ਪੰਜਾਬ ਦੀ ਸਿੱਖੀ ਬਿਪਰਵਾਦੀ ਅੱਜਗਰ ਦੀ ਮਜਬੂਤ ਜਕੜ ਵਿੱਚ
ਇੰਦਰਜੀਤ ਸਿੰਘ ਕਾਨਪੁਰ
ਕੀ ਇਹ ਉਹ ਹੀ ਪੰਜਾਬ ਹੈ ? ਜਿਸਦੇ ਗਬਰੂਆਂ ਨੇ ਕਦੀ ਅਕਾਲ ਤਖਤ ਦੀ ਢੱਠੀ ਇਮਾਰਤ ਨੂੰ ਵੇਖ ਕੇ, ਉਸ ਹਕੂਮਤ ਦੀ ਰਾਣੀ ਨੂੰ ਸਜਾ ਦੇਣ ਲਈ ਤਿਆਰ ਬਰ ਤਿਆਰ ਹੋ ਗਏ ਸਨ, ਜਿਸਨੇ ਉਨ੍ਹਾਂ ਦੇ ਗੁਰੂ ਦਾ ਅਸਥਾਨ ਢਾਹ ਦਿੱਤਾ ਸੀ । ਨਾ ਸਿਰਫ ਅਰਦਾਸਾ ਸੋਧਿਆ ਬਲਕਿ ਉਸ ਸਜਾ ਨੂੰ ਅੰਜਾਮ ਤਕ ਪਹੁੰਚਾ ਦਿੱਤਾ । ਹਜਾਰਾਂ ਸਿੱਖ ਫੌਜੀ ਬੈਰਕਾਂ ਛੱਡ ਕੇ ਮੌਤ ਦੇ ਮੂ੍ੰਹ ਅਤੇ ਜੇਲ੍ਹਾਂ ਦੀਆਂ ਕਾਲ ਕੋਠਰੀਆਂ ਦੇ ਵਸਨੀਕ ਬਣ ਗਏ ਸੀ । ਜੋ ਅੱਜ ਤਕ ਜੇਲ੍ਹਾਂ ਵਿਚ ਕੈਦ ਹਨ । ਇਨ੍ਹਾਂ ਚਾਰ ਕੁ ਦਹਾਕਿਆਂ ਵਿੱਚ ਅਚਾਨਕ ਪੰਜਾਬ ਦੇ ਸਿੱਖਾਂ ਦੀਆਂ ਰਗਾਂ ਵਿਚ ਵਗਦਾ ਖੂਨ, ਠੰਡਾ ਠਾਰ ਪਾਣੀ ਕਿਸ ਤਰ੍ਹਾਂ ਬਣ ਗਿਆ ? ਇਸ ਲੇਖ ਦੀਆਂ ਇਹ ਪੰਗਤੀਆਂ, ਕਿਸੇ ਨੂੰ ਨਾਂ ਤਾਂ ਭੜਕਾਉਣ ਲਈ ਹਨ ਅਤੇ ਨਾਂ ਹੀ ਕਿਸੇ ਤਰ੍ਹਾਂ ਦਾ ਉਕਸਾਵਾ ਹਨ । ਇਹ ਤਾਂ ਦਿਲ ਦਾ ਉਹ ਦਰਦ ਹੈ, ਜੋ ਪੰਜਾਬ ਦੇ ਸਿੱਖਾਂ ਦੇ ਖੂਨ ਵਿਚ ਆ ਚੁਕੀ ਠੰਡਕ ਨੂੰ ਵੇਖ ਕੇ ਬਾਹਰ ਬੈਠੇ ਮਜਬੂਰ ਸਿੱਖਾਂ ਦੇ ਮਨਾਂ ਵਿਚ ਰਹਿ ਰਹਿ ਕੇ ਉਠ ਖਲੋਂਦਾ ਹੈ ।
ਮੇਰਾ ਇਸ਼ਾਰਾ ਪੰਜਾਬ ਦੇ ਇਤਿਹਾਸਿਕ ਅਸਥਾਨਾਂ ਨੂੰ ਇੱਕ ਇੱਕ ਕਰਕੇ ਨੇਸਤੇ ਨਾਬੂਦ ਕਰ ਦੇਣ ਵਲ ਹੈ । ਸ਼੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜ੍ਹੀ ਦੇ, ਹਾਥੀ ਦੰਦ ਦੀ ਨੱਕਾਸ਼ੀ ਵਾਲੇ ਦਰਵਾਜੇ ਤੋੜ ਦਿੱਤੇ ਗਏ, ਪੰਜਾਬ ਦਾ ਸਿੱਖ ਕੜਾਹ ਪ੍ਸ਼ਾਦ ਦੇ ਥਾਲ ਲਈ ਕਤਾਰਾਂ ਵਿੱਚ ਖੜਾ ਰਿਹਾ । ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਦੀ ਚਿਤਰਕਾਰੀ ਵਿੱਚ ਦੇਵੀ ਦੇਵਤਿਆਂ ਵਾਲੀ ਨੱਕਾਸ਼ੀ ਉਲੀਕ ਦਿੱਤੀ ਗਈ । ਇਥੇ ਦਾ ਸਿੱਖ ਹੇਠਾਂ ਕੀਰਤਨ ਹੀ ਸੁਣਦਾ ਰਿਹਾ । ਬਾਬਾ ਗੁਰਬਕਸ਼ ਸਿੰਘ ਜੀ ਦੀ ਸਹਾਦਤ ਅਤੇ ਮੋਰਚੇ ਦੀ ਨਿਸ਼ਾਨੀ ਨੂੰ ਅਕਾਲ ਤਖਤ ਦੇ ਪਿਛਵਾੜੇ ਵਿਚ ਤੋੜ ਕੇ ਉੱਥੇ ਵੀ. ਆਈ. ਪੀ. ਕਮਰਿਆਂ ਵਾਲੀ ਇਮਾਰਤ ਖੜੀ ਕਰ ਦਿੱਤੀ ਗਈ, ਸਿੱਖ ਨੂੰ ਹੋਸ਼ ਨਾ ਆਇਆ । ਪਾਪੜਾਂ ਵਾਲਾ ਬਜਾਰ ਜੋ ਪੁਰਾਤਨ ਅੰਮ੍ਰਿਤਸਰ ਦੇ ਬਜਾਰਾਂ ਦੀ ਯਾਦ ਦੁਆਂਦਾ ਸੀ, ਖੂਬਸੂਰਤੀ ਦੇ ਨਾਂ 'ਤੇ ਖਤਮ ਕਰ ਦਿੱਤਾ ਗਿਆ । ਅੰਮ੍ਰਿਤਸਰ ਦਾ ਸਿੱਖ ਅਪਣੀਆਂ ਦੁਕਾਨਾਂ ਦੇ ਮੁਆਵਜੇ ਲੈ ਕੇ ਹੀ ਖੁਸ਼ ਹੁੰਦਾ ਰਿਹਾ।
ਬਿਪਰ ਇੱਥੇ ਹੀ ਨਹੀਂ ਖਲੋਤਾ ।
ਖਾਲਸਾ ਰਾਜ ਦੇ ਮਹਾਨ ਜਰਨੈਲ ਜੱਸਾ ਸਿੱਘ ਆਲਹੂਵਾਲੀਆ ਦਾ ਨਿਵਾਸ, ਬਾਬਾ ਅਟਲ ਦੀ ਇਮਾਰਤ ਦੇ ਨਾਲੋਂ ਹੌਲੀ ਹੌਲੀ ਪੂਰੀ ਤਰ੍ਹਾਂ ਸਾਫ ਕਰ ਦਿੱਤਾ ਗਿਆ, ਪੰਜਾਬ ਦਾ ਸਿੱਖ ਟਰੈਕਟਰ ਦੀਆਂ ਟਰਾਲੀਆਂ ਭਰ ਭਰ ਕੇ ਲੰਗਰ ਲਈ ਰਸਦ ਹੀ ਇਕੱਠੀ ਕਰਦਾ ਰਿਹਾ । ਗੁਰੂ ਅਰਜੁਨ ਸਾਹਿਬ ਦਾ ਮੰਜੀ ਸਾਹਿਬ ਗੁਰਦੁਆਰਾ ਜਿੱਥੇ ਪੰਚਮ ਪਿਤਾ ਨੇ ਸੁਖਮਨੀ ਸਾਹਿਬ ਦੀ ਰਚਨਾਂ ਕੀਤੀ । ਉਹ ਬੇਰੀ ਦਾ ਪੇੜ ਅਤੇ ਪਲੰਗ ਜਿਸਤੇ ਗੁਰੂ ਸਾਹਿਬ ਬਿਰਾਜਿਆ ਕਰਦੇ ਸੀ, ਹੌਲੀ ਹੌਲੀ ਗਾਇਬ ਕਰਕੇ ਉਥੇ ਸੰਗਮਰਮਰ ਦੀਆਂ ਵੱਡੀਆਂ ਵੱਡੀਆਂ ਸਿੱਲਾਂ ਲਾ ਦਿੱਤੀਆਂ ਗਈਆਂ। ਸਿੱਖ ਮੱਥੇ ਹੀ ਟੇਕਦਾ ਰਿਹਾ । ਇਹ ਤਾਂ ਕੁਝ ਕੁ ਮਿਸਾਲਾਂ ਦਿੱਤੀਆਂ ਹਨ । ਪੰਜਾਬ ਦੇ ਕਿਸੇ ਵੀ ਇਤਿਹਾਸਕ ਅਦਾਰੇ ਵਿਚ ਹੁਣ ਪੁਰਾਤਨ ਦਿੱਖ ਬਾਕੀ ਬਚੀ ਨਹੀਂ ਹੈ ।
ਅੱਜ ਪੰਜਾਬ ਦੀ ਸਿੱਖੀ ਬਿਪਰਵਾਦੀ ਅੱਜਗਰ ਦੀ ਮਜਬੂਤ ਜਕੜ ਵਿਚ ਹੈ । ਨਸ਼ੇ, ਗੁਰਬਤ, ਬਿਮਾਰੀ ਅਤੇ ਅਸਿਖਿਆ ਨੇ ਪੰਜਾਬ ਦੀ ਸੋਚਨ ਦੀ ਸ਼ਕਤੀ ਨੂੰ ਜੜੋਂ ਹੀ ਮਿਟਾ ਦਿੱਤਾ ਹੈ । ਬਿਪਰਵਾਦੀ ਤਾਕਤਾਂ ਦੇ ਟੁਕੜਾਂ ਤੇ ਪਲਣ ਵਾਲੇ , ਕਾਰ ਸੇਵਾ ਵਾਲੇ ਬਾਬਿਆਂ ਦੀ ਕਰਤੂਤ ਇੱਕ ਵਾਰ ਫਿਰ ਤਰਨ ਤਾਰਨ ਸਾਹਿਬ ਦੀ ਦਰਸ਼ਨੀ ਡਿਉੜੀ ਤੇ ਕਹਿਰ ਬਣ ਕੇ ਟੁੱਟੀ । ਦੋ ਚਾਰ ਦਿਨ ਦਾ ਰੌਲਾ ਪਿਆ ,ਫਿਰ ਸਭ ਕੁਝ ਸਹਿਜ ਹੋ ਗਿਆ । ਪੰਜਾਬ ਦੀ ਵਿਰਾਸਤ, ਗੁਰੂ ਛੋਹ ਵਾਲੀ ਉਹ ਮਿੱਟੀ, ਅੱਜ ਚਿੱਟੇ ਪੱਥਰਾਂ ਦੀਆਂ ਵੱਡੀਆਂ ਵੱਢੀਆਂ ਸਿਲਾਂ ਵਿਚ ਦਫਨ ਕਰਕੇ ਰਖ ਦਿੱਤੀ ਗਈ ਹੈ । ਪੰਜਾਬ ਦਾ ਸਿੱਖ ਪੂਰੀ ਤਰ੍ਹਾਂ ਅੰਨਜਾਨ ਹੈ । ਖਾਸ ਕਰਕੇ ਅੰਮ੍ਰਿਤਸਰ ਜਾਕੇ ਇਹ ਲਗਦਾ ਹੀ ਨਹੀਂ, ਕਿ ਇਹ ਗੁਰੂ ਰਾਮਦਾਸ ਜੀ ਦੀ ਵਸਾਈ ਉਹ ਨਗਰੀ ਹੈ, ਜਿਸ 'ਤੇ ਕਦਮ ਰਖਦਿਆਂ ਹੀ ਹਰ ਸਿੱਖ ਗੁਰੂ ਸਾਹਿਬ ਜੀ ਨੂੰ ਅਪਣੇ ਆਲੇ ਦੁਆਲੇ ਹੀ ਮਹਸੂਸ ਕਰਦਾ ਸੀ । ਇਹ ਤਾਂ ਕੁਝ ਕੁ ਅਸਥਾਨਾਂ ਦਾ ਹੀ ਜਿਕਰ ਕੀਤਾ ਹੈ, ਜਿਨ੍ਹਾਂ ਨੂੰ ਵੇਖ ਕੇ ਮੇਰਾ ਆਪਣਾ ਦਿਲ ਵਲੂੰਧਰਿਆ ਗਿਆ ਹੈ । ਜੇ ਹਰ ਅਸਥਾਨ ਦਾ ਜਿਕਰ ਕਰਾਂ ਤਾਂ ਬਹੁਤ ਸਮਾਂ ਚਾਹੀਦਾ ਹੈ। ਜੋ ਨਾਂ ਲਿਖਣ ਵਾਲਿਆਂ ਕੋਲ ਹੈ ਅਤੇ ਨਾਂ ਹੀ ਪੜ੍ਹਨ ਵਾਲਿਆ ਕੋਲ ।
ਰੱਬ ਹੀ ਭਲੀ ਕਰੇ !
..............................
ਟਿੱਪਣੀ:- ਵੀਰ ਜੀ ਸ਼ੁਰੂਆਤ ਹੀ ਗਲਤ ਹੋਈ, ਪੰਜਾਬ ਦੇ ਲੀਡਰ ਏਥੇ ਆਕੇ ਆਪਣੇ ਸੰਪਰਕ ਵਾਲਿਆਂ ਦੀ ਮਾਰਫਤ ਆਪਣੀ ਨਿੱਜੀ ਉਗਰਾਹੀ ਕਰਦੇ ਸਨ, ਅਤੇ ਉਨ੍ਹਾਂ ਦੇ ਸੰਪਰਕ ਵਾਲੇ ਇਹ ਪਰਚਾਰ ਕਰਦੇ ਸਨ ਕਿ, ਪੰਜਾਬ ਸਾਡਾ ਪੇਕਾ ਘਰ ਹੈ ਅਤੇ ਜਿਸ ਕੁੜੀ ਦੇ ਪੇਕੇ ਢਾਢੇ ਹੋਣ ਉਹ ਆਰਾਮ ਨਾਲ ਵਸਦੀ ਹੈ।ਸਿਧਾਂਤਕ ਤੌਰ ਤੇ ਇਹ ਸਾਰਾ ਕੁਝ ਗਲਤ ਹੁੰਦਿਆਂ ਵੀ ਅਸੀਂ ਉਹ ਕੁਝ ਹਜ਼ਮ ਕਰਦੇ ਸਾਂ ਅਤੇ ਆਪਣੀ ਮਿਹਨਤ ਦੀ ਕਮਾਈ ਵਿਚੋਂ ਉਨ੍ਹਾਂ ਨੂੰ ਪੈਸੇ ਦਿੰਦੇ ਸਾਂ, ਜਦ ਕਿ ਪੰਜਾਬ ਵਿਚ ਉਨ੍ਹਾਂ ਦੀ ਹਕੂਮਤ ਹੁੰਦੀ ਸੀ ਅਤੇ ਅਸੀਂ ਹਕੂਮਤੀ ਸਾਂਝ ਤੋਂ ਵਾਞੇ ਸਾਂ। ਪੰਜਾਬ ਦੇ ਲੁਟੇਰੇ ਸਿੱਖ ਆਗੂ, ਲੁੱਟ ਲੁੱਟ ਕੇ ਤਕੜੇ ਹੁੰਦੇ ਗਏ, ‘ਤੇ ਧਾਰਮਕ ਅਤੇ ਰਾਜਨੀਤਕ ਤੌਰ ਤੇ ਸਿੱਖਾਂ ਤੇ ਕਾਬਜ਼ ਹੁੰਦੇ ਗਏ। ਹੁਣ ਤੁਹਾਡਾ ਧਰਮ ਵੀ ਅਤੇ ਰਾਜ ਵੀ ਬਾਦਲ ਅਤੇ ਅਮਰਿੰਦਰ ਵਰਗੇ ਅਰਧ ਹਿੰਦੂਆਂ ਦੇ ਹੱਥ ਵਿਚ ਹੈ, ਉਹ ਆਪਣਾ ਜਲਵਾ ਵਿਖਾ ਰਹੇ ਹਨ। ਸਾਡੇ ਹੱਥ ਵਿਚ ਅਜਿਹੀ ਕੋਈ ਤਾਕਤ ਨਹੀਂ ਹੈ,ਜਿਸ ਨਾਲ ਅਸੀਂ ਉਨ੍ਹਾਂ ਨੂੰ ਸਿੱਧੇ ਰਸਤੇ ਪਾ ਸਕੀਏ। ਜੋ ਕੁਝ ਅਸੀਂ ਲਿਖ ਰਹੇ ਹਾਂ, ਇਸ ਦਾ ਵੀ ਕੋਈ ਖਾਸ ਅਰਥ ਨਹੀਂ ਹੈ, ਬੱਸ ਖਾਲੀ ਦਿਲ ਦੀ ਭੜਾਸ ਕੱਢਣ ਵਾਲੀ ਗੱਲ ਹੀ ਹੈ। ਸਾਨੂੰ ਸਿੱਖਾਂ ਨੂੰ ਇਕੱਠੇ ਕਰ ਕੇ ਭਵਿੱਖ ਦੀ ਵਿਉਂਤ ਬੰਦੀ ਕਰਨੀ ਚਾਹੀਦੀ ਹੈ. ਜਿਸ ਵਲੋਂ ਅਸੀਂ ਬਿਲਕੁਲ ਪੱਛੜੇ ਹੋਏ ਹਾਂ। ਬੜੀ ਛੇਤੀ ਹੀ ਇਹ ਜੋ ਚਾਰ ਵਿਚਾਰਕ ਹਨ ਇਹ ਵੀ ਚਲੇ ਜਾਣਗੇ, ਸਾਨੂੰ ਆਪਣੀ ਜ਼ਿੰਦਗੀ ਵਿਚ ਹੀ ਕੁਝ ਨਾ ਕੁਝ ਹੀਲਾ ਕਰਨਾ ਚਾਹੀਦਾ ਹੈ, ਨਹੀਂ ਤਾਂ ਸਿੱਖਾਂ ਸਮੇਤ ਗੁਰਬਾਣੀ ਦਾ ਵੀ ਭੋਗ ਪੈ ਜਾਣਾ ਹੈ। ਬਾਕੀ ਤੁਸੀਂ ਆਪ ਹੀ ਲਿਖ ਦਿੱਤਾ ਹੈ, ‘ਰੱਬ ਹੀ ਭਲੀ ਕਰੇ’
ਅਮਰ ਜੀਤ ਸਿੰਘ ਚੰਦੀ
ਇੰਦਰਜੀਤ ਸਿੰਘ ਕਾਨਪੁਰ
ਪੰਜਾਬ ਦੀ ਸਿੱਖੀ ਬਿਪਰਵਾਦੀ ਅੱਜਗਰ ਦੀ ਮਜਬੂਤ ਜਕੜ ਵਿੱਚ
Page Visitors: 2510