਹਾਡੀ ਸਾਖ ਗਿਰਾਉਣ ਲਈ ਹੀ ਤਾਂ ਲਾਏ ਗਏ ਹਨ , ਨਾਂ ਕਿ ਤੁਹਾਡੀ ਸਾਖ ਵਧਾਉਣ ਲਈ।ਅੱਜ ਵੀ ਉਨਾਂ ਦਾ ਉਹ ਹੀ ਨਜਰੀਆ ਹੈ ਤੁਹਾਡੇ ਬਾਰੇ।
ਸਰਨਾਂ ਸਾਹਿਬ ਤੁਹਾਨੂੰ ਗੁਰਬਚਨ ਸਿੰਘ ਨੇ ਇਕ ਵਾਰ ਫਿਰ "ਸਕੱਤਰੇਤ" ਵਿੱਚ ਬੁਲਾ ਕੇ ਤੁਹਾਨੂੰ ਇਕ ਸੁਨਹਿਰੀ ਮੌਕਾ ਦਿਤਾ ਹੈ ,ਅਪਣੀ ਗਿਰੀ ਹੋਈ ਸਾਖ ਨੂੰ ਦੋਬਾਰਾ ਸੰਭਾਲਣ ਦਾ । ਤੁਹਾਨੂੰ ਇਸ ਤੋਂ ਵੱਡਾ ਦੂਜਾ ਮੌਕਾ ਸ਼ਾਇਦ ਹੀ ਦੋਬਾਰਾ ਮਿਲ ਸਕੇ । ਜੋ ਗਲਤੀ ਤੁਸੀ ਸਕਤੱਰੇਤ ਵਿੱਚ ਗੇੜੇ ਲਾਅ ਲਾਅ ਕੇ ਪਹਿਲਾਂ ਕੀਤੀ , ਉਹ ਹੁਣ ਨਾਂ ਕਰਿਆ ਜੇ। ਬਲਕਿ ਇਹ ਖੁੱਲਾ ਐਲਾਨ ਕਰ ਦਿਉ, ਕਿ "ਮੈਂ ਅਕਾਲ ਤਖਤ ਦੇ ਮੁਕੱਦਸ ਅਦਾਰੇ ਦਾ ਸਤਕਾਰ ਕਰਦਾ ਹਾਂ, ਅਤੇ ਹਮੇਸ਼ਾਂ ਉਸ ਦੇ ਸਤਕਾਰ ਅਤੇ ਅਦਬ ਨੂੰ ਬਹਾਲ ਕਰਨ ਲਈ ਵਚਨ ਬੱਧ ਹਾਂ"। ਲੇਕਿਨ ਉਸ ਤੇ ਬੈਠੇ ਸ਼੍ਰੋਮਣੀ ਕਮੇਟੀ ਦੇ ਮੁਲਾਜਮਾਂ ਅਗੇ ਮੈਂ ਪੇਸ਼ ਨਹੀ ਹੋਵਾਂਗਾ,ਕਿਉ ਕਿ ਇਹ ਆਪ ਹੀ ਸਿੱਖ ਰਹਿਤ ਮਰਿਯਾਦਾ ਤੋਂ ਬਾਗੀ ਹਨ , ਅਤੇ ਅਕਾਲ ਤਖਤ ਤੋਂ ਜਾਰੀ ਹੋਏ ਹੁਕਮਨਾਮਿਆਂ ਨੂੰ ਆਪ ਹੀ ਨਹੀ ਮਣਦੇ।"
ਅੱਜ ਫਿਰ ਉਹ ਸਮਾਂ ਆ ਗਇਆ ਹੈ ਸਰਨਾਂ ਸਾਹਿਬ, ਕਿ ਇਹ ਐਲਾਨ ਕਰ ਦਿਉ ਕਿ "ਮੈਂ ਇਨਾਂ ਅਖੌਤੀ ਜੱਥੇਦਾਰਾਂ ਸਾਮ੍ਹਣੇ ਪੇਸ਼ ਨਹੀ ਹੋਵਾਂਗਾ" ਤੇ ਮੁੜ ਉਨਾਂ ਲੋਕਾਂ ਦਾ ਸਾਥ ਤੁਹਾਨੂੰ ਅਪਣੇ ਆਪ ਮਿਲ ਜਾਏਗਾ , ਜੋ ਅਕਾਲ ਤਖਤ ਦੇ ਸਤਕਾਰ ਅਤੇ ਰੁਤਬੇ ਨੂੰ ਮੁੜ ਬਹਾਲ ਕਰਵਾਉਣ ਲਈ ਯਤਨਸ਼ੀਲ ਹਨ। ਸਕਤੱਰੇਤ ਵਿੱਚ ਗੇੜੀਆਂ ਲਾਉਣ ਨਾਲ ਨਾਂ ਤਾਂ ਉਹ ਤਬਕਾ ਤੁਹਡੇ ਨਾਲ ਖੜਾ ਹੋਣ ਵਾਲਾ ਹੈ, ਜੋ ਇਸ ਪੁਜਾਰੀਵਾਦੀ ਵਿਵਸਥਾ ਤੋਂ ਤਰਸਤ ਅਤੇ ਦੁਖੀ ਹੈ, ਅਤੇ ਨਾਂ ਹੀ ਇਹ ਬੁਰਛਾਗਰਦ ਹੁਣ ਤੁਹਾਨੂੰ ਪਹਿਲਾਂ ਵਾਂਗ ਬਰੀ ਕਰਨ ਵਾਲੇ ਹਨ। ਤੁਹਾਡੇ ਕੋਲ ਸਿਰਫ ਇਕ ਹੀ ਰਾਸਤਾ ਬਚਿਆ ਹੈ, ਅਕਾਲ ਤਕਤ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਦਬ ਦੀ ਬਹਾਲੀ ਵਿੱਚ ਸੰਘਰਸ਼ ਕਰ ਰਹੇ ਜਾਗਰੂਕ ਤਬਕੇ ਨਾਲ ਜੁੜ ਜਾਉ।
ਜੇ ਤੁਸੀ ਇਹ ਸੋਚਦੇ ਹੋ, ਕਿ "ਨਾਨਕ ਸ਼ਾਹੀ ਕੈਲੰਡਰ" ਦੇ ਮੁੱਦੇ ਨੇ ਤੁਹਾਨੂੰ ਹਰਾਇਆ ਹੈ, ਤਾਂ ਇਹ
ਤੁਹਾਡੀ ਬਹੁਤ ਵੱਡੀ ਭੁਲ ਹੈ। ਸਰਨਾਂ ਸਾਹਿਬ ! "ਨਾਨਕ ਸ਼ਾਹੀ ਕੈਲੰਡਰ " ਹੀ ਤਾਂ ਇਕ ਐਸਾ ਮੁੱਦਾ ਹੈ, ਜੋ ਤੁਹਾਡੇ ਪੱਖ ਵਿੱਚ ਜਾਂਦਾ ਹੈ, ਅਤੇ ਉਸ ਮੁੱਦੇ ਕਰਕੇ ਹੀ ਅੱਜ ਵੀ ਬਹੁਤ ਵੱਡਾ ਤਬਕਾ ਤੁਹਾਡੇ ਨਾਲ ਖੜਾ ਹੈ, ਨਹੀ ਤਾਂ ਹੋਰ ਕੇੜ੍ਹਾਂ ਪੰਥਿਕ ਮੁੱਦਾ ਤੁਹਾਡੇ ਕੋਲ ਰਹਿ ਗਇਆ ਹੈ ? , ਜਿਸ ਨੂੰ ਲੈ ਕੇ ਭਵਿਖ ਵਿੱਚ ਤੁਸੀ ਜਾਗਰੂਕ ਸਿੱਖਾਂ ਦਾ ਸਮਰਥਨ ਹਾਸਿਲ ਕਰਨਾਂ ਹੈ। ਮੈਂ ਯਕੀਨ ਨਾਲ ਇਹ ਕਹਿ ਸਕਦਾ ਹਾਂ ਕਿ, "ਨਾਨਕ ਸ਼ਾਹੀ ਕੈਲੰਡਰ" ਹੀ ਇਕ ਐਸਾ ਮੁੱਦਾ ਹੈ ਜੋ ਤੁਹਾਨੂੰ ਦੋਬਾਰਾ ਉਸ ਕੁਰਸੀ ਤਕ ਲੈ ਜਾ ਸਕਦਾ ਹੈ। ਵਰਨਾਂ ਹੁਣ ਤੁਸੀ ਆਪ ਸੋਚ ਕੇ ਵੇਖੋ ਕਿ ਤੁਹਾਡੇ ਕੋਲ ਦੂਜਾ ਕੋਈ ਪੰਥਿਕ ਮੁੱਦਾ ਨਹੀ ਹੈ ? ਉਨਾਂ ਕੋਲ ਪਾਵਰ ਹੈ, ਮੀਡੀਆ ਹੈ , ਤੁਸੀ ਛੋਟੇ ਛੋਟੇ ਮੁੱਦਿਆ ਤੇ ਉਨਾਂ ਨਾਲ ਟੱਕਰ ਨਹੀ ਲੈ ਸਕੋਗੇ ।
ਤੁਹਾਡੇ ਸਲਾਹਕਾਰ ਤੁਹਾਡੇ ਕੋਲੋਂ ਡਰਦੇ ਹਨ, ਜਾਂ ਚਾਪਲੂਸ ਹਨ। ਅਸਲੀਅਤ ਤੁਹਾਡੇ ਅਗੇ ਕਿਸੇ ਰੱਖੀ ਹੀ ਨਹੀ , ਫੈਸਲਾ ਤੁਹਾਡੇ ਹੱਥ ਵਿਚ ਹੈ ਕਿ ਤੁਸੀ "ਸਕੱਤਰੇਤ" ਵਿਚ ਇਕ ਵਾਰ ਫਿਰ ਪੇਸ਼ ਹੋਣਾਂ ਹੈ ਕਿ ਜਾਗਰੂਕ ਤਬਕੇ ਨੂੰ ਅਪਣੇ ਨਾਲ ਜੋੜਨਾਂ ਹੇ। ਭੁਲ ਚੁਕ ਲਈ ਖਿਮਾ ਦਾ ਜਾਚਕ ਹਾਂ ਜੀ।
ਇੰਦਰਜੀਤ ਸਿੰਘ, ਕਾਨਪੁਰ